ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਦੇ ਕੈਂਸਰ ਪੀੜਤ ਪਿਤਾ ਦੀ ਸਰਕਾਰ ਨੂੰ ਫਰਿਆਦ

ਤਸਵੀਰ ਸਰੋਤ, Getty Images

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਬੀਬੀਸੀ ਪੰਜਾਬੀ ਲਈ
  • ਪੜ੍ਹਨ ਦਾ ਸਮਾਂ: 4 ਮਿੰਟ

''ਤੇਜਿੰਦਰ ਜਦੋਂ ਏਸ਼ਿਆਈ ਖੇਡਾਂ ਵਿੱਚ ਮੈਡਲ ਜਿੱਤਣ ਲਈ ਪ੍ਰੈਕਟਿਸ ਕਰ ਰਿਹਾ ਸੀ ਤਾਂ ਨਾਮੁਰਾਦ ਕੈਂਸਰ ਕਰਕੇ ਮੇਰੀ ਵਿਗੜੀ ਸਿਹਤ ਤੋਂ ਫ਼ਿਕਰਮੰਦ ਹੋਣ ਕਰਕੇ ਉਸ ਦਾ ਧਿਆਨ ਵਾਰ-ਵਾਰ ਭਟਕ ਜਾਂਦਾ ਸੀ।"

ਇਹ ਕਹਿਣਾ ਹੈ 18ਵੀਆਂ ਏਸ਼ਿਆਈ ਖੇਡਾਂ ਵਿੱਚ ਗੋਲਾ ਸੁੱਟਣ (ਸ਼ਾਟ ਪੁੱਟ) ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਦਾ।

ਉਨ੍ਹਾਂ ਨੇ ਦੱਸਿਆ, "ਕੋਚ ਮਹਿੰਦਰ ਸਿੰਘ ਢਿੱਲੋਂ ਧਿਆਨ ਕੇਂਦਰਿਤ ਕਰਨ 'ਤੇ ਜ਼ੋਰ ਦਿੰਦੇ। ਅਜਿਹੇ ਵਿੱਚ ਮੇਰਾ ਪੁੱਤ ਦੋ ਫਰੰਟਾਂ 'ਤੇ ਜੂਝ ਰਿਹਾ ਸੀ। ਇਕ ਪਾਸੇ ਉਸ 'ਤੇ ਏਸ਼ਿਆਈ ਖੇਡਾਂ ਵਿੱਚ ਦੇਸ ਲਈ ਮੈਡਲ ਜਿੱਤ ਕੇ ਲਿਆਉਣ ਦਾ ਦਬਾਅ ਸੀ ਜਿਸ ਲਈ ਉਸ ਨੇ 10 ਸਾਲ ਦੀ ਉਮਰ ਵਿੱਚੋਂ ਬਾਕੀ ਸ਼ੌਕ ਛੱਡ ਕੇ ਗੋਲਾ ਸੁੱਟਣ ਨੂੰ ਹੀ ਆਪਣਾ ਸ਼ੌਕ ਬਣਾ ਲਿਆ ਸੀ।"

ਇਹ ਵੀ ਪੜ੍ਹੋ:

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਕੈਂਸਰ ਨਾਲ ਪੀੜਤ ਹਨ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ

" ਦੂਜੇ ਪਾਸੇ ਮੇਰੀ ਡਿੱਗ ਰਹੀ ਸਿਹਤ ਦਾ ਝੋਰਾ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਨੇ ਆਪਣਾ ਤੇ ਸਾਡਾ ਉਹ ਸੁਪਨਾ ਪੂਰਾ ਕਰਕੇ ਦਿਖਾਇਆ ਜਿਸ ਲਈ 13 ਸਾਲਾਂ ਤੋਂ ਅਣਥੱਕ ਮਿਹਨਤ ਹੋ ਰਹੀ ਸੀ।"

ਖ਼ੁਦ ਰੱਸਾਕੱਸ਼ੀ ਦੇ ਚੋਟੀ ਦਾ ਖਿਡਾਰੀ ਰਹੇ ਹੀਰੋ ਅੱਜ ਪੁੱਤ ਦੀ ਪ੍ਰਾਪਤੀ 'ਤੇ ਖ਼ੁਦ ਨੂੰ 'ਹੀਰੋ' ਤੋਂ ਘੱਟ ਨਹੀਂ ਸਮਝ ਰਹੇ।

ਤੇਜਿੰਦਰਪਾਲ ਦੀ ਮਾਂ ਪ੍ਰਿਤਪਾਲ ਕੌਰ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਅਤੇ ਗ਼ਮੀ ਦੇ ਰਲਵੇਂ ਹੰਝੂ ਕਿਰਦੇ ਹਨ ਤੇ ਉਹ ਜਜ਼ਬਾਤੀ ਆਵਾਜ਼ ਵਿੱਚ ਕਹਿੰਦੀ ਹੈ, ''ਪ੍ਰੈਕਟਿਸ ਤੋਂ ਲੈ ਕੇ ਹੁਣ ਤੱਕ ਤੇਜਿੰਦਰ ਰੋਜ਼ ਫੋਨ ਕਰਕੇ ਆਪਣੇ ਪਿਤਾ ਦੀ ਸਿਹਤ ਬਾਰੇ ਪੁੱਛਦਾ ਤਾਂ ਅਸੀਂ ਸਿਹਤ ਅੱਗੇ ਨਾਲੋਂ ਬਿਹਤਰ ਹੋਣ ਦੀ ਗੱਲ ਆਖਦੇ ਜਦਕਿ ਸਿਹਤ ਵਿੱਚ ਸੁਧਾਰ ਦੀ ਥਾਂ ਨਿਘਾਰ ਹੋ ਰਿਹਾ ਸੀ।"

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਸੋਨ ਤਗ਼ਮਾ ਜੇਤੂ ਖਿਡਾਰੀ ਦੀ ਮਾਂ ਪ੍ਰਿਤਪਾਲ ਕੌਰ ਤੇ ਨਾਨਾ ਅਜਮੇਰ ਸਿੰਘ ਮਾਨ

"ਪਿਤਾ ਦੇ ਰੋਟੀ ਖਾਣ ਬਾਰੇ ਪੁੱਛਦਾ ਤਾਂ ਵੀ ਅਸੀਂ ਇਹੀਓ ਕਹਿੰਦੇ ਕਿ ਰੋਜ਼ਾਨਾ ਖਾ ਰਹੇ ਹਨ ਜਦਕਿ ਰੋਟੀ ਉਨ੍ਹਾਂ ਦੇ ਲੰਘਦੀ ਨਹੀਂ ਸੀ। ਇਹ ਸਾਰਾ ਕੁਝ ਇਸ ਲਈ ਕੀਤਾ ਕਿ ਕਿਧਰੇ ਤੇਜਿੰਦਰ ਦਾ ਮਨ ਨਾ ਡੋਲ ਜਾਵੇ ਤੇ ਉਹ ਕਮਜ਼ੋਰ ਪੈ ਕੇ ਕਾਮਨਵੈਲਥ ਖੇਡਾਂ ਵਾਂਗ ਪੱਛੜ ਨਾ ਜਾਵੇ।"

ਇਹ ਵੀ ਪੜ੍ਹੋ:

ਸਰਕਾਰ ਖ਼ਿਲਾਫ਼ ਰੋਸ

ਉਸ ਦੇ ਮਾਂ-ਪਿਉ ਨੂੰ ਅੱਜ ਤੱਕ ਸਰਕਾਰ ਵੱਲੋਂ ਸਾਰ ਨਾ ਲਏ ਜਾਣ 'ਤੇ ਡਾਢਾ ਰੋਸ ਹੈ। ਉਹ ਕਹਿੰਦੇ ਹਨ, ''ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਰੁਪਏ ਦਾ ਖਰਚਾ ਕਰਕੇ ਤੇਜਿੰਦਰ ਇਹ ਮੈਡਲ ਜਿੱਤਣ ਜੋਗਾ ਹੋਇਆ। ਹੁਣ ਤੱਕ ਜਿੱਤੇ ਮੈਡਲਾਂ ਤੋਂ ਬਾਅਦ ਵੀ ਕੋਈ ਸਰਕਾਰੀ ਮਦਦ ਨਹੀਂ ਮਿਲੀ। ਜੇ ਸਾਡੇ ਕੋਲ ਥੋੜ੍ਹੀ ਬਹੁਤੀ ਜ਼ਮੀਨ ਤੇ ਸਮਰੱਥਾ ਨਾ ਹੁੰਦੀ ਤਾਂ ਤੇਜਿੰਦਰ ਦਾ ਸੁਪਨਾ ਕਦੇ ਸਾਕਾਰ ਨਹੀਂ ਸੀ ਹੋਣਾ।"

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਪਿੰਡ ਦੀਆਂ ਔਰਤਾਂ ਨੂੰ ਪਹਿਲਾਂ ਹੀ ਆਸ ਸੀ ਕਿ ਇਹ ਮੁੰਡਾ ਕੁਝ ਵੱਖਰਾ ਕਰੇਗੈ

ਬੀਬੀਸੀ ਦੀ ਟੀਮ ਜਦੋਂ ਮੋਗਾ-ਜ਼ੀਰਾ ਰੋਡ 'ਤੇ ਸਥਿਤ ਪਿੰਡ ਖੋਸਾ ਪਾਂਡੋ ਪਹੁੰਚਦੀ ਹੈ ਤਾਂ ਚੌਰਾਹੇ 'ਤੇ ਤਾਸ਼ ਖੇਡਦੇ ਨੌਜਵਾਨਾਂ ਨੇ ਕੁਝ ਪੁੱਛਣ ਤੋਂ ਪਹਿਲਾਂ ਹੀ ਆਪ ਹੀ ਆਖ ਦਿੱਤਾ, ''ਉਹ ਸਾਹਮਣਾ ਘਰ ਹੈ ਜੀ।"

ਪੁੱਛਣ 'ਤੇ ਕਹਿੰਦੇ ਹਨ ਕਿ ਪਿੰਡ ਦੇ ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ਕਰਕੇ ਦੋ ਦਿਨ ਤੋਂ ਜਿਹੜਾ ਇਸ ਰਾਹ ਪੈਂਦਾ ਹੈ ਉਸ ਦੀ ਮੰਜ਼ਿਲ ਇਹੋ ਹੀਰੋ ਦਾ ਘਰ 'ਤੂਰ ਨਿਵਾਸ' ਹੋਣ ਕਰਕੇ ਉਹ ਬੁੱਝ ਲੈਂਦੇ ਹਨ।

ਘਰ ਅੰਦਰ ਰਾਮਾਂ ਤੋਂ ਤੇਜਿੰਦਰਪਾਲ ਤੂਰ ਦੇ ਨਾਨਾ ਅਜਮੇਰ ਸਿੰਘ ਮਾਨ ਵੀ ਆਏ ਹੋਏ ਸਨ। ਘਰ ਵਿੱਚ ਸ਼ਰੀਕੇ ਤੇ ਗੁਆਂਢ ਦੀਆਂ ਔਰਤਾਂ ਬੈਠੀਆਂ ਪੁਰਾਣੀ ਐਲਬਮ ਵਿੱਚੋਂ ਤੇਜਿੰਦਰਪਾਲ ਦੇ ਬਚਪਨ ਦੀਆਂ ਤਸਵੀਰਾਂ ਦੇਖਦੀਆਂ ਬਚਪਨ ਦੇ ਦਿਨਾਂ ਨੂੰ ਯਾਦ ਕਰ ਰਹੀਆਂ ਹਨ।

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਤਜਿੰਦਰਪਾਲ ਸਿੰਘ ਉਲੰਪਿਕਸ ਖੇਡਾਂ ਵਿੱਚ ਜਿੱਤਣਾ ਚਾਹੁੰਦਾ ਹੈ ਮੈਡਲ

ਗੁਰਬਚਨ ਕੌਰ ਤੇ ਕੁਲਦੀਪ ਕੌਰ ਨਾਲ ਬੈਠੀ ਜਸਵਿੰਦਰ ਕੌਰ ਬੋਲੀ, ''ਇਹ ਮੁੰਡਾ ਤਾਂ ਬਚਪਨ ਤੋਂ ਹੀ ਅਲਹਿਦਾ ਕਿਸਮ ਦਾ ਸੀ। ਬਾਕੀ ਬੱਚੇ ਹੋਰ ਖੇਡਾਂ ਖੇਡਦੇ ਤਾਂ ਇਹ ਆਪਣੇ ਚਾਚੇ ਗੁਰਦੇਵ ਸਿੰਘ ਨਾਲ ਦਸ ਸਾਲ ਦੀ ਉਮਰ ਵਿੱਚ ਹੀ ਪਿੰਡ ਦੀ ਗਰਾਊਂਡ ਵਿੱਚ ਜਾਣ ਲੱਗਾ। ਅਸੀਂ ਉਸ ਨੂੰ ਕਦੇ ਬਾਹਰ ਮੁੰਡਿਆਂ ਵਿੱਚ ਬੈਠਾ ਵੀ ਨਹੀਂ ਸੀ ਦੇਖਿਆ।"

'ਉਲੰਪਿਕਸ ਤੱਕ ਵਿਆਹ ਨਹੀਂ ਕਰਾਉਣਾ'

ਮਾਂ ਪ੍ਰਿਤਪਾਲ ਕੌਰ ਮੁਤਾਬਕ, ''ਪਿਤਾ ਦੀ ਸਿਹਤ ਨਾਸਾਜ਼ ਰਹਿੰਦੀ ਹੋਣ ਕਰਕੇ ਉਹ ਤੇਜਿੰਦਰ 'ਤੇ ਵਿਆਹ ਲਈ ਬਹੁਤ ਜ਼ੋਰ ਪਾਉਂਦੀ ਹੈ। ਪਰ ਉਸਦਾ ਗੋਲਾ ਸੁੱਟਣ ਦੀ ਖੇਡ ਨਾਲ ਇੰਨਾ ਪਿਆਰ ਹੈ ਕਿ ਹਰ ਵਾਰ ਇਕੋ ਜਵਾਬ ਦਿੰਦਾ ਹੈ ਕਿ ਉਲੰਪਿਕਸ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਹੀ ਵਿਆਹ ਕਰਵਾਏਗਾ।"

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਤਜਿੰਦਰਪਾਲ ਦੀ ਮਾਂ ਨੇ ਕਿਹਾ ਰੋਜ਼ ਫੋਨ ਕਰਕੇ ਆਪਣੇ ਪਿਤਾ ਦਾ ਹਾਲ ਪੁੱਛਦਾ

ਫਿਰ ਉੱਚੀ ਆਵਾਜ਼ ਵਿੱਚ ਹੱਸਦੇ ਹੋਏ ਬੋਲੀ, ''ਭਾਵੇਂ ਉਦੋਂ ਤੱਕ ਕੁੜੀਆਂ ਹੀ ਮੁੱਕ ਜਾਣ।" ਕਰਮ ਸਿੰਘ ਹੀਰੋ ਦੀ ਮਿਜ਼ਾਜਪੁਰਸ਼ੀ ਲਈ ਆਏ ਪਿੰਡ ਤੋਂ ਹੀ ਉਨ੍ਹਾਂ ਦੇ ਦੋਸਤ ਅਸ਼ੋਕ ਸ਼ਰਮਾ ਦੱਸਦੇ ਹਨ, ''ਛੇ ਫੁੱਟ ਤਿੰਨ ਇੰਚ ਕੱਦ ਵਾਲੇ ਅਤੇ ਸਵਾ ਕੁਇੰਟਲ ਦੇ ਕਰੀਬ ਵਜ਼ਨ ਵਾਲੇ ਤੇਜਿੰਦਰ ਤੋਂ ਦੇਸ ਨੂੰ ਬਹੁਤ ਉਮੀਦਾਂ ਹਨ।

ਇਹ ਵੀ ਪੜ੍ਹੋ:

ਉਹ ਪਿੰਡ ਵਿੱਚ 18 ਮੀਟਰ ਦੂਰ ਗੋਲਾ ਸੁੱਟਦਾ ਰਿਹਾ ਤੇ ਇਸ ਖੇਡ ਦੇ ਖਿਡਾਰੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਆਪਣੇ ਚਾਚੇ ਗੁਰਦੇਵ ਸਿੰਘ ਤੋਂ ਸਿਖਲਾਈ ਲੈਣ ਤੋਂ ਬਾਅਦ ਉਹ 20 ਮੀਟਰ ਪਾਰ ਕਰ ਗਿਆ।

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ, ਤਜਿੰਦਰਪਾਲ ਨੇ 10 ਸਾਲ ਦੀ ਉਮਰ ਵਿੱਚ ਆਪਣੇ ਚਾਚੇ ਨਾਲ ਗਰਾਉਂਡ 'ਚ ਜਾ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ

ਬਾਅਦ ਵਿੱਚ ਕੋਚ ਮਹਿੰਦਰ ਸਿੰਘ ਢਿੱਲੋਂ ਕੋਲੋਂ ਜਲੰਧਰ ਵਿੱਚ ਰਹਿ ਕੇ ਸਿਖਲਾਈ ਲਈ ਅਤੇ ਹੁਣ ਜਕਾਰਤਾ ਏਸ਼ੀਆਈ ਖੇਡਾਂ ਵਿੱਚ 20.75 ਮੀਟਰ ਨਾਲ ਪੁਰਾਣੇ ਰਿਕਾਰਡ ਤੋੜ ਕੇ ਸੋਨੇ ਦਾ ਤਗ਼ਮਾ ਜਿੱਤ ਲਿਆ।"

ਉਹ ਇਸ ਪਿੱਛੇ ਤੇਜਿੰਦਰ ਤੋਂ ਇਲਾਵਾ ਬਾਕੀ ਟੱਬਰ ਦੀ ਮਿਹਨਤ ਦਾ ਵੀ ਜ਼ਿਕਰ ਕਰਨਾ ਨਹੀਂ ਭੁੱਲਦੇ ਜਿਨ੍ਹਾਂ ਨੇ ਔਖੇ ਹਾਲਾਤ ਵਿੱਚ ਵੀ ਤੇਜਿੰਦਰ ਦਾ ਪੂਰਾ ਸਾਥ ਦਿੱਤਾ।

ਬਿਮਾਰੀ ਕਾਰਨ ਮੰਜੇ 'ਤੇ ਪਏ ਕਰਮ ਸਿੰਘ ਹੀਰੋ ਬੋਲੇ, ''ਹਰਿਆਣਾ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਨੂੰ ਵੀ ਓਨੀ ਹੀ ਰਕਮ ਦੇਣੀ ਚਾਹੀਦੀ ਹੈ। ਮੇਰੀ ਬਿਮਾਰੀ ਕਰਕੇ ਇਲਾਜ 'ਤੇ ਹੋਰ ਹੋ ਰਹੇ ਖਰਚਿਆਂ ਬਾਰੇ ਵੀ ਸੂਬਾ ਸਰਕਾਰ ਤੋਂ ਇਲਾਵਾ ਮੋਦੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਸਰਕਾਰ ਪੰਜਾਬ ਸਰਕਾਰ ਵੀ ਦੇਵੇ ਖਿਡਾਰੀਆਂ ਨੂੰ ਓਨੀ ਰਾਸ਼ੀ

ਪਿੰਡ ਵਾਸੀ ਮੇਜਰ ਸਿੰਘ ਤੇ ਹੋਰਾਂ ਨੇ ਕਿਹਾ ਕਿ ਨੇਵੀ ਵਿੱਚ ਨੌਕਰੀ ਕਰਦੇ ਤੇਜਿੰਦਰਪਾਲ ਸਿੰਘ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਨੂੰ ਕੋਈ 'ਵੱਡੀ ਨੌਕਰੀ' ਦੇਣੀ ਚਾਹੀਦੀ ਹੈ।

ਅਸ਼ੋਕ ਸ਼ਰਮਾ ਨੇ ਕਿਹਾ, ''ਗੋਲਾ ਸੁੱਟਣਾ ਜ਼ੋਰ ਵਾਲਾ ਕੰਮ ਹੈ ਅਤੇ ਅਜਿਹੇ ਮੁਕਾਬਲੇ ਵਿੱਚ ਪੰਜਾਬੀਆਂ ਕਰਕੇ ਭਾਰਤ ਦਾ ਏਸ਼ੀਆ ਵਿੱਚ ਦਬਦਬਾ ਰਿਹਾ ਹੈ। ਜਿਸ ਤਰ੍ਹਾਂ ਦਾ ਤੇਜਿੰਦਰ ਦਾ ਜੁੱਸਾ ਤੇ ਖੇਡ ਭਾਵਨਾ ਹੈ ਉਸ ਨੂੰ ਦੇਖਦੇ ਹੋਏ ਪੱਕੀ ਆਸ ਹੈ ਕਿ ਉਲੰਪਿਕਸ ਵਿੱਚ ਉਹ ਮੈਡਲ ਜਿੱਤ ਕੇ ਲਿਆਏਗਾ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)