ਡੋਪ ਟੈਸਟ ਕੀ ਹੈ ਤੇ ਕੀ ਹੈ ਇਸ ਦਾ ਦਾਇਰਾ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਡੋਪ ਟੈਸਟ ਨੂੰ ਲੈ ਕੇ ਸਿਆਸਤ ਜ਼ੋਰਾਂ ਉੱਤੇ ਹੈ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

ਪੰਜਾਬ ਵਿੱਚ ਇਸ ਸਮੇਂ ਡੋਪ ਟੈਸਟ ਦੀ ਚਰਚਾ 'ਤੇ ਖ਼ੂਬ ਸਿਆਸਤ ਹੋ ਰਹੀ ਹੈ।

ਇਹ ਮੁੱਦਾ ਸਿਆਸੀ ਗਲਿਆਰਿਆਂ ਵਿੱਚ ਗੂੰਜ ਰਿਹਾ ਹੈ, ਇਸ ਕਾਰਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਟੈਸਟ ਕਰਵਾਉਣ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ:

ਆਖ਼ਰ ਇਹ ਟੈਸਟ ਹੈ ਕੀ ਅਤੇ ਇਹ ਹੁੰਦਾ ਕਿਸ ਤਰੀਕੇ ਨਾਲ ਹੈ, ਇਹ ਪਤਾ ਲਗਾਉਣ ਲਈ ਬੀਬੀਸੀ ਪੰਜਾਬੀ ਦੀ ਟੀਮ ਪਹੁੰਚੀ ਮੁਹਾਲੀ ਦੇ ਫ਼ੇਜ਼ 6 ਸਥਿਤ ਸਿਵਲ ਹਸਪਤਾਲ -

ਸਵੇਰ ਦੇ ਕਰੀਬ 11 ਵਜੇ ਜਦੋਂ ਅਸੀਂ ਮੁਹਾਲੀ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਆਮ ਮਰੀਜ਼ਾਂ ਦੇ ਨਾਲ-ਨਾਲ ਹਸਪਤਾਲ ਦਾ ਅਮਲਾ ਪੂਰੀ ਤਰ੍ਹਾਂ ਹਰਕਤ ਵਿੱਚ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੋਪ ਟੈਸਟ ਮੁਫ਼ਤ ਨਹੀਂ ਹੁੰਦੀ (ਸੰਕੇਤਕ ਤਸਵੀਰ)

ਪਤਾ ਲੱਗਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਆਪਣਾ ਡੋਪ ਟੈਸਟ ਕਰਵਾਉਣ ਲਈ ਹਸਪਤਾਲ ਆ ਰਹੇ ਸਨ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਵਿਚ ਕੁਝ ਵਿਧਾਇਕ ਆਪਣਾ ਡੋਪ ਟੈਸਟ ਕਰਵਾ ਚੁੱਕੇ ਹਨ।

ਆਖ਼ਰ ਕੀ ਹੈ ਡੋਪ ਟੈਸਟ?

ਮੁਹਾਲੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਜੀਤ ਸਿੰਘ ਮੁਤਾਬਕ ਡੋਪ ਟੈਸਟ ਰਾਹੀਂ ਅਫ਼ੀਮ, ਹੈਰੋਇਨ, ਕੋਕੀਨ ਵਰਗੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਮੁਤਾਬਕ, ''ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਡੋਪ ਟੈਸਟ ਦੇ ਦਾਇਰੇ 'ਚ ਇਹ ਨਹੀਂ ਆਉਂਦੀ।''

ਡਾ. ਮਨਜੀਤ ਸਿੰਘ ਦੱਸਦੇ ਹਨ, ''ਡੋਪ ਟੈਸਟ ਕਰਨ ਲਈ ਸਬੰਧਿਤ ਵਿਅਕਤੀ ਜਾਂ ਮਹਿਲਾ ਦੇ ਪਿਸ਼ਾਬ ਨੂੰ ਟੈਸਟ ਕੀਤਾ ਜਾਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਈ ਨਸ਼ੇ ਦਾ ਆਦੀ ਹੈ ਜਾਂ ਨਹੀਂ।''

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਹਥਿਆਰ ਦਾ ਲਾਇਸੈਂਸ ਲੈਣ ਲਈ ਡੋਪ ਟੈਸਟ ਕੀਤਾ ਜਾਂਦਾ ਸੀ।

ਤਸਵੀਰ ਕੈਪਸ਼ਨ, ਮੁਹਾਲੀ ਸਿਵਲ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਬੀਬੀਸੀ ਨਾਲ ਗੱਲਬਾਤ ਦੌਰਾਨ

ਸਰਕਾਰ ਦੇ ਡੋਪ ਟੈਸਟ ਬਾਰੇ ਤਾਜ਼ਾ ਆਦੇਸ਼ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਾਨੂੰ ਕਿਸੇ ਵੀ ਤਰ੍ਹਾਂ ਦੀਆਂ ਹਦਾਇਤਾਂ ਨਹੀਂ ਮਿਲੀਆਂ।

ਡੋਪ ਟੈਸਟ ਦਾ ਘੇਰਾ ਕਿੰਨਾ

ਮੁਹਾਲੀ ਦੇ ਸਿਵਲ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਸਾਨੂੰ ਡੋਪ ਟੈਸਟ ਦੇ ਅਸਰ ਬਾਰੇ ਵੀ ਦੱਸਿਆ।

ਉਨ੍ਹਾਂ ਮੁਤਾਬਕ, ''ਇਸ ਟੈਸਟ ਰਾਹੀਂ ਪਿਛਲੇ ਛੇ ਮਹੀਨਿਆਂ ਦੇ ਰਿਕਾਰਡ ਦਾ ਪਤਾ ਲੱਗ ਜਾਂਦਾ ਹੈ।''

ਜੇਕਰ ਕਿਸੇ ਵਿਅਕਤੀ ਨੇ ਟੈਸਟ ਕਰਵਾਉਣ ਦੇ ਛੇ ਮਹੀਨਿਆਂ ਦੇ ਦਰਮਿਆਨ ਨਸ਼ਾ ਕੀਤਾ ਹੈ ਤਾਂ ਵੀ ਉਸ ਦਾ ਪਤਾ ਇਸ ਟੈਸਟ ਰਾਹੀਂ ਲੱਗ ਜਾਵੇਗਾ।

ਡੋਪ ਟੈਸਟ 'ਤੇ ਕਿੰਨਾ ਖ਼ਰਚਾ?

ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡੋਪ ਟੈਸਟ ਮੁਫ਼ਤ ਨਹੀਂ ਹੁੰਦਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੋਪ ਟੈਸਟ ਨਾਲ ਪਿਛਲੇ ਛੇ ਮਹੀਨਿਆਂ ਦਾ ਰਿਕਾਰਡ ਪਤਾ ਚਲਦਾ ਹੈ (ਸੰਕੇਤਕ ਤਸਵੀਰ)

ਇਹ ਵੀ ਪੜ੍ਹੋ:

ਡਾ. ਮਨਜੀਤ ਸਿੰਘ ਮੁਤਾਬਕ ਡੋਪ ਟੈਸਟ ਲਈ 1510 ਰੁਪਏ ਫ਼ੀਸ ਹੈ। ਇਸ ਨੂੰ ਕਰਵਾਉਣ ਵਾਲੇ ਵਿਅਕਤੀ ਨੂੰ ਇੱਕ ਫ਼ਾਰਮ ਭਰਨਾ ਪੈਂਦਾ ਹੈ।

ਸੂਬੇ ਵਿੱਚ ਲਗਭਗ 3.5 ਲੱਖ ਮੁਲਾਜ਼ਮ ਹਨ, ਜਿਸਦਾ ਮਤਲਬ ਹੈ ਕਿ ਲਗਭਗ 52 ਕਰੋੜ ਦਾ ਖ਼ਰਚਾ।

ਹਾਲਾਂਕਿ ਇਹ ਗੱਲ ਅਜੇ ਸਾਫ਼ ਨਹੀਂ ਹੈ ਕਿ ਇਹ ਖ਼ਰਚਾ ਮੁਲਾਜ਼ਮਾਂ ਨੂੰ ਦੇਣਾ ਪਵੇਗਾ ਜਾਂ ਸਰਕਾਰ ਇਹ ਖ਼ਰਚ ਚੁੱਕੇਗੀ।

ਤਸਵੀਰ ਸਰੋਤ, Getty Images

ਇਸ ਟੈਸਟ ਬਾਰੇ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਵੀ ਆਪਣਾ ਟੈਸਟ ਕਰਵਾਉਣ ਲਈ ਇਹ ਫ਼ੀਸ ਜਮ੍ਹਾਂ ਕਰਵਾਉਣ ਵਾਸਤੇ ਕਿਹਾ ਗਿਆ ਹੈ।

ਡੋਪ ਟੈਸਟ ਦੀ ਭਰੋਸੇਯੋਗਤਾ

ਵੱਡਾ ਸਵਾਲ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਜਿਸ ਡੋਪ ਟੈਸਟ ਕਰਕੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ, ਆਖਰ ਉਸਦੀ ਭਰੋਸੇਯੋਗਤਾ ਕਿੰਨੀ ਹੈ।

ਐਸਐਮਓ ਡਾ. ਮਨਜੀਤ ਸਿੰਘ ਕਹਿੰਦੇ ਹਨ, ''ਮੁਹਾਲੀ ਹਸਪਤਾਲ ਵਿੱਚ ਕੀਤੇ ਜਾਣ ਵਾਲੇ ਡੋਪ ਟੈਸਟ 100 ਫ਼ੀਸਦੀ ਸਹੀ ਹਨ ਅਤੇ ਸਾਨੂੰ ਇਸ ਉੱਤੇ ਕੋਈ ਸ਼ੱਕ ਨਹੀਂ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)