'ਇਜ਼ਰਾਇਲੀ ਪੀਐੱਮ ਜ਼ਿੰਦਾ ਹਨ ਤਾਂ ਲੱਭ ਕੇ ਮਾਰਾਂਗੇ': ਈਰਾਨ ਦੇ ਬਿਆਨ ਤੋਂ ਬਾਅਦ ਨੇਤਨਯਾਹੂ ਨੇ ਆਪਣਾ ਵੀਡੀਓ ਜਾਰੀ ਕਰ ਕੇ ਕੀ ਕਿਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਂਜਾਮਿਨ ਨੇਤਨਯਾਹੂ ਦੇ ਇੱਕ ਵੀਡੀਓ ਸੰਦੇਸ਼ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। 13 ਮਾਰਚ ਨੂੰ ਓਕਸ 'ਤੇ ਪੋਸਟ ਕੀਤੇ ਗਏ ਇਸ ਵੀਡੀਓ ਵਿੱਚ, ਇਹ ਦਾਅਵਾ ਕੀਤਾ ਗਿਆ ਸੀ ਕਿ ਨੇਤਨਯਾਹੂ ਦੇ ਹੱਥ 'ਤੇ ਛੇ ਉਂਗਲਾਂ ਸਨ
ਪੜ੍ਹਨ ਦਾ ਸਮਾਂ: 7 ਮਿੰਟ

ਈਰਾਨ ਰਿਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਕਿਹਾ ਹੈ ਕਿ "ਜੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜ਼ਿੰਦਾ ਹਨ ਤਾਂ ਉਹ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਮਾਰ ਦੇਣਗੇ।"

ਆਈਆਰਜੀਸੀ ਨੇ ਨੇਤਨਯਾਹੂ ਨੂੰ 'ਬੱਚਿਆਂ ਦਾ ਕਾਤਲ' ਵੀ ਕਿਹਾ ਹੈ।

ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਇਰਨਾ (ਆਈਆਰਐੱਨਏ) ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਉੱਧਰ ਦੱਖਣੀ ਅਫ਼ਰੀਕਾ ਵਿੱਚ ਈਰਾਨੀ ਦੂਤਾਵਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "ਇਸ ਨਾਲ ਬਿਲਕੁਲ ਵੀ ਫ਼ਰਕ ਨਹੀਂ ਪੈਂਦਾ ਕਿ ਨੇਤਨਯਾਹੂ ਜ਼ਿੰਦਾ ਹਨ ਜਾਂ ਮਰ ਚੁੱਕੇ ਹਨ। ਇੱਕ ਮੀਨਾਬੀ ਕੁੜੀ ਦੇ ਵਾਲ ਦਾ ਇੱਕ ਵੀ ਰੇਸ਼ਾ, ਉਨ੍ਹਾਂ ਦੇ ਪੂਰੇ ਵਜੂਦ ਤੋਂ ਕਈ ਗੁਣਾ ਵਧ ਕੇ ਕੀਮਤੀ ਹੈ।"

ਇਸ ਮਾਮਲੇ ਵਿੱਚ ਇਹ ਸਵਾਲ ਵੀ ਉੱਠਦਾ ਹੈ ਕਿ "ਜੇ ਬੈਂਜਾਮਿਨ ਨੇਤਨਯਾਹੂ ਜ਼ਿੰਦਾ ਹਨ", ਆਈਆਰਜੀਸੀ ਨੇ ਇਹ ਗੱਲ ਕਿਉਂ ਕਹੀ। ਇਹ ਦਾਅਵਾ ਜਾਂ ਅਫ਼ਵਾਹ ਕਿੱਥੋਂ ਸ਼ੁਰੂ ਹੋਈ ਕਿ ਬੈਂਜਾਮਿਨ ਨੇਤਨਯਾਹੂ ਜ਼ਿੰਦਾ ਹਨ ਜਾਂ ਨਹੀਂ।

ਹਾਲਾਂਕਿ ਕਈ ਖ਼ਬਰਾਂ ਮੁਤਾਬਕ, ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ 'ਨੇਤਨਯਾਹੂ ਦੀ ਮੌਤ ਦੀ ਗੱਲ' ਨੂੰ ਫੇਕ ਨਿਊਜ਼ ਦੱਸਿਆ ਹੈ।

Sorry, we can’t display this part of the story on this lightweight mobile page.

ਉੱਥੇ ਹੀ ਐਤਵਾਰ ਸ਼ਾਮ ਨੂੰ ਨੇਤਨਯਾਹੂ ਨੇ ਐਕਸ 'ਤੇ ਆਪਣਾ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵਿੱਚ ਉਹ ਕਾਫੀ ਪੀਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਦੌਰਾਨ ਉਹ ਇੱਕ-ਇੱਕ ਕਰਕੇ ਦੋਵੇਂ ਹੱਥ ਕੈਮਰੇ ਦੇ ਸਾਹਮਣੇ ਲਿਆ ਰਹੇ ਹਨ।

ਇਸ ਵੀਡੀਓ ਵਿੱਚ ਨੇਤਨਯਾਹੂ ਦੇ ਦੋਵੇਂ ਹੱਥਾਂ ਵਿੱਚ ਪੰਜ-ਪੰਜ ਉਂਗਲੀਆਂ ਦਿਖ ਰਹੀਆਂ ਹਨ।

ਇਸ ਤਰ੍ਹਾਂ ਦੋਵੇਂ ਹੱਥ ਦਿਖਾਉਣ ਦੇ ਪਿੱਛੇ ਕੀ ਵਜ੍ਹਾ ਹੈ, ਇਸ ਕਹਾਣੀ ਵਿੱਚ ਅਸੀਂ ਉਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ।

ਤਸਵੀਰ ਸਰੋਤ, @netanyahu

ਤਸਵੀਰ ਕੈਪਸ਼ਨ, ਐਤਵਾਰ ਸ਼ਾਮ ਜਾਰੀ ਕੀਤੇ ਵੀਡੀਓ ਵਿੱਚ ਨੇਤਨਯਾਹੂ ਆਪਣੇ ਹੱਥਾਂ ਦੀਆਂ ਉਂਗਲੀਆਂ ਦਿਖਾ ਕੇ ਅਫਵਾਹਾਂ 'ਤੇ ਵਿਰਾਮ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖ ਰਹੇ ਹਨ

ਆਈਆਰਜੀਸੀ ਨੇ ਕੀ ਕਿਹਾ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਦੇ ਵਿਚਕਾਰ ਜੰਗ ਦੀ ਸ਼ੁਰੂਆਤ ਵਿੱਚ ਹੀ ਈਰਾਨੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੱਖਣੀ ਈਰਾਨ ਦੇ ਸ਼ਹਿਰ ਮੀਨਾਬ ਵਿੱਚ ਕੁੜੀਆਂ ਦੇ ਇੱਕ ਸਕੂਲ 'ਤੇ ਹਮਲਾ ਹੋਇਆ ਸੀ, ਜਿਸ ਵਿੱਚ 160 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਵਿੱਚ ਵਿਦਿਆਰਥਣਾਂ ਦੇ ਨਾਲ-ਨਾਲ ਸਕੂਲ ਦੇ ਸਟਾਫ਼ ਦੇ ਲੋਕ ਵੀ ਸ਼ਾਮਲ ਸਨ।

ਇਸ ਹਮਲੇ ਤੋਂ ਬਾਅਦ ਈਰਾਨ ਦੇ ਲੋਕਾਂ ਵਿੱਚ ਕਾਫ਼ੀ ਗੁੱਸਾ ਦੇਖਿਆ ਗਿਆ ਅਤੇ ਇਨ੍ਹਾਂ ਕੁੜੀਆਂ ਦੇ ਜਨਾਜ਼ੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ।

ਈਰਾਨੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਆਈਆਰਜੀਸੀ ਨੇ ਇੱਕ ਬਿਆਨ ਵਿੱਚ ਕਿਹਾ, "ਜ਼ਿਓਨਿਸਟ ਅਪਰਾਧੀ ਪ੍ਰਧਾਨ ਮੰਤਰੀ ਦਾ ਅਣਜਾਣ ਅੰਜਾਮ ਅਤੇ ਉਨ੍ਹਾਂ ਦੀ ਮੌਤ ਜਾਂ ਕਬਜ਼ੇ ਵਾਲੇ ਇਲਾਕਿਆਂ ਤੋਂ ਆਪਣੇ ਪਰਿਵਾਰ ਨਾਲ ਭੱਜ ਜਾਣ ਦੀ ਸੰਭਾਵਨਾ ਹੈ। ਇਹ ਇੱਕ ਸੰਕਟ ਅਤੇ ਜ਼ਿਓਨਿਸਟਾਂ ਦੀ ਡਗਮਗਾਉਂਦੀ ਸਥਿਤੀ ਨੂੰ ਬੇਨਕਾਬ ਕਰਦੀ ਹੈ।"

ਆਈਆਰਜੀਸੀ ਨੇ ਅੱਗੇ ਕਿਹਾ, "ਜੇ ਬੱਚਿਆਂ ਦੇ ਕਤਲ ਕਰਨ ਵਾਲਾ ਅਪਰਾਧੀ ਜ਼ਿੰਦਾ ਹੈ ਤਾਂ ਅਸੀਂ ਪੂਰੀ ਤਾਕਤ ਨਾਲ ਉਸ ਦਾ ਪਿੱਛਾ ਕਰਕੇ ਉਸ ਨੂੰ ਮਾਰ ਦੇਵਾਂਗੇ।"

ਮੌਤ ਦਾ ਦਾਅਵਾ ਕਿਵੇਂ ਕੀਤਾ ਗਿਆ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਆਰਜੀਸੀ ਨੇ ਬੈਂਜਾਮਿਨ ਨੇਤਨਯਾਹੂ ਨੂੰ 'ਬੱਚਿਆਂ ਦਾ ਕਾਤਲ' ਕਰਾਰ ਦਿੱਤਾ ਹੈ (ਫਾਈਲ ਫੋਟੋ)

ਇਹ ਧਮਕੀ ਉਸ ਸਮੇਂ ਆਈ ਜਦੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਨੇਤਨਯਾਹੂ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਗ਼ਲਤ ਦੱਸਦਿਆਂ ਖੰਡਨ ਕੀਤਾ ਸੀ।

ਇਸ ਦੇ ਨਾਲ ਹੀ ਆਈਆਰਜੀਸੀ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਜ਼ਰਾਇਲ ਵਿੱਚ ਆਪਣੇ ਨਿਸ਼ਾਨਿਆਂ ਅਤੇ ਖੇਤਰ ਵਿੱਚ ਤਿੰਨ ਅਮਰੀਕੀ ਬੇਸਾਂ 'ਤੇ 52ਵੀਂ ਵਾਰ ਕੀਤੇ ਹਮਲੇ ਵਿੱਚ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

13 ਮਾਰਚ ਨੂੰ ਬੈਂਜਾਮਿਨ ਨੇਤਨਯਾਹੂ ਦੇ ਐਕਸ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਈਰਾਨ ਦੇ ਹਮਲਿਆਂ ਬਾਰੇ ਜਾਣਕਾਰੀ ਦੇ ਰਹੇ ਸਨ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਾਂ ਨੇ ਇਸ ਵੀਡੀਓ ਨੂੰ ਏਆਈ ਨਾਲ ਬਣਾਇਆ ਹੋਇਆ ਦੱਸਿਆ ਅਤੇ ਦਾਅਵਾ ਕੀਤਾ ਕਿ ਨੇਤਨਯਾਹੂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਤੁਰਕੀ ਦੀ ਸਰਕਾਰੀ ਖ਼ਬਰ ਏਜੰਸੀ ਅਨਾਦੋਲੂ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਦਾਅਵੇ ਫੇਕ ਨਿਊਜ਼ ਹਨ ਅਤੇ ਵੀਡੀਓ ਏਆਈ ਨਾਲ ਬਣਾਇਆ ਨਹੀਂ ਗਿਆ। ਦਫ਼ਤਰ ਨੇ ਇਹ ਵੀ ਕਿਹਾ ਕਿ ਨੇਤਨਯਾਹੂ ਬਿਲਕੁਲ ਸੁਰੱਖਿਅਤ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਲੋਕਾਂ ਨੇ ਈਰਾਨੀ ਸਕੂਲ 'ਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਬਣਾਈ ਗਈ ਸਮੂਹਿਕ ਕਬਰ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।

ਹਾਲਾਂਕਿ, ਨੇਤਨਯਾਹੂ ਦੀ ਮੌਤ ਨਾਲ ਜੁੜੀਆਂ ਅਫ਼ਵਾਹਾਂ ਬਾਰੇ ਅਮਰੀਕਾ ਦੀ ਕਨਜ਼ਰਵੇਟਿਵ ਰਾਜਨੀਤਿਕ ਟਿੱਪਣੀਕਾਰ ਕੈਂਡਿਸ ਓਵੇਨਸ ਨੇ ਕਿਹਾ ਕਿ "ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਸਿਹਤ ਬਾਰੇ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ "ਅਧਿਕਾਰੀਆਂ 'ਤੇ ਚੁੱਪ ਰਹਿਣ ਦਾ ਦਬਾਅ ਹੈ।"

ਓਵੇਨਸ ਨੇ ਐਕਸ 'ਤੇ ਲਿਖਿਆ, "ਅਮਰੀਕੀ ਸਰਕਾਰ ਨੂੰ ਇਸ ਮਾਮਲੇ ਨੂੰ ਸਿੱਧੇ ਤੌਰ 'ਤੇ ਸਪੱਸ਼ਟ ਕਰਨਾ ਚਾਹੀਦਾ ਹੈ, ਪਰ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਹੈ। ਆਖ਼ਿਰ ਚੱਲ ਕੀ ਰਿਹਾ ਹੈ? ਕੀ ਉਨ੍ਹਾਂ ਨੇ ਪਹਿਲਾਂ ਹੀ ਬਹੁਤ ਝੂਠ ਨਹੀਂ ਬੋਲ ਦਿੱਤੇ?"

ਤਸਵੀਰ ਸਰੋਤ, @YairNetanyahu

ਤਸਵੀਰ ਕੈਪਸ਼ਨ, ਯੂਜ਼ਰ ਨੇ ਬੈਂਜਾਮਿਨ ਨੇਤਨਯਾਹੂ ਦੇ ਪੁੱਤਰ ਦੀ ਸੋਸ਼ਲ ਮੀਡੀਆ ਗਤੀਵਿਧੀ ਨੂੰ ਵੀ ਅਫਵਾਹਾਂ ਨਾਲ ਜੋੜਿਆ ਹੈ (ਸੰਕੇਤਕ ਚਿੱਤਰ)

ਪਿਤਾ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮੌਤ ਦੀਆਂ ਅਫ਼ਵਾਹਾਂ ਦੇ ਵਿਚਕਾਰ, ਯਾਇਰ ਨੇਤਨਯਾਹੂ ਦਾ ਐਕਸ ਅਕਾਊਂਟ ਵੀ ਚਰਚਾ ਵਿੱਚ ਆ ਗਿਆ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਨੇਤਨਯਾਹੂ ਦੇ ਪੁੱਤਰ ਯਾਇਰ ਨੇਤਨਯਾਹੂ ਅਤੇ ਉਨ੍ਹਾਂ ਦੇ ਐਕਸ ਹੈਂਡਲ ਬਾਰੇ ਵੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ 9 ਮਾਰਚ ਤੋਂ ਬਾਅਦ ਉਨ੍ਹਾਂ ਨੇ ਕੋਈ ਪੋਸਟ ਨਹੀਂ ਕੀਤੀ, ਜਿਸ ਦੀ ਵਜ੍ਹਾ "ਪਰਿਵਾਰ ਵਿੱਚ ਹੋਈ ਕੋਈ ਦੁਖਦਾਈ ਘਟਨਾ" ਦੱਸੀ ਜਾ ਰਹੀ ਸੀ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, "ਐਕਸ ਦੇ ਏਆਈ ਚੈਟਬੋਟ ਗਰੋਕ ਨੇ ਇਨ੍ਹਾਂ ਸਾਰੇ ਦਾਅਵਿਆਂ ਅਤੇ ਅਫ਼ਵਾਹਾਂ ਨੂੰ ਗ਼ਲਤ ਦੱਸਿਆ ਹੈ। ਉਸ ਨੇ ਸਪੱਸ਼ਟ ਕੀਤਾ ਕਿ ਨੇਤਨਯਾਹੂ ਦੇ ਐਕਸ ਅਕਾਊਂਟ 'ਤੇ ਪੋਸਟ ਕੀਤਾ ਗਿਆ ਵੀਡੀਓ ਕਿਸੇ ਵੀ ਤਰੀਕੇ ਨਾਲ ਐਡਿਟ ਜਾਂ ਬਦਲਿਆ ਹੋਇਆ ਨਹੀਂ ਸੀ।"

"ਇਸ ਮੁਤਾਬਕ ਇਹ ਸਿਰਫ਼ ਨਜ਼ਰਾਂ ਦਾ ਧੋਖਾ ਸੀ, ਜਿਸ ਕਰਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੀਆਂ ਛੇ ਉਂਗਲਾਂ ਹਨ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਵਿੱਚ, ਈਰਾਨ ਵੀ ਇਜ਼ਰਾਈਲੀ ਇਲਾਕਿਆਂ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। 13 ਮਾਰਚ, 2026 ਨੂੰ ਤੇਲ ਅਵੀਵ ਦੇ ਬਾਹਰਵਾਰ ਹੋਏ ਹਮਲੇ ਵਾਲੀ ਥਾਂ 'ਤੇ ਅੱਗ ਬੁਝਾਉਂਦੇ ਹੋਏ ਫਾਇਰਫਾਈਟਰ

ਅੰਗਰੇਜ਼ੀ ਅਖ਼ਬਾਰ 'ਦਿ ਸੰਡੇ ਗਾਰਡੀਅਨ' ਦੇ ਮੁਤਾਬਕ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਨੇਤਨਯਾਹੂ ਨਾਲ ਜੁੜਿਆ ਇੱਕ ਮੈਸੇਜ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ ਸੀ, ਜਿਸ ਨਾਲ ਇਹ ਅਟਕਲਾਂ ਲੱਗਣ ਲੱਗੀਆਂ ਕਿ ਇਜ਼ਰਾਇਲੀ ਨੇਤਾ ਨਾਲ ਕੁਝ ਗੰਭੀਰ ਹੋ ਗਿਆ ਹੈ।

ਜਿਵੇਂ ਜਿਵੇਂ ਇਹ ਕਥਿਤ ਸਕ੍ਰੀਨਸ਼ਾਟ ਤੇਜ਼ੀ ਨਾਲ ਫੈਲਣ ਲੱਗੇ, ਕਈ ਯੂਜ਼ਰ ਇਹ ਸਵਾਲ ਪੁੱਛਣ ਲੱਗੇ ਕਿ ਕੀ ਈਰਾਨ ਨਾਲ ਸੰਘਰਸ਼ ਵਿੱਚ ਨੇਤਨਯਾਹੂ ਨੂੰ ਕੋਈ ਨੁਕਸਾਨ ਪਹੁੰਚਿਆ ਹੈ।

ਦਿ ਸੰਡੇ ਗਾਰਡੀਅਨ ਮੁਤਾਬਕ. "ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵੀਡੀਓ ਦੇ ਇੱਕ ਫ੍ਰੇਮ ਨੂੰ ਬਹੁਤ ਬਰੀਕੀ ਨਾਲ ਦੇਖਿਆ ਜਾਂਦਾ ਹੈ ਤਾਂ ਹੱਥ ਦੀ ਸਥਿਤੀ, ਮੋਸ਼ਨ ਬਲਰ (ਹਿੱਲਣ ਕਰਕੇ ਆਉਣ ਵਾਲੀ ਧੁੰਦਲਾਹਟ) ਅਤੇ ਕੈਮਰੇ ਦੇ ਕੋਣਾਂ ਕਾਰਨ ਅਜੀਬ ਦ੍ਰਿਸ਼ ਪ੍ਰਭਾਵ ਬਣ ਸਕਦੇ ਹਨ। ਇਸ ਕਰਕੇ ਨੇਤਨਯਾਹੂ ਦੀਆਂ ਛੇ ਉਂਗਲਾਂ ਵਰਗਾ ਦਿਖਾਈ ਦੇ ਸਕਦਾ ਹੈ।"

ਨੇਤਨਯਾਹੂ ਕਿੱਥੇ ਹਨ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦੇ ਅਨੁਸਾਰ, ਜੰਗ ਦੇ ਸਮੇਂ ਜਾਣਕਾਰੀ ਪ੍ਰਾਪਤ ਕਰਨ ਦੀ ਕਾਹਲੀ ਅਕਸਰ ਅਫਵਾਹਾਂ ਨੂੰ ਜਨਮ ਦਿੰਦੀ ਹੈ (ਫਾਈਲ ਫੋਟੋ)

'ਦਿ ਸੰਡੇ ਗਾਰਡੀਅਨ' ਮੁਤਾਬਕ ਮਾਹਰਾਂ ਦਾ ਮੰਨਣਾ ਹੈ ਕਿ ਭੂ-ਰਾਜਨੀਤਿਕ ਟਕਰਾਅ ਦੇ ਸਮੇਂ ਗ਼ਲਤ ਜਾਣਕਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ, ਖ਼ਾਸ ਕਰਕੇ ਜਦੋਂ ਲੋਕ ਰਾਜਨੀਤਕ ਨੇਤਾਵਾਂ ਅਤੇ ਫੌਜੀ ਘਟਨਾਵਾਂ ਬਾਰੇ ਤੁਰੰਤ ਅਪਡੇਟ ਲੱਭ ਰਹੇ ਹੁੰਦੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੀ ਸਮੱਗਰੀ ਦੇ ਫੈਲਾਅ ਨੂੰ ਹੋਰ ਤੇਜ਼ ਕਰ ਸਕਦੇ ਹਨ, ਕਿਉਂਕਿ ਯੂਜ਼ਰ ਅਕਸਰ ਕਿਸੇ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕੀਤੇ ਬਿਨਾਂ ਹੀ ਉਸ ਨੂੰ ਸ਼ੇਅਰ ਕਰ ਦਿੰਦੇ ਹਨ।

ਦੂਜੇ ਪਾਸੇ, ਬੈਂਜਾਮਿਨ ਨੇਤਨਯਾਹੂ ਦੀ ਮੌਤ ਨਾਲ ਜੁੜੇ ਦਾਅਵਿਆਂ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ, ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਉਹ ਗਾਇਬ ਹੋ ਗਏ ਹਨ ਜਾਂ ਉਨ੍ਹਾਂ ਨੇ ਇਜ਼ਰਾਇਲ ਛੱਡ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਹਾਲੀਆ ਵੀਡੀਓ ਅਤੇ ਜਨਤਕ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਲਗਾਤਾਰ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਹ ਇਜ਼ਰਾਇਲ ਅਤੇ ਅਮਰੀਕਾ ਦੇ ਫੌਜੀ ਅਭਿਆਨਾਂ ਨਾਲ ਜੁੜੀਆਂ ਚਰਚਾਵਾਂ ਵਿੱਚ ਵੀ ਹਿੱਸਾ ਲੈ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)