You’re viewing a text-only version of this website that uses less data. View the main version of the website including all images and videos.
ਉਸ ਗ੍ਰਹਿ ਬਾਰੇ ਜਾਣੋ, ਕਿਹਾ ਜਾਂਦਾ ਹੈ ਜਿਸ ਨੂੰ 'ਧਰਤੀ ਖਾ ਗਈ' ਸੀ ਤੇ ਜਿਸ ਦੇ ਅੰਸ਼ ਤੋਂ ਚੰਦਰਮਾ ਬਣਿਆ
- ਲੇਖਕ, ਫਰਨਾਂਡੋ ਡੁਆਰਟੇ
- ਰੋਲ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 7 ਮਿੰਟ
ਅਗਲੀ ਵਾਰ ਜਦੋਂ ਤੁਸੀਂ ਪੂਰਨਮਾਸ਼ੀ ਦੇ ਚੰਦ ਦਾ ਅਨੰਦ ਲਓ, ਤਾਂ ਇੱਕ ਪਲ ਲਈ 'ਥੀਆ' ਬਾਰੇ ਜ਼ਰੂਰ ਸੋਚਣਾ। ਇਹ ਉਹ ਨਾਮ ਹੈ ਜੋ ਵਿਗਿਆਨੀਆਂ ਨੇ ਇੱਕ ਕਾਲਪਨਿਕ ਗ੍ਰਹਿ ਨੂੰ ਦਿੱਤਾ ਹੈ ਜੋ ਸ਼ਾਇਦ 4.5 ਅਰਬ ਸਾਲ ਪਹਿਲਾਂ ਨਵੀਂ ਬਣੀ ਧਰਤੀ ਨਾਲ ਟਕਰਾਇਆ ਸੀ, ਜਿਸ ਨਾਲ ਮਲਬੇ ਦਾ ਇੱਕ ਵੱਡਾ ਹਿੱਸਾ ਨਿਕਲਿਆ ਜੋ ਬਾਅਦ ਵਿੱਚ ਸਾਡਾ ਚੰਦ ਬਣ ਗਿਆ।
ਇਸ ਸਿਧਾਂਤ ਦੇ ਅਨੁਸਾਰ, ਥੀਆ ਦੀ "ਬ੍ਰਹਿਮੰਡੀ ਕੁਰਬਾਨੀ" ਤੋਂ ਬਿਨਾਂ ਸਾਡੇ ਕੋਲ ਆਪਣਾ ਸਥਾਈ ਕੁਦਰਤੀ ਉਪਗ੍ਰਹਿ ਨਹੀਂ ਹੋਣਾ ਸੀ - ਅਤੇ ਸ਼ਾਇਦ ਤੁਸੀਂ ਇਹ ਲੇਖ ਵੀ ਨਾ ਪੜ੍ਹ ਰਹੇ ਹੁੰਦੇ।
ਬ੍ਰਹਿਮੰਡੀ ਪੱਧਰ ਦੀ ਟੱਕਰ
ਵਿਗਿਆਨੀ ਇਸ ਵੇਲੇ ਮੰਨਦੇ ਹਨ ਕਿ ਮੁੱਢਲੀ ਧਰਤੀ ਅਤੇ ਮੰਗਲ ਗ੍ਰਹਿ ਦੇ ਆਕਾਰ ਦੀ ਕਿਸੇ ਚੀਜ਼ ਵਿਚਕਾਰ ਹੋਈ ਇੱਕ ਭਿਆਨਕ ਟੱਕਰ ਨੇ ਇੰਨੀ ਜ਼ਿਆਦਾ ਸਮੱਗਰੀ ਪੈਦਾ ਕੀਤੀ ਕਿ ਉਹ ਹੌਲੀ-ਹੌਲੀ ਆਪਸ ਵਿੱਚ ਜੁੜ ਗਈ ਅਤੇ ਚੰਦਰਮਾ ਦੀ ਸਿਰਜਣਾ ਹੋਈ।
ਇਸ ਘਟਨਾ ਨੂੰ 'ਜਾਇੰਟ ਇਮਪੈਕਟ ਹਾਈਪੋਥੀਸਿਸ' (ਵਿਸ਼ਾਲ ਟੱਕਰ ਦੀ ਧਾਰਨਾ) ਕਿਹਾ ਜਾਂਦਾ ਹੈ, ਜਿਸ ਨੇ ਇੱਕ ਅਜਿਹੇ ਰਿਸ਼ਤੇ ਦਾ ਮੁੱਢ ਬੰਨ੍ਹਿਆ ਜਿਸ ਦੀ ਜੀਵਨ ਲਈ ਮਹੱਤਤਾ ਨੂੰ ਘਟਾਇਆ ਨਹੀਂ ਜਾ ਸਕਦਾ। ਹੋਰ ਚੀਜ਼ਾਂ ਦੇ ਨਾਲ-ਨਾਲ, ਚੰਦਰਮਾ ਧਰਤੀ ਨਾਲ ਗੁਰੂਤਾ-ਖਿੱਚ ਦੀ 'ਰੱਸਾ-ਕਸ਼ੀ' ਕਰਦਾ ਹੈ, ਜਿਸ ਨੇ ਅਰਬਾਂ ਸਾਲਾਂ ਦੌਰਾਨ ਧਰਤੀ ਨੂੰ ਉਸਦੇ ਧੁਰੇ 'ਤੇ ਘੁੰਮਦੇ ਹੋਏ ਸਥਿਰ ਰੱਖਿਆ, ਜਿਸ ਨਾਲ ਸਾਨੂੰ ਇੱਕ ਸਥਿਰ ਜਲਵਾਯੂ ਮਿਲ ਸਕਿਆ।
ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਸੋਲਰ ਸਿਸਟਮ ਰਿਸਰਚ ਦੇ ਗ੍ਰਹਿ ਵਿਗਿਆਨੀ ਪ੍ਰੋਫੈਸਰ ਥੋਰਸਟਨ ਕਲੀਨ ਸਮਝਾਉਂਦੇ ਹਨ, "ਜਲਵਾਯੂ ਸਥਿਰਤਾ ਦੇ ਬਿਨਾਂ, ਸਾਡੇ ਕੋਲ ਬਹੁਤ ਜ਼ਿਆਦਾ ਗੰਭੀਰ ਜਲਵਾਯੂ ਅਤੇ ਮੌਸਮੀ ਸਥਿਤੀਆਂ ਹੋਣੀਆਂ ਸਨ, ਜੋ ਜੀਵਨ ਦੇ ਵਿਕਾਸ ਲਈ ਸਾਜ਼ਗਾਰ ਨਹੀਂ ਸਨ।"
ਕਲੀਨ ਸਾਇੰਸਦਾਨਾਂ ਦੇ ਉਸ ਕੌਮਾਂਤਰੀ ਦਲ ਦਾ ਹਿੱਸਾ ਸਨ ਜਿਸ ਨੇ ਪਿਛਲੇ ਨਵੰਬਰ ਵਿੱਚ ਧਰਤੀ ਦੀ ਇਸ ਮਹੱਤਵਪੂਰਨ ਪਰ ਰਹੱਸਮਈ ਮੁਲਾਕਾਤ 'ਤੇ ਹੋਰ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਸੀ।
'ਸਾਇੰਸ' ਜਰਨਲ ਵਿੱਚ ਛਪੇ ਇੱਕ ਪੇਪਰ ਵਿੱਚ, ਟੀਮ ਨੇ ਧਰਤੀ ਅਤੇ ਚੰਦਰਮਾ ਦੇ ਨਮੂਨਿਆਂ ਦੀ ਰਸਾਇਣਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਸਿਧਾਂਤਾਂ ਨੂੰ ਮਜ਼ਬੂਤ ਕੀਤਾ ਕਿ ਥੀਆ ਅਤੇ ਸਾਡੀ ਧਰਤੀ ਸੂਰਜੀ ਮੰਡਲ ਦੇ ਨਿਰਮਾਣ ਦੇ ਉਥਲ-ਪੁਥਲ ਵਾਲੇ ਸਮੇਂ ਦੌਰਾਨ ਸ਼ਾਇਦ "ਅਣਘੜ ਗੁਆਂਢੀ" ਸਨ।
ਚੰਦਰਮਾ ਮਿਲਣ ਬਾਰੇ ਕਈ ਸਿਧਾਂਤ
ਲੇਕਿਨ ਥੀਆ ਦਾ ਵਿਚਾਰ ਸਾਡੇ ਮਨ ਵਿੱਚ ਹਮੇਸ਼ਾ ਤੋਂ ਨਹੀਂ ਸੀ। ਸੰਨ 1969 ਵਿੱਚ ਜਦੋਂ ਮਨੁੱਖ ਨੇ ਪਹਿਲੀ ਵਾਰ ਚੰਦਰਮਾ 'ਤੇ ਕਦਮ ਰੱਖਿਆ ਸੀ, ਉਸ ਤੋਂ ਪਹਿਲਾਂ ਚੰਦਰਮਾ ਦੀ ਉਤਪਤੀ ਬਾਰੇ ਤਿੰਨ ਹੋਰ ਮੁੱਖ ਧਾਰਨਾਵਾਂ ਸਨ।
'ਫਿਸ਼ਨ ਥਿਊਰੀ' (ਵਿਖੰਡਨ ਸਿਧਾਂਤ) ਦੇ ਅਨੁਸਾਰ, ਚੰਦਰਮਾ ਉਦੋਂ ਬਣਿਆ ਜਦੋਂ ਤੇਜ਼ੀ ਨਾਲ ਘੁੰਮ ਰਹੀ ਮੁੱਢਲੀ ਧਰਤੀ ਨੇ ਆਪਣੀ ਸਮੱਗਰੀ ਦਾ ਇੱਕ ਟੁਕੜਾ ਪੁਲਾੜ ਵਿੱਚ ਸੁੱਟ ਦਿੱਤਾ ਸੀ।
'ਕੈਪਚਰ ਥਿਊਰੀ' ਨੇ ਸੁਝਾਅ ਦਿੱਤਾ ਕਿ ਚੰਦਰਮਾ ਸੂਰਜੀ ਮੰਡਲ ਵਿੱਚ ਕਿਤੇ ਹੋਰ ਬਣਿਆ ਸੀ ਅਤੇ ਜਦੋਂ ਉਹ ਕੋਲੋਂ ਲੰਘਿਆ ਤਾਂ ਧਰਤੀ ਦੀ ਗੁਰੂਤਾ-ਖਿੱਚ ਨੇ ਉਸਨੂੰ "ਫੜ" ਲਿਆ।
ਅੰਤ ਵਿੱਚ, 'ਕੋ-ਫਾਰਮੇਸ਼ਨ ਥਿਊਰੀ' (ਸਹਿ-ਨਿਰਮਾਣ ਸਿਧਾਂਤ) - ਕਿ ਧਰਤੀ ਅਤੇ ਚੰਦਰਮਾ ਇੱਕ ਦੂਜੇ ਦੇ ਨਾਲ ਹੀ ਪੈਦਾ ਹੋਏ ਅਤੇ ਸਥਿਰ ਹੋਏ ਸਨ।
ਇਹ ਦੱਸਣ ਦੀ ਬਜਾਏ ਕਿ ਇਨ੍ਹਾਂ ਵਿੱਚੋਂ ਕਿਹੜੇ ਸਿਧਾਂਤ ਦੇ ਸਹੀ ਹੋਣ ਦੀ ਵਧੇਰੇ ਸੰਭਾਵਨਾ ਸੀ, ਨਾਸਾ ਦੇ ਅਪੋਲੋ ਮਿਸ਼ਨਾਂ ਨੇ ਇੱਕ ਬਿਲਕੁਲ ਨਵੇਂ ਸਿਧਾਂਤ ਵੱਲ ਇਸ਼ਾਰਾ ਕੀਤਾ।
ਰਸਾਇਣਕ ਸਮਾਨਤਾਵਾਂ
ਹਾਲਾਂਕਿ ਨੀਲ ਆਰਮਸਟ੍ਰਾਂਗ ਅਤੇ ਚੰਦਰਮਾ 'ਤੇ ਉਤਰਨ ਵਾਲੇ ਹੋਰ ਪੁਲਾੜ ਯਾਤਰੀਆਂ ਦੀ ਬਹਾਦਰੀ ਦੀਆਂ ਗੱਲਾਂ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ, ਅਪੋਲੋ ਮਿਸ਼ਨਾਂ ਦੀ ਇੱਕ ਅਹਿਮ ਪ੍ਰਾਪਤੀ ਉਸ ਯਾਤਰਾ ਦੇ "ਤੋਹਫ਼ਿਆਂ" (ਨਮੂਨਿਆਂ) ਵਿੱਚ ਲੁਕੀ ਹੋਈ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੇ ਖਗੋਲ-ਵਿਗਿਆਨੀ ਅਤੇ ਬੱਚਿਆਂ ਦੀ ਵਿਗਿਆਨ ਪੁਸਤਕ 'ਵੰਡਰਜ਼ ਆਫ਼ ਦਿ ਮੂਨ' ਦੇ ਲੇਖਕ ਪ੍ਰੋਫੈਸਰ ਰਮਨ ਪ੍ਰਿੰਜਾ ਕਹਿੰਦੇ ਹਨ, "ਅਪੋਲੋ ਪੁਲਾੜ ਯਾਤਰੀ ਚੰਦਰਮਾ ਦੀਆਂ ਚੱਟਾਨਾਂ ਦੇ ਨਮੂਨੇ ਵਾਪਸ ਲੈ ਕੇ ਆਏ ਸਨ ਅਤੇ ਜਦੋਂ ਵਿਗਿਆਨੀਆਂ ਨੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ, ਤਾਂ ਉਨ੍ਹਾਂ ਨੇ ਪਾਇਆ ਕਿ ਚੰਦਰਮਾ ਦੀਆਂ ਚੱਟਾਨਾਂ ਰਸਾਇਣਕ ਰੂਪ ਵਿੱਚ ਸ਼ਾਨਦਾਰ ਸਮਾਨਤਾਵਾਂ ਰੱਖਦੀਆਂ ਸਨ।"
ਇਸ ਤੋਂ ਇਹ ਸੰਕੇਤ ਮਿਲਿਆ ਕਿ ਚੰਦਰਮਾ ਅਸਲ ਵਿੱਚ ਧਰਤੀ ਦਾ ਹੀ ਹਿੱਸਾ ਹੋ ਸਕਦਾ ਹੈ।
ਪ੍ਰਿੰਜਾ ਇਹ ਵੀ ਕਹਿੰਦੇ ਹਨ ਕਿ ਚੱਟਾਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਵਿੱਚ ਬਣਨ ਦੇ ਲੱਛਣ ਸਨ, ਜੋ ਇਹ ਦਰਸਾਉਂਦੇ ਹਨ ਕਿ ਉਹ ਇੱਕ ਵਿਸ਼ਾਲ ਟੱਕਰ ਕਾਰਨ ਪੈਦਾ ਹੋਈਆਂ ਸਨ।
ਇੰਝ ਜਾਪਦਾ ਸੀ ਕਿ ਉਹਨਾਂ ਨੇ ਬਹੁਤ ਸਾਰੇ ਅਜਿਹੇ ਤੱਤ ਗੁਆ ਦਿੱਤੇ ਸਨ ਜੋ ਗਰਮ ਹੋਣ 'ਤੇ ਆਸਾਨੀ ਨਾਲ ਵਾਸ਼ਪ ਬਣ ਜਾਂਦੇ ਹਨ, ਅਤੇ ਇਹ ਇਸ਼ਾਰਾ ਕਰਦੇ ਸਨ ਕਿ ਜਦੋਂ ਚੰਦਰਮਾ ਬਣਿਆ ਸੀ ਤਾਂ ਉਹ ਪਿਘਲੀ ਹੋਈ ਹਾਲਤ ਵਿੱਚ ਸੀ।
ਨਾਸਾ ਦੀ ਚੰਦਰ ਭੂ-ਵਿਗਿਆਨੀ ਡਾ. ਸਾਰਾਹ ਵੈਲੈਂਸੀਆ ਅੱਗੇ ਕਹਿੰਦੀ ਹੈ ਕਿ ਨਮੂਨਿਆਂ ਦੁਆਰਾ ਦਿੱਤੇ ਗਏ ਸਬੂਤ ਤਾਂ ਮਹਿਜ਼ ਇੱਕ ਸ਼ੁਰੂਆਤ ਹਨ। ਪਿਛਲੇ ਦਹਾਕਿਆਂ ਵਿੱਚ ਹੋਈ ਤਕਨੀਕੀ ਉੱਨਤੀ, ਖਾਸ ਕਰਕੇ ਕੰਪਿਊਟਰ ਮਾਡਲਿੰਗ ਨੇ, ਵਿਸ਼ਾਲ ਟੱਕਰ ਦੀ ਧਾਰਨਾ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਇੱਥੋਂ ਤੱਕ ਕਿ ਅਜਿਹੇ ਸਿਧਾਂਤ ਵੀ ਹਨ ਕਿ ਧਰਤੀ ਦਾ ਆਪਣੇ ਧੁਰੇ 'ਤੇ ਝੁਕਿਆ ਹੋਣਾ ਥੀਆ ਨਾਲ ਹੋਈ ਟੱਕਰ ਦਾ ਹੀ ਨਤੀਜਾ ਹੈ।
ਵੈਲੈਂਸੀਆ ਕਹਿੰਦੀ ਹੈ, "ਧਰਤੀ ਅਤੇ ਚੰਦਰਮਾ ਦੇ ਵਿਚਕਾਰ ਰਸਾਇਣਕ ਸਾਂਝ ਅਤੇ ਰਿਸ਼ਤੇ ਦੀ ਵਿਆਖਿਆ ਕਰਨ ਲਈ 'ਜਾਇੰਟ ਇਮਪੈਕਟ ਥਿਊਰੀ' ਅਜੇ ਵੀ ਸਭ ਤੋਂ ਵਧੀਆ ਮਾਡਲ ਹੈ।"
ਕੀ ਧਰਤੀ ਥੀਆ ਨੂੰ "ਖਾ" ਗਈ ਸੀ?
ਲੇਕਿਨ ਥੀਆ ਦਾ ਕੀ ਹੋਇਆ?
ਇਹ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਹੈ। ਸਾਢੇ ਛੇ ਕਰੋੜ ਸਾਲ ਪਹਿਲਾਂ ਧਰਤੀ ਨਾਲ ਟਕਰਾਉਣ ਵਾਲੇ ਉਸ ਬਦਨਾਮ ਉਲਕਾਪਿੰਡ ਤੋਂ ਉਲਟ ਹੈ ਜਿਸ ਨੇ ਡਾਇਨਾਸੌਰਾਂ ਦਾ ਸਫਾਇਆ ਕਰ ਦਿੱਤਾ ਸੀ ਅਤੇ ਮੈਕਸੀਕੋ ਦੇ ਯੂਕਾਟਨ ਪ੍ਰਾਇਦੀਪ ਵਿੱਚ ਇੱਕ ਵਿਸ਼ਾਲ ਟੋਆ (ਕਾਰਟਰ) ਬਣਾ ਦਿੱਤਾ ਸੀ। ਲੇਕਿਨ, ਥੀਆ ਨੇ ਕੋਈ ਸਪੱਸ਼ਟ ਨਿਸ਼ਾਨ ਨਹੀਂ ਛੱਡਿਆ। ਕਿਉਂ?
ਕਲੀਨ ਕਹਿੰਦੇ ਹਨ ਕਿ ਥੀਆ ਦਾ ਪੁੰਜ ਧਰਤੀ ਦਾ ਲਗਭਗ 10% ਸੀ, ਅਤੇ ਇਸ ਫਰਕ ਦਾ ਮਤਲਬ ਸੀ ਕਿ ਟੱਕਰ ਹੋਣ 'ਤੇ ਇਹ ਚਕਨਾਚੂਰ ਹੋ ਗਿਆ ਹੋਵੇਗਾ ਅਤੇ ਜ਼ਿਆਦਾਤਰ ਧਰਤੀ ਵਿੱਚ ਸਮਾ ਗਿਆ ਹੋਵੇਗਾ। ਇਸ ਦਾ ਕੁਝ ਹਿੱਸਾ ਉਸ ਮਿਸ਼ਰਣ ਦਾ ਹਿੱਸਾ ਵੀ ਬਣ ਗਿਆ ਹੋ ਸਕਦਾ ਹੈ ਜਿਸ ਨੇ ਚੰਦਰਮਾ ਬਣਾਇਆ।
ਵਿਗਿਆਨੀ ਕਹਿੰਦੇ ਹਨ, "ਅਜਿਹੀ ਟੱਕਰ ਦਾ ਇਹ ਇੱਕ ਕੁਦਰਤੀ ਨਤੀਜਾ ਹੁੰਦਾ। ਲੇਕਿਨ, ਅਸੀਂ ਉਮੀਦ ਕਰਦੇ ਹਾਂ ਕਿ ਚੰਦਰਮਾ ਉੱਤੇ ਥੀਆ ਦੀ ਬਣਤਰ ਦਾ ਕੋਈ ਨਿਸ਼ਾਨ ਦੇਖਣ ਨੂੰ ਮਿਲੇਗਾ, ਜੋ ਸਾਨੂੰ ਹੁਣ ਤੱਕ ਨਹੀਂ ਮਿਲਿਆ।"
ਉਹ ਅੱਗੇ ਕਹਿੰਦੇ ਹਨ, "ਇੱਕ ਵਿਆਖਿਆ ਇਹ ਹੈ ਕਿ ਧਰਤੀ ਅਤੇ ਥੀਆ ਬਹੁਤ ਇੱਕੋ-ਜਿਹੇ ਸਨ ਕਿਉਂਕਿ ਉਹ ਸੂਰਜੀ ਮੰਡਲ ਦੇ ਇੱਕੋ ਖੇਤਰ ਵਿੱਚ ਬਣੇ ਸਨ, "ਅਤੇ ਇਸ ਲਈ ਉਨ੍ਹਾਂ ਵਿੱਚ ਫਰਕ ਕਰਨਾ ਮੁਸ਼ਕਲ ਹੈ।
ਇਸੇ ਤਰ੍ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਗ੍ਰਹਿ ਦੇ ਆਪਣੇ ਦੋ ਸਭ ਤੋਂ ਨਜ਼ਦੀਕੀ ਗੁਆਂਢੀਆਂ, ਸ਼ੁੱਕਰ ਅਤੇ ਮੰਗਲ ਨਾਲ ਕਈ ਸਾਂਝੇ ਗੁਣ ਹਨ। ਸ਼ੁੱਕਰ ਨੂੰ ਕਈ ਵਾਰ "ਧਰਤੀ ਦਾ ਦੁਸ਼ਟ ਜੁੜਵਾਂ" ਵੀ ਕਿਹਾ ਜਾਂਦਾ ਹੈ।
ਵੈਲੈਂਸੀਆ ਚੇਤਾਵਨੀ ਦਿੰਦੀ ਹੈ, "ਪਰ ਜਿਸ ਤਰ੍ਹਾਂ ਥੀਆ ਦੇ ਬਣਨ ਬਾਰੇ ਪੱਕੇ ਤੌਰ 'ਤੇ ਪਤਾ ਨਹੀਂ ਹੈ, ਉਸੇ ਤਰ੍ਹਾਂ ਉਸਦੇ ਅੰਤ ਬਾਰੇ ਵੀ ਕੁਝ ਸਪੱਸ਼ਟ ਨਹੀਂ ਹੈ।"
ਹਾਲਾਂਕਿ, ਕੁਝ ਸੁਰਾਗ ਮਿਲੇ ਹਨ। 2023 ਦੇ ਇੱਕ ਅਧਿਐਨ ਨੇ ਦਾਅਵਾ ਕੀਤਾ ਹੈ ਕਿ ਧਰਤੀ ਦੇ ਅੰਦਰ ਡੂੰਘਾਈ ਵਿੱਚ ਮੌਜੂਦ ਮਹਾਂਦੀਪਾਂ ਦੇ ਆਕਾਰ ਦੇ ਦੋ ਖੇਤਰ ਥੀਆ ਦੇ ਹੀ ਅਵਸ਼ੇਸ਼ ਸਨ।
ਚੰਦਰਮਾ ਵੱਲ ਵਾਪਸੀ
ਸਾਡਾ ਗ੍ਰਹਿ ਅਤੇ ਚੰਦਰਮਾ ਇੱਕ ਜੋੜਾ ਕਿਵੇਂ ਬਣੇ, ਇਸ ਬਾਰੇ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ, ਜੋ ਕਿ ਵਿਗਿਆਨੀਆਂ ਦੇ ਨਾਸਾ ਦੇ ਮੌਜੂਦਾ 'ਆਰਟੇਮਿਸ' ਮਿਸ਼ਨਾਂ ਅਤੇ ਚੰਦਰਮਾ 'ਤੇ ਮਨੁੱਖ ਦੀ ਵਾਪਸੀ ਬਾਰੇ ਇੰਨੇ ਉਤਸ਼ਾਹਿਤ ਹੋਣ ਦਾ ਇੱਕ ਕਾਰਨ ਹੈ।
ਅਪੋਲੋ ਯੁੱਗ ਦੇ ਮੁਕਾਬਲੇ ਵਧੇਰੇ ਉੱਨਤ ਪ੍ਰਯੋਗਾਂ ਦੇ ਨਾਲ-ਨਾਲ, ਤਾਜ਼ਾ ਮਿਸ਼ਨ ਚੰਦਰਮਾ ਦੇ ਨਵੇਂ ਖੇਤਰਾਂ ਜਿਵੇਂ ਕਿ ਇਸਦੇ ਦੱਖਣੀ ਧਰੁਵ ਦੀ ਖੋਜ ਕਰਨਗੇ।
ਅਪੋਲੋ ਦੁਆਰਾ ਧਰਤੀ 'ਤੇ ਵਾਪਸ ਲਿਆਂਦੇ ਗਏ ਚੰਦਰਮਾ ਦੇ ਨਮੂਨੇ ਇਸਦੇ ਦੇ ਇੱਕ ਮੁਕਾਬਲਤਨ ਛੋਟੇ ਖੇਤਰ - ਯਾਨੀ ਕਿ ਨੇੜੇ ਵਾਲੇ ਪਾਸੇ ਦੇ ਭੂ-ਮੱਧ ਖੇਤਰ ਤੋਂ ਆਏ ਸਨ।
ਵੈਲੈਂਸੀਆ ਕਹਿੰਦੀ ਹੈ, "ਜੇ ਅਸੀਂ ਧਰਤੀ 'ਤੇ ਸਿਰਫ਼ ਛੇ ਥਾਵਾਂ 'ਤੇ ਗਏ ਹੁੰਦੇ, ਤਾਂ ਕੀ ਅਸੀਂ ਕਹਿ ਸਕਦੇ ਸੀ ਕਿ ਅਸੀਂ ਪੂਰੀ ਧਰਤੀ ਦੀ ਖੋਜ ਕਰ ਲਈ ਹੈ ਅਤੇ ਇਸਦੇ ਵਿਕਾਸ ਨੂੰ ਸਮਝ ਲਿਆ ਹੈ? ਬਿਲਕੁਲ ਨਹੀਂ! ਚੰਦਰਮਾ ਵਿੱਚ ਵਿਗਿਆਨ ਦੀਆਂ ਬੇਅੰਤ ਸੰਭਾਵਨਾਵਾਂ ਹਨ।"
ਲੇਕਿਨ ਫਿਲਹਾਲ, ਜੋ ਕੁਝ ਅਸੀਂ ਸਿੱਖਿਆ ਹੈ ਉਸਦੇ ਅਧਾਰ 'ਤੇ ਇਹ ਕਹਿਣਾ ਸਹੀ ਹੋਵੇਗਾ ਕਿ ਅਸੀਂ ਥੀਆ ਦੀ ਕੁਰਬਾਨੀ ਲਈ ਉਸਦੇ ਬਹੁਤ ਸ਼ੁਕਰਗੁਜ਼ਾਰ ਹਾਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ