ਈਰਾਨ ਦਾ ਗੁਆਂਢੀ ਇਸਲਾਮੀ ਮੁਲਕਾਂ 'ਤੇ ਹਮਲਾ ਕਿਤੇ 'ਕੂਟਨੀਤਕ ਭੁੱਲ' ਤਾਂ ਨਹੀਂ, ਇਸ ਕਾਰਵਾਈ ਦਾ ਕੀ ਹੋਵੇਗਾ ਅਸਰ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 10 ਮਿੰਟ

ਸ਼ਨੀਵਾਰ, 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ 'ਤੇ ਹਮਲਾ ਕਰਨ ਦੇ ਕੁਝ ਘੰਟਿਆਂ ਬਾਅਦ ਈਰਾਨ ਨੇ ਮੱਧ-ਪੂਰਬ 'ਚ ਕਈ ਇਸਲਾਮੀ ਮੁਲਕਾਂ 'ਤੇ ਹਮਲੇ ਕੀਤੇ।

ਇਹ ਮੁਲਕ ਈਰਾਨ ਦੇ ਸਿਆਸੀ ਦੁਸ਼ਮਣ ਨਹੀਂ ਸਨ। ਉਹ ਇਸ ਲਈ ਨਿਸ਼ਾਨੇ 'ਤੇ ਆਏ ਕਿਉਂਕਿ ਉੱਥੇ ਅਮਰੀਕੀ ਫੌਜੀ ਟਿਕਾਣੇ ਮੌਜੂਦ ਹਨ। ਇਨ੍ਹਾਂ ਨੇ ਅਮਰੀਕਾ-ਇਜ਼ਰਾਇਲ ਵੱਲੋਂ ਈਰਾਨ ਖਿਲਾਫ ਕੀਤੀ ਗਈ ਸਾਂਝੀ ਕਾਰਵਾਈ 'ਚ ਮਦਦ ਕੀਤੀ ਸੀ।

ਈਰਾਨੀ ਫੌਜ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ 'ਤੇ ਵੱਡੇ ਪੈਮਾਨੇ ਅਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ 'ਚ ਈਰਾਨ ਨੇ ਪੂਰੇ ਇਲਾਕੇ 'ਚ ਹਮਲੇ ਸ਼ੁਰੂ ਕਰ ਦਿੱਤੇ ਹਨ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਆਤਮ ਰੱਖਿਆ ਲਈ ਸਾਰੇ ਫੌਜੀ ਤਰੀਕਿਆਂ ਦਾ ਇਸਤੇਮਾਲ ਕਰੇਗਾ।

ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈਆਰਜੀਸੀ) ਨੇ ਆਪਣੇ ਬਿਆਨ 'ਚ ਕਿਹਾ ਕਿ ਈਰਾਨ ਅਮਰੀਕਾ-ਇਜ਼ਰਾਇਲ ਦੇ ਹਮਲਿਆਂ ਦੀ ਜਵਾਬੀ ਕਾਰਵਾਈ 'ਚ 'ਟਰੁੱਥਫੁੱਲ ਪ੍ਰੋਮਿਸ 4' ਅਭਿਆਨ ਦੇ ਤਹਿਤ ਅਮਰੀਕੀ ਟਿਕਾਣਿਆਂ ਅਤੇ ਸੰਪਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਜਿਨ੍ਹਾਂ ਮੁਲਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ 'ਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਬਹਿਰੀਨ, ਕੁਵੈਤ ਅਤੇ ਜੋਰਡਨ ਸ਼ਾਮਿਲ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਮੱਧ-ਪੂਰਬ 'ਚ ਹਾਲਾਤ ਹੋਰ ਜ਼ਿਆਦਾ ਗੰਭੀਰ ਹੋ ਗਏ ਹਨ ਅਤੇ ਖੇਤਰੀ ਸਥਿਰਤਾ ਨੂੰ ਲੈ ਕੇ ਚਿੰਤਾ ਵਧ ਗਈ ਹੈ।

ਈਰਾਨ ਦੇ ਹਮਲਿਆਂ 'ਚ ਕੀ-ਕੀ ਹੋਇਆ?

ਈਰਾਨ ਦੇ ਹਮਲਿਆਂ ਤੋਂ ਬਾਅਦ ਦੁਬਈ ਅਤੇ ਆਬੂਧਾਬੀ ਦੇ ਹਵਾਈ ਅੱਡਿਆਂ 'ਤੇ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ।

ਆਬੂਧਾਬੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜ਼ਾਏਦ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਭੇਜੇ ਗਏ ਡ੍ਰੋਨ ਨੂੰ ਵਿਚਾਲੇ ਹੀ ਮਾਰ ਡਿਗਾਇਆ ਗਿਆ ਪਰ ਉਸਦੇ ਮਲਬੇ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ।

ਦੁਬਈ ਇੰਟਰਨੈਸ਼ਨਲ ਹਵਾਈ ਅੱਡਾ ਮੁਸਾਫ਼ਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਮਸਰੂਫੀਅਤ ਵਾਲਾ ਹਵਾਈ ਅੱਡਾ ਹੈ। ਇਸ ਹਵਾਈ ਅੱਡੇ ਨੂੰ ਵੀ ਇਨ੍ਹਾਂ ਹਮਲਿਆਂ 'ਚ ਨੁਕਸਾਨ ਪਹੁੰਚਿਆ ਹੈ ਅਤੇ ਅਧਿਕਾਰੀਆਂ ਮੁਤਾਬਕ ਇੱਥੇ ਚਾਰ ਮੁਲਾਜ਼ਮ ਜ਼ਖਮੀ ਹੋਏ ਹਨ।

ਇਸ ਘਟਨਾਕ੍ਰਮ ਤੋਂ ਬਾਅਦ ਇਲਾਕੇ ਤੋਂ ਆਉਣ ਜਾਣ ਵਾਲੀਆਂ ਹਜ਼ਾਰਾਂ ਉਡਾਣਾਂ ਰੱਦ ਜਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ।

ਐਤਵਾਰ ਇੱਕ ਮਾਰਚ ਨੂੰ ਵੀ ਈਰਾਨ ਨੇ ਜਵਾਬੀ ਹਮਲੇ ਜਾਰੀ ਰੱਖੇ ਅਤੇ ਦੋਹਾ, ਦੁਬਈ ਅਤੇ ਮਨਾਮਾ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।

ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਈਰਾਨ ਨੇ ਬੈਲਿਸਟਿਕ ਮਿਜ਼ਾਈਲਾਂ ਅਤੇ ਡ੍ਰੋਨ ਦਾ ਇਸਤੇਮਾਲ ਕਰਦੇ ਹੋਏ ਖਾੜੀ ਖੇਤਰ 'ਚ ਅਮਰੀਕਾ ਦੇ ਸਹਿਯੋਗੀਆਂ ਅਤੇ ਟਿਕਾਣਿਆਂ 'ਤੇ ਵੱਡੇ ਪੱਧਰ 'ਤੇ ਹਮਲੇ ਕੀਤੇ ਹਨ।

ਅਮਰੀਕਾ-ਇਜ਼ਰਾਇਲ ਦੇ ਸਾਂਝੇ ਆਪ੍ਰੇਸ਼ਨ 'ਚ ਖਾਮੇਨਈ ਦੇ ਮਾਰੇ ਜਾਣ ਦੀ ਪੁਸ਼ਟੀ ਸ਼ਨੀਵਾਰ ਸਵੇਰੇ ਈਰਾਨ ਦੇ ਸਰਕਾਰੀ ਮੀਡੀਆ ਨੇ ਕੀਤੀ ਸੀ।

ਇਸ ਵਿਚਾਲੇ ਕਤਰ, ਬਹਿਰੀਨ, ਜੌਰਡਨ ਅਤੇ ਕੁਵੈਤ ਨੇ ਕਿਹਾ ਕਿ ਉਨ੍ਹਾਂ ਈਰਾਨ ਵੱਲੋਂ ਦਾਗੀਆਂ ਮਿਜ਼ਾਈਲਾਂ ਨੂੰ ਰੋਕ ਲਿਆ ਪਰ ਮਲਬਾ ਡਿੱਗਣ ਕਾਰਨ ਵੱਡੇ ਪੈਮਾਨੇ 'ਤੇ ਨੁਕਸਾਨ ਹੋਇਆ ਹੈ। ਇੱਥੇ ਅਮਰੀਕੀ ਫੌਜੀ ਟਿਕਾਣੇ ਹਨ।

ਦੁਬਈ 'ਚ ਵੀ ਇੱਕ ਹਵਾਈ ਹਮਲੇ ਨੂੰ ਰੋਕੇ ਜਾਣ ਦੌਰਾਨ ਡਿੱਗੇ ਮਲਬੇ ਨਾਲ ਜੇਬੇਲ ਅਲੀ ਡੀਪ ਸੀ ਪੋਰਟ ਦੇ ਇੱਕ ਹਿੱਸੇ 'ਚ ਅੱਗ ਲੱਗ ਗਈ। ਇਹ ਦੁਨੀਆ ਦੀ ਨੌਵੀਂ ਸਭ ਤੋਂ ਮਸਰੂਫ਼ ਬੰਦਰਗਾਹ ਹੈ।

ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਡ੍ਰੋਨ ਹਮਲੇ ਕਾਰਨ ਇੱਥੋਂ ਦੇ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਿਆ ਹੈ। ਐਤਵਾਰ ਸਵੇਰੇ ਵੀ ਅਜਿਹੇ ਹਮਲਿਆਂ ਦੀ ਖ਼ਬਰਾਂ ਆਈਆਂ ਸਨ ਹਾਲਾਂਕਿ ਪੁਸ਼ਟੀ ਨਹੀਂ ਹੋਈ।

ਸ਼ਨੀਵਾਰ ਨੂੰ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈਆਰਜੀਸੀ) ਨੇ ਕਿਹਾ ਕਿ ਉਨ੍ਹਾਂ ਮਨਾਮਾ (ਬਹਿਰੀਨ ਦੀ ਰਾਜਧਾਨੀ) 'ਚ ਸਥਿਤ ਅਮਰੀਕੀ ਨੇਵੀ ਦੇ ਪੰਜਵੇਂ ਬੇੜੇ (ਫਿਫਥ ਫਲੀਟ) ਦੇ ਮੁੱਖ ਦਫ਼ਤਰ 'ਤੇ ਹਮਲਾ ਕੀਤਾ ਹੈ। ਉਸ ਇਲਾਕੇ ਤੋਂ ਕਾਲੇ ਧੂੰਏਂ ਦੇ ਵੱਡੇ ਗੁੱਬਾਰ ਉੱਠਦੇ ਦੇਖੇ ਗਏ।

ਉਧਰ, ਓਮਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਰਿਪੋਰਟ ਕੀਤਾ ਕਿ ਦੁੱਕਮ ਦੀ ਵਪਾਰਕ ਬੰਦਰਗਾਹ 'ਤੇ ਦੋ ਡ੍ਰੋਨ ਡਿੱਗੇ ਜਿਸ 'ਚ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ।

ਹੁਣ ਤੱਕ ਕੀ ਪ੍ਰਤੀਕਰਮ ਆਏ?

ਈਰਾਨ ਦੇ ਮੁਸਲਿਮ ਆਬਾਦੀ ਵਾਲੇ ਮੁਲਕਾਂ 'ਤੇ ਕੀਤੇ ਹਮਲਿਆਂ ਤੋਂ ਬਾਅਦ ਕਈ ਦੇਸ਼ਾਂ ਨੇ ਸਖਤ ਪ੍ਰਤੀਕਿਰਿਆ ਦਿੱਤੀ ਅਤੇ ਇਸ ਨੂੰ ਆਪਣੀ ਸੰਪ੍ਰਭੂਤਾ ਦੀ ਉਲੰਘਣਾ ਦੱਸਿਆ।

ਇਸਲਾਮੀ ਸਹਿਯੋਗੀ ਸੰਗਠਨ (ਓਆਈਸੀ), ਜੋ ਸੰਯੁਕਤ ਰਾਸ਼ਟਰ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅੰਤਰ-ਸਰਕਾਰੀ ਸੰਗਠਨ ਹੈ, ਉਸ ਨੇ ਵੀ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ। ਓਆਈਸੀ ਵਿੱਚ 57 ਦੇਸ਼ ਸ਼ਾਮਿਲ ਹਨ ਅਤੇ ਇਸ ਨੂੰ ਅਕਸਰ ਇਸਲਾਮੀ ਦੁਨੀਆ ਦੀ ਸਾਂਝੀ ਆਵਾਜ਼ ਕਿਹਾ ਜਾਂਦਾ ਹੈ। 1969 ਵਿੱਚ ਬਣੀ ਇਸ ਸੰਸਥਾ ਦਾ ਮਕਸਦ ਦੁਨੀਆ ਭਰ ਵਿੱਚ ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਇੱਕ ਬਿਆਨ ਵਿੱਚ ਓਆਈਸੀ ਨੇ ਕਿਹਾ ਕਿ ਮੈਂਬਰ ਦੇਸ਼ਾਂ ਦੀ ਸੰਪ੍ਰਭੂਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦਾ ਲਗਾਤਾਰ ਉਲੰਘਣ ਇੱਕ ਖ਼ਤਰਨਾਕ ਮਿਸਾਲ ਹੈ। ਇਸ ਨਾਲ ਚੰਗੇ ਗੁਆਂਢੀ ਸਬੰਧਾਂ, ਆਪਸੀ ਸਤਿਕਾਰ ਅਤੇ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਵਰਗੀਆਂ ਕੌਮਾਂਤਰੀ ਰਿਸ਼ਤਿਆਂ ਦੀਆਂ ਬੁਨਿਆਦਾਂ ਕਮਜ਼ੋਰ ਹੁੰਦੀਆਂ ਹਨ।

ਸਾਉਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਸਥਿਤ ਅੰਤਰਰਾਸ਼ਟਰੀ ਇਸਲਾਮੀ ਗੈਰ-ਸਰਕਾਰੀ ਸੰਗਠਨ 'ਮੁਸਲਿਮ ਵਰਲਡ ਲੀਗ' ਨੇ ਵੀ ਗੁਆਂਢੀ ਅਰਬ ਦੇਸ਼ਾਂ ਖ਼ਿਲਾਫ਼ ਈਰਾਨ ਦੀ ਕਾਰਵਾਈ ਦੀ ਤਿੱਖੀ ਅਲੋਚਨਾ ਕੀਤੀ ਹੈ।

ਈਰਾਨ ਦੇ ਹਮਲਿਆਂ ਨੇ ਖੜ੍ਹੇ ਕੀਤੇ ਕਈ ਸਵਾਲ

ਈਰਾਨ ਵੱਲੋਂ ਗੁਆਂਢੀ ਦੇਸ਼ਾਂ 'ਤੇ ਕੀਤੇ ਹਮਲਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ:

ਕੀ ਈਰਾਨ ਨੇ ਤੁਰੰਤ ਫੌਜੀ ਕਾਰਵਾਈ ਕਰਕੇ ਉਸ ਕੌਮਾਂਤਰੀ ਹਮਦਰਦੀ ਨੂੰ ਕਮਜ਼ੋਰ ਕਰ ਦਿੱਤਾ ਹੈ ਜੋ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ਤੋਂ ਬਾਅਦ ਉਸ ਨੂੰ ਮਿਲ ਸਕਦੀ ਸੀ?

ਕੀ ਇਹ ਹਮਲੇ ਖਾੜੀ ਦੇਸ਼ਾਂ ਨੂੰ ਈਰਾਨ ਤੋਂ ਹੋਰ ਦੂਰ ਕਰ ਦੇਣਗੇ ?

ਨਾਲ ਹੀ ਮਿਜ਼ਾਈਲ ਹਮਲਿਆਂ ਕਾਰਨ ਖਾੜੀ ਦੇਸ਼ਾਂ ਵਿੱਚ ਪੈਦਾ ਹੋਈ ਦਹਿਸ਼ਤ, ਲੋਕਾਂ ਦਾ ਸੁਰੱਖਿਅਤ ਥਾਂਵਾਂ ਵੱਲ ਜਾਣਾ ਅਤੇ ਆਬੂਧਾਬੀ ਵਿੱਚ ਇੱਕ ਨਾਗਰਿਕ ਦੀ ਮੌਤ ਵਰਗੀਆਂ ਘਟਨਾਵਾਂ ਕੀ ਇਹ ਸਵਾਲ ਹੋਰ ਮਹੱਤਵਪੂਰਨ ਤਾਂ ਨਹੀਂ ਕਰ ਦੇਣਗੀਆਂ ਕਿ ਈਰਾਨ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ 'ਚ ਕੂਟਨੀਤਕ ਜ਼ੋਖਮ ਵਧਾ ਲਏ ਹਨ?

ਅਜਿਹੇ ਸਮੇਂ 'ਚ ਜਦੋਂ ਖੇਤਰੀ ਅਤੇ ਕੌਮਾਂਤਰੀ ਤਾਕਤਾਂ ਸੰਜਮ ਅਤੇ ਸੰਵਾਦ ਦੀ ਅਪੀਲ ਕਰ ਰਹੀਆਂ ਹਨ ਤਾਂ ਕੀ ਈਰਾਨ ਦਾ ਇਹ ਹਮਲਾਵਰ ਰਵੱਈਆ ਭਵਿੱਖੀ ਗੱਲਬਾਤ ਵਿੱਚ ਉਸਦੀ ਸਥਿਤੀ ਨੂੰ ਕਮਜ਼ੋਰ ਕਰੇਗਾ?

ਅਤੇ ਕੀ ਇਹ ਕਦਮ ਅੰਤਰਰਾਸ਼ਟਰੀ ਮੰਚ 'ਤੇ ਸਮਰਥਨ ਜੁਟਾਉਣ ਦੀ ਬਜਾਏ ਉਸ ਪ੍ਰਤੀ ਵਿਰੋਧ ਨੂੰ ਹੋਰ ਮਜ਼ਬੂਤ ਕਰੇਗਾ?

ਕੀ ਈਰਾਨ ਦੇ ਹਮਲੇ ਇੱਕ 'ਕੂਟਨੀਤਿਕ ਭੁੱਲ' ਹਨ ?

ਅਸ਼ਵਨੀ ਮਹਾਪਾਤਰਾ, ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ 'ਚ ਪ੍ਰੋਫੈਸਰ ਹਨ ਅਤੇ ਮੱਧ-ਪੂਰਬ ਦੇ ਮਾਮਲਿਆਂ ਦੇ ਜਾਣਕਾਰ ਹਨ।

ਉਹ ਕਹਿੰਦੇ ਹਨ, "ਇਹ ਕੂਟਨੀਤਿਕ ਭੁੱਲ ਨਹੀਂ ਹੈ। ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਤੋਂ ਬਾਅਦ ਈਰਾਨ ਵਿੱਚ ਸੱਤਾ ਦੀ ਜੋ ਅਥਾਰਟੀ ਸੀ, ਉਹ ਢਹਿ-ਢੇਰੀ ਹੋ ਗਈ। ਇਸ ਤੋਂ ਬਾਅਦ ਇਹ ਜੋ ਕਾਰਵਾਈ ਈਰਾਨ ਕਰ ਰਿਹਾ ਹੈ, ਉਹ ਆਪਣੀ ਜਨਤਾ ਨੂੰ ਇਹ ਦਿਖਾਉਣ ਲਈ ਹੈ ਕਿ ਅਜੇ ਵੀ ਸੱਤਾ ਬਰਕਰਾਰ ਹੈ।"

ਪ੍ਰੋਫੈਸਰ ਅਸ਼ਵਨੀ ਮਹਾਪਾਤਰਾ ਕਹਿੰਦੇ ਹਨ, "ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਜੋ ਖਾਲੀਪਨ ਆ ਗਿਆ ਹੈ , ਉਸਦਾ ਅਸਰ ਅਸਥਿਰਤਾ ਪੈਦਾ ਕਰਨ ਵਾਲਾ ਹੈ। ਉੱਥੋਂ ਦੀ ਸੱਤਾ ਦੇ ਜੋ ਲੋਕ ਹਨ, ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਹ ਅੱਗੇ ਕਿਵੇਂ ਵਧਣਗੇ।"

ਉਹ ਕਹਿੰਦੇ ਹਨ ਕਿ ਈਰਾਨ ਦੇ ਹਮਲੇ ਇਹ ਦਿਖਾਉਂਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੇ ਅੰਦਰ ਅਸਥਿਰਤਾ ਵਾਲਾ ਮਾਹੌਲ ਪੈਦਾ ਹੋ ਗਿਆ ਹੈ।

ਪ੍ਰੋ. ਅਸ਼ਵਨੀ ਮਹਾਪਾਤਰਾ ਕਹਿੰਦੇ ਹਨ, "ਬਾਹਰੋਂ ਤੁਹਾਨੂੰ ਇਹ ਕੂਟਨੀਤਕ ਭੁੱਲ ਜਾਪ ਰਿਹਾ ਹੋਵੇਗਾ ਪਰ ਅੰਦਰ ਜੋ ਹਾਲਾਤ ਬਣ ਰਹੇ ਹਨ, ਉਸ 'ਚ ਇਹ ਦੇਖਣਾ ਹੋਵੇਗਾ ਕਿ ਈਰਾਨ ਦੀ ਨੀਤੀ ਬਣਾਏਗਾ ਕੌਣ ਅਤੇ ਇਹ ਕੌਣ ਤੈਅ ਕਰੇਗਾ ਕਿ ਕਿਹੋ ਜਿਹਾ ਜਵਾਬ ਦਿੱਤਾ ਜਾਵੇ ਅਤੇ ਕੀ ਦਿਸ਼ਾ ਤੈਅ ਕੀਤੀ ਜਾਵੇ।"

"ਇੱਕ ਹੁੰਦਾ ਹੈ ਕਿ ਘਬਰਾਹਟ 'ਚ ਤੁਸੀਂ ਕੁਝ ਕਰ ਰਹੇ ਹੋ। ਦੂਜਾ ਹੁੰਦਾ ਹੈ ਕਿ ਤੁਸੀਂ ਸੋਚ-ਸਮਝ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਜੇ ਵੀ ਇਹ ਸੱਤਾ ਕਾਇਮ ਹੈ ਅਤੇ ਇਸਦੀ ਮਾਨਤਾ ਹੈ। ਜੋ ਲੋਕ ਖਾਮੇਨੇਈ ਦਾ ਵਿਰੋਧ ਕਰਦੇ ਸਨ, ਉਨ੍ਹਾਂ ਨੂੰ ਉਹ ਟਿਕਾਣੇ ਲਗਾ ਸਕਦੇ ਹਨ। ਤਾਂ ਈਰਾਨ ਦੀ ਸਰਕਾਰ ਆਪਣੀ ਤਾਕਤ ਦਿਖਾ ਰਹੀ ਹੈ। ਉਸ ਦੇ ਲਈ ਸਵਾਲ ਸਰਕਾਰ ਦੀ ਮਾਨਤਾ ਦਾ ਹੈ। ਮੈਂ ਨਹੀਂ ਮੰਨਦਾ ਕਿ ਇਹ ਕੂਟਨੀਤਕ ਭੁੱਲ ਹੈ ਕਿਉਂਕਿ ਜਦੋਂ ਤੱਕ ਇੱਕ ਸਥਿਰ ਸਰਕਾਰ ਹੀ ਨਹੀਂ ਹੈ ਤਾਂ ਇਹ ਇੱਕ ਘਬਰਾਹਟ ਪ੍ਰਤੀ ਪ੍ਰਤੀਕਿਰਿਆ ਹੈ।"

ਪ੍ਰੋ. ਮਹਾਪਾਤਰਾ ਕਹਿੰਦੇ ਹਨ, "ਈਰਾਨ ਕੋਲ 'ਲੌਂਗ ਰੇਂਜ ਮਿਜ਼ਾਈਲ' ਹਨ, ਜਿੰਨੇ ਵੀ ਅਮਰੀਕੀ ਬੇਸ ਹਨ ਕਤਰ ਤੋਂ ਲੈਕੇ ਜੌਰਡਨ ਤੱਕ, ਉਨ੍ਹਾਂ 'ਤੇ ਉਹ ਹਮਲਾ ਕਰ ਹੀ ਸਕਦੇ ਹਨ। ਇਹ ਉਨ੍ਹਾਂ ਦੀ ਰੇਂਜ 'ਚ ਆਉਂਦੇ ਹਨ। ਉਨ੍ਹਾਂ ਨੇ ਵੀ ਤਾਂ ਆਪਣੀ ਜਨਤਾ ਨੂੰ ਦਿਖਾਉਣਾ ਹੈ ਨਾ।"

ਡਾ. ਪ੍ਰੇਮ ਆਨੰਦ ਮਿਸ਼ਰਾ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਨੈਲਸਨ ਮੰਡੇਲਾ ਸੈਂਟਰ ਫਾਰ ਪੀਸ ਐਂਡ ਕੌਨਫਲਿਕਟਸ ਰੈਜ਼ਲਿਊਸ਼ਨ 'ਚ ਸਹਾਇਕ ਪ੍ਰੋਫੈਸਰ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਈਰਾਨ ਨੇ ਕੂਟਨੀਤਿਕ ਭੁੱਲ ਤਾਂ ਕੀਤੀ ਹੈ।

ਉਹ ਕਹਿੰਦੇ ਹਨ, "ਕੂਟਨੀਤਕ ਭੁੱਲ ਤਾਂ ਬਿਲਕੁੱਲ ਹੈ ਅਤੇ ਉਸਦੀ ਵਜ੍ਹਾ ਇਹ ਨਹੀਂ ਕਿ ਈਰਾਨ ਖਾੜੀ ਦੇ ਦੇਸ਼ਾਂ ਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਉਣਾ ਚਾਹ ਰਿਹਾ ਸੀ। ਇਹ ਹਮਲੇ ਦਿਖਾਉਂਦੇ ਹਨ ਕਿ ਈਰਾਨ ਦੀ ਫੌਜ ਸਮਰੱਥਾ ਸੀਮਿਤ ਹੈ। ਆਪ੍ਰੇਸ਼ਨ 'ਚ ਕਮੀਆਂ ਹੁਣ ਉਜਾਗਰ ਹੋ ਰਹੀਆਂ ਹਨ।"

ਡਾ. ਪ੍ਰੇਮ ਆਨੰਦ ਮਿਸ਼ਰਾ ਕਹਿੰਦੇ ਹਨ ਕਿ ਹਮਲੇ ਦਰਸਾਉਂਦੇ ਹਨ ਕਿ ਇਹ ਨਿਰਾਸ਼ਾ 'ਚ ਕੀਤੇ ਗਏ ਹਨ। ਈਰਾਨ ਕਿਸੇ ਵੀ ਤਰੀਕੇ ਜਵਾਬ ਦੇਣਾ ਦਰਸਾਉਣਾ ਚਾਹ ਰਿਹਾ ਹੈ।

ਉਨ੍ਹਾਂ ਮੁਤਾਬਿਕ, "ਤਾਂ ਨਿਰਾਸ਼ਾ 'ਚ ਕੀਤੀ ਗਈ ਇਸ ਕਾਰਵਾਈ 'ਚ ਕੂਟਨੀਤਕ ਭੁੱਲ ਤਾਂ ਹੋਈ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਪਹਿਲਾਂ ਜੋ ਖਾੜੀ ਦੇ ਦੇਸ਼ ਆਪਣੇ ਏਅਰਸਪੇਸ ਦੇਣ ਤੋਂ ਇਨਕਾਰ ਕਰ ਰਹੇ ਸਨ, ਉਨ੍ਹਾਂ ਨੇ ਹੁਣ ਸਮੂਹਿਕ ਤੌਰ 'ਤੇ ਅਮਰੀਕੀ ਰਹਿਨੁਮਾਈ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਜ਼ਰਾਇਲ ਨੂੰ ਆਪਣੀ ਏਅਰਸਪੇਸ ਦੇ ਦਿੱਤੀ ਹੈ।"

ਈਰਾਨ ਦੇ ਮੁਸਲਿਮ ਦੇਸ਼ਾਂ ਨਾਲ ਸਬੰਧਾਂ ਦਾ ਕੀ ਹੋਵੇਗਾ?

ਪ੍ਰੋਫੈਸਰ ਅਸ਼ਵਨੀ ਮਹਾਪਾਤਰਾ ਕਹਿੰਦੇ ਹਨ, "ਅਮਰੀਕਾ ਅਤੇ ਇਜ਼ਰਾਇਲ ਨੇ ਜੋ ਵੀ ਕੀਤਾ ਹੈ, ਉਹ ਈਰਾਨ ਦੀ ਸੱਤਾ ਬਦਲਣ ਲਈ ਕੀਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਭਵਿੱਖ 'ਚ ਈਰਾਨ ਦੀ ਸੱਤਾ ਕਿਸਦੇ ਹੱਥ ਆਉਂਦੀ ਹੈ। ਇਸ ਇਲਾਕੇ ਦੇ ਸਾਰੇ ਇਸਲਾਮੀ ਮੁਲਕ ਅਮਰੀਕਾ ਦੇ ਸਹਿਯੋਗੀ ਮੁਲਕ ਹਨ। ਸਾਰੇ ਦੇਸ਼ਾਂ ਦੇ ਅਮਰੀਕਾ ਦੇ ਨਾਲ ਦੁਵੱਲੇ ਸੁਰੱਖਿਆ ਸਮਝੌਤੇ ਹਨ।"

ਡਾ. ਪ੍ਰੇਮ ਆਨੰਦ ਮਿਸ਼ਰਾ ਕਹਿੰਦੇ ਹਨ, "ਇਹ ਜ਼ਰੂਰ ਹੈ ਕਿ ਖਾੜੀ ਦੇ ਦੇਸ਼ਾਂ 'ਚ ਜਨਤਾ ਦੀ ਜੋ ਰਾਏ ਹੈ, ਉਹ ਈਰਾਨ ਦਾ ਸਮਰਥਨ ਨਹੀਂ ਕਰੇਗੀ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਰਾਸ਼ਟਰਵਾਦ ਨੂੰ ਇੱਕ ਬਹੁਤ ਮਜ਼ਬੂਤ ਢੰਗ ਨਾਲ ਦੇਖਦੀਆਂ ਹੈ। ਉਹ ਸਿਰਫ਼ ਧਰਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਨਹੀਂ ਦੇਖਦੀ ਹੈ। ਤਾਂ ਸਾਊਦੀ ਦੇ ਲੋਕ ਹੋਣ, ਯੂਏਈ ਦੇ ਲੋਕ ਹੋਣ, ਕਤਰ ਦੇ ਲੋਕ ਹੋਣ, ਉਨ੍ਹਾਂ ਲਈ ਈਰਾਨ ਪ੍ਰਤੀ ਉਸ ਤਰ੍ਹਾਂ ਦਾ ਰਵੱਈਆ ਨਹੀਂ ਰਹੇਗਾ। ਖਾਸ ਤੌਰ 'ਤੇ ਜੇਕਰ ਆਈਆਰਜੀਸੀ ਦਾ ਸ਼ਾਸਨ ਜਾਰੀ ਰਹਿੰਦਾ ਹੈ।"

ਡਾ. ਪ੍ਰੇਮ ਆਨੰਦ ਮਿਸ਼ਰਾ ਦਾ ਕਹਿਣਾ ਹੈ, "ਇਸ ਅਰਾਜਕਤਾ 'ਚ ਖੇਤਰੀ ਸੁਰੱਖਿਆ ਖਤਰੇ 'ਚ ਪੈ ਜਾਵੇਗੀ ਪਰ ਅਜਿਹੇ ਹਾਲਾਤਾਂ 'ਚ ਇਹ ਜ਼ਰੂਰੀ ਹੈ ਕਿ ਖਾੜੀ ਦੇ ਦੇਸ਼ ਚਾਹੁਣਗੇ ਕਿ ਈਰਾਨ 'ਚ ਜੋ ਬਦਲਾਅ ਹੋਵੇ ਉਸ 'ਚ ਘੱਟ ਤੋਂ ਘੱਟ ਅਸਥਿਰਤਾ ਹੋਵੇ ਕਿਉਂਕਿ ਇਸ ਅਸਥਿਰਤਾ ਦਾ ਸਭ ਤੋਂ ਵੱਡਾ ਅਸਰ ਈਰਾਨ ਦੇ ਗੁਆਂਢੀ ਮੁਲਕਾਂ 'ਤੇ ਹੀ ਪਵੇਗਾ।"

ਕੀ ਈਰਾਨ ਦੇ ਗੁਆਂਢ 'ਚ ਅਮਰੀਕੀ ਫੌਜ ਦੀ ਮੌਜੂਦਗੀ ਵਧੇਗੀ?

ਪ੍ਰੋਫੈਸਰ ਅਸ਼ਵਨੀ ਮਹਾਪਾਤਰਾ ਕਹਿੰਦੇ ਹਨ,"ਇਹ ਅਮਰੀਕਾ 'ਤੇ ਨਿਰਭਰ ਕਰਦਾ ਹੈ। ਜਦੋਂ ਤੱਕ ਰਾਸ਼ਟਰਪਤੀ ਟਰੰਪ ਹਨ, ਇਹ ਬੇਸ ਇਸੇ ਹਾਲਾਤ 'ਚ ਰਹਿਣਗੇ। ਦੂਜੇ ਮੁਲਕਾਂ 'ਚ ਅਜਿਹੇ ਮਿਲਟ੍ਰੀ ਬੇਸ ਰੱਖਣਾ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ 'ਚ ਵੱਡੀ ਪੂੰਜੀ ਲੱਗਦੀ ਹੈ। ਇਹ ਨਿਰਭਰ ਕਰੇਗਾ ਅਮਰੀਕੀ ਅਰਥਵਿਵਸਥਾ 'ਤੇ ਕਿ ਕੀ ਇਹ ਸਿਲਸਿਲਾ ਭਵਿੱਖ 'ਚ ਵੀ ਜਾਰੀ ਰਹਿ ਸਕਦਾ ਹੈ? ਸਾਰੀ ਗੱਲ ਆਰਥਿਕ ਸਾਧਨਾਂ 'ਤੇ ਨਿਰਭਰ ਕਰਦੀ ਹੈ।"

ਡਾ. ਪ੍ਰੇਮ ਆਨੰਦ ਮਿਸ਼ਰਾ ਕਹਿੰਦੇ ਹਨ, "ਈਰਾਨ ਦੇ ਗੁਆਂਢੀ ਮੁਲਕਾਂ 'ਚ ਅਮਰੀਕੀ ਦੀ ਮੌਜੂਦਗੀ ਪਹਿਲਾਂ ਤੋਂ ਹੀ ਹੈ ਪਰ ਅਮਰੀਕਾ ਦਾ ਫੁੱਟਪ੍ਰਿੰਟ ਬਿਲਕੁੱਲ ਵਧੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਇਸ ਗੱਲ ਤੋਂ ਗੁਰੇਜ਼ ਨਹੀਂ ਕਰਨਗੇ। ਇਜ਼ਰਾਇਲ ਵੀ ਚਾਹੇਗਾ ਕਿ ਅਮਰੀਕਾ ਇਸ ਇਲਾਕੇ 'ਚ ਸਥਾਈ ਤੌਰ 'ਤੇ ਇੱਕ 'ਸੇਫਟੀ ਗਾਰਡੀਅਨ' ਦੇ ਤੌਰ 'ਤੇ ਰਹੇ।"

"ਰਣਨੀਤੀ ਦੇ ਦੋ ਮਕਸਦ ਹੁੰਦੇ ਹਨ, ਸਿਆਸੀ ਅਤੇ ਫੌਜੀ। ਈਰਾਨ 'ਚ ਜੇਕਰ ਸੱਤਾ ਪਰਿਵਰਤਨ ਹੁੰਦਾ ਹੈ ਤਾਂ ਸਿਆਸੀ ਮਕਸਦ ਪੂਰਾ ਹੋ ਜਾਵੇਗਾ। ਫੌਜੀ ਮਕਸਦ 'ਚ 'ਲੌਂਗ-ਟਰਮ ਪਲਾਨਿੰਗ' ਹੁੰਦੀ ਹੈ ਕਿਉਂਕਿ ਜੋ ਖਾਲੀਪਨ ਆਵੇਗਾ, ਉਸ ਨਾਲ ਅਸਥਿਰਤਾ ਹੋਵੇਗੀ। ਅਮਰੀਕਾ, ਇਜ਼ਰਾਇਲ ਅਤੇ ਖਾੜੀ ਦੇ ਦੇਸ਼ ਇਹ ਨਹੀਂ ਚਾਹੁਣਗੇ ਕਿ ਈਰਾਨ ਅਗਲਾ ਈਰਾਕ ਬਣੇ।"

ਕੀ ਈਰਾਨ ਨੂੰ ਕੂਟਨੀਤਕ ਵਖਰੇਂਵੇ ਦਾ ਸਾਹਮਣਾ ਕਰਨਾ ਪਵੇਗਾ?

ਪ੍ਰੋਫੈਸਰ ਅਸ਼ਵਨੀ ਮਹਾਪਾਤਰਾ ਦਾ ਕਹਿਣਾ ਹੈ, "ਕੂਟਨੀਤਕ ਵਖਰੇਂਵਾ ਤਾਂ ਪਹਿਲਾਂ ਹੀ ਸੀ ਕਿਉਂਕਿ ਇਸ ਇਲਾਕੇ 'ਚ ਜ਼ਿਆਦਾਤਰ ਸੁੰਨੀ ਮੁਲਕ ਹਨ। ਬਹਿਰੀਨ 'ਚ ਜ਼ਿਆਦਾ ਸ਼ੀਆ ਹਨ ਪਰ ਸੁੰਨੀ ਕੋਲ ਸੱਤਾ ਹੈ। ਤਾਂ ਸ਼ੀਆ-ਸੁੰਨੀ ਨਜ਼ਰੀਏ ਨਾਲ ਵੇਖੀਏ ਤਾਂ ਕੂਟਨੀਤਕ ਪਰੇਸ਼ਾਨੀ ਕੋਈ ਨਵੀਂ ਗੱਲ ਨਹੀਂ ਹੋਵੇਗੀ। ਉਹ ਤਾਂ ਪਹਿਲਾਂ ਤੋਂ ਹੀ ਹੈ।"

ਉਹ ਕਹਿੰਦੇ ਹਨ, "ਈਰਾਨ ਨੂੰ ਤੁਰੰਤ ਕੋਈ ਸਮਰਥਨ ਜਾਂ ਹਮਦਰਦੀ ਨਹੀਂ ਮਿਲੇਗੀ ਕਿਉਂਕਿ ਲੋਕ ਕਹਿਣਗੇ ਕਿ ਈਰਾਨ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਆਲੋਚਨਾ ਹੋਵੇਗੀ ਕਿ ਜਦੋਂ ਜੰਗ ਈਰਾਨ ਅਤੇ ਇਜ਼ਰਾਇਲ ਵਿਚਾਲੇ ਹੈ, ਜਿਸ 'ਚ ਅਮਰੀਕਾ ਵੀ ਸ਼ਾਮਿਲ ਹੈ ਤਾਂ ਈਰਾਨ ਬਾਕੀ ਮੁਲਕਾਂ ਨੂੰ ਇਸ 'ਚ ਕਿਉਂ ਘੜੀਸ ਰਿਹਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)