ਈਰਾਨ ਦੀ ਸੱਤਾ ਕਿਉਂ ਪਲਟਦੀ ਰਹੀ? ਪਹਿਲਵੀ ਵੰਸ਼ ਤੋਂ ਲੈ ਕੇ ਅਯਾਤੁੱਲਾ ਅਲੀ ਖਾਮੇਨਈ ਤੱਕ ਕਿਵੇਂ ਬਦਲੇ ਰਾਜ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਹਿੰਦੀ
  • ਪੜ੍ਹਨ ਦਾ ਸਮਾਂ: 12 ਮਿੰਟ

ਸਾਲ 1977 ਦੇ ਅਖੀਰਲੇ ਦਿਨ ਤੇਹਰਾਨ ਵਿੱਚ ਇੱਕ ਸਰਕਾਰੀ ਦਾਅਵਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਿਮੀ ਕਾਰਟਰ ਨੇ ਈਰਾਨ ਦੇ ਸ਼ਾਹ ਨੂੰ ਖੇਤਰ ਵਿੱਚ 'ਆਈਲੈਂਡ ਆਫ਼ ਸਟੇਬਿਲਿਟੀ' ਯਾਨੀ 'ਸਥਿਰਤਾ ਦੇ ਟਾਪੂ' ਦਾ ਨਾਮ ਦਿੱਤਾ ਸੀ।

ਇੰਨਾ ਹੀ ਨਹੀਂ, ਕਾਰਟਰ ਨੇ ਸ਼ਾਹ ਦੀ ਬੁੱਧੀਮਾਨੀ, ਵਿਵੇਕ, ਸੰਵੇਦਨਸ਼ੀਲਤਾ ਅਤੇ ਬਾਰੀਕ ਨਜ਼ਰ ਦੀਆਂ ਤਾਰੀਫ਼ਾਂ ਦੇ ਸੋਹਲੇ ਵੀ ਗਾਏ ਸਨ।

ਉਸ ਸਮੇਂ ਈਰਾਨ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਨੂੰ ਸ਼ਾਹ ਦੀ ਇਹ ਤਾਰੀਫ਼ ਨਾ ਸਿਰਫ਼ ਗੈਰ-ਜ਼ਰੂਰੀ ਲੱਗੀ ਸੀ, ਸਗੋਂ ਨਾਗਵਾਰ ਵੀ ਗੁਜ਼ਰੀ ਸੀ।

ਇਸਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਨਜ਼ਰ ਵਿੱਚ ਸ਼ਾਹ ਇੱਕ ਵੱਡੇ ਤਾਨਾਸ਼ਾਹ ਸਨ, ਜਿਨ੍ਹਾਂ ਨੂੰ ਆਪਣੇ ਸਿਆਸੀ ਵਿਰੋਧੀਆਂ ਨੂੰ ਕੁਚਲਣ ਲਈ ਅਣਮਨੁੱਖੀ ਹੱਥਕੰਡੇ ਅਪਣਾਉਣ ਵਿੱਚ ਕੋਈ ਝਿਜਕ ਨਹੀਂ ਸੀ।

ਇਰਵਾਂਦ ਅਬਰਾਹਾਮੀਅਨ ਨੇ ਆਪਣੀ ਕਿਤਾਬ 'ਬਿਟਵੀਨ ਟੂ ਰੈਵੋਲਿਊਸ਼ਨਜ਼' ਵਿੱਚ ਲਿਖਿਆ ਹੈ, "ਈਰਾਨ ਦੇ ਰਜ਼ਾ ਸ਼ਾਹ ਪਹਿਲਵੀ ਤੇਹਰਾਨ ਵਿੱਚ ਸੀਆਈਏ ਦੇ ਏਜੰਟ ਕਰਮਿਟ ਰੂਜ਼ਵੈਲਟ ਦੀ ਮਿਹਰਬਾਨੀ ਨਾਲ ਈਰਾਨ ਦੀ ਗੱਦੀ 'ਤੇ ਬੈਠੇ ਸਨ। ਪਹਿਲਵੀ ਦੇ ਪਿਤਾ ਨੇ ਸਾਲ 1925 ਵਿੱਚ ਇੱਕ ਬਗਾਵਤ ਤੋਂ ਬਾਅਦ ਸੱਤਾ ਹਥਿਆਈ ਸੀ, ਪਰ ਜਦੋਂ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਵੱਲ ਸ਼ਰੇਆਮ ਝੁਕਣ ਲੱਗੇ, ਤਾਂ ਬ੍ਰਿਟੇਨ ਅਤੇ ਸੋਵੀਅਤ ਸੰਘ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ।"

"ਦੂਜੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸਾਂ ਦਾ ਈਰਾਨ 'ਤੇ ਕੰਟਰੋਲ ਸੀ। ਉਨ੍ਹਾਂ ਨੇ ਈਰਾਨੀ ਤੇਲ ਦੀ ਵਰਤੋਂ ਹਿਟਲਰ ਵਿਰੁੱਧ ਲੜਾਈ ਵਿੱਚ ਕੀਤੀ ਸੀ।"

ਰਜ਼ਾ ਪਹਿਲਵੀ ਨੂੰ ਪਿਤਾ ਦੀ ਗੱਦੀ ਦਿੱਤੀ ਗਈ

ਨੌਜਵਾਨ ਪਹਿਲਵੀ ਨੂੰ ਉਸਦੇ ਪਿਤਾ ਦੀ ਗੱਦੀ ਦੇ ਦਿੱਤੀ ਗਈ ਕਿਉਂਕਿ ਦੁਨੀਆ ਨੂੰ ਇਹ ਦਿਖਾਉਣਾ ਜ਼ਰੂਰੀ ਸੀ ਕਿ ਇਰਾਨ ਇੱਕ ਆਜ਼ਾਦ ਦੇਸ ਹੈ।

ਸਵਿਟਜ਼ਰਲੈਂਡ ਵਿੱਚ ਪੜ੍ਹੇ ਰਜ਼ਾ ਸ਼ਾਹ ਪਹਿਲਵੀ ਆਪਣਾ ਸਮਾਂ ਇੱਕ ਰਈਸ ਪਲੇਅ-ਬੁਆਏ ਵਾਂਗ ਬਿਤਾਉਂਦੇ ਸਨ।

ਉਨ੍ਹਾਂ ਨੂੰ ਸੱਤਾ ਦੇਣ ਦਾ ਇੱਕ ਮੁੱਖ ਕਾਰਨ ਪੱਛਮੀ ਦੇਸਾਂ ਦੀ ਈਰਾਨੀ ਤੇਲ ਹਾਸਲ ਕਰਨ ਦੀ ਤਾਂਘ ਸੀ।

ਨਾਂਮਾਤਰ ਦੇ ਹੁਕਮਰਾਨ ਹੁੰਦਿਆਂ ਵੀ ਸ਼ਾਹ ਨੇ ਤਜਵੀਜ਼ ਕੀਤਾ ਕਿ ਉਨ੍ਹਾਂ ਦਾ ਦੇਸ ਤੇਲ ਤੋਂ ਹੋਣ ਵਾਲੀ ਆਮਦਨ ਦਾ ਅੱਧਾ ਮੁਨਾਫ਼ਾ ਆਪਣੇ ਕੋਲ ਰੱਖੇ ਤਾਂ ਜੋ ਦੇ ਖੁਸ਼ਹਾਲ ਹੋ ਸਕੇ ਅਤੇ ਸੰਭਾਵੀ ਸਿਆਸੀ ਅੰਦੋਲਨਾਂ ਦੀ ਜ਼ਮੀਨ ਤਿਆਰ ਨਾ ਹੋ ਸਕੇ।

ਪਰ ਸ਼ਕਤੀਸ਼ਾਲੀ ਐਂਗਲੋ-ਈਰਾਨੀ ਤੇਲ ਕੰਪਨੀ ਨੇ ਉਸ ਤਜਵੀਜ਼ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ।

ਮੋਸਾਦਿਕ ਬਣੇ ਈਰਾਨ ਦੇ ਪ੍ਰਧਾਨ ਮੰਤਰੀ

ਇਸ ਤੋਂ ਬਾਅਦ ਨਾਰਾਜ਼ ਈਰਾਨੀ ਇੱਕ ਖਿੱਚਵੀਂ ਸ਼ਖਸੀਅਤ ਵਾਲੇ ਈਰਾਨੀ ਆਗੂ ਮੁਹੰਮਦ ਮੋਸਾਦਿਕ ਦੇ ਪਿੱਛੇ ਇਕੱਠੇ ਹੋ ਗਏ। ਮੋਸਾਦਿਕ ਦਾ ਘਰਾਣਾ, ਪਹਿਲਵੀ ਪਰਿਵਾਰ ਦੇ ਸੱਤਾ ਵਿੱਚ ਆਉਣ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਤੋਂ ਈਰਾਨ 'ਤੇ ਰਾਜ ਕਰਦਾ ਆ ਰਿਹਾ ਸੀ।

ਮਾਰਕ ਬਾਊਡੇਨ ਆਪਣੀ ਕਿਤਾਬ 'ਗੈਸਟ ਆਫ਼ ਦਾ ਅਯਾਤੁੱਲਾ' ਵਿੱਚ ਲਿਖਦੇ ਹਨ, "ਮੋਸਾਦਿਕ ਨੇ ਸੱਤਾ ਵਿੱਚ ਆਉਂਦਿਆਂ ਹੀ ਉਹ ਕੰਮ ਕੀਤਾ ਜਿਸ ਨੂੰ ਕਰਨ ਦੀ ਹਿੰਮਤ ਸ਼ਾਹ ਕਦੇ ਨਹੀਂ ਕਰ ਸਕੇ ਸਨ। ਉਨ੍ਹਾਂ ਨੇ ਪੂਰੀ ਤੇਲ ਸਨਅਤ ਦਾ ਕੌਮੀਕਰਨ ਕਰ ਦਿੱਤਾ। ਇਸ ਕਦਮ ਦੀ ਉਨ੍ਹਾਂ ਦੇ ਦੇਸ ਦੇ ਅੰਦਰ ਬਹੁਤ ਸ਼ਲਾਘਾ ਹੋਈ।"

ਟਾਈਮ ਰਸਾਲੇ ਨੇ ਮੋਸਾਦਿਕ ਨੂੰ 'ਮੈਨ ਆਫ਼ ਦਾ ਈਅਰ' (ਸਾਲ ਦੀ ਹਸਤੀ) ਐਲਾਨਿਆ।

ਸੰਯੁਕਤ ਰਾਸ਼ਟਰ ਵਿੱਚ ਦਿੱਤੇ ਭਾਸ਼ਣ ਵਿੱਚ ਮੋਸਾਦਿਕ ਨੇ ਕਿਹਾ ਕਿ 'ਈਰਾਨ ਦੇ ਤੇਲ ਸਰੋਤ, ਉਸਦੀ ਮਿੱਟੀ, ਉਸਦੀਆਂ ਨਦੀਆਂ ਅਤੇ ਉਸਦੇ ਪਹਾੜਾਂ ਵਾਂਗ ਈਰਾਨ ਦੇ ਲੋਕਾਂ ਦੀ ਮਲਕੀਅਤ ਹਨ।'

ਮਾਰਕ ਬਾਊਡੇਨ ਨੇ ਲਿਖਿਆ, "ਐਂਗਲੋ-ਈਰਾਨੀ ਤੇਲ ਕੰਪਨੀ ਦੇ ਵਿੱਤੀ ਹਿੱਤਾਂ ਨੂੰ ਨੁਕਸਾਨ ਤਾਂ ਹੋ ਹੀ ਰਿਹਾ ਸੀ, ਇਸ ਤੋਂ ਇਲਾਵਾ ਅਮਰੀਕਾ ਨੂੰ ਡਰ ਸੀ ਕਿ ਮੋਸਾਦਿਕ ਸਮਾਜਵਾਦੀ ਝੁਕਾਅ ਕਾਰਨ ਸੋਵੀਅਤ ਪ੍ਰਭਾਵ ਵਿੱਚ ਚਲੇ ਜਾਣਗੇ। ਉਨ੍ਹਾਂ ਵਿਰੁੱਧ ਬਗ਼ਾਵਤ ਨੂੰ ਹੱਲਾਸ਼ੇਰੀ ਦਿੱਤੀ ਗਈ ਜਿਸਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਆਈਜ਼ਨਹਾਵਰ ਅਤੇ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਸਨ।"

ਸ਼ਾਹ ਦੀ ਤੇਹਰਾਨ ਵਾਪਸੀ

ਸੀਆਈਏ ਦੇ ਏਜੰਟ ਰੂਜ਼ਵੈਲਟ ਨੇ ਮੋਸਾਦਿਕ ਦੇ ਖਿਲਾਫ ਈਰਾਨ ਦੀ ਪ੍ਰੈੱਸ ਵਿੱਚ ਗਲਤ ਖਬਰਾਂ ਛਪਵਾਈਆਂ ਅਤੇ ਸੜਕਾਂ 'ਤੇ ਮੁਜ਼ਾਹਰੇ ਕਰਵਾਏ ਗਏ।

ਰੂਜ਼ਵੈਲਟ ਦੀ ਸ਼ਹਿ 'ਤੇ ਫੌਜੀ ਅਧਿਕਾਰੀਆਂ ਨੇ ਦੇਸ ਧ੍ਰੋਹ ਦੇ ਝੂਠੇ ਇਲਜ਼ਾਮਾਂ ਹੇਠ ਮੋਸਾਦਿਕ ਨੂੰ ਗ੍ਰਿਫਤਾਰ ਕਰ ਲਿਆ।

ਤਿੰਨ ਸਾਲ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਜਿੱਥੇ 1967 ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਫੌਜ ਦੇ ਵਿਦਰੋਹ ਦੌਰਾਨ ਸ਼ਾਹ ਆਪਣੀ ਪਤਨੀ ਨਾਲ ਭੱਜ ਕੇ ਰੋਮ ਚਲੇ ਗਏ। ਜਦੋਂ ਸਭ ਕੁਝ ਆਮ ਹੋ ਗਿਆ ਤਾਂ ਸ਼ਾਹ ਨੇ ਵਾਪਸ ਆ ਕੇ ਦੁਬਾਰਾ ਰਾਜਗੱਦੀ ਸੰਭਾਲ ਲਈ।

ਅਮਰੀਕਾ ਨੇ ਸ਼ਾਹ ਦਾ ਪੂਰਾ ਸਾਥ ਦਿੱਤਾ। ਉਸਦਾ ਤਰਕ ਸੀ ਕਿ ਕਮਿਊਨਿਸਟਾਂ ਨੂੰ ਰੋਕਣ ਅਤੇ ਤੇਲ ਦੀ ਨਿਰੰਤਰ ਸਪਲਾਈ ਲਈ ਉਸਦਾ ਅਜਿਹਾ ਕਰਨਾ ਜ਼ਰੂਰੀ ਸੀ।

ਸ਼ਾਹ ਨੇ ਆਪਣੇ ਵਤਨ ਵਾਸੀਆਂ ਨੂੰ ਵਾਅਦਾ ਕੀਤਾ ਕਿ ਉਹ ਆਪਣੇ ਜੀਵਨ ਕਾਲ ਵਿੱਚ ਈਰਾਨ ਨੂੰ ਵਿੱਤੀ ਅਤੇ ਸੱਭਿਆਚਾਰਕ ਪੱਖੋਂ ਪੱਛਮੀ ਦੇਸਾਂ ਦੇ ਬਰਾਬਰ ਬਣਾ ਦੇਣਗੇ।

'ਅਮਰੀਕਾ ਦੀ ਕਠਪੁਤਲੀ'

ਸ਼ਾਹ ਨੇ ਕਾਫੀ ਹੱਦ ਤੱਕ ਆਪਣਾ ਇਹ ਵਾਅਦਾ ਵਫ਼ਾ ਵੀ ਕੀਤਾ।

ਸਟੀਫਨ ਕਿਨਜ਼ਰ ਨੇ ਆਪਣੀ ਕਿਤਾਬ 'ਆਲ ਦਾ ਸ਼ਾਹਜ਼ ਮੈਨ' ਵਿੱਚ ਲਿਖਿਆ ਹੈ, "ਸ਼ਾਹ ਦੇ ਰਾਜ ਵਿੱਚ ਈਰਾਨ ਵਿੱਚ ਖੁਸ਼ਹਾਲੀ ਆਈ, ਔਰਤਾਂ ਦਾ ਸਸ਼ਕਤੀਕਰਨ ਹੋਇਆ ਅਤੇ ਉਹ ਆਪਣੇ ਦੇਸ ਨੂੰ ਕੁਰਾਨ ਦੀ ਸਿੱਖਿਆ ਤੋਂ ਦੂਰ ਲੈ ਗਏ। ਅਮਰੀਕੀ ਮਦਦ ਨਾਲ ਉਹ ਖੁੱਲ੍ਹੇਆਮ ਇੱਕ ਹੰਕਾਰੀ ਸਮਰਾਟ ਬਣ ਗਏ। ਉਨ੍ਹਾਂ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ 'ਤੇ ਮਾਣ ਹੋਣ ਲੱਗਾ। ਉਨ੍ਹਾਂ ਨੇ ਉਸ ਫੌਜ ਦੀ ਅਗਵਾਈ ਕੀਤੀ ਜੋ ਗਿਣਤੀ ਅਤੇ ਆਧੁਨਿਕਤਾ ਵਿੱਚ ਇਜ਼ਰਾਈਲ ਨਾਲ ਟੱਕਰ ਲੈ ਸਕਦੀ ਸੀ।"

ਕਿਨਜ਼ਰ ਲਿਖਦੇ ਹਨ, "ਪਰ ਦੂਜੇ ਪਾਸੇ, ਸ਼ਾਹ ਨੇ ਖਰਬਾਂ ਡਾਲਰ ਬੇਮਕਸਦ ਆਰਥਿਕ ਯੋਜਨਾਵਾਂ ਵਿੱਚ ਬਰਬਾਦ ਕੀਤੇ। ਸਿੱਟੇ ਵਜੋਂ ਈਰਾਨ ਦੀ ਜ਼ਿਆਦਾਤਰ ਜਨਤਾ ਗਰੀਬ ਹੀ ਰਹੀ। 1970 ਦਾ ਦਹਾਕਾ ਆਉਂਦੇ-ਆਉਂਦੇ ਈਰਾਨ ਦੇ 40% ਲੋਕ ਕੁਪੋਸ਼ਣ ਦੇ ਸ਼ਿਕਾਰ ਹੋ ਗਏ।"

ਤੇਲ ਤੋਂ ਮਿਲਿਆ ਪੈਸਾ ਸ਼ਹਿਰਾਂ ਵਿੱਚ ਰਹਿਣ ਵਾਲੇ ਪੜ੍ਹੇ-ਲਿਖੇ, ਪੱਛਮੀ ਦੇਸਾਂ ਦੇ ਰੰਗ ਵਿੱਚ ਰੰਗੇ ਲੋਕਾਂ ਨੂੰ ਪਸੰਦ ਆਇਆ, ਪਰ ਅਮੀਰ ਵਰਗ ਅਤੇ ਗਰੀਬ ਈਰਾਨੀਆਂ ਵਿਚਕਾਰ ਆਰਥਿਕ ਦੂਰੀ ਵਧਦੀ ਚਲੀ ਗਈ।

ਆਪਣੇ ਸ਼ਾਸਨ ਦਾ 20ਵਾਂ ਸਾਲ ਆਉਂਦੇ-ਆਉਂਦੇ ਆਪਣੇ ਲੋਕਾਂ ਵਿੱਚ ਸ਼ਾਹ ਦੀ ਲੋਕਪ੍ਰਿਯਤਾ ਘਟਣ ਲੱਗੀ ਅਤੇ ਉਨ੍ਹਾਂ ਨੂੰ 'ਅਮਰੀਕਾ ਦੀ ਕਠਪੁਤਲੀ' ਕਿਹਾ ਜਾਣ ਲੱਗਾ।

ਈਰਾਨੀ ਲੋਕ ਹੋਏ ਸ਼ਾਹ ਦੇ ਖਿਲਾਫ

1970 ਦੇ ਦਹਾਕੇ ਦੇ ਅੱਧ ਵਿੱਚ ਸ਼ਾਹ ਦੇ ਖਿਲਾਫ ਸੜਕਾਂ 'ਤੇ ਮੁਜ਼ਾਹਰਿਆਂ ਦਾ ਜੋ ਦੌਰ ਸ਼ੁਰੂ ਹੋਇਆ, ਉਹ ਰੁਕਿਆ ਹੀ ਨਹੀਂ।

1978 ਆਉਂਦੇ-ਆਉਂਦੇ ਸ਼ਾਹ ਦੀ ਗੱਦੀ ਡੋਲਣ ਲੱਗੀ ਸੀ। ਫਿਰ ਵੀ ਬਾਹਰੀ ਦੁਨੀਆ ਨੂੰ ਲਗਦਾ ਸੀ ਕਿ ਸ਼ਾਹ ਇਸ ਸੰਕਟ ਨੂੰ ਝੱਲ ਜਾਣਗੇ, ਪਰ 1979 ਦੀ ਇਸਲਾਮੀ ਕ੍ਰਾਂਤੀ ਨੇ ਧਾਰਮਿਕ ਤੌਰ 'ਤੇ ਸੰਗਠਿਤ ਸ਼ਕਤੀਆਂ ਨੂੰ ਸੱਤਾ ਵਿੱਚ ਪਹੁੰਚਾ ਦਿੱਤਾ।

ਮਾਰਕ ਬਾਊਡੇਨ ਲਿਖਦੇ ਹਨ, "ਬਾਹਰੀ ਦੁਨੀਆ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਈਰਾਨ ਵਿੱਚ ਰਵਾਇਤੀ ਇਸਲਾਮ ਫਿਰ ਤੋਂ ਸਿਰ ਚੁੱਕ ਰਿਹਾ ਹੈ ਅਤੇ ਉਹ ਆਧੁਨਿਕ, ਧਰਮ ਨਿਰਪੱਖ ਕਦਰਾਂ-ਕੀਮਤਾਂ ਵਿਰੁੱਧ ਬਗਾਵਤ ਕਰਨ ਲਈ ਤਿਆਰ ਹੋ ਰਿਹਾ ਹੈ। ਕਾਲਜ ਕੈਂਪਸਾਂ ਅਤੇ ਇੱਥੋਂ ਤੱਕ ਕਿ ਸ਼ਾਹ ਦੀ ਫੌਜੀ ਅਫਸਰਸ਼ਾਹੀ ਵਿੱਚ ਵੀ ਬਦਲਾਅ ਲਈ ਹਮਾਇਤ ਵਧਣ ਲੱਗੀ ਸੀ, ਪਰ ਮੌਲਵੀਆਂ ਅਤੇ ਸਮਾਜ ਦੇ ਦੂਜੇ ਵਰਗਾਂ ਵਿੱਚ ਇਸ ਗੱਲ 'ਤੇ ਸਹਿਮਤੀ ਨਹੀਂ ਬਣ ਰਹੀ ਸੀ ਕਿ ਅੱਗੇ ਕੀ ਕੀਤਾ ਜਾਵੇ।"

ਜਦੋਂ 16 ਜਨਵਰੀ ਨੂੰ ਸ਼ਾਹ ਨੇ ਮਿਸਰ ਜਾਣ ਦਾ ਫੈਸਲਾ ਕੀਤਾ ਤਾਂ ਕਿਸੇ ਨੇ ਵੀ ਉਨ੍ਹਾਂ ਲਈ ਹੰਝੂ ਨਹੀਂ ਵਹਾਏ।

ਅਯਾਤੁੱਲਾ ਖ਼ੁਮੈਨੀ ਪੈਰਿਸ ਤੋਂ ਤੇਹਰਾਨ ਪਹੁੰਚੇ

ਸ਼ਾਹ ਦੇ ਈਰਾਨ ਛੱਡਦੇ ਹੀ ਫਰਾਂਸ ਵਿੱਚ ਜਲਾਵਤਨੀ ਜੀਵਨ ਕੱਟ ਰਹੇ ਧਾਰਮਿਕ ਆਗੂ ਅਯਾਤੁੱਲਾ ਖ਼ੁਮੈਨੀ ਨੇ ਵਾਪਸ ਆਪਣੇ ਦੇਸ ਮੁੜਨ ਦਾ ਫੈਸਲਾ ਕੀਤਾ।

ਪਹਿਲੀ ਫਰਵਰੀ, 1979 ਨੂੰ ਰਾਤ ਇੱਕ ਵਜੇ ਇੱਕ ਬੋਇੰਗ 747 ਜਹਾਜ਼ ਨੇ ਖ਼ਾਸ ਚਾਰਟਰ ਜਹਾਜ਼ ਵਜੋਂ ਤੇਹਰਾਨ ਲਈ ਉਡਾਣ ਭਰੀ। ਉਸ ਵਿੱਚ ਸਵਾਰ ਸਨ ਸ਼ਾਹ ਦੇ ਕੱਟੜ ਵਿਰੋਧੀ ਅਤੇ 16 ਸਾਲਾਂ ਤੋਂ ਜਲਾਵਤਨੀ ਵਿੱਚ ਰਹਿ ਰਹੇ ਅਯਾਤੁੱਲਾ ਰੂਹੁੱਲਾ ਖ਼ੁਮੈਨੀ।

ਜਹਾਜ਼ ਵਿੱਚ ਸਵਾਰ 168 ਯਾਤਰੀਆਂ ਵਿੱਚੋਂ ਇੱਕ ਸਨ ਬੀਬੀਸੀ ਪੱਤਰਕਾਰ ਜੌਨ ਸਿੰਪਸਨ। ਉਨ੍ਹਾਂ ਨੇ ਆਪਣੀ ਸਵੈ-ਜੀਵਨੀ 'ਨਿਊਜ਼ ਫਰਾਮ ਨੋ ਮੈਨਜ਼ ਲੈਂਡ' ਵਿੱਚ ਲਿਖਿਆ, "ਖ਼ੁਮੈਨੀ ਦੇ ਨਾਲ ਤੇਹਰਾਨ ਜਾਣਾ ਇੱਕ ਡਰਾਉਣਾ ਅਨੁਭਵ ਸੀ। ਸਾਡੇ ਨਾਲ ਚੱਲ ਰਹੇ ਯਾਤਰੀਆਂ ਨੂੰ ਪੂਰਾ ਭਰੋਸਾ ਸੀ ਕਿ ਇਰਾਨ ਦੀ ਹਵਾਈ ਫੌਜ ਸਾਡੇ ਜਹਾਜ਼ ਨੂੰ ਸੁੱਟ ਦੇਵੇਗੀ। ਫਲਾਈਟ ਦੌਰਾਨ ਅਸੀਂ ਕੁਝ ਮਿੰਟਾਂ ਲਈ ਖ਼ੁਮੈਨੀ ਨਾਲ ਗੱਲ ਕੀਤੀ ਸੀ। ਉਹ ਬਹੁਤ ਜ਼ਿਆਦਾ ਬੋਲਣ ਵਾਲੇ ਵਿਅਕਤੀ ਨਹੀਂ ਸਨ। ਜਦੋਂ ਮੈਂ ਉਨ੍ਹਾਂ ਨੂੰ ਕੋਈ ਸਵਾਲ ਪੁੱਛਦਾ ਤਾਂ ਉਹ ਜਹਾਜ਼ ਦੀ ਖਿੜਕੀ ਤੋਂ ਬਾਹਰ ਦੇਖਣ ਲੱਗ ਪੈਂਦੇ।"

ਅਮਰੀਕਾ ਅਤੇ ਇਜ਼ਰਾਈਲ ਨਾਲ ਦੁਸ਼ਮਣੀ

ਜਦੋਂ ਖ਼ੁਮੈਨੀ ਤੇਹਰਾਨ ਪਹੁੰਚੇ ਤਾਂ ਲੱਖਾਂ ਲੋਕ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਮੌਜੂਦ ਸਨ। ਈਰਾਨ ਰਾਜਸ਼ਾਹੀ ਦੀ ਥਾਂ ਹੁਣ ਇਸਲਾਮੀ ਗਣਰਾਜ ਬਣ ਚੁੱਕਾ ਸੀ।

ਖ਼ੁਮੈਨੀ ਨੂੰ ਸੁਪਰੀਮ ਲੀਡਰ ਦਾ ਅਹੁਦਾ ਦਿੱਤਾ ਗਿਆ ਅਤੇ ਉਨ੍ਹਾਂ ਨੇ ਇਸਲਾਮੀ ਨਿਯਮਾਂ ਅਨੁਸਾਰ ਈਰਾਨ 'ਤੇ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ।

ਖ਼ੁਮੈਨੀ ਨੇ ਅਮਰੀਕਾ ਦੀ 'ਵੱਡਾ ਸ਼ੈਤਾਨ' ਕਹਿ ਕੇ ਨਿੰਦਾ ਕੀਤੀ ਅਤੇ ਇਜ਼ਰਾਈਲ ਨੂੰ ਉਨ੍ਹਾਂ ਨੇ ਫਲਸਤੀਨੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਵਾਲਾ ਕਹਿ ਕੇ ਸੰਬੋਧਿਤ ਕੀਤਾ।

ਖ਼ੁਮੈਨੀ ਦੇ ਸਰਬੁੱਚ ਆਗੂ ਵਜੋਂ ਅਹੁਦਾ ਸੰਭਾਲਣ ਦੇ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ ਦੇ ਵਿਦਿਆਰਥੀ ਹਮਾਇਤੀਆਂ ਨੇ ਤੇਹਰਾਨ ਵਿੱਚ ਅਮਰੀਕੀ ਦੂਤਾਵਾਸ 'ਤੇ ਕਬਜ਼ਾ ਕਰ ਲਿਆ ਅਤੇ 66 ਅਮਰੀਕੀਆਂ ਨੂੰ ਬੰਧਕ ਬਣਾ ਲਿਆ।

ਉਨ੍ਹਾਂ ਦੀ ਮੰਗ ਸੀ ਕਿ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਸ਼ਾਹ ਨੂੰ ਅਮਰੀਕਾ ਵਾਪਸ ਈਰਾਨ ਭੇਜੇ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ 'ਗੁਨਾਹਾਂ ਦੀ ਸਜ਼ਾ' ਮਿਲ ਸਕੇ।

ਅਮਰੀਕਾ ਅਤੇ ਇਜ਼ਰਾਈਲ ਨਾਲ ਦੁਸ਼ਮਣੀ ਈਰਾਨੀ ਵਿਦੇਸ਼ ਨੀਤੀ ਦਾ ਇੱਕ ਅਹਿਮ ਹਿੱਸਾ ਬਣ ਗਈ।

ਸਾਲ 1979 ਦੀ ਇਸਲਾਮੀ ਕ੍ਰਾਂਤੀ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਸੱਦਾਮ ਹੁਸੈਨ ਦੀ ਅਗਵਾਈ ਵਾਲੇ ਇਰਾਕ ਨੇ ਈਰਾਨ 'ਤੇ ਹਮਲਾ ਕਰ ਦਿੱਤਾ।

ਇਹ ਜੰਗ ਕਰੀਬ ਨੌਂ ਸਾਲਾਂ ਤੱਕ ਚੱਲੀ। ਕੁਝ ਹੀ ਸਮੇਂ ਵਿੱਚ ਲੋਕਾਂ ਦਾ ਖ਼ੁਮੈਨੀ ਤੋਂ ਮੋਹ ਭੰਗ ਹੋਣ ਲੱਗਾ।

ਕਾਨ ਕਫਲਿਨ ਨੇ ਆਪਣੀ ਕਿਤਾਬ 'ਖ਼ੁਮੈਨੀਜ਼ ਗੋਸਟ' ਵਿੱਚ ਇੱਕ ਲੋਕਤੰਤਰ ਪੱਖੀ ਕਾਰਕੁਨ ਦੇ ਹਵਾਲੇ ਨਾਲ ਦੱਸਿਆ, "ਮੈਂ ਸਮਝਿਆ ਸੀ ਕਿ ਖ਼ੁਮੈਨੀ ਈਰਾਨ ਵਿੱਚ ਲੋਕਤੰਤਰ ਲਿਆਉਣਗੇ। ਪਰ ਹੁਣ ਸਾਨੂੰ ਮਹਿਸੂਸ ਹੋਇਆ ਹੈ ਕਿ ਅਸੀਂ ਇੱਕ ਤਾਨਾਸ਼ਾਹ ਨੂੰ ਬਦਲ ਕੇ ਦੂਜਾ ਤਾਨਾਸ਼ਾਹ ਲੈਆਂਦਾ ਹੈ।"

ਸਲਮਾਨ ਰਸ਼ਦੀ ਦੇ ਖਿਲਾਫ ਫਤਵਾ

ਜਦੋਂ 1989 ਵਿੱਚ ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ਦੀ ਨੇ 'ਸੈਟੇਨਿਕ ਵਰਸਿਜ਼' ਕਿਤਾਬ ਲਿਖੀ ਤਾਂ ਦੁਨੀਆ ਭਰ ਦੇ ਮੁਸਲਮਾਨਾਂ ਨੇ ਇਸਦਾ ਸਖ਼ਤ ਵਿਰੋਧ ਕੀਤਾ।

14 ਫਰਵਰੀ, 1989 ਨੂੰ ਅਯਾਤੁੱਲਾ ਖ਼ੁਮੈਨੀ ਨੇ ਫਤਵਾ ਜਾਰੀ ਕੀਤਾ ਕਿ 'ਇਹ ਕਿਤਾਬ ਇਸਲਾਮ, ਪੈਗੰਬਰ ਮੁਹੰਮਦ ਅਤੇ ਕੁਰਾਨ ਦੇ ਖਿਲਾਫ ਹੈ। ਇਸ ਕਿਤਾਬ ਨਾਲ ਜੁੜੇ ਹਰ ਵਿਅਕਤੀ ਨੂੰ ਮੈਂ ਮੌਤ ਦੀ ਸਜ਼ਾ ਸੁਣਾਉਂਦਾ ਹਾਂ। ਮੈਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿੱਥੇ ਕਿਤੇ ਵੀ ਇਨ੍ਹਾਂ ਲੋਕਾਂ ਨੂੰ ਦੇਖਣ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਣ।'

ਈਰਾਨ ਦੀ ਇੱਕ ਸੰਸਥਾ ਨੇ ਸਲਮਾਨ ਰਸ਼ਦੀ ਦੇ ਸਿਰ 'ਤੇ 2 ਕਰੋੜ 60 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ। ਹਿੰਸਕ ਭੀੜ ਨੇ ਬ੍ਰਿਟੇਨ, ਇਟਲੀ ਅਤੇ ਅਮਰੀਕਾ ਵਿੱਚ ਉਨ੍ਹਾਂ ਸਾਰੀਆਂ ਕਿਤਾਬਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜੋ 'ਸੈਟੇਨਿਕ ਵਰਸਿਜ਼' ਵੇਚ ਰਹੀਆਂ ਸਨ। ਇਸ ਤੋਂ ਬਾਅਦ ਕਈ ਯੂਰਪੀ ਦੇਸਾਂ ਨੇ ਤੇਹਰਾਨ ਤੋਂ ਆਪਣੇ ਰਾਜਦੂਤ ਵਾਪਸ ਸੱਦ ਲਏ।

ਖ਼ਾਮੇਨਈ ਬਣੇ ਖ਼ੁਮੈਨੀ ਦੇ ਉੱਤਰਾਧਿਕਾਰੀ

ਜਿਵੇਂ-ਜਿਵੇਂ ਖ਼ੁਮੈਨੀ ਦੀ ਉਮਰ ਵਧੀ, ਉਨ੍ਹਾਂ ਦੇ ਉੱਤਰਾਧਿਕਾਰੀ ਦੇ ਨਾਮ 'ਤੇ ਵਿਚਾਰ ਹੋਣ ਲੱਗਿਆ। ਖ਼ੁਮੈਨੀ ਨੇ ਇਸਦੇ ਲਈ ਇਸਲਾਮੀ ਕ੍ਰਾਂਤੀ ਦੇ ਇੱਕ ਵੱਡੇ ਹਮਾਇਤੀ ਅਤੇ ਆਪਣੇ ਪੈਰੋਕਾਰ ਅਯਾਤੁੱਲਾ ਹੁਸੈਨ ਅਲੀ ਮੋਂਤਜ਼ਰੀ ਨੂੰ ਚੁਣਿਆ।

ਹਾਲਾਂਕਿ ਖ਼ੁਮੈਨੀ ਉਨ੍ਹਾਂ ਦੇ ਧਾਰਮਿਕ ਗਿਆਨ ਬਾਰੇ ਕੋਈ ਸ਼ੱਕ ਨਹੀਂ ਸੀਨ, ਪਰ ਮੁਲਕਦੇ ਸਰਪ੍ਰਸਤ ਵਜੋਂ ਉਨ੍ਹਾਂ ਦੀ ਯੋਗਤਾ 'ਤੇ ਸ਼ੱਕ ਹੋਣ ਲੱਗਾ।

ਕਾਨ ਕਫਲਿਨ ਲਿਖਦੇ ਹਨ, "ਮਾਰਚ, 1989 ਵਿੱਚ ਖ਼ੁਮੈਨੀ ਨੇ ਮੋਂਤਜ਼ਰੀ ਨੂੰ ਲੰਬੀ ਕਈ ਪੰਨਿਆਂ ਦੀ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਉਸ 'ਤੇ ਇਲਜ਼ਾਮ ਲਾਇਆ ਕਿ ਉਹ ਇਰਾਨ ਦੇ ਲੋਕਾਂ ਨੂੰ ਉਦਾਰਵਾਦੀਆਂ ਦੇ ਹੱਥਾਂ ਵਿੱਚ ਸੌਂਪ ਰਿਹਾ ਹੈ। ਮੋਂਤਜ਼ਰੀ ਨੇ ਇਸ ਲੰਬੀ ਚਿੱਠੀ ਦਾ ਜਵਾਬ ਪੰਜ ਲਾਈਨਾਂ ਵਿੱਚ ਦਿੰਦਿਆਂ ਐਲਾਨ ਕੀਤਾ ਕਿ ਉਹ ਖ਼ੁਮੈਨੀ ਦੇ ਉੱਤਰਾਧਿਕਾਰੀ ਦੀ ਦੌੜ ਤੋਂ ਬਾਹਰ ਹੋ ਰਹੇ ਹਨ। ਉਹ ਪਹਿਲਾਂ ਵੀ ਇਸ ਅਹੁਦੇ ਦੇ ਚਾਹਵਾਨ ਨਹੀਂ ਸਨ। ਇਸ ਤੋਂ ਬਾਅਦ ਖ਼ੁਮੈਨੀ ਨੇ ਆਪਣੇ ਉੱਤਰਾਧਿਕਾਰੀ ਵਜੋਂ ਤਤਕਾਲੀ ਰਾਸ਼ਟਰਪਤੀ ਅਲੀ ਖ਼ਾਮੇਨਈ ਨੂੰ ਚੁਣਿਆ।"

ਈਰਾਨ ਦੀ ਧਾਰਮਿਕ ਸੱਤਾ ਦੇ ਮਾਮਲੇ ਵਿੱਚ ਖ਼ਾਮੇਨਈ ਅਹੁਦੇ ਵਿੱਚ ਬਹੁਤ ਜੂਨੀਅਰ ਸਨ ਅਤੇ ਉਨ੍ਹਾਂ ਦਾ ਤਜ਼ਰਬਾ ਇੰਨਾ ਨਹੀਂ ਸੀ ਕਿ ਉਨ੍ਹਾਂ ਨੂੰ ਚੋਟੀ ਦੇ ਧਾਰਮਿਕ ਅਹੁਦੇ ਦੇ ਯੋਗ ਸਮਝਿਆ ਜਾਵੇ।

ਆਪਣੀ ਖ਼ਰਾਬ ਸਿਹਤ ਦੇ ਮੱਦੇ ਨਜ਼ਰ ਖ਼ੁਮੈਨੀ ਨੇ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਅਤੇ ਸੰਵਿਧਾਨਕ ਸੋਧ ਰਾਹੀਂ ਖ਼ਾਮੇਨਈ ਨੂੰ ਖ਼ੁਮੈਨੀ ਦਾ ਉੱਤਰਾਧਿਕਾਰੀ ਬਣਾਉਣ ਦਾ ਰਸਤਾ ਸਾਫ਼ ਕਰ ਦਿੱਤਾ। ਲੇਕਿਨ ਇਸ ਤੋਂ ਪਹਿਲਾਂ ਖ਼ੁਮੈਨੀ ਨੇ ਪੱਕਾ ਕੀਤਾ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖੇਗਾ ਅਤੇ ਪੱਛਮ ਪ੍ਰਤੀ ਉਸਦੀ ਟਕਰਾਅ ਵਾਲੀ ਨੀਤੀ ਵੀ ਜਾਰੀ ਰਹੇਗੀ।

9/11 ਤੋਂ ਬਾਅਦ ਅਮਰੀਕਾ ਨਾਲ ਹਮਦਰਦੀ

ਖ਼ੁਮੈਨੀ ਦੀ ਮੌਤ ਤੋਂ ਬਾਅਦ ਖ਼ਾਮੇਨਈ ਨੇ ਉਨ੍ਹਾਂ ਦੀ ਜਗ੍ਹਾ ਲਈ ਅਤੇ ਰਫ਼ਸੰਜਾਨੀ ਈਰਾਨ ਦੇ ਨਵੇਂ ਰਾਸ਼ਟਰਪਤੀ ਬਣੇ। ਖ਼ਾਮੇਨਈ ਵੈਸੇ ਤਾਂ ਅਮਰੀਕਾ ਵਿਰੋਧੀ ਨੀਤੀ 'ਤੇ ਹੀ ਚੱਲੇ ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੇ ਅਮਰੀਕਾ ਦਾ ਪੱਖ ਵੀ ਲਿਆ।

ਜਦੋਂ 11 ਸਤੰਬਰ, 2001 ਨੂੰ ਅਲ-ਕਾਇਦਾ ਨੇ ਵਰਲਡ ਟਰੇਡ ਸੈਂਟਰ 'ਤੇ ਹਮਲਾ ਕੀਤਾ, ਤਾਂ ਈਰਾਨ ਨੇ ਰਾਸ਼ਟਰਪਤੀ ਬੁਸ਼ ਅਤੇ ਅਮਰੀਕੀ ਲੋਕਾਂ ਨੂੰ ਹਮਦਰਦੀ ਦਾ ਸੰਦੇਸ਼ ਭੇਜਿਆ।

ਕੇਨੇਥ ਪੋਲਕ ਨੇ ਆਪਣੀ ਕਿਤਾਬ 'ਦਾ ਪਰਸ਼ੀਅਨ ਪਜ਼ਲ: ਦਾ ਕਨਫਲਿਕਟ ਬਿਟਵੀਨ ਅਮਰੀਕਾ ਐਂਡ ਈਰਾਨ' ਵਿੱਚ ਲਿਖਿਆ ਹੈ, "ਇੱਕ ਅਜਿਹਾ ਦੇਸ ਜਿਸਨੂੰ 90 ਦੇ ਦਹਾਕੇ ਵਿੱਚ ਪੂਰੀ ਦੁਨੀਆ ਤੋਂ ਅਲੱਗ-ਥਲੱਗ ਕਰ ਦਿੱਤਾ ਗਿਆ ਸੀ, ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਜਿਸਨੂੰ ਉਹ ਹਮੇਸ਼ਾ ਇੱਕ 'ਸ਼ੈਤਾਨ' ਦਾ ਦਰਜਾ ਦਿੰਦਾ ਆਇਆ ਸੀ, ਆਪਣੀ ਹਮਦਰਦੀ ਦਿੰਦਾ ਦਿਖਾਈ ਦਿੱਤਾ ਸੀ। ਤੇਹਰਾਨ ਵਿੱਚ ਹਜ਼ਾਰਾਂ ਲੋਕਾਂ ਨੇ ਮਾਰੇ ਗਏ ਲੋਕਾਂ ਲਈ ਮੋਮਬੱਤੀਆਂ ਜਗਾ ਕੇ ਜਲੂਸ ਕੱਢਿਆ ਸੀ। ਅਜਿਹਾ ਕਰਨ ਵਾਲਾ ਈਰਾਨ ਮੱਧ ਪੂਰਬ (ਪੱਛਮੀ ਏਸ਼ੀਆ) ਵਿੱਚ ਇਕੱਲਾ ਦੇਸ ਸੀ।"

ਖ਼ਾਤਮੀ ਬਣੇ ਬਦਲਾਅ ਦੇ ਪ੍ਰਤੀਕ

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜਿਹਾ ਮੁਹੰਮਦ ਖ਼ਾਤਮੀ ਦੇ ਈਰਾਨ ਦੇ ਪੰਜਵੇਂ ਰਾਸ਼ਟਰਪਤੀ ਚੁਣੇ ਜਾਣ ਕਾਰਨ ਸੰਭਵ ਹੋ ਸਕਿਆ ਸੀ।

ਇਸ ਚੋਣ ਵਿੱਚ ਖ਼ਾਮੇਨਈ ਨੇ ਕੱਟੜਪੰਥੀ ਆਗੂ ਅਲੀ ਅਕਬਰ ਨੂਰੀ ਦੀ ਹਮਾਇਤੀ ਕੀਤੀ ਸੀ, ਪਰ ਇਸ ਦੇ ਬਾਵਜੂਦ ਖ਼ਾਤਮੀ ਦੀ ਜਿੱਤ ਹੋਈ ਸੀ।

ਕਾਨ ਕਫਲਿਨ ਲਿਖਦੇ ਹਨ, "ਇਸਦਾ ਕਾਰਨ ਇਹ ਸੀ ਕਿ ਸਾਲ 1997 ਤੱਕ ਈਰਾਨੀ ਲੋਕਾਂ ਦਾ ਇਸਲਾਮੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਸੀ। ਈਰਾਨ ਦੀ ਵਿਗੜਦੀ ਆਰਥਿਕਤਾ ਅਤੇ ਬਾਹਰੀ ਦੁਨੀਆ ਤੋਂ ਉਸਦੇ ਅਲੱਗ-ਥਲੱਗ ਹੋਣ ਲਈ ਉਹ ਉਸਨੂੰ ਜ਼ਿੰਮੇਵਾਰ ਮੰਨਣ ਲੱਗੇ ਸਨ। ਮਹਿੰਗਾਈ ਦਰ 40 ਫੀਸਦੀ ਤੱਕ ਵਧ ਗਈ ਸੀ।"

"ਈਰਾਨੀ ਮੁਦਰਾ ਰਿਆਲ ਦੀ ਕੀਮਤ ਅੱਧੀ ਰਹਿ ਗਈ ਸੀ ਅਤੇ ਬੇਰੁਜ਼ਗਾਰੀ ਦੀ ਦਰ 30 ਫੀਸਦੀ ਹੋ ਗਈ ਸੀ। ਹਾਲਾਂਕਿ ਉਦੋਂ ਤੱਕ ਖ਼ਾਤਮੀ ਈਰਾਨ ਦੀ ਰਾਜਨੀਤੀ ਵਿੱਚ ਕੋਈ ਵੱਡਾ ਨਾਮ ਨਹੀਂ ਸਨ, ਪਰ ਜਿਵੇਂ-ਜਿਵੇਂ ਚੋਣ ਪ੍ਰਚਾਰ ਨੇ ਜ਼ੋਰ ਫੜਿਆ, ਉਨ੍ਹਾਂ ਦਾ ਨਾਮ ਬਦਲਾਅ ਦਾ ਪ੍ਰਤੀਕ ਬਣ ਗਿਆ।"

ਖ਼ਾਤਮੀ ਨੇ ਚੋਣ ਜਿੱਤਦਿਆਂ ਹੀ ਸਭ ਤੋਂ ਵੱਡੀ ਪਹਿਲ ਸਾਊਦੀ ਅਰਬ ਅਤੇ ਹੋਰ ਖਾੜੀ ਮੁਲਕਾਂ ਨਾਲ ਆਪਣੇ ਸਬੰਧ ਸੁਧਾਰਨ ਦੀ ਕੀਤੀ।

ਇੰਨਾ ਹੀ ਨਹੀਂ, ਉਨ੍ਹਾਂ ਨੇ ਸਤੰਬਰ 1998 ਵਿੱਚ ਸਲਮਾਨ ਰਸ਼ਦੀ ਦੇ ਖਿਲਾਫ ਜਾਰੀ ਫਤਵੇ ਨੂੰ ਵੀ ਵਾਪਸ ਲੈ ਲਿਆ।

ਖ਼ਾਮੇਨਈ ਦੇ ਖਿਲਾਫ ਵਿਰੋਧੀ ਧਿਰ ਇਕਜੁੱਟ ਨਹੀਂ

ਸਾਲ 2005 ਵਿੱਚ ਮਹਿਮੂਦ ਅਹਿਮਦੀਨੇਜਾਦ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਰਾਨ ਆਪਣੀਆਂ ਪੁਰਾਣੀਆਂ ਨੀਤੀਆਂ 'ਤੇ ਵਾਪਸ ਚਲਾ ਗਿਆ। ਖ਼ਾਮੇਨਈ ਨੇ ਆਤਮ-ਨਿਰਭਰਤਾ, ਮਜ਼ਬੂਤ ਰੱਖਿਆ ਸਮਰੱਥਾ ਅਤੇ ਚੀਨ-ਰੂਸ ਵੱਲ ਝੁਕਾਅ ਨੂੰ ਆਪਣੀ ਮੁੱਖ ਨੀਤੀ ਬਣਾਇਆ।

ਅਮਰੀਕਾ ਅਤੇ ਇਜ਼ਰਾਈਲ ਵਿਰੋਧ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਹਿੱਸਾ ਬਣਿਆ ਰਿਹਾ, ਪਰ ਜਦੋਂ ਵੀ ਈਰਾਨ 'ਤੇ ਕੋਈ ਗੰਭੀਰ ਖ਼ਤਰਾ ਆਇਆ, ਉਨ੍ਹਾਂ ਨੇ ਲਚਕੀਲਾਪਣ ਦਿਖਾਉਣ ਤੋਂ ਗੁਰੇਜ਼ ਨਹੀਂ ਕੀਤਾ।

ਅਮੀਨ ਸੈਕਲ ਆਪਣੀ ਕਿਤਾਬ 'ਇਰਾਨ ਰਾਈਜ਼ਿੰਗ: ਦਾ ਸਰਵਾਈਵਲ ਐਂਡ ਫਿਊਚਰ ਆਫ਼ ਇਸਲਾਮਿਕ ਰਿਪਬਲਿਕ' ਵਿੱਚ ਲਿਖਦੇ ਹਨ, "ਖ਼ਾਮੇਨਈ ਕੋਲ ਬੇਅੰਤ ਸੰਵਿਧਾਨਕ ਅਤੇ ਧਾਰਮਿਕ ਸ਼ਕਤੀ ਹੈ। ਉਨ੍ਹਾਂ ਨੇ ਈਰਾਨ ਵਿੱਚ ਰਾਜ ਦੀ ਸ਼ਕਤੀ ਵਧਾਉਣ ਵਾਲੇ ਕਈ ਸਾਧਨਾਂ ਜਿਵੇਂ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਅਤੇ ਇਸਦੀ ਪੈਰਾ-ਮਿਲਟਰੀ ਸ਼ਾਖਾ 'ਬਸੀਜ਼' ਦੇ ਵਿਸਥਾਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੁਣ ਵੀ ਕਈ ਇਰਾਨੀ ਲੋਕ ਸਰਕਾਰ ਤੋਂ ਅਸੰਤੁਸ਼ਟ ਹਨ, ਪਰ ਉਸ ਵਿਰੁੱਧ ਦੇਸ ਨੂੰ ਜੋੜਨ ਵਾਲਾ ਕੋਈ ਸੰਗਠਿਤ ਵਿਰੋਧੀ ਨੇਤਾ ਉੱਭਰ ਕੇ ਸਾਹਮਣੇ ਨਹੀਂ ਆਇਆ ਹੈ।"

ਸ਼ਾਹ ਦੇ ਪੁੱਤ ਦੀ ਚੁਣੌਤੀ 'ਤੇ ਸਵਾਲ

ਇਰਾਨ ਦੇ ਸਾਬਕਾ ਸ਼ਾਹ, ਮੁਹੰਮਦ ਰਜ਼ਾ ਪਹਿਲਵੀ ਦੇ ਬੇਟੇ ਰਜ਼ਾ ਪਹਿਲਵੀ ਪਿਛਲੇ ਦਿਨੀਂ ਕੁਝ ਹਰਮਨ-ਪਿਆਰੇ ਹੋ ਰਹੇ ਹਨ।

ਪਿਛਲੇ ਦਿਨੀਂ ਐਕਸ (ਪਹਿਲਾਂ ਟਵਿੱਟਰ) 'ਤੇ ਦਿੱਤੇ ਬਿਆਨਾਂ ਵਿੱਚ ਉਨ੍ਹਾਂ ਨੇ ਆਪਣੇ ਦੇਸ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ "ਉਹ 46 ਸਾਲਾਂ ਤੋਂ ਚੱਲੀ ਆ ਰਹੀ ਜੰਗ ਦਾ ਅੰਤ ਕਰਨ। ਈਰਾਨ ਦੇ ਸ਼ਾਸਕਾਂ ਦਾ ਆਪਣੇ ਹੀ ਲੋਕਾਂ ਨੂੰ ਕੁਚਲਣ ਦਾ ਕੁਚੱਕਰ ਢਹਿ-ਢੇਰੀ ਹੋ ਰਿਹਾ ਹੈ। ਇਸ ਭਿਆਨਕ ਸੁਪਨੇ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਇੱਕ ਦੇਸ਼ ਵਿਆਪੀ ਅੰਦੋਲਨ ਦੀ ਲੋੜ ਹੈ।"

ਆਪਣੇ ਪਿਤਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿੱਚ ਜਲਾਵਤਨੀ ਕੱਟੀ ਹੈ, ਪਰ ਅਮਰੀਕਾ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਕਾਰਨ ਉਨ੍ਹਾਂ ਨੂੰ ਇਰਾਨ ਵਿੱਚ ਕਿੰਨੀ ਗੰਭੀਰਤਾ ਨਾਲ ਲਿਆ ਜਾਵੇਗਾ, ਇਸ 'ਤੇ ਕਈ ਸਵਾਲ ਉੱਠੇ ਹਨ।

ਜੇਕਰ ਉਹ ਕਦੇ ਅਮਰੀਕਾ ਦੀ ਮਦਦ ਨਾਲ ਸੱਤਾ ਵਿੱਚ ਵਾਪਸ ਆਉਂਦੇ ਵੀ ਹਨ, ਤਾਂ ਉਨ੍ਹਾਂ ਨੂੰ ਵੀ ਉਸੇ ਸਿਆਸੀ ਵੈਧਤਾ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦਾ ਸਾਹਮਣਾ ਉਨ੍ਹਾਂ ਦੇ ਪਿਤਾ ਨੇ ਕੀਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)