ਲਾਲਜੀਤ ਭੁੱਲਰ: ਆੜ੍ਹਤੀਏ ਤੋਂ ਮੰਤਰੀ ਬਣਨ ਤੱਕ ਦਾ ਸਫ਼ਰ, ਪਹਿਲਾਂ ਕਿਹੜੀਆਂ ਪਾਰਟੀਆਂ 'ਚ ਰਹੇ

ਤਸਵੀਰ ਸਰੋਤ, Laljit Singh Bhullar/FB

ਤਸਵੀਰ ਕੈਪਸ਼ਨ, ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਸਤੀਫ਼ਾ ਵੀ ਮਨਜ਼ੂਰ ਕਰ ਲਿਆ ਗਿਆ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਹੋ ਗਈ ਹੈ ਅਤੇ ਉਨ੍ਹਾਂ ਵੱਲੋਂ ਸੂਬੇ ਦੇ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਵੀ ਮਨਜ਼ੂਰ ਕਰ ਲਿਆ ਗਿਆ ਹੈ।

ਪੀੜਤ ਪਰਿਵਾਰ ਅਤੇ ਵਿਰੋਧੀ ਪਾਰਟੀਆਂ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ।

ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀਏ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਨੇ 21 ਮਾਰਚ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 108, 351(3) ਅਤੇ 3(5) ਤਹਿਤ ਐੱਫਆਈਆਰ ਦਰਜ ਕੀਤੀ ਸੀ।

ਮ੍ਰਿਤਕ ਦੀ ਪਤਨੀ ਨੇ ਕਿਹਾ ਸੀ ਕਿ ਜਦੋਂ ਤੱਕ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।

Sorry, we can’t display this part of the story on this lightweight mobile page.

ਪੂਰਾ ਮਾਮਲਾ

ਲਾਲਜੀਤ ਸਿੰਘ ਭੁੱਲਰ ਦੇ ਖ਼ਿਲਾਫ਼ ਡਿਸਟ੍ਰਿਕ ਮੈਨੇਜਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿੱਚ ਲੰਘੀ 21 ਮਾਰਚ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਹੋਈ ਸੀ।

ਇਸ ਦੇ ਨਾਲ ਹੀ ਮ੍ਰਿਤਕ ਗਗਨਦੀਪ ਰੰਧਾਵਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਲਾਲਜੀਤ ਸਿੰਘ ਭੁੱਲਰ 'ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ।

ਰਿਸ਼ਤੇਦਾਰਾਂ ਦੇ ਮੁਤਾਬਕ, "ਉਨ੍ਹਾਂ 'ਤੇ ਲਾਲਜੀਤ ਭੁੱਲਰ ਵੱਲੋਂ ਆਪਣੇ ਪਿਤਾ ਦੇ ਹੱਕ ਵਿੱਚ ਟੈਂਡਰ ਪਾਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਟੈਂਡਰ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨਾਲ ਕੁੱਟਮਾਰ ਅਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ।"

ਪੁਲਿਸ ਮੁਤਾਬਕ ਮ੍ਰਿਤਕ ਗਗਨਦੀਪ ਸਿੰਘ ਰੰਧਾਵਾ ਨੂੰ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਈਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਖੁਦਕੁਸ਼ੀ ਕਰਨ ਵਾਲੇ ਮੁਲਾਜ਼ਮ ਦਾ ਪਰਿਵਾਰ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜਿਆ ਹੋਇਆ ਸੀ। ਮ੍ਰਿਤਕ ਦੀ ਪਤਨੀ ਨੇ ਕਿਹਾ ਸੀ ਕਿ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ, ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।

ਉਧਰ, ਮ੍ਰਿਤਕ ਦੀ ਪਤਨੀ ਓਪਿੰਦਰ ਕੌਰ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਆਂ ਲਈ ਉਨ੍ਹਾਂ ਦੇ ਨਾਲ ਆਉਣ।

ਗ੍ਰਿਫ਼ਤਾਰੀ ਬਾਰੇ ਲਾਲਜੀਤ ਭੁੱਲਰ ਕੀ ਬੋਲੇ

ਤਸਵੀਰ ਸਰੋਤ, Laljit Singh Bhullar/FB

ਲਾਲਜੀਤ ਸਿੰਘ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਪਾ ਕੇ ਆਤਮ-ਸਮਰਪਣ ਦੀ ਗੱਲ ਆਖੀ ਹੈ।

ਉਨ੍ਹਾਂ ਨੇ ਲਿਖਿਆ, "ਮੈਂ ਹਰ ਵਾਰ ਆਪਣੇ ਹਰ ਕਦਮ ਦੀ ਸ਼ੁਰੂਆਤ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕੀਤੀ ਹੈ। ਮੇਰੇ ਲਈ ਮੇਰੇ ਲੋਕ ਹੀ ਮੇਰਾ ਰੱਬ ਹਨ, ਉਨ੍ਹਾਂ ਦੇ ਚਿਹਰਿਆਂ ਵਿੱਚ ਮੈਂ ਹਮੇਸ਼ਾ ਰੱਬ ਦੀ ਝਲਕ ਵੇਖੀ ਹੈ। ਮੇਰੀ ਜ਼ਿੰਦਗੀ ਦਾ ਹਰ ਫ਼ੈਸਲਾ ਉਨ੍ਹਾਂ ਦੀ ਭਲਾਈ ਅਤੇ ਸੱਚਾਈ ਦੇ ਰਾਹ 'ਤੇ ਚੱਲਣ ਲਈ ਹੀ ਰਿਹਾ ਹੈ।"

"ਪਰ ਅੱਜ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਕਿ ਮੈਂ ਫਰਾਰ ਹੋ ਗਿਆ ਹਾਂ… ਇਹ ਸੱਚ ਨਹੀਂ ਹੈ। ਮੈਂ ਕਦੇ ਵੀ ਸੱਚ ਤੋਂ ਭੱਜਣ ਵਾਲਾ ਨਹੀਂ ਹਾਂ। ਮੈਨੂੰ ਦੇਸ਼ ਦੇ ਕਾਨੂੰਨ 'ਤੇ ਪੂਰਾ ਭਰੋਸਾ ਹੈ, ਅਤੇ ਨਿਆਂ ਪ੍ਰਣਾਲੀ 'ਤੇ ਵੀ ਅਟੱਲ ਵਿਸ਼ਵਾਸ ਹੈ।"

"ਮੈਂ ਕਿਤੇ ਵੀ ਨਹੀਂ ਭੱਜਿਆ, ਮੈਂ ਆਪਣੇ ਪੰਜਾਬ ਵਿੱਚ ਹੀ ਹਾਂ। ਸੱਚਾਈ ਅਤੇ ਇਨਸਾਫ 'ਤੇ ਯਕੀਨ ਰੱਖਦਿਆਂ, ਮੈਂ ਖੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ ਸਮਰਪਣ ਕਰ ਰਿਹਾ ਹਾਂ।"

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਤਸਵੀਰ ਸਰੋਤ, Laljit Bhullar/Twitter

ਤਸਵੀਰ ਕੈਪਸ਼ਨ, ਲਾਲਜੀਤ ਸਿੰਘ ਭੁੱਲਰ ਸਾਲ 2022 ਵਿੱਚ ਵਿਧਾਨ ਸਭਾ ਵਿੱਚ ਚੁਣੇ ਗਏ ਸਨ

ਲਾਲਜੀਤ ਭੁੱਲਰ ਕੌਣ ਹਨ?

ਲਾਲਜੀਤ ਸਿੰਘ ਭੁੱਲਰ ਸਾਲ 2022 ਵਿੱਚ ਵਿਧਾਨ ਸਭਾ ਦੀ ਚੋਣ ਜਿੱਤੇ ਸਨ। ਉਹ ਪੰਥਕ ਹਲਕਾ ਮੰਨੀ ਜਾਣ ਵਾਲੀ ਸੀਟ ਪੱਟੀ ਤੋਂ ਵਿਧਾਇਕ ਬਣੇ ਸਨ।

ਭਾਵੇਂ ਉਹ ਪੰਥਕ ਸਿਆਸਤ ਵਿੱਚ ਖ਼ਾਸ ਸਰਗਰਮ ਨਹੀਂ ਰਹੇ, ਫਿਰ ਵੀ ਉਹ ਇਸ ਹਲਕੇ ਤੋਂ ਚੋਣ ਜਿੱਤਣ ਵਿੱਚ ਕਾਮਯਾਬ ਰਹੇ।

ਲਾਲਜੀਤ ਭੁੱਲਰ ਪੱਟੀ ਦੇ ਰਹਿਣ ਵਾਲੇ ਹਨ ਅਤੇ 12ਵੀਂ ਤੱਕ ਪੜ੍ਹੇ ਹਨ। ਉਨ੍ਹਾਂ ਨੂੰ 16ਵੀਂ ਪੰਜਾਬ ਵਿਧਾਨ ਸਭਾ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ।

ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਨ੍ਹਾਂ ਚੌਣਵੇਂ ਮੰਤਰੀਆਂ ਵਿੱਚੋਂ ਸਨ, ਜੋ ਸ਼ੁਰੂ ਤੋਂ ਹੀ ਮੰਤਰੀ ਮੰਡਲ ਦਾ ਹਿੱਸਾ ਰਹੇ।

ਮੌਜੂਦਾ ਸਮੇਂ ਉਹ ਟਰਾਂਸਪੋਰਟ, ਪੇਂਡੂ ਵਿਕਾਸ, ਜੇਲ੍ਹ ਵਿਭਾਗ ਅਤੇ ਪੰਚਾਇਤ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਆੜ੍ਹਤੀਏ ਤੋਂ ਮੰਤਰੀ ਮੰਡਲ ਤੱਕ ਦਾ ਸਫ਼ਰ

ਤਸਵੀਰ ਸਰੋਤ, Ranjeet Singh Cheema

ਤਸਵੀਰ ਕੈਪਸ਼ਨ, 20 ਮਾਰਚ 2020 ਨੂੰ ਲਾਲਜੀਤ ਭੁੱਲਰ ਨੂੰ ਆਪ ਵਿੱਚ ਜੁਆਇੰਨ ਕਰਵਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਰਣਜੀਤ ਸਿੰਘ ਚੀਮਾ

ਤਰਨ ਤਾਰਨ ਜ਼ਿਲ੍ਹੇ ਤੋਂ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਗੁਰਬਖ਼ਸ਼ਪੁਰੀ ਦੱਸਦੇ ਹਨ, "ਸਾਬਕਾ ਮੰਤਰੀ ਲਾਲਜੀਤ ਭੁੱਲਰ ਪੱਟੀ ਕਸਬੇ ਦੇ ਵਸਨੀਕ, ਜ਼ਮੀਂਦਾਰ ਅਤੇ ਆੜ੍ਹਤੀਏ ਹਨ। ਉਨ੍ਹਾਂ ਨੇ ਸਿਆਸਤ ਦੀ ਸ਼ੁਰੂਆਤ ਆੜ੍ਹਤੀਏ ਹੁੰਦਿਆਂ ਕੀਤੀ ਅਤੇ ਆੜ੍ਹਤੀਆਂ ਦੇ ਆਗੂ ਵਜੋਂ ਵੀ ਜਾਣੇ ਜਾਂਦੇ ਰਹੇ।"

"ਸਭ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ। ਉਸ ਪਾਰਟੀ ਵਿੱਚ ਸਰਗਰਮ ਰਹਿਣ ਤੋਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਗਏ। ਫਿਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਉਨ੍ਹਾਂ ਨੂੰ ਪੱਟੀ ਤੋਂ ਟਿਕਟ ਦਿੱਤੀ।"

ਪੱਟੀ ਹਲਕੇ ਵਿੱਚ ਉਨ੍ਹਾਂ ਨਾਲ ਕੰਮ ਕਰਦੇ ਰਹੇ ਅਵਤਾਰ ਸਿੰਘ ਦੱਸਦੇ ਹਨ, "ਲਾਲਜੀਤ ਭੁੱਲਰ ਆੜ੍ਹਤੀਆ ਐਸੋਸੀਏਸ਼ਨ ਵਿੱਚ ਅਹੁਦੇਦਾਰ ਵੀ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।"

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਚੀਮਾ ਕਹਿੰਦੇ ਹਨ, "ਮੈਂ ਖੁਦ 2020 ਵਿੱਚ ਲਾਲਜੀਤ ਭੁੱਲਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਇਸ ਤੋਂ ਪਹਿਲਾਂ ਉਹ ਕਾਂਗਰਸ ਅਤੇ ਅਕਾਲੀ ਦਲ ਵਿੱਚ ਸਰਗਰਮ ਸਨ।"

"'ਆਪ' ਵਿੱਚ ਆਉਣ ਤੋਂ ਪਹਿਲਾਂ ਉਹ ਪੱਟੀ ਦਾਣਾ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ।"

ਰਣਜੀਤ ਸਿੰਘ ਚੀਮਾ ਨੇ ਵੀ ਸਾਲ 2017 ਵਿੱਚ ਪੱਟੀ ਹਲਕੇ ਤੋਂ ਚੋਣ ਲੜੀ ਸੀ ਅਤੇ ਹੁਣ ਉਹ ਰਾਜ ਜਲ ਸਰੋਤ ਕਾਰਪੋਰੇਸ਼ਨ ਦੇ ਚੇਅਰਮੈਨ ਹਨ।

ਦਿੱਗਜਾਂ ਨੂੰ ਮਾਤ

ਸਾਲ 2022 ਦੀਆਂ ਚੋਣਾਂ ਵਿੱਚ ਲਾਲਜੀਤ ਭੁੱਲਰ ਨੇ ਅਕਾਲੀ ਦਲ ਦੇ ਦਿੱਗਜ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ।

ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਹਨ ਅਤੇ ਉਹ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹਨ। ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਕਈ ਵਾਰ ਮੰਤਰੀ ਮੰਡਲ ਦਾ ਹਿੱਸਾ ਵੀ ਰਹੇ ਹਨ।

ਤਸਵੀਰ ਸਰੋਤ, Laljit Singh Bhullar/FB

ਤਸਵੀਰ ਕੈਪਸ਼ਨ, ਲਾਲਜੀਤ ਭੁੱਲਰ ਸਾਲ 2024 ਵਿੱਚ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ ਵਿੱਚ ਬੰਦ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਤੋਂ ਹਾਰ ਗਏ ਸਨ

ਖਡੂਰ ਸਾਹਿਬ ਤੋਂ ਹਾਰੇ

ਲਾਲਜੀਤ ਭੁੱਲਰ ਨੇ ਸਾਲ 2024 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਸੀ, ਪਰ ਉਹ ਜੇਲ੍ਹ ਵਿੱਚ ਬੰਦ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਤੋਂ ਹਾਰ ਗਏ।

ਅਮ੍ਰਿਤਪਾਲ ਸਿੰਘ ਨੇ ਇਹ ਚੋਣ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ।

ਜਾਇਦਾਦ ਕਿੰਨੀ ਹੈ?

ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਾਖ਼ਲ ਕੀਤੇ ਹਲਫ਼ਨਾਮੇ ਮੁਤਾਬਕ, ਲਾਲਜੀਤ ਭੁੱਲਰ ਕੋਲ 2.68 ਕਰੋੜ ਰੁਪਏ ਦੀ ਚੱਲ ਅਤੇ 4.72 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।

ਉਨ੍ਹਾਂ ਦੀ ਪਤਨੀ ਕੋਲ 1.42 ਕਰੋੜ ਰੁਪਏ ਦੀ ਅਚੱਲ ਅਤੇ 31.50 ਲੱਖ ਰੁਪਏ ਦੀ ਚੱਲ ਜਾਇਦਾਦ ਹੈ।

ਭੁੱਲਰ ਕੋਲ ਲਗਭਗ 17 ਏਕੜ 6 ਕਨਾਲ਼ ਅਤੇ ਉਨ੍ਹਾਂ ਦੀ ਪਤਨੀ ਕੋਲ 7 ਏਕੜ 7 ਕਨਾਲ਼ ਤੋਂ ਵੱਧ ਵਾਹੀਯੋਗ ਜ਼ਮੀਨ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)