ਮੋਜਤਬਾ ਖ਼ਾਮੇਨਈ ਕੌਣ ਹਨ, ਜੋ ਈਰਾਨ ਦੇ ਨਵੇਂ ਸੁਪਰੀਮ ਲੀਡਰ ਬਣੇ ਹਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਮੋਜਤਬਾ ਖ਼ਾਮੇਨਈ ਈਰਾਨ ਦੇ ਨਵੇਂ ਸੁਪਰੀਮ ਲੀਡਰ ਚੁਣੇ ਗਏ ਹਨ
    • ਲੇਖਕ, ਬੀਬੀਸੀ ਨਿਊਜ਼ ਫ਼ਾਰਸੀ
  • ਪੜ੍ਹਨ ਦਾ ਸਮਾਂ: 7 ਮਿੰਟ

ਅਯਾਤੁੱਲਾ ਅਲੀ ਖ਼ਾਮੇਨਈ ਦੇ ਪੁੱਤਰ ਮੋਜਤਬਾ ਖ਼ਾਮੇਨਈ ਈਰਾਨ ਦੇ ਨਵੇਂ ਸੁਪਰੀਮ ਲੀਡਰ ਚੁਣੇ ਗਏ ਹਨ।

ਅਸੈਂਬਲੀ ਆਫ਼ ਐਕਸਪਰਟਸ ਨੇ ਦੇਸ਼ ਦੇ ਨਵੇਂ ਆਗੂ ਵਜੋਂ ਉਨ੍ਹਾਂ ਨੂੰ ਚੁਣ ਲਿਆ ਹੈ। ਇਹ ਜਾਣਕਾਰੀ ਈਰਾਨ ਦੇ ਸਰਕਾਰੀ ਮੀਡੀਆ ਨੇ ਦਿੱਤੀ ਹੈ।

ਅਸੈਂਬਲੀ ਆਫ਼ ਐਕਸਪਰਟਸ 88 ਮੈਂਬਰਾਂ ਵਾਲੀ ਧਾਰਮਿਕ ਸੰਸਥਾ ਹੈ, ਜਿਸ ਦੀ ਜ਼ਿੰਮੇਵਾਰੀ ਸੁਪਰੀਮ ਲੀਡਰ ਦੀ ਚੋਣ ਕਰਨੀ ਸੀ।

ਸੰਸਥਾ ਦੇ ਇੱਕ ਬਿਆਨ ਨੂੰ ਸਰਕਾਰੀ ਟੀਵੀ 'ਤੇ ਐਂਕਰ ਨੇ ਪੜ੍ਹ ਕੇ ਸੁਣਾਇਆ।

ਬਿਆਨ ਵਿੱਚ ਕਿਹਾ ਗਿਆ "ਜੰਗ ਦੇ ਬਹੁਤ ਹੀ ਗੰਭੀਰ ਹਾਲਾਤਾਂ ਅਤੇ ਸਾਡੀ ਸੰਸਥਾ ਦੇ ਖ਼ਿਲਾਫ਼ ਦੁਸ਼ਮਣਾਂ ਦੀਆਂ ਸਿੱਧੀਆਂ ਧਮਕੀਆਂ ਦੇ ਬਾਵਜੂਦ, ਅਤੇ ਅਸੈਂਬਲੀ ਆਫ਼ ਐਕਸਪਰਟਸ ਦੇ ਸਕੱਤਰੇਤ ਦੇ ਦਫਤਰਾਂ 'ਤੇ ਬੰਬਾਰੀ ਦੇ ਬਾਵਜੂਦ, ਉਸ ਦੇ ਕਈ ਕਰਮਚਾਰੀਆਂ ਅਤੇ ਸੁਰੱਖਿਆ ਟੀਮ ਦੇ ਮੈਂਬਰਾਂ ਦੇ ਸ਼ਹੀਦ ਹੋ ਜਾਣ ਦੇ ਬਾਵਜੂਦ, ਇਸਲਾਮੀ ਪ੍ਰਣਾਲੀ ਦੇ ਅਗਵਾਈ ਦੀ ਚੋਣ ਅਤੇ ਐਲਾਨ ਕਰਨ ਦੀ ਪ੍ਰਕਿਰਿਆ ਇੱਕ ਪਲ ਲਈ ਵੀ ਨਹੀਂ ਰੁਕੀ।"

ਇਸ ਤੋਂ ਬਾਅਦ ਐਂਕਰ ਨੇ ਨਾਅਰਾ ਲਗਾਇਆ- "ਅੱਲਾਹੁ ਅਕਬਰ, ਅੱਲਾਹੁ ਅਕਬਰ, ਖ਼ਾਮੇਨਈ ਹੀ ਰਹਬਰ।"

ਅਮਰੀਕਾ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੂੰ ਖਦਸ਼ਾ ਸੀ ਕਿ ਉਨ੍ਹਾਂ ਦੇ ਪੁੱਤਰ ਮੋਜਤਬਾ ਖ਼ਾਮੇਨਈ ਵੀ ਮਾਰੇ ਗਏ ਹਨ।

ਕਈ ਦਿਨਾਂ ਤੱਕ ਮੋਜਤਬਾ ਬਾਰੇ ਕੋਈ ਖ਼ਬਰ ਨਹੀਂ ਆਈ। ਪਰ ਤਿੰਨ ਮਾਰਚ ਨੂੰ ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਮੋਜਤਬਾ ਜ਼ਿੰਦਾ ਹਨ ਅਤੇ ਦੇਸ਼ ਦੇ 'ਮਹੱਤਵਪੂਰਣ ਮਾਮਲਿਆਂ 'ਤੇ ਸਲਾਹ-ਮਸ਼ਵਰਾ ਅਤੇ ਸਮੀਖਿਆ' ਵਿੱਚ ਲੱਗੇ ਹੋਏ ਹਨ।

Sorry, we can’t display this part of the story on this lightweight mobile page.

ਕੀ ਮੋਜਤਬਾ ਖ਼ਾਮੇਨਈ ਦੀ ਚੋਣ ਵਿਵਾਦ ਪੈਦਾ ਕਰ ਸਕਦੀ ਹੈ?

ਤਸਵੀਰ ਸਰੋਤ, Rouzbeh Fouladi / Middle East Images / AFP via Getty Images

ਤਸਵੀਰ ਕੈਪਸ਼ਨ, 2000 ਦੇ ਦਹਾਕੇ ਦੇ ਅੰਤ ਵਿੱਚ ਵਿਕੀਲੀਕਸ ਵੱਲੋਂ ਜਾਰੀ ਕੀਤੇ ਅਮਰੀਕੀ ਕੂਟਨੀਤਕ ਦਸਤਾਵੇਜ਼ਾਂ ਵਿੱਚ ਉਨ੍ਹਾਂ ਨੂੰ 'ਪਰਦੇ ਦੇ ਪਿੱਛੇ ਦੀ ਅਸਲੀ ਤਾਕਤ' ਵਜੋਂ ਦੱਸਿਆ ਗਿਆ ਸੀ

ਆਪਣੇ ਪਿਤਾ ਦੇ ਉਲਟ, ਮੋਜਤਬਾ ਨੇ ਹਮੇਸ਼ਾ ਲੋ ਪ੍ਰੋਫ਼ਾਈਲ ਬਣਾਈ ਰੱਖੀ ਹੈ। ਉਨ੍ਹਾਂ ਨੇ ਕਦੇ ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲਿਆ। ਨਾ ਉਹ ਜਨਤਕ ਭਾਸ਼ਣ ਦਿੰਦੇ ਹਨ, ਨਾ ਇੰਟਰਵਿਊ, ਅਤੇ ਉਨ੍ਹਾਂ ਦੀਆਂ ਬਹੁਤ ਘੱਟ ਤਸਵੀਰਾਂ ਅਤੇ ਵੀਡੀਓ ਪ੍ਰਕਾਸ਼ਿਤ ਹੋਈਆਂ ਹਨ।

ਸਮਾਚਾਰ ਏਜੰਸੀ ਏਪੀ ਦੇ ਮੁਤਾਬਕ, 2000 ਦੇ ਦਹਾਕੇ ਦੇ ਅੰਤ ਵਿੱਚ ਵਿਕੀਲੀਕਸ ਵੱਲੋਂ ਜਾਰੀ ਕੀਤੇ ਅਮਰੀਕੀ ਕੂਟਨੀਤਕ ਦਸਤਾਵੇਜ਼ਾਂ ਵਿੱਚ ਉਨ੍ਹਾਂ ਨੂੰ 'ਪਰਦੇ ਦੇ ਪਿੱਛੇ ਦੀ ਅਸਲੀ ਤਾਕਤ' ਵਜੋਂ ਦੱਸਿਆ ਗਿਆ ਸੀ, ਜਿਨ੍ਹਾਂ ਨੂੰ ਸ਼ਾਸਨ ਦੇ ਅੰਦਰ ਇੱਕ 'ਸਮਰੱਥ ਅਤੇ ਦ੍ਰਿੜ੍ਹ ਆਗੂ' ਮੰਨਿਆ ਜਾਂਦਾ ਹੈ।

ਪਰ ਮੋਜਤਬਾ ਖ਼ਾਮੇਨਈ ਦੀ ਚੋਣ ਵਿਵਾਦ ਪੈਦਾ ਕਰ ਸਕਦੀ ਹੈ। ਇਸਲਾਮੀ ਗਣਰਾਜ ਦੀ ਸਥਾਪਨਾ 1979 ਵਿੱਚ ਉਸ ਵੇਲੇ ਹੋਈ ਸੀ ਜਦੋਂ ਰਾਜਸ਼ਾਹੀ ਨੂੰ ਹਟਾਇਆ ਗਿਆ ਸੀ।

ਇਸ ਦੀ ਵਿਚਾਰਧਾਰਾ, ਇਸ ਸਿਧਾਂਤ 'ਤੇ ਆਧਾਰਿਤ ਹੈ ਕਿ ਸੁਪਰੀਮ ਲੀਡਰ ਦੀ ਚੋਣ ਉਸ ਦੇ ਧਾਰਮਿਕ ਮਾਣ-ਸਨਮਾਣ ਅਤੇ ਸਾਬਤ ਹੋ ਚੁੱਕੀ ਲੀਡਰਸ਼ਿਪ ਯੋਗਤਾ ਦੇ ਆਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਵਿਰਾਸਤੀ ਉਤਰਾਧਿਕਾਰ ਦੇ ਆਧਾਰ 'ਤੇ।

ਅਲੀ ਖ਼ਾਮੇਨਈ ਨੇ ਇਸਲਾਮੀ ਗਣਰਾਜ ਦੇ ਭਵਿੱਖ ਦੀ ਅਗਵਾਈ ਬਾਰੇ ਕੇਵਲ ਆਮ ਗੱਲਾਂ ਕੀਤੀਆਂ ਸਨ।

ਦੋ ਸਾਲ ਪਹਿਲਾਂ, ਅਸੈਂਬਲੀ ਆਫ਼ ਐਕਸਪਰਟਸ ਦੇ ਇੱਕ ਮੈਂਬਰ ਨੇ ਕਿਹਾ ਸੀ ਕਿ ਅਲੀ ਖ਼ਾਮੇਨਈ, ਮੋਜਤਬਾ ਦੇ ਭਵਿੱਖ ਵਿੱਚ ਲੀਡਰ ਬਣਨ ਦੇ ਵਿਚਾਰ ਦੇ ਖ਼ਿਲਾਫ਼ ਸਨ। ਪਰ ਉਨ੍ਹਾਂ ਨੇ ਕਦੇ ਜਨਤਕ ਤੌਰ 'ਤੇ ਅਜਿਹੀਆਂ ਅਟਕਲਾਂ 'ਤੇ ਟਿੱਪਣੀ ਨਹੀਂ ਕੀਤੀ।

ਕੌਣ ਹਨ ਮੋਜਤਬਾ ਖ਼ਾਮੇਨਈ

ਤਸਵੀਰ ਸਰੋਤ, West Asia News Agency Via Reuters

ਤਸਵੀਰ ਕੈਪਸ਼ਨ, ਈਰਾਨੀ ਮੀਡੀਆ ਦੇ ਮੁਤਾਬਕ, 17 ਸਾਲ ਦੀ ਉਮਰ ਵਿੱਚ ਮੋਜਤਬਾ ਨੇ ਈਰਾਨ-ਇਰਾਕ ਜੰਗ ਦੌਰਾਨ ਕੁਝ ਛੋਟੇ-ਛੋਟੇ ਅੰਤਰਾਲਾਂ ਵਿੱਚ ਫੌਜ ਵਿੱਚ ਸੇਵਾ ਦਿੱਤੀ

8 ਸਤੰਬਰ 1969 ਨੂੰ ਈਰਾਨ ਦੇ ਉੱਤਰ-ਪੂਰਬੀ ਸ਼ਹਿਰ ਮਸ਼ਹਦ ਵਿੱਚ ਜਨਮੇ ਮੋਜਤਬਾ, ਅਲੀ ਖ਼ਾਮੇਨਈ ਦੇ ਛੇ ਬੱਚਿਆਂ ਵਿੱਚੋਂ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ ਤੇਹਰਾਨ ਦੇ ਧਾਰਮਿਕ 'ਅਲਾਵੀ ਸਕੂਲ' ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ ਹੈ।

ਈਰਾਨੀ ਮੀਡੀਆ ਦੇ ਮੁਤਾਬਕ, 17 ਸਾਲ ਦੀ ਉਮਰ ਵਿੱਚ ਮੋਜਤਬਾ ਨੇ ਈਰਾਨ-ਇਰਾਕ ਜੰਗ ਦੌਰਾਨ ਕੁਝ ਛੋਟੇ-ਛੋਟੇ ਅੰਤਰਾਲਾਂ ਵਿੱਚ ਫੌਜ ਵਿੱਚ ਸੇਵਾ ਦਿੱਤੀ। ਇਸ ਜੰਗ ਵਿੱਚ ਪੱਛਮੀ ਦੇਸ਼ਾਂ ਨੇ ਖੁੱਲ੍ਹ ਕੇ ਇਰਾਕ ਦਾ ਸਮਰਥਨ ਕੀਤਾ ਸੀ। ਇਸ ਨਾਲ ਈਰਾਨ ਦਾ ਅਮਰੀਕਾ ਅਤੇ ਪੱਛਮੀ ਦੇਸ਼ਾਂ ਪ੍ਰਤੀ ਅਵਿਸ਼ਵਾਸ ਹੋਰ ਗਹਿਰਾ ਹੋ ਗਿਆ ਸੀ।

ਸਾਲ 1999 ਵਿੱਚ ਮੋਜਤਬਾ ਆਪਣੀ ਧਾਰਮਿਕ ਪੜ੍ਹਾਈ ਜਾਰੀ ਰੱਖਣ ਲਈ ਕੁਮ ਗਏ। ਇਹ ਇੱਕ ਪਵਿੱਤਰ ਸ਼ਹਿਰ ਹੈ ਅਤੇ ਸ਼ੀਆ ਧਰਮ ਸ਼ਾਸਤਰ ਦੇ ਅਧਿਐਨ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ।

ਇਸ ਸਮੇਂ ਤੱਕ ਉਨ੍ਹਾਂ ਨੇ ਕਦੇ ਧਾਰਮਿਕ ਪਹਿਰਾਵੇ ਨਹੀਂ ਪਹਿਨੇ ਸਨ ਅਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਉਹ 30 ਸਾਲ ਦੀ ਉਮਰ ਵਿੱਚ ਪੜ੍ਹਨ ਲਈ ਮਦਰਸੇ ਕਿਉਂ ਗਏ, ਕਿਉਂਕਿ ਆਮ ਤੌਰ 'ਤੇ ਇਹ ਪੜ੍ਹਾਈ ਘੱਟ ਉਮਰ ਵਿੱਚ ਸ਼ੁਰੂ ਕੀਤੀ ਜਾਂਦੀ ਹੈ।

ਮੋਜਤਬਾ ਅਜੇ ਵੀ ਇੱਕ ਮੱਧ-ਪੱਧਰ ਦੇ ਧਰਮਗੁਰੂ ਹਨ, ਜੋ ਉਨ੍ਹਾਂ ਦੇ ਸੁਪਰੀਮ ਲੀਡਰ ਬਣਨ ਦੀ ਰਾਹ ਵਿੱਚ ਇੱਕ ਰੁਕਾਵਟ ਬਣ ਸਕਦਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 8 ਸਤੰਬਰ 1969 ਨੂੰ ਈਰਾਨ ਦੇ ਉੱਤਰ-ਪੂਰਬੀ ਸ਼ਹਿਰ ਮਸ਼ਹਦ ਵਿੱਚ ਜਨਮੇ ਮੋਜਤਬਾ, ਅਲੀ ਖ਼ਾਮੇਨਈ ਦੇ ਛੇ ਬੱਚਿਆਂ ਵਿੱਚੋਂ ਦੂਜੇ ਨੰਬਰ 'ਤੇ ਹਨ

ਪਿਛਲੇ ਦਿਨੀਂ ਈਰਾਨ ਵਿੱਚ ਸੱਤਾ ਕੇਂਦਰਾਂ ਨਾਲ ਜੁੜੀਆਂ ਕੁਝ ਮੀਡੀਆ ਸੰਸਥਾਵਾਂ ਅਤੇ ਅਧਿਕਾਰੀਆਂ ਨੇ ਮੋਜਤਬਾ ਖ਼ਾਮੇਨਈ ਨੂੰ 'ਅਯਾਤੁੱਲਾ' ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਜਾਣਕਾਰਾਂ ਨੂੰ ਲੱਗਦਾ ਹੈ ਕਿ ਇਹ ਬਦਲਾਅ ਉਨ੍ਹਾਂ ਦੇ ਧਾਰਮਿਕ ਕਦ ਨੂੰ ਉੱਚਾ ਦਿਖਾਉਣ ਅਤੇ ਉਨ੍ਹਾਂ ਨੂੰ ਦੇਸ਼ ਦੇ ਸੁਪਰੀਮ ਅਗਵਾਈ ਦੀ ਦੌੜ ਵਿੱਚ ਇੱਕ ਭਰੋਸੇਮੰਦ ਉਮੀਦਵਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵਰਗਾ ਹੈ।

ਮਦਰਸਿਆਂ ਦੀ ਪ੍ਰਣਾਲੀ ਵਿੱਚ 'ਅਯਾਤੁੱਲਾ' ਦਾ ਖਿਤਾਬ ਹੋਣਾ ਅਤੇ ਵੱਡੀਆਂ ਧਾਰਮਿਕ ਜਮਾਤਾਂ ਨੂੰ ਪੜ੍ਹਾਉਣਾ ਕਿਸੇ ਵਿਅਕਤੀ ਦੀ ਵਿਦਵਾਨ ਵਾਲੀ ਯੋਗਤਾ ਅਤੇ ਗਿਆਨ ਦਾ ਸਬੂਤ ਮੰਨਿਆ ਜਾਂਦਾ ਹੈ। ਇਹ ਭਵਿੱਖ ਵਿੱਚ ਆਗੂ ਚੁਣੇ ਜਾਣ ਦੀਆਂ ਲਾਜ਼ਮੀ ਸ਼ਰਤਾਂ ਵਿੱਚੋਂ ਇੱਕ ਹੈ।

ਪਰ ਇਹ ਪਹਿਲੀ ਵਾਰ ਨਹੀਂ ਹੋਵੇਗਾ।

ਸਾਲ 1989 ਵਿੱਚ ਜਦੋਂ ਅਲੀ ਖ਼ਾਮੇਨਈ ਦੂਜੇ ਸੁਪਰੀਮ ਲੀਡਰ ਬਣੇ ਸਨ, ਉਦੋਂ ਉਨ੍ਹਾਂ ਨੂੰ ਵੀ ਬਹੁਤ ਜਲਦੀ 'ਅਯਾਤੁੱਲਾ' ਦਾ ਦਰਜਾ ਦੇ ਦਿੱਤਾ ਗਿਆ ਸੀ।

ਸਿਆਸੀ ਦਖ਼ਲਅੰਦਾਜ਼ੀ ਦੇ ਇਲਜ਼ਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2009 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਹਨਾਂ ਨੂੰ "ਗ੍ਰੀਨ ਮੂਵਮੈਂਟ" ਕਿਹਾ ਗਿਆ

ਮੋਜਤਬਾ ਦਾ ਨਾਮ ਪਹਿਲੀ ਵਾਰ ਸਾਲ 2005 ਦੇ ਰਾਸ਼ਟਰਪਤੀ ਚੋਣਾਂ ਦੌਰਾਨ ਜਨਤਕ ਤੌਰ 'ਤੇ ਚਰਚਾ ਵਿੱਚ ਆਇਆ ਸੀ, ਜਿਸ ਵਿੱਚ ਕਟੜਪੰਥੀ ਆਗੂ ਮਹਮੂਦ ਅਹਮਦੀਨੇਜਾਦ ਦੀ ਜਿੱਤ ਹੋਈ ਸੀ।

ਸੁਧਾਰਵਾਦੀ ਉਮੀਦਵਾਰ ਮੇਹਦੀ ਕਰਰੂਬੀ ਨੇ ਖ਼ਾਮੇਨਈ ਨੂੰ ਲਿਖੇ ਇੱਕ ਖੁੱਲ੍ਹੇ ਪੱਤਰ ਵਿੱਚ ਇਲਜ਼ਾਮ ਲਗਾਇਆ ਸੀ ਕਿ ਮੋਜਤਬਾ ਨੇ ਚੋਣਾਂ ਵਿੱਚ ਦਖ਼ਲ ਦੇ ਕੇ ਆਈਆਰਜੀਸੀ ਅਤੇ ਬਸੀਜ ਮਿਲੀਸ਼ੀਆ ਦੇ ਕੁਝ ਸਮੂਹਾਂ ਦੇ ਜ਼ਰੀਏ ਦਖਲਅੰਦਾਜ਼ੀ ਕੀਤੀ।

ਇਲਜ਼ਾਮ ਸੀ ਕਿ ਇਨ੍ਹਾਂ ਸਮੂਹਾਂ ਨੇ ਧਾਰਮਿਕ ਸੰਗਠਨਾਂ ਵਿੱਚ ਪੈਸਾ ਵੰਡਿਆ ਤਾਂ ਜੋ ਅਹਮਦੀਨੇਜਾਦ ਦੀ ਜਿੱਤ ਯਕੀਨੀ ਬਣਾਈ ਜਾ ਸਕੇ।

ਚਾਰ ਸਾਲ ਬਾਅਦ ਵੀ ਮੋਜਤਬਾ 'ਤੇ ਇਹੀ ਇਲਜ਼ਾਮ ਲਗਾਏ ਗਏ।

ਅਹਮਦੀਨੇਜਾਦ ਦੇ ਮੁੜ ਚੁਣੇ ਜਾਣ ਤੋਂ ਬਾਅਦ ਪੂਰੇ ਦੇਸ਼ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ, ਜਿਨ੍ਹਾਂ ਨੂੰ 'ਗ੍ਰੀਨ ਮੂਵਮੈਂਟ' ਕਿਹਾ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਅਜਿਹੇ ਨਾਅਰੇ ਵੀ ਲਗਾਏ ਜੋ ਮੋਜਤਬਾ ਦੇ ਆਪਣੇ ਪਿਤਾ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਬਣਨ ਦੇ ਵਿਚਾਰ ਦੇ ਵਿਰੋਧ ਵਿੱਚ ਸਨ।

ਤਤਕਾਲੀ ਉਪ ਗ੍ਰਹਿ ਮੰਤਰੀ ਮੋਸਤਫ਼ਾ ਤਾਜਜ਼ਾਦੇਹ ਨੇ ਚੋਣ ਨਤੀਜਿਆਂ ਨੂੰ 'ਚੋਣੀ ਤਖ਼ਤਾਪਲਟ' ਕਿਹਾ ਸੀ। ਉਨ੍ਹਾਂ ਨੂੰ ਸੱਤ ਸਾਲ ਦੀ ਜੇਲ੍ਹ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਇਹ 'ਮੋਜਤਬਾ ਖ਼ਾਮੇਨਈ ਦੀ ਸਿੱਧੀ ਇੱਛਾ' ਦਾ ਨਤੀਜਾ ਸੀ।

2009 ਦੀਆਂ ਚੋਣਾਂ ਤੋਂ ਬਾਅਦ, ਦੋ ਸੁਧਾਰਵਾਦੀ ਆਗੂਆਂ, ਮੀਰ ਹੁਸੈਨ ਮੂਸਾਵੀ ਅਤੇ ਮੇਹਦੀ ਕਰਰੂਬੀ ਨੂੰ ਘਰ ਵਿੱਚ ਨਜ਼ਰਬੰਦ ਕਰ ਰੱਖਿਆ ਗਿਆ ਸੀ। ਈਰਾਨੀ ਸੂਤਰਾਂ ਨੇ ਬੀਬੀਸੀ ਨਿਊਜ਼ ਫਾਰਸੀ ਨੂੰ ਦੱਸਿਆ ਕਿ ਮੋਜਤਬਾ ਫਰਵਰੀ 2012 ਵਿੱਚ ਮੂਸਾਬੀ ਨਾਲ ਮਿਲੇ ਸਨ ਅਤੇ ਉਨ੍ਹਾਂ ਨੂੰ ਵਿਰੋਧ ਛੱਡਣ ਦੀ ਅਪੀਲ ਕੀਤੀ ਸੀ।

ਕਈ ਲੋਕਾਂ ਦਾ ਮੰਨਣਾ ਹੈ ਕਿ ਮੋਜਤਬਾ ਆਪਣੇ ਪਿਤਾ ਦੀਆਂ ਸਖਤ ਨੀਤੀਆਂ ਨੂੰ ਜਾਰੀ ਰੱਖਣਗੇ।

ਕੁਝ ਹੋਰ ਲੋਕਾਂ ਦਾ ਮੰਨਣਾ ਹੈ ਕਿ ਜਿਸ ਨੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਵਿੱਚ ਆਪਣੇ ਮਾਤਾ-ਪਿਤਾ ਅਤੇ ਪਤਨੀ ਨੂੰ ਗੁਆ ਦਿੱਤਾ ਹੋਵੇ, ਉਸ ਦੇ ਪੱਛਮੀ ਦਬਾਅ ਅੱਗੇ ਝੁਕਣ ਦੀ ਸੰਭਾਵਨਾ ਘੱਟ ਹੀ ਹੈ।

ਪਰ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਇਸਲਾਮੀ ਗਣਰਾਜ ਦੇ ਅਸਤਿਤਵ ਨੂੰ ਕਾਇਮ ਰੱਖਣਾ ਅਤੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਕਿ ਉਹ ਦੇਸ਼ ਨੂੰ ਸਿਆਸੀ ਅਤੇ ਆਰਥਿਕ ਤਬਾਹੀ ਤੋਂ ਬਾਹਰ ਕੱਢਣ ਲਈ ਸਹੀ ਵਿਅਕਤੀ ਹਨ।

ਉਨ੍ਹਾਂ ਦੀ ਅਗਵਾਈ ਅਜੇ ਤੱਕ ਠੀਕ ਤਰ੍ਹਾਂ ਪਰਖੀ ਨਹੀਂ ਗਈ ਹੈ ਅਤੇ ਇਹ ਧਾਰਣਾ ਕਿ ਇਸਲਾਮੀ ਗਣਰਾਜ ਇੱਕ ਵਿਰਾਸਤੀ ਪ੍ਰਣਾਲੀ ਵਿੱਚ ਬਦਲ ਰਿਹਾ ਹੈ, ਜਨਤਕ ਅਸੰਤੁਸ਼ਟੀ ਨੂੰ ਹੋਰ ਵਧਾ ਸਕਦਾ ਹੈ।

ਮੁਜਤਬਾ ਵੀ ਅਮਰੀਕਾ ਅਤੇ ਇਜ਼ਰਾਈਲ ਦੇ ਨਿਸ਼ਾਨੇ 'ਤੇ ਰਹਿਣਗੇ ਕਿਉਂਕਿ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਕੋਈ ਵੀ ਉੱਤਰਾਧਿਕਾਰੀ "ਸਪਸ਼ਟ ਤੌਰ 'ਤੇ ਖਤਮ ਕਰ ਦਿੱਤੇ ਜਾਣ ਦਾ ਨਿਸ਼ਾਨਾ" ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)