ਈਰਾਨ ਜੰਗ 'ਚ ਵਿਚੋਲਗੀ ਲਈ ਪਾਕਿਸਤਾਨ ਨੇ ਟਰੰਪ ਨੂੰ ਕਿਵੇਂ ਮਨਾਇਆ ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੰਗ 'ਚ ਖੁਦ ਨੂੰ ਵਿਚੋਲੇ ਵੱਜੋਂ ਸਥਾਪਿਤ ਕਰਨ ਲਈ ਪਾਕਿਸਤਾਨ ਵੱਲੋਂ ਲਗਾਤਾਰ ਕੂਟਨੀਤਕ ਕੋਸ਼ਿਸ਼ਾਂ ਕੀਤੀਆਂ ਗਈਆਂ।
    • ਲੇਖਕ, ਕੈਰੋਲਿਨ ਡੇਵਿਸ
    • ਰੋਲ, ਪਾਕਿਸਤਾਨੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਮੱਧ-ਪੂਰਬ 'ਚ ਜਾਰੀ ਸੰਘਰਸ਼ 'ਚ ਪਾਕਿਸਤਾਨ ਦੀ ਵਿਚੋਲੇ ਵੱਜੋਂ ਭੂਮਿਕਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਪਰ ਸ਼ਾਇਦ ਇਹ ਇੰਨਾ ਹੈਰਾਨੀਜਨਕ ਨਹੀਂ ਹੋਣਾ ਚਾਹੀਦਾ।

ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੱਖ 'ਚ ਰਹੇ ਹਨ। ਅਮਰੀਕੀ ਰਾਸ਼ਟਰਪਤੀ ਵੀ ਅਕਸਰ ਉਨ੍ਹਾਂ ਨੂੰ ਆਪਣਾ 'ਪਸੰਦੀਦਾ' ਫੀਲਡ ਮਾਰਸ਼ਲ ਕਹਿੰਦੇ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਕਿਹਾ ਸੀ ਕਿ ਮੁਨੀਰ ਈਰਾਨ ਨੂੰ 'ਬਾਕੀਆਂ ਦੇ ਮੁਕਾਬਲੇ ਬਿਹਤਰ' ਜਾਣਦੇ ਹਨ।

ਈਰਾਨ, ਸਿਰਫ਼ ਪਾਕਿਸਤਾਨ ਦਾ ਗੁਆਂਢੀ ਹੀ ਨਹੀਂ, ਜਿਸ ਦੀ ਕਰੀਬ 900 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ ਸਗੋਂ ਇਸਦੇ ਆਪਣੇ ਬਿਆਨਾਂ ਮੁਤਾਬਕ ਈਰਾਨ ਨਾਲ "ਭਰਾਵਾਂ ਵਾਲਾ" ਰਿਸ਼ਤਾ ਵੀ ਹੈ, ਜੋ ਡੂੰਘੇ ਸੱਭਿਆਚਾਰਕ ਅਤੇ ਧਾਰਮਿਕ ਰਿਵਾਜ਼ਾਂ ਨਾਲ ਜੁੜਿਆ ਹੋਇਆ ਹੈ।

ਇਸ ਦੇ ਨਾਲ ਹੀ ਇੱਥੇ ਅਮਰੀਕਾ ਦੇ ਕੋਈ ਏਅਰਬੇਸ ਵੀ ਨਹੀਂ ਹਨ।

ਅਤੇ ਖਾੜੀ ਦੇ ਹੋਰਨਾਂ ਰਵਾਇਤੀ ਵਿਚੋਲਿਆਂ ਵਾਂਗ ਇਹ ਅਜੇ ਤੱਕ ਜੰਗ 'ਚ ਸਿੱਧੇ ਤੌਰ 'ਤੇ ਨਹੀਂ ਫਸਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਨਾਲ ਪਾਕਿਸਤਾਨ ਦੀ ਕਰੀਬ 900 ਕਿਮੀ ਲੰਬੀ ਸਰਹੱਦ ਲੱਗਦੀ ਹੈ

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨ ਖੁਦ ਅੱਗੇ ਵੱਧ ਕੇ ਹਿੱਸਾ ਲੈਣ ਲਈ ਤਿਆਰ ਹੈ —ਕਈਆਂ ਮੁਤਾਬਕ ਅਮਰੀਕਾ ਅਤੇ ਈਰਾਨ ਵਿਚਾਲੇ ਅਮਨ ਹੋਣਾ ਪਾਕਿਸਤਾਨ ਦੇ ਆਪਣੇ ਹਿੱਤ 'ਚ ਹੈ।

ਫਿਰ ਵੀ, ਕੁਝ ਸਵਾਲ ਉੱਠੇ ਹਨ ਕਿ ਇੱਕ ਅਜਿਹਾ ਮੁਲਕ, ਜੋ ਆਪਣੇ ਦੋ ਗੁਆਂਢੀਆਂ, ਅਫ਼ਗਾਨਿਸਤਾਨ ਅਤੇ ਭਾਰਤ ਨਾਲ ਟਕਰਾਅ 'ਚ ਉਲਝਿਆ ਰਹਿੰਦਾ, ਉਸਨੇ ਆਪਣੇ ਆਪ ਨੂੰ ਅਮਨ ਲਿਆਉਣ ਵਾਲੇ ਮੁਲਕ ਵਜੋਂ ਕਿਵੇਂ ਪੇਸ਼ ਕੀਤਾ।

ਪਾਕਿਸਤਾਨ ਇਸ ਵੇਲੇ ਅਫ਼ਗਾਨਿਸਤਾਨ 'ਚ ਬੰਬਾਰੀ ਕਰ ਰਿਹਾ ਹੈ ਅਤੇ ਭਾਰਤ ਨਾਲ ਤਣਾਅ ਪਿਛਲੇ ਸਾਲ ਹੀ ਪਰਮਾਣੂ ਟਕਰਾਅ ਦੇ ਡਰ ਤੱਕ ਪਹੁੰਚ ਗਿਆ ਸੀ।

ਪਾਕਿਸਤਾਨ ਹੁਣ ਤੱਕ ਈਰਾਨ ਅਤੇ ਅਮਰੀਕਾ ਦਰਮਿਆਨ ਇੱਕ-ਦੂਜੇ ਦੇ ਸੁਨੇਹੇ ਭੇਜ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਹੋਰ ਮੁਸਲਿਮ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਕੂਟਨੀਤਿਕ ਟੈਲੀਫੋਨ ਖੜਕਾ ਰਿਹਾ ਹੈ।

ਪਰ ਸੰਤੁਲਨ ਕਾਇਮ ਰੱਖਣ ਦਾ ਇਹ ਕੰਮ ਖ਼ਤਰੇ ਤੋਂ ਖਾਲੀ ਨਹੀਂ ਹੈ।

ਗਵਾਉਣ ਨੂੰ ਬਹੁਤ ਕੁਝ

ਪਾਕਿਸਤਾਨ ਤੇਲ ਆਯਾਤ 'ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ ਅਤੇ ਇਸਦਾ ਜ਼ਿਆਦਾਤਰ ਹਿੱਸਾ ਸਟ੍ਰੇਟ ਆਫ ਹੋਰਮੂਜ਼ ਤੋਂ ਆਉਂਦਾ ਹੈ।

ਐਟਲਾਂਟਿਕ ਕਾਊਂਸਲ ਦੇ ਸਾਊਥ ਏਸ਼ੀਆ ਦੇ ਸੀਨੀਅਰ ਫੇਲੋਅ ਮਾਈਕਲ ਕੁਗੇਲਮਾਨ ਨੇ ਬੀਬੀਸੀ ਨੂੰ ਕਿਹਾ, "ਮੇਰੇ ਮੁਤਾਬਿਕ, ਮੱਧ-ਪੂਰਬ ਤੋਂ ਬਾਹਰਲੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਪਾਕਿਸਤਾਨ ਦਾ ਇੱਥੇ ਕਾਫੀ ਕੁਝ ਦਾਅ 'ਤੇ ਲੱਗਾ ਹੋਇਆ।"

"ਤਣਾਅ ਘਟਾਉਣ 'ਚ ਯੋਗਦਾਨ ਪਾਉਣ 'ਚ ਦਿਲਚਸਪੀ ਲਈ ਪਾਕਿਸਤਾਨ ਕੋਲ ਮਜਬੂਤ ਕਾਰਨ ਹਨ।"

ਪਾਕਿਸਤਾਨ ਸਰਕਾਰ ਨੇ ਮਾਰਚ ਦੀ ਸ਼ੁਰੂਆਤ 'ਚ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 20 ਫੀਸਦ ਵਧਾ ਦਿੱਤੀਆਂ ਅਤੇ ਬਾਲਣ ਬਚਾਉਣ ਲਈ ਸਰਕਾਰੀ ਮੁਲਾਜ਼ਮਾਂ ਲਈ ਕੰਮਕਾਜ ਦੇ ਚਾਰ ਦਿਨ ਲਾਜ਼ਮੀ ਕਰਨ ਤੋਂ ਇਲਾਵਾ ਕਈ ਕਦਮ ਚੁੱਕੇ ਹਨ।

ਕਰਾਚੀ ਦੇ ਇੰਸਟੀਚਿਊਟ ਆਫ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਫਰਹਾਨ ਸਿੱਦੀਕੀ ਕਹਿੰਦੇ ਹਨ, "ਜੇਕਰ ਜੰਗ ਜਾਰੀ ਰਹੀ ਤਾਂ ਪਾਕਿਸਤਾਨ ਦੇ ਅਰਥਚਾਰੇ 'ਤੇ ਤੇਜ਼ੀ ਨਾਲ ਦਬਾਅ ਵਧੇਗਾ।"

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਈਰਾਨ ਵੱਲੋਂ ਸਟ੍ਰੇਟ ਆਫ ਹੋਰਮੂਜ਼ ਬੰਦ ਕਰਨ ਦਾ ਪਾਕਿਸਤਾਨ 'ਤੇ ਕਾਫੀ ਅਸਰ ਪਿਆ ਜੋ ਇਸ ਰਸਤਿਓਂ ਤੇਲ ਇੰਪੋਰਟ 'ਤੇ ਕਾਫੀ ਨਿਰਭਰ ਕਰਦਾ ਹੈ।

ਤਣਾਅ ਵਧਣ ਦੇ ਕੀ ਨਤੀਜੇ ਹੋ ਸਕਦੇ ਹਨ, ਇਸ ਨੂੰ ਲੈਕੇ ਵੀ ਡਰ ਦਾ ਮਾਹੌਲ ਹੈ।

ਪਿਛਲੇ ਸਾਲ ਸਤੰਬਰ ਮਹੀਨੇ, ਪਾਕਿਸਤਾਨ ਨੇ ਸਾਊਦੀ ਅਰਬ ਨਾਲ ਇੱਕ ਰੱਖਿਆ ਸਮਝੌਤਾ ਕੀਤਾ ਸੀ, ਜਿਸ ਤਹਿਤ "ਕਿਸੇ ਇੱਕ ਮੁਲਕ 'ਤੇ ਹਮਲਾ, ਦੋਹਾਂ ਮੁਲਕਾਂ 'ਤੇ ਹਮਲਾ ਮੰਨਿਆ ਜਾਵੇਗਾ।"

ਇਸਨੂੰ ਲੈਕੇ ਵੀ ਸਵਾਲ ਉੱਠ ਰਹੇ ਹਨ ਕਿ ਜੇਕਰ ਸਾਊਦੀ ਅਰਬ ਇਸ ਜੰਗ 'ਚ ਸ਼ਾਮਿਲ ਹੋ ਜਾਂਦਾ ਹੈ ਅਤੇ ਇਸ ਸਮਝੌਤੇ ਨੂੰ ਲਾਗੂ ਕਰਦਾ ਹੈ ਤਾਂ ਪਾਕਿਸਤਾਨ ਕੀ ਕਰੇਗਾ।

ਫਰਹਾਨ ਸਿੱਦੀਕੀ ਕਹਿੰਦੇ ਹਨ, "ਸਾਡੇ ਲਈ ਸਮੱਸਿਆ ਇਹ ਹੈ ਕਿ ਜੇ ਸਾਨੂੰ ਸਾਊਦੀ ਪੱਖ ਤੋਂ ਜੰਗ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਤਾਂ ਸਾਡੀ ਪੂਰੀ ਪੱਛਮੀ ਸਰਹੱਦ ਕਾਫ਼ੀ ਹੱਦ ਤੱਕ ਅਸੁਰੱਖਿਅਤ ਹੋ ਜਾਵੇਗੀ।"

ਪਾਕਿਸਤਾਨ ਪਹਿਲਾਂ ਹੀ ਅਫ਼ਗਾਨਿਸਤਾਨ ਨਾਲ "ਪੂਰੀ ਤਰ੍ਹਾਂ ਜੰਗ" ਵਾਲੀ ਸਥਿਤੀ 'ਚ ਹੈ। ਪਾਕਿਸਤਾਨ, ਅਫ਼ਗਾਨ ਤਾਲਿਬਾਨ 'ਤੇ ਇਲਜ਼ਾਮ ਲਗਾਉਂਦਾ ਹੈ ਕਿ ਉਹ ਉਸ ਦੀਆਂ ਸਰਹੱਦਾਂ ਅੰਦਰ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇ ਰਿਹਾ ਹਾਲਾਂਕਿ ਤਾਲਿਬਾਨ ਸਰਕਾਰ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੀ ਹੈ।

ਜਦੋਂ ਆਪਣੇ ਸੰਘਰਸ਼ਾਂ ਦੇ ਬਾਵਜੂਦ ਪਾਕਿਸਤਾਨ ਨੂੰ ਉਸਦੀ ਵਿਰੋਧਾਭਾਸੀ ਕੂਟਨੀਤਕ ਸਥਿਤੀ ਬਾਰੇ ਸਵਾਲ ਹੋਇਆ ਤਾਂ ਪਾਕਿਸਤਾਨ ਦਾ ਜਵਾਬ ਸੀ ਕਿ ਉਸ ਵੱਲੋਂ ਸਾਲਾਂ ਤੋਂ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਪਰ ਉਸਨੂੰ ਲੋੜੀਂਦੀ ਸੁਰੱਖਿਆ ਨਹੀਂ ਮਿਲੀ।

ਪਰ ਸਿੱਦੀਕੀ ਇਹ ਵੀ ਕਹਿੰਦੇ ਹਨ ਕਿ ਇੱਕ ਹੋਰ ਮੋਰਚਾ ਖੁੱਲ੍ਹਣ ਨਾਲ ਪਾਕਿਸਤਾਨ ਦੇ ਇਸ ਜੰਗ 'ਚ ਘੜੀਸੇ ਜਾਣਾ ਹੀ ਚਿੰਤਾ ਦਾ ਵਿਸ਼ਾ ਨਹੀਂ ਸਗੋਂ 'ਘਰੇਲੂ ਸਾਖ' ਵੀ ਦਾਅ 'ਤੇ ਹੈ।

ਅਮਰੀਕਾ-ਇਜ਼ਰਾਇਲ ਹਵਾਈ ਹਮਲੇ 'ਚ ਈਰਾਨ ਦੇ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਈਰਾਨ ਹਮਾਇਤੀ ਪਾਕਿਸਤਾਨ ਦੀਆਂ ਸੜਕਾਂ 'ਤੇ ਉਤਰ ਆਏ ਸਨ ਅਤੇ ਕਰਾਚੀ 'ਚ ਅਮਰੀਕੀ ਕੌਂਸਲੇਟ 'ਤੇ ਹਮਲੇ ਦੀ ਕੋਸ਼ਿਸ਼ 'ਚ ਕਈ ਮਾਰੇ ਵੀ ਗਏ ਸਨ।

ਅਮਰੀਕਾ, ਯੂਕੇ ਅਤੇ ਸੰਯੁਕਤ ਰਾਸ਼ਟਰ 'ਚ ਪਾਕਿਸਤਾਨੀ ਸਫੀਰ ਰਹਿ ਚੁੱਕੇ ਮਾਲੀਹਾ ਲੋਧੀ ਕਹਿੰਦੇ ਹਨ, "ਪਾਕਿਸਤਾਨ 'ਚ ਜ਼ਿਆਦਾਤਰ ਲੋਕ-ਭਾਵਨਾ ਈਰਾਨ-ਪੱਖੀ ਹੈ। ਮੈਨੂੰ ਯਕੀਨ ਹੈ ਕਿ ਪਾਕਿਸਤਾਨ ਦੇ ਨੀਤੀਘਾੜੇ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।"

ਕੁਝ ਹਾਸਲ ਵੀ ਹੋ ਸਕਦਾ

ਤਸਵੀਰ ਸਰੋਤ, Turkish Foreign Ministry / Handout/Anadolu via Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪੀਐੱਮ ਸ਼ਹਿਬਾਜ਼ ਸ਼ਰੀਫ਼ (ਮੱਧ) ਵੱਲੋਂ ਮੱਧ-ਪੂਰਬ 'ਚ ਜਾਰੀ ਜੰਗ ਨੂੰ ਲੈਕੇ ਮਿਸਰ, ਤੁਰਕੀ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਦੀ ਮੇਜ਼ਬਾਨੀ ਕੀਤੀ।

ਅਤੇ ਫਿਰ ਪਾਕਿਸਤਾਨ ਦੇ ਵਿਸ਼ਵ ਪੱਧਰੀ ਅਕਸ ਦਾ ਵੀ ਮਸਲਾ ਹੈ।

ਮਾਈਕਲ ਕੁਗੇਲਮਾਨ ਕਹਿੰਦੇ ਹਨ, "ਪਾਕਿਸਤਾਨ ਉਨ੍ਹਾਂ ਨੁਕਤਾਚੀਨੀਆਂ ਨੂੰ ਲੈਕੇ ਬਹੁਤ ਸੰਜੀਦਾ ਹੈ, ਜਿਨ੍ਹਾਂ 'ਚ ਇਹ ਕਿਹਾ ਜਾਂਦਾ ਕਿ ਕੌਮਾਂਤਰੀ ਪੱਧਰ 'ਤੇ ਉਸਦਾ ਕੋਈ ਬਹੁਤਾ ਪ੍ਰਭਾਵ ਨਹੀਂ ਹੈ।"

ਉਹ ਕਹਿੰਦੇ ਹਨ, "ਮੇਰੇ ਖਿਆਲ 'ਚ ਖੁਦ ਨੂੰ ਵਿਚੋਲੇ ਵੱਜੋਂ ਪੇਸ਼ ਕਰਨ 'ਚ ਇਹ ਮੁੱਖ ਵਜ੍ਹਾ ਨਹੀਂ ਹੋ ਸਕਦੀ ਪਰ ਕੁਝ ਹੱਦ ਤੱਕ ਇਸ ਦਾ ਪ੍ਰਭਾਵ ਜ਼ਰੂਰ ਹੋ ਸਕਦਾ ਹੈ।"

ਲੋਧੀ ਅੱਗੇ ਹੋਰ ਜੋੜਦੇ ਹੋਏ ਕਹਿੰਦੇ ਹਨ, "ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਜ਼ੋਖਮ ਭਰੀ ਕੂਟਨੀਤੀ ਹੈ। ਇਸ 'ਚ ਖ਼ਤਰਾ ਵੀ ਬਹੁਤ ਹੈ ਅਤੇ ਮੁਨਾਫਾ ਵੀ। ਜੇਕਰ ਕਾਮਯਾਬੀ ਮਿਲਦੀ ਹੈ ਤਾਂ ਬੇਸ਼ੱਕ ਕੌਮਾਂਤਰੀ ਕੂਟਨੀਤੀ ਗੇਮ 'ਚ ਇਹ ਪਾਕਸਿਤਾਨ ਨੂੰ ਸਿਖਰ 'ਤੇ ਪਹੁੰਚਾ ਦੇਵੇਗੀ।"

ਪਰ ਜੇਕਰ ਕਾਮਯਾਬੀ ਨਹੀਂ ਮਿਲੀ ਤਾਂ ?

ਲੋਧੀ ਮੁਤਾਬਕ ਨੁਕਸਾਨ ਇੰਨਾ ਜ਼ਿਆਦਾ ਵੀ ਨਹੀਂ ਹੋਵੇਗਾ।

ਉਹ ਕਹਿੰਦੇ ਹਨ, "ਬਾਵਜੂਦ ਇਸਦੇ ਪਾਕਿਸਤਾਨ ਨੂੰ ਇੱਕ ਅਜਿਹੇ ਮੁਲਕ ਵੱਜੋਂ ਦੇਖਿਆ ਜਾਵੇਗਾ ਜਿਸ ਨੇ ਚੰਗੀ ਨੀਅਤ ਨਾਲ ਕੋਸ਼ਿਸ਼ ਕੀਤੀ ਅਤੇ ਜੇਕਰ ਕਾਮਯਾਬੀ ਨਹੀਂ ਮਿਲਦੀ ਤਾਂ ਇਹ ਪਾਕਿਸਤਾਨ ਦੀ ਕਾਬਲੀਅਤ ਦੀ ਘਾਟ ਕਰਕੇ ਨਹੀਂ ਬਲਕਿ ਇਸ ਕਰਕੇ ਹੋਵੇਗਾ ਕਿਉਂਕਿ ਤੁਸੀਂ ਅਜਿਹੇ ਸ਼ਖਸ ਨਾਲ ਡੀਲ ਕਰ ਰਹੇ ਹੋ ਜੋ ਸੰਜੀਦਾ ਅਤੇ ਪੂਰੀ ਤਰ੍ਹਾਂ ਬੇਭਰੋਸੇਯੋਗ ਨਹੀਂ ਹੈ।"

ਹਾਲਾਂਕਿ ਕੁਗੇਲਮਾਨ ਦਾ ਮੰਨਣਾ ਹੈ ਕਿ ਜੇਕਰ ਗੱਲਬਾਤ ਦੀਆਂ ਤਮਾਮ ਚਰਚਾਵਾਂ ਦੇ ਬਾਵਜੂਦ ਦੋਵੇਂ ਧਿਰਾਂ ਹੋਰ ਮਜਬੂਤੀ ਨਾਲ ਟਕਰਾਅ ਵੱਲ ਵਧੀਆਂ ਤਾਂ ਵਿਰੋਧ ਵੀ ਝੱਲਣਾ ਪੈ ਸਕਦਾ ਹੈ।

ਉਹ ਕਹਿੰਦੇ ਹਨ ਕਿ ਅਜਿਹੀ ਸਥਿਤੀ 'ਚ, "ਪਾਕਿਸਤਾਨ 'ਤੇ ਇਹ ਇਲਜ਼ਾਮ ਲੱਗ ਸਕਦੇ ਹਨ ਕਿ ਉਹ ਗੈਰ-ਤਜ਼ਰਬੇਕਾਰ ਹੈ।" [ਅਤੇ ਇਹ ਕਿ] ਉਸਨੂੰ ਗੱਲਬਾਤ ਦੀ ਕੋਸ਼ਿਸ਼ ਵਿੱਚ ਇਸ ਲਈ ਸ਼ਾਮਿਲ ਕੀਤਾ ਗਿਆ ਸੀ, ਜਦੋਂ ਦੋਵੇਂ ਪੱਖ ਟਕਰਾਅ ਹੋਰ ਵਧਾਉਣ ਲਈ ਆਪਣੇ ਅਗਲਾ ਕਦਮਾਂ ਬਾਰੇ ਸੋਚਣ ਲਈ ਕੁਝ ਸਮਾਂ ਤਲਾਸ਼ ਰਹੇ ਸਨ।"

'ਗੈਰ-ਪਰੰਪਰਾਗਤ ਕੂਟਨੀਤਿਕ ਖੇਡਾਂ'

ਇਹ ਸਪੱਸ਼ਟ ਨਹੀਂ ਹੈ ਕਿ ਅੱਗੇ ਹਾਲਾਤ ਕਿਵੇਂ ਬਣਨਗੇ, ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਪਾਕਿਸਤਾਨ ਨੇ ਡੋਨਲਡ ਟਰੰਪ ਨਾਲ ਆਪਣੇ ਸਬੰਧਾਂ ਦਾ ਲਾਭ ਉਠਾਉਣ 'ਚ ਤੇਜ਼ੀ ਦਿਖਾਈ ਹੈ।

ਲੋਧੀ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਪਾਕਿਸਤਾਨ ਨੇ 2025 ਦੇ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਟਰੰਪ ਵੱਲੋਂ "ਫੈਸਲਾਕੁੰਨ ਕੂਟਨੀਤਕ ਦਖਲ" ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਹਮਾਇਤ ਕੀਤੀ ਸੀ ਅਤੇ ਕਾਬੁਲ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚਣ ਵਾਲੇ ਨੂੰ ਅਮਰੀਕਾ ਦੇ ਹਵਾਲੇ ਕੀਤਾ ਸੀ।

ਲੋਧੀ ਕਹਿੰਦੇ ਹਨ, "ਪਾਕਿਸਤਾਨ ਨੇ ਟਰੰਪ ਨੂੰ ਦੋ ਸ਼ੁਰੂਆਤੀ ਜਿੱਤਾਂ ਦਿੱਤੀਆਂ, ਜੋ ਉਨ੍ਹਾਂ ਲਈ ਬੇਹੱਦ ਅਹਿਮ ਸਨ। ਇਸੇ ਕਾਰਨ ਦੋਹਾਂ ਵਿਚਾਲੇ ਸਬੰਧ ਮਜਬੂਤ ਹੋਏ ਅਤੇ ਸਬੰਧਾਂ 'ਚ ਗਰਮਜੋਸ਼ੀ ਆਈ।"

ਕੁਗੇਲਮਾਨ ਕਹਿੰਦੇ ਹਨ, "ਭਾਰਤ ਦੇ ਉਲਟ, ਪਾਕਿਸਤਾਨ ਗੈਰ-ਪਰੰਪਰਾਗਤ ਕੂਟਨੀਤਕ ਖੇਡਾਂ ਖੇਡਣ ਦਾ ਇਛੁੱਕ ਹੈ।"

"ਇਹ ਗੱਲ ਕਿ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਰਾਸ਼ਟਰਪਤੀ ਦੀ ਖੁਸ਼ਾਮਦ ਲਈ ਖਾਸ ਕੋਸ਼ਿਸਾਂ ਕੀਤੀਆਂ। ਇਸ ਨਾਲ ਵਾਸ਼ਿੰਗਟਨ 'ਚ ਉਨ੍ਹਾਂ ਦੀ ਪਹੁੰਚ ਨੂੰ ਮਦਦ ਮਿਲੀ ਹੈ ਅਤੇ ਪ੍ਰਸ਼ਾਸਨ ਦੀ ਨਜ਼ਰ 'ਚ ਪਾਕਿਸਤਾਨ ਨੂੰ ਇੱਕ ਵਧੀਆ ਵਿਚੋਲੇ ਵੱਜੋਂ ਸਥਾਪਿਤ ਕੀਤਾ।"

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਈਰਾਨ ਦੇ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਪਾਕਿਸਤਾਨ 'ਚ ਈਰਾਨ ਹਮਾਇਤੀ ਸੜਕਾਂ 'ਤੇ ਨਿਤਰ ਆਏ ਸਨ

ਪਰ ਅਮਰੀਕਾ ਨਾਲ ਸਬੰਧ ਹੀ ਪਾਕਿਸਤਾਨ ਦੀ ਇਕਲੌਤੀ ਤਾਕਤ ਨਹੀਂ ਹੈ।

ਸਿੱਦੀਕੀ ਕਹਿੰਦੇ ਹਨ, "ਪਾਕਿਸਤਾਨ ਨੂੰ ਸਮਝ ਆ ਗਿਆ ਹੈ ਕਿ ਖੇਤਰੀ ਕੂਟਨੀਤੀ 'ਚ ਸੰਤੁਲਨ ਬਣਾਈ ਰੱਖਣਾ ਹੀ ਸਭ ਤੋਂ ਵਧੀਆ ਤਰੀਕਾ ਹੈ। ਅੱਜ ਕੱਲ੍ਹ ਦੀ ਦੁਨੀਆ 'ਚ, ਖਾਸ ਕਰਕੇ ਮੱਧਮ ਤਾਕਤ ਵਾਲੇ ਮੁਲਕਾਂ ਲਈ, ਕਈ ਧਿਰਾਂ ਨਾਲ ਇੱਕੋ ਸਮੇਂ ਤਾਲਮੇਲ ਬਿਠਾਉਣ ਦੀ ਨੀਤੀ ਅਪਨਾਉਣਾ ਆਮ ਗੱਲ ਬਣ ਗਈ ਹੈ।"

"ਮੇਰੇ ਖਿਆਲ 'ਚ ਪਾਕਿਸਤਾਨ ਇਸ ਲਈ ਈਰਾਨ ਨਾਲ ਗੱਲਬਾਤ ਕਰਨ ਲਈ ਵਧੀਆ ਸਥਿਤੀ 'ਚ ਹੈ ਕਿਉਂਕਿ ਉਸਨੂੰ ਇਜ਼ਰਾਇਲ-ਪੱਖੀ ਜਾਂ ਬਹੁਤ ਜ਼ਿਆਦਾ ਅਮਰੀਕਾ-ਪੱਖੀ ਮੁਲਕ ਵੱਜੋਂ ਨਹੀਂ ਦੇਖਿਆ ਜਾਂਦਾ ਹੈ।"

ਇਸ ਦਰਮਿਆਨ, ਕੂਟਨੀਤਿਕ ਬੈਠਕਾਂ ਜਾਰੀ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਮੰਗਲਵਾਰ ਨੂੰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਦੇ ਸੱਦੇ 'ਤੇ ਚੀਨ ਦੌਰੇ 'ਤੇ ਹਨ।

ਫਿਰ ਵੀ, ਪਾਕਿਸਤਾਨ ਸਾਹਮਣੇ ਵੱਡੇ ਸਵਾਲ ਹਨ, ਕਿਉਂਕਿ ਸ਼ਾਂਤੀ ਸਮਝੌਤਾ ਕਰਵਾਉਣਾ ਆਸਾਨ ਨਹੀਂ ਹੈ।

ਕੁਗੇਲਮਾਨ ਕਹਿੰਦੇ ਹਨ, "ਇਹ ਗੱਲ ਤਾਂ ਸਪੱਸ਼ਟ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਇੱਕ-ਦੂਜੇ ਨੂੰ ਲੈਕੇ ਜੋ ਬੇਭਰੋਸਗੀ ਹੈ ਅਤੇ ਦੋਹਾਂ ਧਿਰਾਂ ਦੀਆਂ ਜੋ ਮੰਗਾਂ ਹਨ, ਉਸ ਦੇ ਮੱਦੇਨਜ਼ਰ ਮੌਜੂਦਾ ਸਮੇਂ 'ਚ ਕਿਸੇ ਸ਼ਾਂਤੀ ਸਮਝੌਤੇ ਦੀ ਉਮੀਦ ਘੱਟ ਹੀ ਜਾਪਦੀ ਹੈ।"

ਉਹ ਕਹਿੰਦੇ ਹਨ, "ਜੇਕਰ ਪਾਕਿਸਤਾਨ ਦੀ ਮੌਜੂਦਾ ਯੋਜਨਾ ਸਿਰੇ ਨਹੀਂ ਚੜ੍ਹਦੀ ਤਾਂ ਇਸ ਮੁਸ਼ਕਿਲ ਸਮੀਕਰਨ ਨੂੰ ਬਿਠਾਉਣ ਲਈ ਪਾਕਿਸਤਾਨ ਨੂੰ ਸੋਚਣ ਦੀ ਲੋੜ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)