ਐੱਚਐੱਸ ਫੂਲਕਾ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਕੀ ਵਜ੍ਹਾ ਦੱਸੀ ਹੈ, ਜਾਣੋ ਫੂਲਕਾ ਦੇ ਵਕੀਲ ਤੋਂ ਨੇਤਾ ਬਣਨ ਤੱਕ ਦੇ ਸਫ਼ਰ ਬਾਰੇ

ਤਸਵੀਰ ਸਰੋਤ, YT/BJP

ਤਸਵੀਰ ਕੈਪਸ਼ਨ, ਫੂਲਕਾ ਦਿੱਲੀ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਤਰੁਣ ਚੁੱਘ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ
ਪੜ੍ਹਨ ਦਾ ਸਮਾਂ: 6 ਮਿੰਟ

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਦਾਖਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐੱਚਐੱਸ ਫੂਲਕਾ 1 ਅਪ੍ਰੈਲ 2026 ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਫੂਲਕਾ ਦਿੱਲੀ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਤਰੁਣ ਚੁੱਘ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ।

ਐੱਚਐੱਸ ਫੂਲਕਾ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅਗਵਾਈ ਕਰਨ ਵਾਲੇ ਵਕੀਲ ਅਤੇ ਆਗੂ ਵਜੋਂ ਜਾਣੇ ਜਾਂਦੇ ਹਨ।

ਐੱਚਐੱਸ ਫੂਲਕਾ ਭਾਜਪਾ ਵਿੱਚ ਉਸ ਵੇਲੇ ਸ਼ਾਮਲ ਹੋਏ ਹਨ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਕੁਝ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਭਾਜਪਾ ਦੇ ਕੇਂਦਰੀ ਆਗੂ ਪੰਜਾਬ ਵਿੱਚ ਸਿੱਖ ਚਿਹਰਿਆਂ ਅਤੇ ਪੰਥਕ ਆਗੂਆਂ ਨੂੰ ਆਪਣੇ ਨਾਲ ਜੋੜਨ ਵੱਲ ਅੱਗੇ ਵੱਧ ਰਹੇ ਹਨ।

Sorry, we can’t display this part of the story on this lightweight mobile page.

ਫੂਲਕਾ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਮਗਰੋਂ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ, "ਸਰਦਾਰ ਹਰਵਿੰਦਰ ਸਿੰਘ ਫੂਲਕਾ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਲੜ੍ਹਾਈ ਲੜ੍ਹਦੇ ਰਹੇ ਹਨ।"

"ਜਦੋਂ 1984 ਵਿੱਚ ਦਿੱਲੀ ਅਤੇ ਦੇਸ਼ ਦੇ 92 ਹਿੱਸਿਆਂ ਵਿੱਚ ਕਤਲੋਗਾਰਤ ਕੀਤੀ ਗਈ ਤਾਂ ਉਸ ਸਮੇਂ ਨੌਜਵਾਨ ਐੱਚਐੱਸ ਫੂਲਕਾ 1984 ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਅੱਗੇ ਆਏ। ਲਗਾਤਾਰ 42 ਸਾਲਾਂ ਤੋਂ ਉਹ ਲੜਾਈ ਲੜ ਰਹੇ ਹਨ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਐੱਚਐੱਸ ਫੂਲਕਾ ਨੇ ਭਾਜਪਾ ਦੇ ਆਗੂਆਂ ਅਤੇ ਨੀਤੀਆਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਤੇ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਜਾਣ ਨੂੰ ਇੱਕ ਗ਼ਲਤੀ ਦੱਸਿਆ

ਪ੍ਰੈਸ ਕਾਨਫਰੈਂਸ ਦੌਰਾਨ ਉਨ੍ਹਾਂ ਨੇ 1984 ਸਿੱਖ ਕਤਲੇਆਮ ਦਾ ਜ਼ਿਕਰ ਕੀਤਾ ਅਤੇ ਕਾਂਗਰਸ ਨੂੰ ਇਸ ਲਈ ਮੁਲਜ਼ਮ ਠਹਿਰਾਇਆ।

ਉਨ੍ਹਾਂ ਨੇ ਕਿਹਾ, "2 ਨਵੰਬਰ 1984 ਜਦੋਂ ਮੇਰੇ ਘਰ ਤੇ ਹਮਲਾ ਹੋਇਆ, ਮੇਰੀ ਪਤਨੀ ਗਰਭਵਤੀ ਸੀ, ਜਦੋਂ ਭੀੜ ਨੇ ਸਾਡੇ ਘਰ ਉੱਤੇ ਹਮਲਾ ਕਰ ਦਿੱਤਾ। ਸਾਨੂੰ ਬਚਾਉਣ ਵਾਲਾ ਪਰਿਵਾਰ ਭਾਜਪਾ ਸਮਰਥਕ ਸੀ। ਉਹ ਨਾ ਹੁੰਦੇ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ। ਮੇਰਾ ਕਸੂਰ ਇਹ ਸੀ ਕਿ ਮੈਂ ਇੱਕ ਸਿੱਖ ਸੀ। ਇਹ ਜੋ ਪੂਰਾ ਕਤਲੇਆਮ ਹੋਇਆ ਇਹ ਕਾਂਗਰਸ ਨੇਤਾ ਨੇ ਪਲਾਨ ਕੀਤਾ ਸੀ।"

ਇਸ ਦੇ ਇਲਾਵਾ ਉਨ੍ਹਾਂ ਨੇ ਪੰਜਾਬ ਬਾਰੇ ਬੋਲਦੇ ਹੋਏ ਕਿਹਾ, "ਅੱਜ ਜੋ ਪੰਜਾਬ ਦਾ ਹਾਲ ਹੈ ਇਹ ਦੇਖ ਕੇ ਦੁੱਖ ਹੁੰਦਾ ਹੈ, ਪੰਜਾਬ ਦਾ ਪਾਣੀ ਅਤੇ ਜ਼ਮੀਨ ਬੰਜ਼ਰ ਹੋਣ ਵਾਲੀ ਹੈ ਪਰ ਪੰਜਾਬ ਸਰਕਾਰ ਨੂੰ ਇਸਦੀ ਕੋਈ ਫਿਕਰ ਨਹੀਂ ਹੈ। ਇਨ੍ਹਾਂ ਹਾਲਾਤਾਂ 'ਚੋਂ ਜੇ ਪੰਜਾਬ ਨੂੰ ਕੋਈ ਬਾਹਰ ਕੱਢ ਸਕਦਾ ਹੈ ਤਾਂ ਉਹ ਭਾਜਪਾ ਹੈ। ਮੋਦੀ ਜੀ ਨਿੱਜੀ ਤੌਰ ਉੱਤੇ ਮੈਨੂੰ ਬਹੁਤ ਪਸੰਦ ਕਰਦੇ ਹਨ, ਕਿਉਂਕਿ ਮੈਂ 1984 ਦੀ ਲੜਾਈ ਲੜ੍ਹੀ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਾਖਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ

ਐੱਚਐੱਸ ਫੂਲਕਾ ਕੌਣ ਹਨ?

ਐੱਚਐੱਸ ਫੂਲਕਾ ਦਾ ਅਸਲ ਨਾਮ ਹਰਵਿੰਦਰ ਸਿੰਘ ਫੂਲਕਾ ਹੈ। ਉਹ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਪਿੰਡ ਦੇ ਜੰਮਪਲ ਹਨ।

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੋਈ ਹੈ। ਉਹ ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ਦੇ ਇੱਕ ਸੀਨੀਅਰ ਵਕੀਲ ਹਨ।

ਲਾਈਵ ਲਾਅ ਮੁਤਾਬਕ ਆਪਣੀ ਕਾਨੂੰਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਫੂਲਕਾ ਨੇ ਦਿੱਲੀ ਵਿੱਚ ਪ੍ਰੈਕਟਿਸ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਸਟੈਂਡਿੰਗ ਕੌਂਸਲ ਵਜੋਂ ਵੀ ਸੇਵਾਵਾਂ ਨਿਭਾਈਆਂ।

2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਾਖਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਜਿੱਤ ਕੇ ਵਿਧਾਇਕ ਵੀ ਬਣੇ ਸਨ।

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ।

ਐੱਚਐੱਸ ਫੂਲਕਾ ਨੂੰ 2019 ਵਿੱਚ ਕੇਂਦਰ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਲੜ੍ਹੀ ਕਾਨੂੰਨੀ ਲੜ੍ਹਾਈ

ਐੱਚਐੱਸ ਫੂਲਕਾ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਗਏ ਸੰਘਰਸ਼ ਦੇ ਆਗੂ ਵਜੋਂ ਜਾਣੇ ਜਾਂਦੇ ਹਨ। ਫੂਲਕਾ ਆਪਣੀ ਜਵਾਨੀ ਵੇਲੇ ਤੋਂ ਸਿੱਖ ਕਤਲੇਆਮ ਦੇ ਕਈ ਪੀੜਤਾਂ ਪਰਿਵਾਰਾਂ ਦੀ ਅਦਾਲਤ ਵਿੱਚ ਨੁਮਾਇੰਦਗੀ ਕਰ ਰਹੇ ਹਨ।

ਉਨ੍ਹਾਂ ਨੂੰ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ, ਕੇਸਾਂ ਨੂੰ ਦੁਬਾਰਾ ਖੋਲ੍ਹਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਕਾਨੂੰਨੀ ਲੜਾਈ ਲੜਨ ਲਈ ਜਾਣਿਆ ਜਾਂਦਾ ਹੈ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 1984 ਵਿੱਚ ਦੋ ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਿੱਚ ਵੀ ਐੱਚਐੱਸ ਫੂਲਕਾ ਦਾ ਅਹਿਮ ਯੋਗਦਾਨ ਰਿਹਾ।

ਫੂਲਕਾ ਨੇ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਮਨੋਜ ਮਿੱਟਾ ਨਾਲ ਮਿਲ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ 'ਤੇ "ਵੈੱਨ ਆ ਟ੍ਰੀ ਸ਼ੂਕ ਦਿੱਲੀ" ਨਾਮਕ ਇੱਕ ਕਿਤਾਬ ਵੀ ਲਿਖੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ

ਫੂਲਕਾ ਦੇ ਬੀਜੇਪੀ ਵਿੱਚ ਜਾਣ ਬਾਰੇ ਕੀ ਬੋਲੇ ਭਗਵੰਤ ਮਾਨ

ਆਪਣੇ ਪੁਰਾਣੇ ਸਾਥੀ ਰਹੇ ਐੱਚ ਐੱਸ ਫੂਲਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ।

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸੀਐੱਮ ਮਾਨ ਨੇ ਕਿਹਾ, "ਉਹ ਮੇਰੇ ਪੁਰਾਣੇ ਸਾਥੀ ਰਹੇ ਹਨ, ਮੈਂ ਸੰਸਦ ਵਿੱਚ ਸੀ ਅਤੇ ਉਹ ਵਿਧਾਨ ਸਭਾ ਵਿੱਚ। ਉਨ੍ਹਾਂ ਨੇ ਐੱਲਓਪੀ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ, ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ, ਲੋਕਾਂ ਦਾ ਚੁਣਿਆ ਹੋਇਆ ਬੰਦਾ ਵਿੱਚ ਛੱਡ ਜਾਵੇ ਤਾਂ ਲੋਕਤੰਤਰ ਲਈ ਚੰਗਾ ਨਹੀਂ ਹੁੰਦਾ, ਮੈਂ ਤਾਂ ਅਜਿਹਾ ਬੰਦਾ ਦੋਬਾਰਾ ਜਿੱਤਦਾ ਦੇਖਿਆ ਨਹੀਂ, ਬਾਕੀ ਫੂਲਕਾ ਸਾਬ ਨੂੰ ਗੁੱਡ ਲੱਕ।"

ਫੂਲਕਾ ਨੇ ਕਿਉਂ ਛੱਡੀ ਸੀ ਆਮ ਆਦਮੀ ਪਾਰਟੀ

ਐੱਚਐੱਸ ਫੂਲਕਾ ਨੇ 2014 ਵਿੱਚ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਹਾਲਾਂਕਿ ਉਹ ਜਿੱਤ ਨਹੀਂ ਸਕੇ ਸਨ।

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 20 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਮਾਰੀ ਤਾਂ ਉਨ੍ਹਾਂ ਵਿੱਚੋਂ ਇੱਕ ਵਿਧਾਇਕ ਐੱਚਐੱਸ ਫੂਲਕਾ ਸਨ।

ਇਨ੍ਹਾਂ ਚੋਣਾਂ ਵਿੱਚ 20 ਵਿਧਾਇਕਾਂ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ ਸੀ।

ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ।

ਪਰ ਡੇਢ ਕੁ ਸਾਲ ਬਾਅਦ ਹੀ ਐੱਚਐੱਸ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਅਤੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ।

ਫੂਲਕਾ ਨੇ ਅਸਤੀਫ਼ੇ ਮਗਰੋਂ ਬੀਬੀਸੀ ਪੰਜਾਬੀ ਨਾਲ ਕੀਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਜਿਵੇਂ ਮੈਂ ਚਾਹੁੰਦਾ ਸੀ ਕਿ ਆਮ ਆਦਮੀ ਪਾਰਟੀ ਕੰਮ ਕਰੇ ਉਸ ਤਰ੍ਹਾਂ ਕੰਮ ਨਹੀਂ ਹੋ ਰਿਹਾ ਸੀ। ਮੈਂ ਹੁਣ ਸਿਵਲ ਸੁਸਾਇਟੀ ਲਈ ਇੱਕ ਮੂਵਮੈਂਟ ਚਲਾਉਣੀ ਹੈ। ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਮੈਂ ਹੁਣ ਕੰਮ ਕਰਨਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਚਐੱਸ ਫੂਲਕਾ ਨੇ 2014 ਵਿੱਚ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਹਾਲਾਂਕਿ ਉਹ ਜਿੱਤ ਨਹੀਂ ਸਕੇ

ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਕੀ ਐਲਾਨ ਕੀਤਾ ਸੀ

ਸਾਲ 2024 ਵਿੱਚ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਐੱਚਐੱਸ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

ਫੂਲਕਾ ਨੇ ਕਿਹਾ ਸੀ, "ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਮੁਤਾਬਕ ਜਦੋਂ ਸ਼੍ਰੋਮਣੀ ਅਕਾਲੀ ਦਲ ਨਵੀਂ ਭਰਤੀ ਮੁਹਿੰਮ ਤਹਿਤ ਨਵੀਂ ਲੀਡਰਸ਼ਿਪ ਅਤੇ ਮੈਂਬਰ ਚੁਣੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣਾਂਗਾ।"

ਫੂਲਕਾ ਨੇ ਨਾਲ ਕਿਹਾ ਸੀ, "ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਦੀ ਖੇਤਰੀ ਪਾਰਟੀ ਹੀ ਕਰ ਸਕਦੀ ਹੈ ਅਤੇ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਮੈਂ ਕਿਸੇ ਅਹੁਦੇ ਲਈ ਅਕਾਲੀ ਦਲ ਵਿੱਚ ਨਹੀਂ ਆਵਾਂਗਾ ਮੈਂ ਇੱਕ ਆਮ ਵਰਕਰ ਵਾਂਗ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ।"

ਫੂਲਕਾ ਨੇ ਇਹ ਐਲਾਨ ਦਸੰਬਰ 2024 ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 2 ਦਸੰਬਰ ਨੂੰ ਨਵੀਂ ਮੈਂਬਰਸ਼ਿਪ ਮੁਹਿੰਮ ਰਾਹੀਂ ਅਕਾਲੀ ਦਲ ਨੂੰ ਪੁਨਰਗਠਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਕੀਤਾ ਸੀ । ਪਰ ਉਹ ਕਦੇ ਵੀ ਰਸਮੀ ਤੌਰ 'ਤੇ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)