ਕਸਾਵਾ ਕੀ ਹੈ, ਇਹ ਬ੍ਰਾਜ਼ੀਲ ਤੋਂ ਭਾਰਤ ਕਿਵੇਂ ਆਇਆ ਤੇ ਪੰਜਾਬ ਵਿੱਚ ਝੋਨੇ ਦੇ ਬਦਲ ਵਜੋਂ ਇਸਦੀ ਕਾਸ਼ਤ ਕਿੰਨੀ ਮੁਮਕਿਨ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਪੰਜਾਬ ਵਿੱਚ ਫਸਲੀ ਵਿਭਿੰਨਤਾ ਬਾਰੇ ਚਰਚਾ ਕੋਈ ਨਵੀਂ ਨਹੀਂ ਹੈ ਪਰ ਹਾਲੀਆ ਸਮੇਂ ਵਿੱਚ ਇੱਕ ਨਵੀਂ ਫ਼ਸਲ ਕਸਾਵਾ ਬਾਰੇ ਚਰਚਾ ਹੋ ਰਹੀ ਹੈ।ਇਸ ਨੂੰ ਝੋਨੇ ਦੇ ਬਦਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਪੰਜਾਬ ਕਾਂਗਰਸ ਦੇ ਤਿੰਨ ਵਿਧਾਇਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਝੋਨੇ ਦੇ ਬਦਲ ਵਜੋਂ ਇਹ ਪੰਜਾਬ ਨੂੰ ਜਲ ਸੰਕਟ ਤੋਂ ਬਾਹਰ ਕੱਢ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵੀ ਵਧਾ ਸਕਦੀ ਹੈ।

ਭਾਵੇਂ ਇਸ ਫ਼ਸਲ ਬਾਰੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਮੁਤਾਬਕ ਇਹ ਫ਼ਸਲ ਅਜੇ ਪੰਜਾਬ ਦੇ ਜਲਵਾਯੂ ਅਤੇ ਮਿੱਟੀ ਵਿੱਚ ਟੈਸਟ ਨਹੀਂ ਹੋਈ ਹੈ।

ਇਸ ਫ਼ਸਲ ਤੋਂ ਪੰਜਾਬ ਦੇ ਕਿਸਾਨ ਅਣਜਾਣ ਹਨ ਕਿਉਂਕਿ ਇਹ ਕਦੇ ਵੀ ਪੰਜਾਬ ਦੇ ਫ਼ਸਲੀ ਚੱਕਰ ਦਾ ਹਿੱਸਾ ਨਹੀਂ ਰਹੀਂ।

ਕੀ ਇਹ ਫ਼ਸਲ ਸਚਮੁੱਚ ਝੋਨੇ ਦੀ ਥਾਂ ਲੈ ਸਕਦੀ ਹੈ? ਕੀ ਇਹ ਫਸਲ ਪੰਜਾਬ ਨੂੰ ਜਲ ਸੰਕਟ ਤੋਂ ਬਚਾਅ ਸਕਦੀ ਹੈ? ਕੀ ਕਸਾਵਾ ਕਿਸਾਨਾਂ ਦੀ ਆਮਦਨ ਵਧਾਉਣ 'ਚ ਮਦਦਗਾਰ ਸਾਬਿਤ ਹੋਵੇਗੀ? ਕਸਾਵਾ ਬਾਰੇ ਅਜਿਹੇ ਵੱਖ - ਵੱਖ ਮਹੱਤਵਪੂਰਨ ਸਵਾਲਾਂ ਦੇ ਜਵਾਬ ਬੀਬੀਸੀ ਦੀ ਇਸ ਰਿਪੋਰਟ ਵਿੱਚ ਪੇਸ਼ ਹਨ।

ਕਸਾਵਾ ਕੀ ਹੈ

ਕਸਾਵਾ ਇੱਕ ਸਟਾਰਚ ਭਰਪੂਰ ਫਸਲ ਹੈ। ਇਹ ਆਲੂਆਂ ਵਾਂਗ ਜ਼ਮੀਨ ਦੇ ਹੇਠਾਂ ਉੱਗਣ ਵਾਲੀ ਫਸਲ ਹੈ।

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ, ਕੇਰਲ, ਮੁਤਾਬਕ ਕਸਾਵਾ, ਜਿਸਦਾ ਤਕਨੀਕੀ ਨਾਮ ਮੈਨੀਹੋਟ ਐਸਕੁਲੇਂਟਾ ਕ੍ਰੈਂਟਜ਼(Manihot esculenta Crantz) ਹੈ, ਭੋਜਨ ਵਿੱਚ ਕੈਲੋਰੀ ਦੇ ਸਰੋਤ ਵਜੋਂ ਚੌਲ, ਕਣਕ ਅਤੇ ਮੱਕੀ ਤੋਂ ਬਾਅਦ ਦੁਨੀਆ ਵਿੱਚ ਚੌਥੇ ਸਥਾਨ 'ਤੇ ਹੈ। ਇਹ ਦੁਨੀਆ ਭਰ ਦੇ ਲਗਭਗ 800 ਮਿਲੀਅਨ ਲੋਕਾਂ ਲਈ ਕਾਰਬੋਹਾਈਡਰੇਟ ਦਾ ਇੱਕ ਮੁੱਖ ਭੋਜਨ ਸਰੋਤ ਹੈ ਅਤੇ ਅਫਰੀਕਾ ਵਿੱਚ ਇਹ ਮਨੁੱਖੀ ਖੁਰਾਕ ਵਿੱਚ ਕੈਲੋਰੀ ਦਾ ਸਭ ਤੋਂ ਮਹੱਤਵਪੂਰਨ ਸਰੋਤ ਹੈ।

ਭਾਰਤ ਵਿੱਚ ਇਸਦੀ ਖੇਤੀ ਮੁੱਖ ਤੌਰ 'ਤੇ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਉੱਤਰ-ਪੂਰਬੀ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਪਕਾ ਕੇ ਵੀ ਖਾਧਾ ਜਾਂਦਾ ਹੈ ਅਤੇ ਇਹ ਪਸ਼ੂਆਂ ਅਤੇ ਪੋਲਟਰੀ ਦੇ ਚਾਰੇ ਵਜੋਂ ਵੀ ਵਰਤਿਆ ਜਾਂਦਾ ਹੈ।

ਕਸਾਵਾ ਕਈ ਉਦਯੋਗਿਕ ਉਤਪਾਦਾਂ ਜਿਵੇਂ ਕਿ ਸਟਾਰਚ, ਆਟਾ ਅਤੇ ਈਥੇਨੋਲ ਲਈ ਕੱਚੇ ਮਾਲ ਦਾ ਇੱਕ ਮਹੱਤਵਪੂਰਨ ਸਰੋਤ ਹੈ। ਇਹ ਇੱਕ ਜਲਵਾਯੂ ਰੋਧਕ ਫਸਲ ਹੈ ਜੋ ਵੱਖ-ਵੱਖ ਖੇਤੀ-ਮੌਸਮੀ ਹਾਲਾਤਾਂ ਵਿੱਚ, ਖਾਸ ਕਰਕੇ ਘੱਟ ਉਪਜਾਊ ਮਿੱਟੀ, ਘੱਟ ਵਰਖਾ ਅਤੇ ਉੱਚ ਤਾਪਮਾਨ ਵਾਲੇ ਖੇਤਰਾਂ ਵਿੱਚ ਵੀ ਚੰਗੀ ਤਰ੍ਹਾਂ ਵਧ ਸਕਦੀ ਹੈ।

ਪੰਜਾਬ ਵਿੱਚ ਇਸ ਫ਼ਸਲ ਦੀ ਕਾਸ਼ਤ ਦੀ ਕਦੇ ਵੀ ਸਿਫਾਰਸ਼ ਨਹੀਂ ਕੀਤੀ ਗਈ। ਪੰਜਾਬ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਡਾ. ਜਗਵੰਤ ਸਿੰਘ ਕਹਿੰਦੇ ਹਨ, "ਆਲੂ ਵਿੱਚ ਉਹ ਸਾਰੇ ਗੁਣ ਮੌਜੂਦ ਹਨ, ਜਿਹੜੇ ਕਸਾਵਾ ਵਿੱਚ ਹੁੰਦੇ ਹਨ।"

ਕਸਾਵਾ ਬ੍ਰਾਜ਼ੀਲ ਤੋਂ ਭਾਰਤ ਕਿਵੇਂ ਆਇਆ

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ, ਕੇਰਲ, ਨੇ ਸਾਲ 2023 ਵਿੱਚ ਜਾਰੀ ਕੀਤੀ ਰਿਪੋਰਟ ਵਿੱਚ ਦੱਸਿਆ ਕਿ ਕਸਾਵਾ ਲਾਤੀਨੀ ਅਮਰੀਕਾ ਦੇ ਦੇਸ਼ ਬ੍ਰਾਜ਼ੀਲ 'ਚ ਉਗਾਇਆ ਜਾਂਦਾ ਹੈ। ਇਸ ਨੂੰ 17ਵੀਂ ਸਦੀ ਦੌਰਾਨ ਪੁਰਤਗਾਲੀ ਵਪਾਰੀਆਂ ਵੱਲੋਂ ਭਾਰਤ ਦੇ ਕੇਰਲ ਵਿੱਚ ਲਿਆਂਦਾ ਗਿਆ ਸੀ।

ਇਸ ਦੀ ਪੌਸ਼ਟਿਕਤਾ ਅਤੇ ਸੁਆਦੀ ਗੁਣਾਂ ਨੂੰ ਦੇਖਦੇ ਹੋਏ, ਉਸ ਸਮੇਂ ਦੇ ਤ੍ਰਾਵਨਕੋਰ ਰਿਆਸਤ ਦੇ ਮਹਾਰਾਜਾ, ਵਿਸਾਖਮ ਤਿਰੁਨਾਲ ਨੇ ( ਜਿਨ੍ਹਾਂ ਨੇ 1880 ਤੋਂ 1885 ਤੱਕ ਰਾਜ ਕੀਤਾ ) ਇਸ ਨੂੰ ਖੁਰਾਕ ਵਜੋਂ ਅਪਣਾਇਆ।

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ, ਕੇਰਲ ਵੱਲੋਂ ਜਾਰੀ ਸਾਲ 2023 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਕਸਾਵਾ ਦੀ ਖੇਤੀ 1.83 ਲੱਖ ਹੈਕਟੇਅਰ ਖੇਤਰ ਵਿੱਚ ਕੀਤੀ ਜਾਂਦੀ ਹੈ, ਜਿਸ ਦੀ ਕੁੱਲ ਪੈਦਾਵਾਰ 69.40 ਲੱਖ ਟਨ ਹੈ।

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ ਨੇ ਭਾਰਤ ਦੇ ਮੁੱਖ ਕਸਾਵਾ ਉਗਾਉਣ ਵਾਲੇ ਸੂਬਿਆਂ ਵਿੱਚ ਖੇਤੀ ਲਈ ਉਚਿਤ, ਵੱਖ-ਵੱਖ ਗੁਣਵੱਤਾ ਵਾਲੀਆਂ ਕਿਸਮਾਂ ਅਤੇ ਹਾਈਬ੍ਰਿਡ ਕਿਸਮਾਂ ਸਮੇਤ ਕੁੱਲ 20 ਉੱਚ ਉਪਜ ਵਾਲੀਆਂ ਕਿਸਮਾਂ ਜਾਰੀ ਕੀਤੀਆਂ ਹਨ।

ਕਸਾਵਾ ਦੀ ਵਰਤੋਂ ਹੋਰ ਕਿੱਥੇ ਹੁੰਦੀ ਹੈ

ਕਸਾਵਾ ਦੀ ਵਰਤੋਂ ਮਨੁੱਖੀ ਭੋਜਨ, ਪਸ਼ੂਆਂ ਅਤੇ ਪੋਲਟਰੀ ਦੇ ਚਾਰੇ, ਉਦਯੋਗਿਕ ਉਤਪਾਦਾਂ ਜਿਵੇਂ ਕਿ ਸਟਾਰਚ, ਆਟਾ ਅਤੇ ਈਨੋਲ ਲਈ ਕੱਚੇ ਮਾਲ ਤੋਂ ਇਲਾਵਾ ਹੋਰ ਉਤਪਾਦਾਂ ਵਿੱਚ ਵੀ ਹੁੰਦੀ ਹੈ।

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ, ਕੇਰਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ , "ਕਸਾਵਾ ਨੂੰ ਕਈ ਤਰ੍ਹਾਂ ਦੇ ਦੂਜੇ ਉਤਪਾਦਾਂ ਵਿੱਚ ਪ੍ਰੋਸੈਸ ਕੀਤਾ ਜਾ ਸਕਦਾ ਹੈ, ਜਿਵੇਂ ਕਿ ਮੋਡੀਫਾਇਡ ਸਟਾਰਚ, ਗਲੂਕੋਜ਼ ਸਿਰਪ, ਐਕਸਟਰਾ ਨਿਊਟਰਲ ਅਲਕੋਹਲ, ਨੂਡਲਜ਼, ਪਾਸਤਾ, ਬੇਕਰੀ ਅਤੇ ਮਿਠਾਈ ਉਤਪਾਦ, ਮੀਟ ਅਤੇ ਟੈਕਸਟਾਈਲ ਪ੍ਰੋਸੈਸਿੰਗ।"

"ਇਸ ਤੋਂ ਇਲਾਵਾ, ਇਸ ਨੂੰ ਉਦਯੋਗਿਕ ਤੌਰ 'ਤੇ ਦਵਾਈਆਂ ਦੇ ਉਤਪਾਦਾਂ ਦੀ ਕੋਟਿੰਗ, ਗੂੰਦ ਅਤੇ ਚਿਪਕਣ ਵਾਲੇ ਪਦਾਰਥ (adhesives) ਬਣਾਉਣ ਅਤੇ ਤੇਲ ਖੁਦਾਈ ਲਈ ਵਰਤੇ ਜਾਣ ਵਾਲੇ ਸਟਾਰਚ ਦੇ ਕੱਚੇ ਮਾਲ ਵਜੋਂ ਵੀ ਵਰਤਿਆ ਜਾਂਦਾ ਹੈ।"

ਕਸਾਵਾ ਦੀ ਚਰਚਾ ਕਿਉਂ ਹੋ ਰਹੀ ਹੈ

ਪੰਜਾਬ ਵਿੱਚ ਪਹਿਲੀ ਵਾਰੀ ਇਸ ਫ਼ਸਲ ਦੀ ਨਿੱਜੀ ਤੌਰ 'ਤੇ ਕਾਸ਼ਤ ਕੀਤੀ ਗਈ ਹੈ। ਤਜਰਬੇ ਵਾਸਤੇ ਇਹ ਫ਼ਸਲ ਪੰਜਾਬ ਕਾਂਗਰਸ ਦੇ ਸ਼ਾਹਕੋਟ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਦੀ ਮਲਸੀਆਂ ਪਿੰਡ ਵਿੱਚ ਸਥਿਤ ਜ਼ਮੀਨ ਵਿੱਚ ਉਗਾਈ ਗਈ।

ਇਸ ਤਜਰਬੇ ਦੀ ਅਗਵਾਈ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ, ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਹਨ, ਨਾਲ ਮਿਲ ਕੇ ਕੀਤੀ।

ਇਸ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਦਾਅਵਾ ਕੀਤਾ ਕਿ ਹੁਣ ਪੰਜਾਬ ਵਿੱਚ ਵੀ ਕਸਾਵਾ ਦੀ ਖੇਤੀ ਹੋ ਸਕਦੀ ਹੈ। ਇਸ ਫ਼ਸਲ ਦੀ ਸਿੰਚਾਈ ਝੋਨੇ ਦੇ ਮੁਕਾਬਲੇ ਘੱਟ ਪਾਣੀ ਨਾਲ ਹੁੰਦੀ ਹੈ।

ਪਾਣੀ ਦੀ ਬੱਚਤ ਕਿਵੇਂ ਹੋ ਸਕਦੀ ਹੈ

ਪੰਜਾਬ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਡਾ. ਜਗਵੰਤ ਸਿੰਘ ਕਹਿੰਦੇ ਹਨ, "ਕਸਾਵਾ ਦੀ ਸਿੰਚਾਈ ਵਾਸਤੇ ਝੋਨੇ ਦੇ ਮੁਕਾਬਲੇ ਘੱਟ ਪਾਣੀ ਲੱਗਦਾ ਹੈ।"

ਵਿਧਾਇਕ ਰਾਣਾ ਗੁਰਜੀਤ ਸਿੰਘ ਦਾਅਵਾ ਕਰਦੇ ਹਨ ਕਿ ਕਸਾਵਾ ਨੂੰ ਝੋਨੇ ਨਾਲੋਂ ਲਗਭਗ ਦਸਵਾਂ ਹਿੱਸਾ ਪਾਣੀ ਚਾਹੀਦਾ ਹੈ।

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ ਦੇ ਖੇਤਰੀ ਕੇਂਦਰ ਭੁਵਨੇਸ਼ਵਰ ਦੇ ਮੁਖੀ ਅਤੇ ਪ੍ਰਮੁੱਖ ਵਿਗਿਆਨੀ, ਡਾ. ਐਮ. ਨੇਦੁਨਚੇਝੀਅਨ ਕਹਿੰਦੇ ਹਨ, "ਪਹਿਲੇ ਦੋ ਮਹੀਨੇ ਸਿੰਚਾਈ ਮਹੱਤਵਪੂਰਨ ਹੈ। ਪਹਿਲੇ 15 ਦਿਨ 2-2 ਦਿਨ ਬਾਅਦ ਪਾਣੀ ਦੇਣਾ ਪੈਂਦਾ ਹੈ ਮਗਰੋਂ 15-15 ਦਿਨ ਬਾਅਦ ਪਾਣੀ ਦੇਣ ਦੀ ਲੋੜ ਪੈਂਦੀ ਹੈ। ਕਸਾਵਾ ਵਿੱਚ ਖੜ੍ਹਾ ਪਾਣੀ ਲੋੜੀਂਦਾ ਨਹੀਂ ਹੈ ਅਤੇ ਇਹ ਸੋਕੇ ਵਰਗੇ ਹਾਲਾਤ ਝੱਲਣ ਦੇ ਸਮਰੱਥ ਵੀ ਹੈ।"

ਬਿਜਾਈ ਕਿਹੜੇ ਮੌਸਮ ਵਿੱਚ ਕੀਤੀ ਜਾ ਸਕਦੀ ਹੈ

ਆਈਸੀਏਆਰ-ਸੈਂਟਰਲ ਟਿਊਬਰ ਕ੍ਰੌਪਸ ਰਿਸਰਚ ਇੰਸਟੀਚਿਊਟ, ਕੇਰਲ ਮੁਤਾਬਕ ਆਮ ਤੌਰ 'ਤੇ ਕੇਰਲ ਅਤੇ ਮਹਾਰਾਸ਼ਟਰ ਵਿੱਚ ਕਸਾਵਾ ਦੀ ਬਿਜਾਈ ਮੀਂਹ ਦੇ ਮੌਸਮ ਦੀ ਸ਼ੁਰੂਆਤ ਨਾਲ ਹੁੰਦੀ ਹੈ। ਆਮ ਤੌਰ 'ਤੇ ਇਸਦੀ ਬਿਜਾਈ ਮਈ–ਜੂਨ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਨਾਲ ਜਾਂ ਸਤੰਬਰ–ਅਕਤੂਬਰ ਵਿੱਚ ਉੱਤਰ-ਪੂਰਬੀ ਮਾਨਸੂਨ ਦੇ ਨਾਲ ਕੀਤੀ ਜਾਂਦੀ ਹੈ।

ਹਾਲਾਂਕਿ, ਜੇ ਮਿੱਟੀ ਵਿੱਚ ਨਮੀ ਯਕੀਨੀ ਬਣਾਈ ਜਾਵੇ ਤਾਂ ਇਸ ਫਸਲ ਦੀ ਬਿਜਾਈ ਸਾਲ ਦੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।

ਮਾਹਰਾਂ ਅਨੁਸਾਰ ਪੰਜਾਬ ਵਿੱਚ ਇਸਦੀ ਬਿਜਾਈ ਮਾਰਚ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ।

ਡਾ. ਐਮ. ਨੇਦੁਨਚੇਝੀਅਨ ਕਹਿੰਦੇ ਹਨ, "ਪੰਜਾਬ ਵਿੱਚ ਕਸਾਵਾ ਦੀ ਬਿਜਾਈ ਵਾਸਤੇ ਮਾਰਚ ਦਾ ਪਹਿਲਾ ਹਫ਼ਤਾ ਸਭ ਤੋਂ ਵਧੀਆ ਸਮਾਂ ਹੈ। ਬਿਜਾਈ ਦੌਰਾਨ ਤਾਪਮਾਨ ਲਗਭਗ 28 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ।"

"ਪੰਜਾਬ ਵਿੱਚ ਇਸ ਦੀ ਕਟਾਈ ਵਾਸਤੇ ਦਸੰਬਰ ਮਹੀਨੇ ਦੇ ਅਖੀਰਲੇ ਦਿਨ ਅਤੇ ਜਨਵਰੀ ਅਤੇ ਫ਼ਰਵਰੀ ਦਾ ਮਹੀਨਾ ਉਚਿਤ ਮੰਨਿਆ ਜਾਂਦਾ ਹੈ।"

ਆਮਦਨ ਕਿੰਨੀ ਹੁੰਦੀ ਹੈ

ਵਿਧਾਇਕ ਰਾਣਾ ਗੁਰਜੀਤ ਨੇ ਦਾਅਵਾ ਕੀਤਾ ਕਿ ਜਿੱਥੇ ਉਨ੍ਹਾਂ ਨੇ ਕਸਾਵਾ ਬੀਜਿਆ ਸੀ ਉੱਥੇ ਇਸ ਵਾਰ ਝਾੜ 175 ਕੁਇੰਟਲ ਪ੍ਰਤੀ ਏਕੜ ਤੱਕ ਆਇਆ ਹੈ।

ਡਾ. ਐਮ. ਨੇਦੁਨਚੇਝੀਅਨ ਨੇ ਕਿਹਾ, "ਉਦਯੋਗਿਕ ਖੇਤਰ ਵਿੱਚ ਇਸਦੀ ਕੀਮਤ ਲਗਭਗ 1500 ਰੁਪਏ ਪ੍ਰਤੀ ਕੁਇੰਟਲ ਹੈ ਜਦਕਿ ਘਰੇਲੂ ਖਪਤ ਵਾਸਤੇ ਇਸਦੀ ਕੀਮਤ 2000 ਰੁਪਏ ਤੋਂ 2500 ਰੁਪਏ ਤੱਕ ਹੈ।"

ਉਹ ਕਹਿੰਦੇ ਹਨ, "ਇੱਕ ਏਕੜ ਵਿੱਚੋਂ ਔਸਤਨ ਝਾੜ 150 ਕੁਇੰਟਲ ਤੋਂ 200 ਕੁਇੰਟਲ ਦਰਮਿਆਨ ਰਹਿੰਦਾ ਹੈ।"

ਉਨ੍ਹਾਂ ਕਿਹਾ ਇਸ ਫ਼ਸਲ ਦੀ ਹੱਥੀਂ ਬਿਜਾਈ ਕਰਨ 'ਤੇ ਪ੍ਰਤੀ ਏਕੜ ਖ਼ਰਚਾ 30,000 ਰੁਪਏ ਤੱਕ ਆਉਂਦਾ ਹੈ ਜਦਕਿ ਮਸ਼ੀਨਰੀ ਨਾਲ ਖਰਚਾ 15000 ਰੁਪਏ ਪ੍ਰਤੀ ਏਕੜ ਤੱਕ ਆਉਂਦਾ ਹੈ।

ਕਸਾਵਾ ਦੀ ਖੇਤੀ ਕਰਨ ਦਾ ਕੀ ਤਰੀਕਾ ਹੈ

ਡਾ. ਐਮ. ਨੇਦੁਨਚੇਝੀਅਨ ਨੇ ਦੱਸਿਆ, "ਕਸਾਵਾ ਦੀ ਬਿਜਾਈ ਇਸਦੇ ਤਣਿਆਂ ਨਾਲ ਕੀਤੀ ਜਾਂਦੀ ਹੈ। ਇਹ ਤਣੇ ਕਰੀਬ 20 ਸੈਂਟੀਮੀਟਰ ਲੰਬੇ ਹੋਣੇ ਚਾਹੀਦੇ ਹਨ। ਇਸਦੀ ਬਿਜਾਈ ਸਿੱਧੀ ਜ਼ਮੀਨ 'ਤੇ ਨਹੀਂ ਸਗੋਂ ਵੱਟਾਂ ਉੱਤੇ ਕੀਤੀ ਜਾਂਦੀ ਹੈ।"

"ਬੀਜੇ ਗਏ ਬੂਟਿਆਂ ਅਤੇ ਵੱਟਾਂ ਵਿਚਕਾਰ ਕਰੀਬ 90 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਇੱਕ ਏਕੜ ਵਿੱਚ ਲਗਭਗ 5000 ਬੂਟੇ ਲਗਾਏ ਜਾ ਸਕਦੇ ਹਨ।"

"ਰੇਤਲੀ ਮਿੱਟੀ ਅਤੇ ਦੋਮਟ ਮਿੱਟੀ ਇਸਦੀ ਬਿਜਾਈ ਵਾਸਤੇ ਸਭ ਤੋਂ ਵਧੀਆ ਹੈ।"

ਮੁੱਖ ਚੁਣੌਤੀਆਂ ਕੀ ਹਨ

ਕਸਾਵਾ ਫਸਲ ਦੀ ਖ਼ਰੀਦ, ਮਾਰਕਟਿੰਗ ਅਤੇ ਪ੍ਰੋਸੈਸਿੰਗ ਅਜੇ ਵੱਡੀ ਚੁਣੌਤੀ ਹੈ। ਮੁੱਖ ਰੂਪ ਵਿੱਚ ਭਾਰਤ ਦੇ ਦੱਖਣੀ ਰਾਜਾਂ ਵਿੱਚ ਬੀਜੀ ਜਾਣ ਕਰਕੇ, ਉੱਥੇ ਇਸ ਫ਼ਸਲ ਦੀ ਖ਼ਰੀਦ, ਮਾਰਕਟਿੰਗ ਅਤੇ ਪ੍ਰੋਸੈਸਿੰਗ ਦੇ ਪ੍ਰਬੰਧ ਹਨ ਪਰ ਪੰਜਾਬ ਵਿੱਚ ਫਿਲਹਾਲ ਅਜਿਹਾ ਕੋਈ ਪ੍ਰਬੰਧ ਨਹੀਂ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਦੇ ਸਹਾਇਕ ਨਿਰਦੇਸ਼ਕ ਡਾ ਹਰਿੰਦਰ ਸਿੰਘ ਨੇ ਕਿਹਾ, "ਇਹ ਫ਼ਸਲ ਅਜੇ ਪੰਜਾਬ ਦੇ ਜਲਵਾਯੂ ਅਤੇ ਮਿੱਟੀ ਵਿੱਚ ਟੈਸਟ ਨਹੀਂ ਹੋਈ ਹੈ। ਕਸਾਵਾ ਦੀ ਪ੍ਰੋਸੈਸਿੰਗ ਵੀ ਅਜੇ ਚੁਣੌਤੀ ਹੈ।"

ਰਾਣਾ ਗੁਰਜੀਤ ਨੇ ਵੀ ਕਿਹਾ, "ਪੰਜਾਬ ਵਿੱਚ ਅਜੇ ਇਸ ਫ਼ਸਲ ਦੀ ਪ੍ਰੋਸੈਸਿੰਗ ਵਾਸਤੇ ਪਲਾਂਟ ਨਹੀਂ ਹਨ ਅਤੇ ਢੁੱਕਵੀਆਂ ਮਸ਼ੀਨਾਂ ਦੀ ਵੀ ਲੋੜ ਹੈ।"

"ਇਸ ਤੋਂ ਇਲਾਵਾ ਕਸਾਵਾ ਦੀ ਬਿਜਾਈ ਵਾਸਤੇ ਜ਼ਮੀਨ ਦੀ ਚੋਣ ਬਹੁਤ ਅਹਿਮ ਹੈ, ਕਿਉਂਕਿ ਇਹ ਫ਼ਸਲ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਨਹੀਂ ਹੋ ਸਕਦੀ। ਰੇਤੀਲੀ ਅਤੇ ਦੋਮਟ ਮਿੱਟੀ ਕਸਾਵਾ ਵਾਸਤੇ ਢੁੱਕਵੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)