'ਕਰੋੜਪਤੀਆਂ ਦੀਆਂ ਨੈਨੀਆਂ': ਜ਼ਿੰਮੇਵਾਰੀ ਅਤੇ 'ਚਮਕ-ਦਮਕ' ਵਾਲੀ ਜ਼ਿੰਦਗੀ, ਕਿਵੇਂ ਪੈਂਦਾ 'ਸਮੇਂ ਦਾ ਮੁੱਲ'

ਤਸਵੀਰ ਸਰੋਤ, Giuliana Passarelli

ਤਸਵੀਰ ਕੈਪਸ਼ਨ, ਜਿਉਲੀਆਨਾ ਪਾਸਰੇਲੀ ਇੱਕ ਕਾਰੋਬਾਰੀ ਦੀ ਨਿੱਜੀ ਸਹਾਇਕ ਹੈ। ਉਹ ਆਪਣੀ ਨੌਕਰੀ ਦੇ ਪਰਦੇ ਪਿਛਲੇ ਪਲਾਂ ਨੂੰ ਦਿਖਾਉਣ ਤੋਂ ਬਾਅਦ ਟਿਕਟੌਕ 'ਤੇ ਵਾਇਰਲ ਹੋ ਗਈ।
    • ਲੇਖਕ, ਰੂਟ ਪੀਨਾ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ, ਸਾਓ ਪਾਉਲੋ
  • ਪੜ੍ਹਨ ਦਾ ਸਮਾਂ: 8 ਮਿੰਟ

ਸਾਓ ਪਾਉਲੋ ਦੀ 31 ਸਾਲਾ ਜਿਉਲੀਆਨਾ ਪਾਸਰੇਲੀ ਜੋ ਇੱਕ ਕਰੋੜਪਤੀ ਦੀ ਨਿੱਜੀ ਸਹਾਇਕ ਹਨ, ਉਹਨਾਂ ਨੇ ਕਿਹਾ, "ਤੁਹਾਨੂੰ ਉਹ ਕਹਾਵਤ ਪਤਾ ਹੈ ਕਿ ਹਰ ਕਿਸੇ ਕੋਲ ਇੱਕੋ ਜਿਹੇ 24 ਘੰਟੇ ਹੁੰਦੇ ਹਨ? ਇਹ ਝੂਠ ਹੈ,...ਉਸ (ਮੇਰੇ ਬਾਸ) ਕੋਲ ਮੇਰੇ ਵਾਲੇ 24 ਘੰਟੇ ਵੀ ਹਨ।"

ਪਾਸਰੇਲੀ ਉਹ ਸਾਰੇ ਕੰਮ ਦੇਖਦੇ ਹਨ ਜੋ ਉਹਨਾਂ ਦਾ ਬਾਸ ਖੁਦ ਨਹੀਂ ਕਰਨਾ ਨਹੀਂ ਚਾਹੁੰਦਾ, ਮਹਿੰਗਾ ਸੂਟ ਚੁਣਨ ਤੋਂ ਲੈ ਕੇ ਜਨਮ ਦਿਨ ਦੀ ਪਾਰਟੀ ਦਾ ਪ੍ਰਬੰਧ ਕਰਨ ਤੱਕ ਅਤੇ ਉਸ ਦੇ ਬੱਚੇ ਦੇ ਸਕੂਲ ਦਾ ਸਾਮਾਨ ਖਰੀਦਣ ਤੱਕ।

ਲੇਕਿਨ ਉਹਨਾਂ ਦੀ ਰੁਟੀਨ ਇਸ ਤੋਂ ਵੀ ਵੱਧ ਬੇਤਰਤੀਬ ਹੋ ਸਕਦੀ ਹੈ। ਉਹ ਯਾਦ ਕਰਦੇ ਹਨ ਕਿ, ਮਿਸਾਲ ਵਜੋਂ, ਉਹਨਾਂ ਨੂੰ ਤੁਰੰਤ ਫਰਾਂਸ ਸੱਦਿਆ ਗਿਆ ਕਿਉਂਕਿ ਬਾਸ ਚਾਹੁੰਦਾ ਸੀ ਕਿ ਉਹ ਉੱਥੋਂ ਇੱਕ ਫਰਾਰੀ ਕਾਰ ਲੈ ਕੇ ਆਵੇ।

ਪਾਸਰੇਲੀ ਕਹਿੰਦੇ ਹਨ, "ਮੈਨੂੰ ਰਾਤੋ-ਰਾਤ ਪੈਕਿੰਗ ਕਰਨੀ ਪਈ ਕਿਉਂਕਿ ਉਸਨੇ ਇੱਕ ਖਾਸ, ਕੁਲੈਕਟਰ ਐਡੀਸ਼ਨ ਖਰੀਦੀ ਸੀ। ਅਸੀਂ ਫਲਾਈਟ ਰਾਹੀਂ ਉੱਥੇ ਪਹੁੰਚੇ, ਪੈਰਿਸ ਦੇ ਨੇੜੇ ਇੱਕ ਕਸਬੇ ਵਿੱਚ ਗਏ ਅਤੇ ਮੈਂ ਕਾਰ ਬ੍ਰਾਜ਼ੀਲ ਵਿੱਚ ਲਿਆਉਣ ਲਈ ਲੋੜੀਂਦੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ।"

Sorry, we can’t display this part of the story on this lightweight mobile page.

ਉਹਨਾਂ ਦੇ ਕੰਮ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ। ਕਿਸੇ ਦਿਨ ਉਹਨਾਂ ਨੇ ਆਪਣੇ ਬਾਸ ਲਈ ਦੰਦਾਂ ਦੇ ਡਾਕਟਰ ਨਾਲ ਮੁਲਾਕਾਤ ਦਾ ਸਮਾਂ ਲੈਣਾ ਹੁੰਦਾ ਹੈ ਜਾਂ ਉਸਦੇ ਕੁੱਤੇ ਨੂੰ ਡਾਕਟਰ ਕੋਲ ਲਿਜਾਣਾ ਪੈ ਸਕਦਾ ਹੈ।

"ਤੁਸੀਂ ਜਾਣਦੇ ਹੋ ਜਦੋਂ ਤੁਸੀਂ ਦਿਨ ਵਿੱਚ ਬਹੁਤ ਕੁਝ ਕੀਤਾ ਹੋਵੇ, ਥੱਕੇ ਹੋਵੋਂ ਅਤੇ ਅਚਾਨਕ ਯਾਦ ਆਵੇ: 'ਮੈਂ ਟੁੱਥਪੇਸਟ ਖਰੀਦਣਾ ਭੁੱਲ ਗਿਆ'? ਇਹ ਉਸ ਨਾਲ ਨਹੀਂ ਹੁੰਦਾ, ਕਿਉਂਕਿ ਮੈਂ ਨਹੀਂ ਭੁੱਲੀ ਸੀ।"

ਤਸਵੀਰ ਸਰੋਤ, Giuliana Passarelli

ਤਸਵੀਰ ਕੈਪਸ਼ਨ, ਜੋ ਕੰਮ ਇਹਨਾਂ ਦਾ ਬਾਸ ਨਹੀਂ ਕਰਨਾ ਚਾਹੁੰਦਾ ਉਹ ਪਾਸਰੇਲੀ ਕਰਦੀ ਹੈ।

ਪਾਸਰੇਲੀ ਦੇ ਟਿਕਟੌਕ ਪ੍ਰੋਫਾਈਲ ਨੂੰ ਹੁਣ 50 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਉਹਨਾਂ ਦੇ 1,40,000 ਤੋਂ ਵੱਧ ਫੌਲੋਅਰਜ਼ ਹਨ। ਉਹ ਆਪਣੇ "ਕਰੋੜਪਤੀ ਨੈਨੀ" ਵਜੋਂ ਕੰਮ ਦੇ ਪਲਾਂ ਦੀਆਂ ਵੀਡੀਓ ਪਾਉਂਦੇ ਹਨ।

ਪਾਸਰੇਲੀ ਕਹਿੰਦੇ ਹਨ ਕਿ ਉਹਨਾਂ ਦਾ ਬਾਸ ਆਪਣੇ ਦਿਮਾਗ ਨੂੰ "ਏਅਰਪਲੇਨ ਮੋਡ" (ਵਿਹਲਾ) 'ਤੇ ਰੱਖ ਸਕਦਾ ਹੈ ਕਿਉਂਕਿ ਉਹ ਹਰ ਕੰਮ ਦੀ ਜ਼ਿੰਮੇਵਾਰੀ ਲੈਂਦੀ ਹੈ।

"ਜਦੋਂ ਤੁਹਾਨੂੰ ਦੋ ਸਾਲ ਦੇ ਬੱਚੇ 'ਤੇ ਨਜ਼ਰ ਰੱਖਣੀ ਪੈਂਦੀ ਹੈ ਅਤੇ ਤੁਸੀਂ ਇੱਕ ਪਲ ਵੀ ਅੱਖ ਨਹੀਂ ਝਪਕ ਸਕਦੇ? ਉਸ ਦੇ ਨਾਲ ਵੀ ਇਵੇਂ ਹੀ ਹੈ। ਮੈਂ ਕਿਸੇ ਹੋਰ ਦੀ ਜ਼ਿੰਦਗੀ ਲਈ ਜ਼ਿੰਮੇਵਾਰ ਹਾਂ ਅਤੇ ਕਦੋਂ ਵੀ, ਸਭ ਕੁਝ ਬਦਲ ਸਕਦਾ ਹੈ।"

ਉਹਨਾਂ ਨੇ ਇਸ਼ਤਿਹਾਰਬਾਜ਼ੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਮਾਰਕੀਟਿੰਗ ਵਿੱਚ ਪੋਸਟ-ਗ੍ਰੈਜੂਏਟ ਹਨ। ਇਸ ਤੋਂ ਪਹਿਲਾਂ ਪਾਸਰੇਲੀ ਨੇ ਏਜੰਸੀਆਂ ਅਤੇ ਸਮਾਗਮਾਂ ਵਿੱਚ ਆਪਣਾ ਦਫਤਰੀ ਕੰਮ ਕੀਤਾ ਸੀ।

"ਮੈਂ ਜੋ ਕੀਤਾ ਮੈਨੂੰ ਉਹ ਬਹੁਤ ਪਸੰਦ ਸੀ, ਪਰ ਮੈਨੂੰ ਅਜੇ ਵੀ ਉਸ ਰੁਟੀਨ ਵਿੱਚ ਆਪਣੀ ਜਗ੍ਹਾ ਨਹੀਂ ਮਿਲੀ ਸੀ। ਮੈਂ ਆਪਣੇ ਆਪ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਦੇ ਹੋਏ, ਕੰਪਿਊਟਰ ਦੇ ਪਿੱਛੇ ਫਸਿਆ ਹੋਇਆ ਨਹੀਂ ਦੇਖ ਸਕਦੀ ਸੀ।"

ਇਸ ਨੌਕਰੀ ਦਾ ਮੌਕਾ ਮਹਾਂਮਾਰੀ ਦੌਰਾਨ ਪੈਦਾ ਹੋਇਆ, ਜਦੋਂ ਕਿਸੇ ਜਾਣਕਾਰ ਨੇ ਇੱਕ ਕਰੋੜਪਤੀ ਦੇ ਸਹਾਇਕ ਵਜੋਂ ਨੌਕਰੀ ਲਈ ਉਸਦੀ ਸਿਫਾਰਸ਼ ਕੀਤੀ। ਪੰਜ ਮਿੰਟ ਦੀ ਇੰਟਰਵਿਊ ਤੋਂ ਬਾਅਦ, ਉਸ ਕਰੋੜਪਤੀ ਨੇ ਪਾਸਰੇਲੀ ਨੂੰ ਟ੍ਰਾਇਲ ਦੇਣ ਦਾ ਫੈਸਲਾ ਕੀਤਾ। ਪਾਸਰੇਲੀ ਹੁਣ ਪੰਜ ਸਾਲਾਂ ਤੋਂ ਉਸ ਦੇ ਮੁਲਾਜ਼ਮ ਹਨ।

ਨੌਕਰੀ ਦਾ ਇੱਕ ਅਜੀਬ ਪੱਖ ਵੀ ਹੈ। ਪਾਸਰੇਲੀ ਕਹਿੰਦੇ ਹਨ ਕਿ ਉਹਨਾਂ ਦੇ ਬਾਸ ਨੇ ਮਿੰਨੀ- ਮੁਰਗੀਆਂ ਦੇ ਸ਼ੌਕੀਨ ਕਰੋੜਪਤੀਆਂ ਬਾਰੇ ਇੱਕ ਲੇਖ ਪੜ੍ਹਨ ਤੋਂ ਬਾਅਦ, ਖ਼ੁਦ ਵੀ ਇਹ ਮੁਰਗੀਆਂ ਪਾਲਣ ਦਾ ਫੈਸਲਾ ਕੀਤਾ।

ਮਿੰਨੀ-ਮੁਰਗੀਆਂ ਮੂਲ ਰੂਪ ਵਿੱਚ ਮਲੇਸ਼ੀਆ ਦੀ, 'ਸੇਰਾਮਾ' ਨਸਲ ਦੀਆਂ ਮੁਰਗੀਆਂ ਹਨ। ਇਹ ਜ਼ਿਆਦਾਤਰ ਹੋਰ ਨਸਲਾਂ ਨਾਲੋਂ ਛੋਟੀ ਹੁੰਦੀ ਹੈ।

ਉਹ ਕਹਿੰਦੇ ਹਨ, "ਉਹ ਦੋ ਮੁਰਗੀਆਂ ਦਫ਼ਤਰ ਲਿਆਇਆ ਅਤੇ ਮੈਂ ਇਨ੍ਹਾਂ ਮਿੰਨੀ ਮੁਰਗੀਆਂ ਦੀ ਨੈਨੀ ਬਣ ਗਈ।"

ਇਹ ਮਹਿੰਗੇ ਪੰਛੀ ਹੁਣ ਕਾਰੋਬਾਰੀ ਦੇ ਇੱਕ ਮੁਲਾਜ਼ਮ ਦੇ ਫਾਰਮ 'ਤੇ ਰਹਿੰਦੇ ਹਨ। ਹਾਲਾਂਕਿ, ਪਾਸਰੇਲੀ ਨੂੰ ਅਜੇ ਵੀ ਆਪਣੇ ਬਾਸ ਨੂੰ ਦੇਣ ਲਈ ਉਨ੍ਹਾਂ ਦੀਆਂ ਫੋਟੋਆਂ ਅਤੇ ਜਾਣਕਾਰੀ ਮਿਲਦੀ ਰਹਿੰਦੀ ਹੈ।

ਤਸਵੀਰ ਸਰੋਤ, Marco Bottigelli via Getty Images

ਤਸਵੀਰ ਕੈਪਸ਼ਨ, ਕੁਝ "ਕਰੋੜਪਤੀ ਨੈਨੀਆਂ" ਤਾਂ ਆਲੀਸ਼ਾਨ ਕਿਸ਼ਤੀਆਂ (ਲਗਜ਼ਰੀ ਯਾਟ) 'ਤੇ ਪਹੁੰਚ ਗਈਆਂ ਹਨ।

ਸਮਾਂ ਹੀ ਸਰਦਾਰੀ ਹੈ

ਏਸਕੋਲਾ ਸੁਪੀਰੀਅਰ ਡੀ ਪ੍ਰੋਪੇਗੰਡਾ ਈ ਮਾਰਕੀਟਿੰਗ ਦੀ ਪ੍ਰੋਫੈਸਰ ਕ੍ਰਿਸਟੀਨਾ ਪ੍ਰੋਏਂਸਾ, ਜਿੱਥੇ ਉਹ ਕੰਟੈਪਰੇਰੀ ਲਗਜ਼ਰੀ ਬਿਜ਼ਨਿਸ ਅਤੇ ਮਾਰਕੀਟਿੰਗ ਦਾ ਕੋਰਸ ਪੜ੍ਹਾਉਂਦੇ ਹਨ, ਉਹ ਕਹਿੰਦੇ ਹਨ ਕਿ ਪਾਸਰੇਲੀ ਦੀ ਨੌਕਰੀ ਨਵੀਂ ਨਹੀਂ ਹੈ। ਇਹ ਘਰੇਲੂ ਨੌਕਰਾਂ ਅਤੇ ਬਟਲਰ ਵਰਗੀਆਂ ਘਰੇਲੂ ਭੂਮਿਕਾਵਾਂ ਦਾ ਇੱਕ ਵਿਕਸਿਤ ਰੂਪ ਹੈ ਜਿਸ ਤੋਂ ਰਈਸ ਲੋਕ ਲੰਬੇ ਸਮੇਂ ਤੋਂ ਜਾਣੂ ਹਨ।

ਪ੍ਰੋਏਂਸਾ ਕਹਿੰਦੇ ਹਨ, "ਰਵਾਇਤੀ ਪਰਿਵਾਰਾਂ ਵਿੱਚ ਇਹ ਹਮੇਸ਼ਾ ਰਿਹਾ ਹੈ, ਕੁਝ ਮਾਮਲਿਆਂ ਵਿੱਚ ਤੁਹਾਡੇ ਕੋਲ ਅਜਿਹੇ ਮੁਲਾਜ਼ਮ ਵੀ ਹੁੰਦੇ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਤੁਹਾਡੇ ਨਾਲ ਰਹਿੰਦੇ ਹਨ, ਉਹ ਲੋਕ ਜੋ ਘਰ ਚਲਾਉਣ ਵਿੱਚ ਸਹਾਇਤਾ ਕਰਦੇ ਹਨ।"

ਉਹ ਅੱਗੇ ਕਹਿੰਦੇ ਹਨ ਕਿ ਆਮਦਨ ਦੇ ਪਿਰਾਮਿਡ ਦੇ ਸਿਖਰ 'ਤੇ ਦੌਲਤ ਦੇ ਵਧਦੇ ਕੇਂਦਰੀਕਰਨ ਕਾਰਨ ਇਸ ਉੱਚ-ਪੱਧਰੀ ਸੇਵਾ ਦੀ ਮੰਗ ਹੁਣ ਹੋਰ ਵੀ ਵਧ ਗਈ ਹੈ। ਜਿਵੇਂ-ਜਿਵੇਂ ਬਾਜ਼ਾਰ ਸਿਰਫ਼ ਖ਼ਾਸ ਲੋਕਾਂ ਲਈ ਵਿਸ਼ੇਸ਼ ਸੇਵਾਵਾਂ ਵੱਲ ਮੁੜ ਰਿਹਾ ਹੈ, 'ਨਿੱਜੀ ਪਸੰਦ ਦੀ ਬਾਰੀਕੀ' ਹੀ ਹੁਣ ਅਸਲ ਮਿਆਰ ਬਣ ਗਈ ਹੈ।

ਪ੍ਰੋਏਂਸਾ ਸਮਝਾਉਂਦੇ ਹਨ, "ਇੱਕ ਨਿੱਜੀ ਸਹਾਇਕ ਉਹ ਹੁੰਦਾ ਹੈ ਜੋ ਆਪਣੇ ਬਾਸ ਤੋਂ ਇਸ ਹੱਦ ਤੱਕ ਜਾਣਦਾ ਹੈ ਕਿ ਉਹ ਕੰਮ ਨੂੰ ਇਸ ਤਰ੍ਹਾਂ ਅੰਜਾਮ ਦਿੰਦਾ ਹੈ ਜਿਵੇਂ ਕਿ ਉਸ ਨੂੰ ਚਾਹੀਦੇ ਹੁੰਦੇ ਹਨ, ਕੁਝ ਅਜਿਹਾ ਜੋ ਸੱਚਮੁੱਚ ਨਿਵੇਕਲਾ ਹੋਵੇ, ਜਿਸ ਤੱਕ ਕੋਈ ਹੋਰ ਪਹੁੰਚ ਨਾ ਸਕੇ।"

ਸਭ ਤੋਂ ਵੱਡੀ ਰੀਝ ਕੋਈ ਵਸਤੂ ਨਹੀਂ, ਸਗੋਂ ਵਕਤ ਹੈ।

ਉਹ ਕਹਿੰਦੇ ਹਨ, "ਜਦੋਂ ਅਸੀਂ ਇਸ ਕਿਸਮ ਦੇ ਸਟਾਫ ਨੂੰ ਰੱਖਣ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਅਸਲ ਵਿੱਚ ਦੂਜੇ ਲੋਕਾਂ ਦਾ ਸਮਾਂ ਖਰੀਦ ਕੇ ਉਨ੍ਹਾਂ ਦਾ ਸਮਾਂ ਹਾਸਲ ਕਰਨ ਬਾਰੇ ਗੱਲ ਕਰ ਰਹੇ ਹੁੰਦੇ ਹਾਂ।"

"ਇਹ ਆਪਣੇ ਆਪ ਵਿੱਚ ਇੱਕ ਸਟੇਟਸ ਸਿੰਬਲ (ਰੁਤਬੇ ਦਾ ਪ੍ਰਤੀਕ) ਬਣ ਜਾਂਦਾ ਹੈ: ਸਮਾਂ ਹੋਣਾ।"

ਪ੍ਰੋਫੈਸਰ ਕਹਿੰਦੇ ਹਨ ਕਿ ਉਸ ਨੂੰ "ਕਰੋੜਪਤੀ ਨੈਨੀ" ਸ਼ਬਦ ਪਸੰਦ ਨਹੀਂ ਕਿਉਂਕਿ ਇਹ ਨਿੱਜੀ ਸਹਾਇਕ ਰੱਖਣ ਵਾਲਿਆਂ ਨੂੰ ਬੱਚਿਆਂ ਵਰਗਾ ਦਿਖਾਉਂਦਾ ਹੈ।

ਉਹ ਕਹਿੰਦੇ ਹਨ, "ਇਸ ਤੋਂ ਅਭਾਸ ਹੁੰਦਾ ਕਿ ਉਹ ਇਨਸਾਨ ਆਪਣੇ ਆਪ ਇੰਤਜ਼ਾਮ ਨਹੀਂ ਕਰ ਸਕਦਾ।"

ਰਈਸ ਲੋਕਾਂ ਲਈ ਅਜਿਹੇ ਕੰਮ ਕਰਨ ਲਈ ਮੁਲਾਜ਼ਮ ਰੱਖਣ ਪਿੱਛੇ ਤਰਕ ਵੱਖਰਾ ਹੈ।

ਉਹ ਕਹਿੰਦੇ ਹਨ, "ਸਭ ਤੋਂ ਸਰਲ ਕੰਮ ਬਾਹਰੋਂ ਕਰਵਾਏ ਜਾ ਸਕਦੇ ਹਨ। ਕਈ ਵਾਰ ਇਹ ਪਾਣੀ ਦਾ ਗਲਾਸ ਲਿਆਉਣ ਜਿੰਨੀ ਮਾਮੂਲੀ ਗੱਲ ਹੁੰਦੀ ਹੈ।"

ਤਸਵੀਰ ਸਰੋਤ, Giuliana Passarelli

ਤਸਵੀਰ ਕੈਪਸ਼ਨ, ਪਾਸਰੇਲੀ ਕਹਿੰਦੇ ਹਨ ਕਿ ਉਹ ਆਪਣੇ ਸੋਸ਼ਲ ਮੀਡੀਆ ਮੌਜੂਦਗੀ ਦੀ ਵਰਤੋਂ ਇੱਕ ਹੋਰ ਤਰ੍ਹਾਂ ਦੀ "ਆਮ" ਜ਼ਿੰਦਗੀ ਨੂੰ ਦਿਖਾਉਣ ਲਈ ਕਰਦੇ ਹਨ।

ਲੂ ਜ਼ੇਵੀਅਰ, ਸਾਓ ਪਾਉਲੋ ਦੀ ਇੱਕ ਏਜੰਸੀ, ਜੋ ਆਪਣੇ ਆਪ ਨੂੰ "ਘਰੇਲੂ ਸਟਾਫ ਦੀ ਭਰਤੀ ਵਿੱਚ ਮਾਹਰ ਬੁਟੀਕ" ਵਜੋਂ ਪੇਸ਼ ਕਰਦੀ ਹੋ ਜੋ ਸਿਰਫ ਅਮੀਰ ਘਰਾਣਿਆਂ ਲਈ ਭਰਤੀ ਕਰਦੀ ਹੈ।

ਚੋਣ ਪ੍ਰਕਿਰਿਆ ਵਿੱਚ "ਅਪਰਾਧਿਕ ਰਿਕਾਰਡ ਦੀ ਜਾਂਚ, ਪੁਰਾਣੇ ਸੰਪਰਕਾਂ ਰਾਹੀਂ ਜਾਂਚ, ਕਰਜ਼ੇ ਦਾ ਇਤਿਹਾਸ ਅਤੇ ਮੈਡੀਕਲ ਇਤਿਹਾਸ ਦੀ ਪੁਸ਼ਟੀ" ਸ਼ਾਮਲ ਹੈ।

ਕਾਰੋਬਾਰੀ ਲੂਸੀਆਨਾ ਜ਼ੇਵੀਅਰ ਕਹਿੰਦੀ ਹੈ ਕਿ ਉਸਨੇ ਮਾਰਕੀਟ ਵਿੱਚ ਇੱਕ ਕਮੀ ਨੂੰ ਦੇਖਣ ਤੋਂ ਬਾਅਦ ਕੰਪਨੀ ਸ਼ੁਰੂ ਕੀਤੀ। ਰੱਜੇ-ਪੁੱਜੇ ਪਰਿਵਾਰਾਂ ਨਾਲ ਕੰਮ ਕਰਦੇ ਹੋਏ 25 ਸਾਲ ਹੋ ਜਾਣ ਤੋਂ ਬਾਅਦ, ਉਸਨੇ ਰਵਾਇਤੀ ਏਜੰਸੀਆਂ ਦੇ ਕੰਮ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦਾ ਜ਼ਿਆਦਾਤਰ ਅਨੁਭਵ ਫੁੱਲ-ਟਾਈਮ ਹਾਊਸਕੀਪਰ ਵਜੋਂ ਸੀ।

ਉਹ ਕਹਿੰਦੀ ਹੈ, "ਮੈਂ ਉਨ੍ਹਾਂ ਨੂੰ ਪ੍ਰੋਫਾਈਲ ਦਿੰਦੀ ਸੀ ਅਤੇ ਉਹ ਮੈਨੂੰ ਅਜਿਹੇ ਉਮੀਦਵਾਰ ਭੇਜਦੇ ਸਨ ਜੋ ਫਿੱਟ ਨਹੀਂ ਬੈਠਦੇ ਸਨ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੋਈ ਘਾਟ ਸੀ, ਖਾਸ ਤੌਰ 'ਤੇ ਸੇਵਾ ਦੀ ਗੁਣਵੱਤਾ ਦੇ ਮਾਮਲੇ ਵਿੱਚ।"

ਉਸਦੀ ਕੰਪਨੀ ਘਰੇਲੂ ਮਦਦ ਤੋਂ ਲੈ ਕੇ ਮਾਲੀਆਂ ਤੱਕ, ਕਈ ਤਰ੍ਹਾਂ ਦੇ ਘਰੇਲੂ ਮੁਲਾਜ਼ਮਾਂ ਦੀ ਭਰਤੀ ਕਰਦੀ ਹੈ। ਜਦੋਂ ਨਿੱਜੀ ਸਹਾਇਕਾਂ ਦੀ ਗੱਲ ਆਉਂਦੀ ਹੈ, ਤਾਂ ਉਹ ਲਗਜ਼ਰੀ ਮਾਰਕੀਟ ਨਾਲ ਜਾਣੂ ਹੋਣ ਤੋਂ ਸ਼ੁਰੂ ਕਰਦੇ ਹੋਏ, ਖਾਸ ਲੋੜਾਂ ਵੱਲ ਆਉਂਦੀ ਹੈ।

"ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਫੁੱਲਾਂ ਵਾਲੇ ਨੂੰ ਬੁਲਾਉਣਾ ਹੈ, ਕਿਸ ਕੇਟਰਿੰਗ ਵਾਲੇ ਨੂੰ ਰੱਖਣਾ ਹੈ, ਡਿਨਰ ਦਾ ਪ੍ਰਬੰਧ ਕਿਵੇਂ ਕਰਨਾ ਹੈ। ਜੇ ਤੁਸੀਂ ਇਸ ਦੁਨੀਆ ਨੂੰ ਨਹੀਂ ਸਮਝਦੇ ਤਾਂ ਕੋਈ ਫਾਇਦਾ ਨਹੀਂ ਹੈ।"

ਸੋਸ਼ਲ ਮੀਡੀਆ 'ਤੇ ਇਸ ਪੇਸ਼ੇ ਵਾਲੇ ਸਾਹਮਣੇ ਆਉਣ ਲੱਗੇ ਹਨ ਪਰ ਨਿੱਜਤਾ ਵੀ ਜ਼ਰੂਰੀ ਹੈ। ਉਹ ਚੇਤਾਵਨੀ ਦਿੰਦੀ ਹੈ, "ਕਈ ਘਰਾਂ ਨੂੰ ਗੁਪਤਤਾ ਸਮਝੌਤੇ ਕਰਨੇ ਪੈਂਦੇ ਹਨ। ਉਹ ਦਿਖਾਵਾ ਪਸੰਦ ਨਹੀਂ ਕਰਦੇ।"

ਵਿਦੇਸ਼ੀ ਫੇਰੀਆਂ ਅਤੇ ਆਲੀਸ਼ਾਨ ਰਹਿਣੀ-ਬਹਿਣੀ ਤੋਂ ਪਰ੍ਹੇ, ਇੱਕ ਨਿੱਜੀ ਸਹਾਇਕ ਦੀ ਨੌਕਰੀ ਨਿੱਜੀ ਤਿਆਗ ਦੀ ਮੰਗ ਵੀ ਕਰਦੀ ਹੈ ਅਤੇ ਵਿਸ਼ੇਸ਼ ਮੁਹਾਰਤ ਦੀ ਵੀ। ਐਨ ਮੌਕੇ 'ਤੇ ਆਈਆਂ ਮੁਸ਼ਕਲਾਂ ਮੁਤਾਬਕ ਆਪਣੇ-ਆਪ ਨੂੰ ਢਾਲ਼ ਲੈਣਾ, ਕੰਮ ਨੂੰ ਤਰਤੀਬ ਦੇਣ ਦੀ ਪੀਡੀ ਕਾਬਲੀਅਤ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ—ਭਰਤੀ ਕਰਨ ਵਾਲਿਆਂ ਦੀਆਂ ਨਜ਼ਰਾਂ ਵਿੱਚ ਇਹ ਗੁਣ ਲਾਜ਼ਮੀ ਹਨ।

ਹਾਲਾਤ ਮੁਤਾਬਕ ਢਲ਼ਣ ਦੀ ਲੋੜ

ਕੇਂਦਰੀ ਬ੍ਰਾਜ਼ੀਲ ਦੇ ਗੋਈਆਨੀਆ ਵਿੱਚ, 29 ਸਾਲਾ ਜੋਆਓ ਵਿਕਟਰ ਮਾਰਕਸ ਪਾਸਰੇਲੀ ਵਰਗੀ ਜ਼ਿੰਦਗੀ ਜਿਊਂਦਾ ਹੈ। ਲਗਜ਼ਰੀ ਸੈਕਟਰ ਵਿੱਚ ਉਸਦੀ ਪੇਸ਼ੇਵਰ ਜਿੰਦਗੀ ਨੇ ਉਸਨੂੰ ਮੋਨਾਕੋ, ਦੁਬਈ, ਲੰਡਨ ਅਤੇ ਜ਼ਿਊਰਿਖ ਦੀ ਸੈਰ ਕਰਵਾਈ ਹੈ, ਜਿੱਥੇ ਉਸਨੇ ਇੱਕ ਅੰਗਰੇਜ਼ ਕਾਰੋਬਾਰੀ ਲਈ ਕੰਮ ਕੀਤਾ ਸੀ।

ਮਾਰਕਸ ਯਾਦ ਕਰਦਾ ਹੈ, "ਮੇਰੀ ਨੌਕਰੀ ਦੇ ਸਭ ਤੋਂ ਅਜੀਬ ਪਲਾਂ ਵਿੱਚੋਂ ਇੱਕ (ਹਾਲੀਵੁੱਡ ਅਭਿਨੇਤਾ) ਲਿਓਨਾਰਡੋ ਡੀਕੈਪਰੀਓ ਦੀ ਯਾਟ 'ਤੇ ਡਿਨਰ ਸੀ, ਜੋ ਮੋਨਾਕੋ ਵਿੱਚ ਖੜ੍ਹੀ ਸੀ। ਮੇਰੇ ਸਾਬਕਾ ਬਾਸ ਦੇ ਪਤੀ ਨੂੰ ਰਾਤ ਦੇ ਖਾਣੇ 'ਤੇ ਸੱਦਿਆ ਗਿਆ ਸੀ ਅਤੇ ਸਾਨੂੰ ਵੀ।"

ਵਤਨ ਦੀ ਯਾਦ ਸਤਾਈ, ਤਾਂ ਉਸਨੇ ਬ੍ਰਾਜ਼ੀਲ ਮੁੜਨ ਦਾ ਮਨ ਬਣਾ ਲਿਆ। ਅੱਜ, ਉਹ ਇੱਕ ਕਾਰੋਬਾਰੀ ਔਰਤ ਦੇ ਨਿੱਜੀ ਸਲਾਹਕਾਰ ਹੈ ਜਿਸਨੂੰ ਸਥਾਨਕ ਤੌਰ 'ਤੇ "ਮੋਟਲਾਂ ਦੀ ਰਾਣੀ" ਵਜੋਂ ਕਿਹਾ ਜਾਂਦਾ ਹੈ।

ਉਹ ਕਹਿੰਦਾ ਹੈ, "ਮੈਂ ਮੋਟੇ ਤੌਰ 'ਤੇ ਉਸਦੀ ਸਾਰੀ ਜ਼ਿੰਦਗੀ ਦਾ ਕੰਮ-ਕਾਰ ਸੰਭਾਲਦਾ ਹਾਂ—ਉਸਦਾ ਘਰ, ਨਿੱਤ ਦੇ ਕੰਮ ਅਤੇ ਮੋਟਲਾਂ ਦੀ ਮਾਰਕੀਟਿੰਗ ਦਾ ਸਾਰਾ ਜ਼ਿੰਮਾ ਮੇਰਾ ਹੈ।"

ਤਸਵੀਰ ਸਰੋਤ, João Victor Marques

ਤਸਵੀਰ ਕੈਪਸ਼ਨ, ਜੋਆਓ ਵਿਕਟਰ ਮਾਰਕਸ ਲਈ ਨੌਕਰੀ ਆਕਰਸ਼ਕ ਹੈ ਕਿਉਂਕਿ ਇਹ ਇੱਕ ਚਮਕ-ਦਮਕ ਵਾਲੀ ਜੀਵਨ ਸ਼ੈਲੀ ਦੇ ਨੇੜੇ ਰਹਿਣ ਦਾ ਮੌਕਾ ਦਿੰਦੀ ਹੈ।

ਮਾਰਕਸ ਕਹਿੰਦਾ ਹੈ ਕਿ ਉਹ ਇਕੱਲਾ ਰਹਿੰਦਾ ਹੈ ਪਰ ਹਫਤੇ ਦੇ ਦਿਨ ਆਪਣੀ ਬਾਸ ਦੇ ਘਰ ਰਹਿੰਦਾ ਹੈ। ਉਹ ਰਈਸਾਂ ਦੀ ਦੁਨੀਆ ਤੱਕ ਪਹੁੰਚ ਪ੍ਰਤੀ ਆਪਣੀ ਖਿੱਚ ਨੂੰ ਨਹੀਂ ਛੁਪਾਉਂਦਾ ਜੋ ਇਹ ਨੌਕਰੀ ਦਿੰਦੀ ਹੈ। ਉਸਦੇ ਲਈ, ਇਹ ਪੇਸ਼ਾ ਸਮਾਜਿਕ ਤਰੱਕੀ ਦਾ ਇੱਕ ਮੌਕਾ ਹੈ।

"ਮੇਰੇ ਕੋਲ ਹਮੇਸ਼ਾ ਚੰਗੀਆਂ ਸਹੂਲਤਾਂ ਰਹੀਆਂ ਹਨ, ਆਪਣੀ ਵਿਤ ਮੁਤਾਬਕ ਸਭ ਤੋਂ ਵਧੀਆ, ਪਰ ਕੁਝ ਵੀ ਬਹੁਤਾ 'ਸ਼ਾਹਾਨਾ' ਨਹੀਂ ਸੀ, ਬੱਸ ਗੁਜ਼ਾਰੇ ਜੋਗੀਆਂ ਲੋੜਾਂ ਹੀ ਸਨ। ਇਸ ਲਈ, ਮੈਨੂੰ ਇਹ ਗੱਲ ਖਿੱਚਦੀ ਹੈ ਕਿ ਮੈਨੂੰ ਇਹ ਅਮੀਰੀ ਹੰਢਾਉਣ ਨੂੰ ਵੀ ਮਿਲ ਰਹੀ ਹੈ ਅਤੇ ਉੱਤੋਂ ਇਸ ਦੇ ਪੈਸੇ ਵੀ ਮਿਲਦੇ ਹਨ।"

ਤਸਵੀਰ ਸਰੋਤ, João Victor Marques

ਤਸਵੀਰ ਕੈਪਸ਼ਨ, ਜੋਆਓ ਵਿਕਟਰ ਦੇ ਲਗਜ਼ਰੀ ਮਾਰਕੀਟ ਦੇ ਪੇਸ਼ੇ ਨੇ ਉਸਨੂੰ ਮੋਨਾਕੋ, ਦੁਬਈ, ਲੰਡਨ ਅਤੇ ਜ਼ਿਊਰਿਖ ਦੀ ਸੈਰ ਕਰਵਾਈ ਹੈ।

ਅੱਤ ਦੀ ਦੌਲਤ ਦੇ ਨਾਲ ਰੋਜ਼ਾਨਾ ਰਹਿਣਾ ਮਿਲੇ-ਜੁਲੇ ਅਹਿਸਾਸ ਵੀ ਲਿਆਉਂਦਾ ਹੈ। ਵਰਲਡ ਇਨਇਕੁਏਲਿਟੀ ਰਿਪੋਰਟ 2026 ਮੁਤਾਬਕ ਬ੍ਰਾਜ਼ੀਲ ਵਿੱਚ ਅਸਮਾਨਤਾ "ਦੁਨੀਆ ਵਿੱਚ ਸਭ ਤੋਂ ਵੱਧ" ਹੈ।

ਪਾਸਰੇਲੀ ਮੰਨਦੀ ਹੈ ਕਿ ਅਜਿਹੀ ਵਿਆਪਕ ਸਮਾਜਿਕ ਗੈਰ-ਬਰਾਬਰੀ ਵਾਲੇ ਦੇਸ ਵਿੱਚ ਰੋਜਾਨਾ ਉੱਚੇ ਖਰਚੇ ਦੇਖਣਾ ਹੈਰਾਨ ਕਰ ਸਕਦਾ ਹੈ।

ਉਹ ਕਹਿੰਦੀ ਹੈ, "ਬੇਸ਼ੱਕ ਇਸਦਾ ਤੁਹਾਡੇ ਉੱਤੇ ਅਸਰ ਪੈਂਦਾ ਹੈ। ਤੁਸੀਂ ਹੋਰ ਹਕੀਕਤਾਂ ਦੇਖਦੇ ਹੋ, ਅਤੇ ਕਈ ਵਾਰ ਇਹ ਬਹੁਤ ਬੇਇਨਸਾਫ਼ੀ ਮਹਿਸੂਸ ਹੁੰਦਾ ਹੈ। ਅਜਿਹੇ ਪਲ ਹੁੰਦੇ ਹਨ ਜਦੋਂ ਮੈਂ ਸੋਚਦੀ ਹਾਂ: 'ਹੇ ਰੱਬਾ, ਇੰਨਾ ਵੱਡਾ ਪਾੜਾ ਕਿਉਂ?' ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।"

"ਪਰ... ਮੈਂ ਉਸ ਫੈਸਲੇ ਨੂੰ ਛੱਡ ਦਿੱਤਾ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਸਿਰਫ਼ ਆਪਣਾ ਕੰਮ ਕਰ ਰਹੀ ਹਾਂ।"

ਉਸਦੇ ਲਈ, ਉਸਦੀਆਂ ਸੋਸ਼ਲ ਵੀਡੀਓਜ਼ ਦੀ ਸਫਲਤਾ ਅਜਿਹੀ ਦੁਨੀਆ ਦਿਖਾਉਣ ਤੋਂ ਆਉਂਦੀ ਹੈ ਜੋ ਸ਼ਾਇਦ ਜ਼ਿਆਦਾਤਰ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਬਹੁਤ ਦੂਰ ਹੈ।

ਉਹ ਕਹਿੰਦੀ ਹੈ, "ਮੈਨੂੰ ਕੁਝ ਵੀ ਸਿਖਾਉਣ ਜਾਂ ਕਰੋੜਪਤੀ ਦੀ ਨੈਨੀ ਕਿਵੇਂ ਬਣਨਾ ਹੈ, ਇਸ ਬਾਰੇ ਕੋਈ ਕੋਰਸ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ।"

"ਮੈਂ ਤੁਹਾਨੂੰ ਡਿਜ਼ਾਈਨਰ ਹੈਂਡਬੈਗ ਦੀ ਚਾਹਤ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ, ਹਾਂ, ਮੈਂ ਸਿਰਫ਼ ਤੁਹਾਨੂੰ ਇਹ ਦਿਖਾ ਰਹੀ ਹਾਂ ਕਿ ਇਹ ਦੁਨੀਆਂ ਮੌਜੂਦ ਹੈ। ਇਹ ਉਨ੍ਹਾਂ ਲਈ ਆਮ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)