'ਮੈਨੂੰ ਬਹੁਤ ਸ਼ਰਮ ਆਉਂਦੀ ਸੀ', ਭਾਰੀ ਬ੍ਰੈਸਟ ਤੁਹਾਡੀ ਸਿਹਤ 'ਤੇ ਕਿਵੇਂ ਅਸਰ ਪਾ ਸਕਦੀ ਹੈ

ਤਸਵੀਰ ਸਰੋਤ, Raquel

ਤਸਵੀਰ ਕੈਪਸ਼ਨ, ਰਕੈਲ ਕਹਿੰਦੇ ਹਨ ਕਿ ਉਨ੍ਹਾਂ ਦੇ ਦੋਵਾਂ ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਬ੍ਰੈਸਟ ਹੋਰ ਭਾਰੀ ਹੋ ਗਈ, ਜਿਸ ਨਾਲ ਉਨ੍ਹਾਂ ਦੀਆਂ ਦਿੱਕਤਾਂ ਹੋਰ ਵਧ ਗਈਆਂ
    • ਲੇਖਕ, ਰੇਬੇਕਾ ਥੋਰਨ
    • ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 7 ਮਿੰਟ

"ਮੈਂ ਆਪਣੇ ਮੋਢੇ ਝੁਕਾ ਕੇ ਤੁਰਦੀ ਸੀ, ਤਾਂ ਜੋ ਇਹ ਨਜ਼ਰ ਨਾ ਆਵੇ ਕਿ ਮੇਰੀ ਬ੍ਰੈਸਟ ਭਾਰੀ ਹੈ। ਮੈਨੂੰ ਯਾਦ ਹੈ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ਰਮ ਆਉਂਦੀ ਸੀ।"

ਸਾਲ 2010 ਵਿੱਚ ਅਰਜਨਟੀਨਾ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਰਕੈਲ ਨੇ ਬ੍ਰੈਸਟ ਰਿਡਕਸ਼ਨ ਸਰਜਰੀ ਕਰਵਾਉਣ ਦਾ ਫ਼ੈਸਲਾ ਕੀਤਾ।

ਹੁਣ 52 ਸਾਲਾ ਰਕੈਲ ਕਹਿੰਦੇ ਹਨ ਕਿ ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ "ਆਜ਼ਾਦੀ ਦਾ ਅਹਿਸਾਸ" ਹੋਇਆ, ਜੋ ਉਨ੍ਹਾਂ ਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ।

ਭਾਵੇਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਵੱਡੀ ਜਾਂ ਭਾਰੀ ਬ੍ਰੈਸਟ ਆਕਰਸ਼ਕ ਮੰਨੀ ਜਾਂਦੀ ਹੈ, ਪਰ ਹਕੀਕਤ ਇਸ ਤੋਂ ਉਲਟ ਅਤੇ ਮੁਸ਼ਕਿਲ ਭਰੀ ਹੋ ਸਕਦੀ ਹੈ, ਜੋ ਮਹਿਲਾਵਾਂ ਦੀ ਸਿਹਤ ਅਤੇ ਜੀਵਨ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਭਾਰੀ ਬ੍ਰੈਸਟ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਲਗਾਤਾਰ ਪਿੱਠ ਦਰਦ, ਸਿਰ ਦਰਦ, ਖਰਾਬ ਪੋਸਚਰ, ਸੁੰਨਾਪਣ ਅਤੇ ਨੀਂਦ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਮਾਨਸਿਕ ਸਿਹਤ ਸਮੱਸਿਆਵਾਂ ਵੀ ਸ਼ਾਮਲ ਹਨ।

Sorry, we can’t display this part of the story on this lightweight mobile page.

ਇੰਟਰਨੈਸ਼ਨਲ ਸੋਸਾਇਟੀ ਆਫ਼ ਐਸਥੈਟਿਕ ਪਲਾਸਟਿਕ ਸਰਜਰੀ ਦੇ ਤਾਜ਼ਾ ਡੇਟਾ ਮੁਤਾਬਕ, 2024 ਵਿੱਚ ਦੁਨੀਆ ਭਰ ਵਿੱਚ 652,676 ਬ੍ਰੈਸਟ ਰਿਡਕਸ਼ਨ ਸਰਜਰੀਆਂ ਕੀਤੀਆਂ ਗਈਆਂ।

ਬ੍ਰਾਜ਼ੀਲ ਵਿੱਚ ਸਭ ਤੋਂ ਵੱਧ ਬ੍ਰੈਸਟ ਰਿਡਕਸ਼ਨ ਸਰਜਰੀਆਂ (115,647) ਹੋਈਆਂ, ਇਸ ਤੋਂ ਬਾਅਦ ਅਮਰੀਕਾ (67,478), ਫਰਾਂਸ (38,780), ਜਰਮਨੀ (32,068), ਤੁਰਕੀ (25,334) ਅਤੇ ਫਿਰ ਭਾਰਤ (22,400) ਦਾ ਨੰਬਰ ਆਉਂਦਾ ਹੈ।

ਤਸਵੀਰ ਸਰੋਤ, BBC/Getty Images

ਤਸਵੀਰ ਕੈਪਸ਼ਨ, ਕੁਝ ਮਹਿਲਾਵਾਂ ਨੂੰ ਭਾਰੀ ਬ੍ਰੈਸਟ ਕਾਰਨ ਰੋਜ਼ਾਨਾ ਜੀਵਨ ਦੇ ਕੰਮ-ਕਾਜ 'ਚ ਵੀ ਬਹੁਤ ਮੁਸ਼ਕਿਲ ਆਉਂਦੀ ਹੈ (ਸੰਕੇਤਕ ਤਸਵੀਰ)

ਰਕੈਲ ਕਹਿੰਦੇ ਹਨ ਕਿ ਕਿਸ਼ੋਰ ਅਵਸਥਾ ਤੋਂ ਹੀ ਉਨ੍ਹਾਂ ਨੂੰ ਆਪਣੇ ਭਾਰੀ ਬ੍ਰੈਸਟ ਕਾਰਨ ਲਗਾਤਾਰ ਪਿੱਠ ਵਿੱਚ ਦਰਦ ਰਹਿੰਦਾ ਸੀ।

ਉਹ ਕਹਿੰਦੇ ਹਨ ਕਿ ਪਰ ਅਰਜਨਟੀਨਾ ਵਿੱਚ ਭਾਰੀ ਬ੍ਰੈਸਟ ਨੂੰ ਅਕਸਰ ਖੁਸ਼ਕਿਸਮਤੀ ਮੰਨਿਆ ਜਾਂਦਾ ਸੀ।

ਉਹ ਦੱਸਦੇ ਹਨ, "ਜ਼ਿਆਦਾਤਰ ਲੋਕ, ਖ਼ਾਸ ਕਰਕੇ ਮਹਿਲਾਵਾਂ ਤੁਹਾਨੂੰ ਕਹਿੰਦੀਆਂ ਹਨ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ।"

"ਮੈਂ ਖੁਸ਼ਕਿਸਮਤ ਨਹੀਂ ਸੀ। ਮੈਂ ਬਹੁਤ ਦੁੱਖ ਝੱਲਿਆ। ਮੈਂ ਇੱਕ ਟੀਨਏਜਰ ਵਜੋਂ ਅਤੇ ਇੱਕ ਮਹਿਲਾ, ਇੱਕ ਮਾਂ ਵਜੋਂ ਵੀ ਦੁੱਖ ਝੱਲਿਆ।"

ਅਸਲ ਵਿੱਚ, ਉਹ ਕਹਿੰਦੇ ਹਨ ਕਿ ਆਪਣੇ ਸਰੀਰ ਨੂੰ ਲੁਕਾਉਣ ਦੀ ਕੋਸ਼ਿਸ਼ ਵਿੱਚ ਜਿਸ ਤਰੀਕੇ ਨਾਲ ਉਹ ਤੁਰਦੇ ਰਹੇ, ਉਸ ਕਾਰਨ ਅੱਜ ਵੀ ਉਨ੍ਹਾਂ ਨੂੰ ਪਿੱਠ ਦਰਦ ਰਹਿੰਦਾ ਹੈ।

ਇੱਕ ਐਕਟਿਵ ਇਨਸਾਨ ਹੋਣ ਦੇ ਨਾਤੇ ਰਕੈਲ ਨੂੰ ਯੋਗ, ਪਿਲਾਟੇਜ਼ ਅਤੇ ਜਿਮ ਜਾਣਾ ਪਸੰਦ ਸੀ। ਪਰ ਭਾਰੀ ਬ੍ਰੈਸਟ ਦੇ ਤਣਾਅ ਨੇ ਕਾਰਨ ਉਨ੍ਹਾਂ ਨੇ ਆਪਣੀਆਂ ਮਨਪਸੰਦ ਚੀਜ਼ਾਂ ਵਿੱਚ ਹਿੱਸਾ ਲੈਣਾ ਵੀ ਬੰਦ ਕਰ ਦਿੱਤਾ।

ਬ੍ਰਿਟਿਸ਼ ਐਸੋਸੀਏਸ਼ਨ ਆਫ਼ ਐਸਥੈਟਿਕ ਪਲਾਸਟਿਕ ਸਰਜਨਜ਼ ਦੇ ਪ੍ਰਧਾਨ ਡਾਕਟਰ ਨੋਰਾ ਨੂਜੈਂਟ ਕਹਿੰਦੇ ਹਨ ਕਿ ਘੱਟ ਮੂਵਮੈਂਟ (ਹਿੱਲਣਾ-ਜੁਲਣਾ) ਅਤੇ ਐਕਸਰਸਾਈਜ਼ ਕਰਨ ਵਿੱਚ ਮੁਸ਼ਕਲਾਂ ਉਹ ਸਭ ਤੋਂ ਆਮ ਸ਼ਿਕਾਇਤਾਂ ਹਨ ਜੋ ਉਹ ਬ੍ਰੈਸਟ ਰਿਡਕਸ਼ਨ ਸਰਜਰੀ ਕਰਵਾਉਣ ਵਾਲੀਆਂ ਮਹਿਲਾ ਮਰੀਜ਼ਾਂ ਤੋਂ ਸੁਣਦੇ ਹਨ।

ਉਨ੍ਹਾਂ ਕਿਹਾ, "ਫੰਕਸ਼ਨਲ ਨਜ਼ਰੀਏ ਤੋਂ, ਵੱਡੀ ਬ੍ਰੈਸਟ ਭਾਰੀ ਹੁੰਦੀ ਹੈ, ਇਸ ਲਈ ਉਹ ਤੁਹਾਨੂੰ ਅੱਗੇ ਵੱਲ ਖਿੱਚਦੀ ਹੈ ਅਤੇ ਪਿੱਠ ਅਤੇ ਗਰਦਨ 'ਤੇ ਲਗਾਤਾਰ ਤਣਾਅ ਪਾਉਂਦੀ ਹੈ।''

"ਇਸ ਕਾਰਨ ਕਸਰਤ ਕਰਨੀ ਵੀ ਕਾਫ਼ੀ ਮੁਸ਼ਕਲ ਹੋ ਜਾਂਦੀ ਹੈ ਅਤੇ ਚੰਗੀ ਫਿਟਿੰਗ ਵਾਲੀ, ਸਹਾਰਾ ਦੇਣ ਵਾਲੀ ਬ੍ਰਾ ਲੱਭਣਾ ਵੀ ਬਹੁਤ ਔਖਾ ਹੋ ਜਾਂਦਾ ਹੈ।"

ਰਕੈਲ ਕਹਿੰਦੇ ਹਨ ਕਿ ਆਪਣੀ ਬ੍ਰੈਸਟ ਨੂੰ ਸਹਾਰਾ ਦੇਣ ਲਈ ਉਨ੍ਹਾਂ ਨੂੰ "ਦੋ ਜਾਂ ਤਿੰਨ" ਬ੍ਰਾ ਪਹਿਨਣੀਆਂ ਪੈਂਦੀਆਂ ਸਨ। ਅਤੇ ਆਪਣੀ ਬ੍ਰੈਸਟ ਮੁਤਾਬਕ ਫਿਟ ਬ੍ਰਾ ਲੱਭਣਾ ਉਨ੍ਹਾਂ ਲਈ ਇੱਕ ਹੋਰ ਮੁਸ਼ਕਿਲ ਸੀ, ਅਤੇ ਇਸ ਦੇ ਲਈ ਖਰਚਾ ਵੀ ਜ਼ਿਆਦਾ ਹੁੰਦਾ ਸੀ।

ਉਨ੍ਹਾਂ ਦੱਸਿਆ ਕਿ "ਅਰਜਨਟੀਨਾ ਵਿੱਚ ਭਾਰੀ ਬ੍ਰੈਸਟ ਲਈ ਆਉਣ ਵਾਲੀਆਂ ਬ੍ਰਾਜ਼ ਬਹੁਤ ਮਹਿੰਗੀਆਂ ਸਨ।"

'ਮੈਨੂੰ ਲੱਗਿਆ ਜਿਵੇਂ ਮੈਂ ਆਜ਼ਾਦ ਹਾਂ'

ਤਸਵੀਰ ਸਰੋਤ, Raquel

ਤਸਵੀਰ ਕੈਪਸ਼ਨ, ਰਕੈਲ ਦੇ ਮਾਮਲੇ ਵਿੱਚ ਡਾਕਟਰਾਂ ਨੇ ਉਨ੍ਹਾਂ ਦੀ ਬ੍ਰੈਸਟ ਤੋਂ ਕੁੱਲ 2.5 ਕਿਲੋ ਭਾਰ ਹਟਾਇਆ

ਯੂਕੇ ਦੇ ਨੂਜੈਂਟ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮਰੀਜ਼ਾਂ ਦੇ ਇੱਕ ਪਾਸੇ ਦੀ ਬ੍ਰੈਸਟ ਤੋਂ 500 ਗ੍ਰਾਮ ਤੋਂ 800 ਗ੍ਰਾਮ ਤੱਕ ਵਜ਼ਨ ਹਟਾਇਆ ਜਾਂਦਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਤੋਂ ਵੱਧ ਭਾਰ ਵੀ ਦੇਖਿਆ ਹੈ।

ਉਹ ਸਮਝਾਉਂਦੇ ਹਨ, "ਕਈ ਵਾਰ ਇਹ ਸਰੀਰ ਦੇ ਕੁੱਲ ਵਜ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਭਾਰ ਨਹੀਂ ਹੁੰਦਾ, ਪਰ ਸਰੀਰ ਦੇ ਇੱਕ ਛੋਟੇ ਹਿੱਸੇ ਲਈ ਇਹ ਕਾਫ਼ੀ ਜ਼ਿਆਦਾ ਹੁੰਦਾ ਹੈ।''

ਰਕੈਲ ਦੇ ਮਾਮਲੇ ਵਿੱਚ ਡਾਕਟਰਾਂ ਨੇ ਉਨ੍ਹਾਂ ਦੇ ਬ੍ਰੈਸਟ ਤੋਂ ਕੁੱਲ 2.5 ਕਿਲੋ ਭਾਰ ਹਟਾਇਆ।

ਉਹ ਕਹਿੰਦੇ ਹਨ, "ਸਰਜਰੀ ਤੋਂ ਬਾਅਦ ਮੈਨੂੰ ਯਾਦ ਹੈ ਕਿ ਜਦੋਂ ਮੈਂ ਫਰਸ਼ ਤੋਂ ਕੁਝ ਚੁੱਕਣ ਲੱਗੀ ਤਾਂ ਲੱਗਿਆ ਜਿਵੇਂ 'ਵਾਹ, ਇੱਕ ਵੱਖਰਾ ਸਰੀਰ'। ਮੈਨੂੰ ਬਹੁਤ, ਬਹੁਤ ਆਜ਼ਾਦੀ ਮਹਿਸੂਸ ਹੋਈ।"

ਇੱਕ ਚੰਗੀ ਬ੍ਰਾ ਬਹੁਤ ਮਦਦਗਾਰ ਹੁੰਦੀ ਹੈ

ਜਦੋਂ ਪ੍ਰੋਫੈਸਰ ਜੋਆਨਾ ਵੇਕਫ਼ੀਲਡ-ਸਕੁਰ ਲੰਬੇ ਸਮੇਂ ਤੋਂ ਚੱਲ ਰਹੇ ਬ੍ਰੈਸਟ ਦਰਦ ਬਾਰੇ ਗੱਲ ਕਰਨ ਲਈ ਆਪਣੇ ਡਾਕਟਰ ਕੋਲ ਗਏ, ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਨ੍ਹਾਂ ਨੂੰ ਸਿਰਫ਼ ਇੱਕ ਚੰਗੀ ਫਿਟਿੰਗ ਵਾਲੀ ਬ੍ਰਾ ਦੀ ਲੋੜ ਹੈ।

ਬਾਇਓਮਕੈਨਿਕਸ ਦੇ ਮਾਹਿਰ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਖੋਜ ਕਰਨ ਦਾ ਫ਼ੈਸਲਾ ਕੀਤਾ ਕਿ ਇੱਕ ਚੰਗੀ ਬ੍ਰਾ ਵਿੱਚ ਅਸਲ ਵਿੱਚ ਹੁੰਦੀ ਕਿਹੜੀ ਹੈ

ਵੇਕਫ਼ੀਲਡ-ਸਕੁਰ ਕਹਿੰਦੇ ਹਨ, "ਮੈਨੂੰ ਅਹਿਸਾਸ ਹੋਇਆ ਕਿ ਅਸਲ ਵਿੱਚ ਸਾਨੂੰ ਇਸ ਬਾਰੇ ਬਹੁਤ ਘੱਟ ਪਤਾ ਹੈ ਕਿ ਸਾਨੂੰ ਬ੍ਰਾ ਦੀ ਲੋੜ ਕਿਉਂ ਹੁੰਦੀ ਹੈ, ਬ੍ਰਾ ਦੇ ਫਾਇਦੇ ਕੀ ਹਨ, ਅਤੇ ਬ੍ਰਾ ਕੰਮ ਕਿਵੇਂ ਕਰਨੀ ਚਾਹੀਦੀ ਹੈ।''

ਉਨ੍ਹਾਂ ਕਿਹਾ, "ਬ੍ਰਾ ਨੂੰ ਇੱਕ ਫੈਸ਼ਨ ਆਈਟਮ ਜ਼ਿਆਦਾ ਮੰਨਿਆ ਜਾਂਦਾ ਸੀ ਨਾ ਕਿ ਇੱਕ ਫੰਕਸ਼ਨਲ ਚੀਜ਼, ਜੋ ਕਿਸੇ ਮਕਸਦ ਨੂੰ ਪੂਰਾ ਕਰਦੀ ਹੈ ਅਤੇ ਜਿਸਦੇ ਸਿਹਤ ਸੰਬੰਧੀ ਫਾਇਦੇ ਹਨ। ਇਸ ਗੱਲ ਨੇ ਮੈਨੂੰ ਵਾਕਈ ਬਹੁਤ ਨਿਰਾਸ਼ ਕੀਤਾ।"

ਇਸ ਗੱਲ ਨੇ ਉਨ੍ਹਾਂ ਨੂੰ ਸਾਲ 2005 ਵਿੱਚ ਯੂਕੇ ਦੀ ਪੋਰਟਸਮਾਊਥ ਯੂਨੀਵਰਸਿਟੀ ਵਿੱਚ ਬ੍ਰੈਸਟ ਹੈਲਥ 'ਤੇ ਇੱਕ ਰਿਸਰਚ ਗਰੁੱਪ ਬਣਾਉਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਦੀ ਟੀਮ ਨੇ ਗਲਤ ਫਿਟਿੰਗ ਵਾਲੀ ਬ੍ਰਾ ਪਹਿਨਣ ਦੇ ਚਾਰ ਮੁੱਖ ਮਾੜੇ ਨਤੀਜਿਆਂ ਦੀ ਪਛਾਣ ਕੀਤੀ, ਜੋ ਹਨ - ਦਰਦ, ਚਮੜੀ 'ਚ ਖਿੱਚ ਪੈਣਾ ਅਤੇ ਟਿਸ਼ੂਆਂ ਦਾ ਨੁਕਸਾਨ, ਸਾਹ ਲੈਣ ਦੇ ਢੰਗ ਵਿੱਚ ਬਦਲਾਅ ਤੋਂ ਲੈ ਕੇ ਦਿਲ ਦੀ ਧੜਕਣਾਂ ਦੇ ਵਿਚਕਾਰ ਦੇ ਸਮੇਂ ਵਿੱਚ ਬਦਲਾਅ, ਅਤੇ ਸਰੀਰਕ ਸਰਗਰਮੀ (ਫਿਜ਼ੀਕਲ ਐਕਟੀਵਿਟੀ) ਵਿੱਚ ਰੁਕਾਵਟ।

ਉਹ ਕਹਿੰਦੇ ਹਨ, "ਜੇ ਤੁਹਾਡੀ ਬ੍ਰੈਸਟ ਭਾਰੀ ਹੈ ਅਤੇ ਉਹ ਉੱਪਰ-ਹੇਠਾਂ ਹਿਲਦੀ ਹੈ, ਤਾਂ ਇਹ ਅਸਲ ਵਿੱਚ ਤੁਹਾਡੇ ਸਾਹ ਲੈਣ ਦੇ ਢੰਗ ਨੂੰ ਬਦਲ ਸਕਦੀ ਹੈ। ਇਹ ਜ਼ਮੀਨ 'ਤੇ ਤੁਹਾਡੇ ਦੁਆਰਾ ਲਗਾਏ ਗਏ ਬਲ ਦੀ ਮਾਤਰਾ ਨੂੰ ਬਦਲਦੀ ਹੈ। ਇਸ ਦਾ ਅਸਰ ਤੁਹਾਡੇ ਪੂਰੇ ਸਰੀਰ ਦੇ ਕੰਮ ਕਰਨ ਦੇ ਢੰਗ 'ਤੇ ਪੈਂਦਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਦੇ ਨੂਜੈਂਟ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮਰੀਜ਼ਾਂ ਦੇ ਇੱਕ ਪਾਸੇ ਦੀ ਬ੍ਰੈਸਟ ਤੋਂ 500 ਗ੍ਰਾਮ ਤੋਂ 800 ਗ੍ਰਾਮ ਤੱਕ ਵਜ਼ਨ ਹਟਾਇਆ ਜਾਂਦਾ ਹੈ

ਸਾਲਾਂ ਦੀ ਖੋਜ ਅਤੇ ਤਜਰਬਿਆਂ ਰਾਹੀਂ ਇਸ ਗਰੁੱਪ ਨੇ ਇਹ ਵੀ ਪਾਇਆ ਕਿ ਹਰ ਤਰ੍ਹਾਂ ਦੀ ਐਕਸਰਸਾਈਜ਼ ਦੌਰਾਨ ਬ੍ਰੈਸਟ ਅੱਠ ਦੇ ਆਕਾਰ ਵਿੱਚ ਹਿਲਦੀ ਹੈ।

ਉਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਬ੍ਰੈਸਟ ਦਰਦ ਨੂੰ ਘਟਾਉਣ ਦੀ ਕੁੰਜੀ ਉਸ ਦੇ ਹਿੱਲਣ ਦੀ ਗਤੀ ਨੂੰ ਹੌਲੀ ਕਰਨਾ ਹੈ, ਨਾ ਕਿ ਇਹ ਉਹ ਕਿੰਨਾ ਹਿੱਲਦੀ ਹੈ।

ਹੁਣ ਇਹ ਟੀਮ ਲਾਇਨੈੱਸਜ਼ - ਇੰਗਲੈਂਡ ਦੀ ਮਹਿਲਾ ਫੁਟਬਾਲ ਟੀਮ - ਅਤੇ ਦੁਨੀਆ ਦੇ ਕੁਝ ਸਿਖਰਲੇ ਗੋਲਫਰਾਂ ਵਰਗੇ ਐਲੀਟ ਖਿਡਾਰੀਆਂ ਨਾਲ ਮਿਲ ਕੇ ਕੀਤਾ ਹੈ ਤਾਂ ਜੋ ਉਨ੍ਹਾਂ ਲਈ ਸਭ ਤੋਂ ਵਧੀਆ ਬ੍ਰਾ ਬਣਾਈ ਜਾ ਸਕੇ।

ਵੇਕਫ਼ੀਲਡ-ਸਕੁਰ ਕਹਿੰਦੇ ਹਨ, "ਅਸੀਂ ਦੇਖ ਰਹੇ ਹਾਂ ਕਿ ਫੁਟਬਾਲ ਐਸੋਸੀਏਸ਼ਨ (ਐਫਏ), ਵਰਲਡ ਰਗਬੀ ਵਰਗੀਆਂ ਸੰਸਥਾਵਾਂ ਹੁਣ ਮਹਿਲਾ ਖਿਡਾਰੀਆਂ ਦੀ ਸਿਹਤ ਸੰਬੰਧੀ ਪਹਿਲ ਲਈ ਫੰਡਿੰਗ ਵਿੱਚ ਪੈਸਾ ਲਗਾ ਰਹੀਆਂ ਹਨ ਅਤੇ ਇਹ ਅਸਲ ਵਿੱਚ ਪਿਛਲੇ ਲਗਭਗ ਪੰਜ ਸਾਲਾਂ ਵਿੱਚ ਹੀ ਹੋਇਆ ਹੈ।"

"ਇਹ ਪਹਿਲਾਂ ਦੇ ਮੁਕਬਾਲੇ ਇੱਕ ਨਵੀਂ ਚੀਜ਼ ਹੈ, ਪਰ ਇਹ ਵਧੀਆ ਗੱਲ ਹੈ ਕਿ ਅਸੀਂ ਇਹ ਬਦਲਾਅ ਹੁੰਦਾ ਦੇਖ ਰਹੇ ਹਾਂ।"

'ਮਰੀਜ਼ ਚੰਗੀ ਤਰ੍ਹਾਂ ਜਿਓਣਾ ਚਾਹੁੰਦੇ ਹਨ'

ਤਸਵੀਰ ਸਰੋਤ, UEFA/UEFA via Getty Images

ਤਸਵੀਰ ਕੈਪਸ਼ਨ, ਪੋਰਟਸਮਾਊਥ ਯੂਨੀਵਰਸਿਟੀ ਦੇ ਬ੍ਰੈਸਟ ਹੈਲਥ ਸਬੰਧੀ ਰਿਸਰਚ ਗਰੁੱਪ ਨੇ ਇੰਗਲੈਂਡ ਦੀ ਮਹਿਲਾ ਫੁਟਬਾਲ ਟੀਮ ਲਾਇਨੈੱਸਜ਼ ਦੀਆਂ ਖਿਡਾਰਨਾਂ ਲਈ ਸਹੀ ਬ੍ਰਾ ਖੋਜਣ ਵਿੱਚ ਮਦਦ ਕੀਤੀ

ਸਮਾਜ ਵਿੱਚ ਭਾਰੀ ਬ੍ਰੈਸਟ ਦੇ ਬੋਝ ਨੂੰ ਕਿਵੇਂ ਦੇਖਿਆ ਅਤੇ ਸਮਝਿਆ ਜਾਂਦਾ ਹੈ - ਇਸ ਦਾ ਰਕੈਲ ਨੂੰ ਵੀ ਸਾਹਮਣਾ ਕਰਨਾ ਪਿਆ।

ਉਹ ਕਹਿੰਦੇ ਹਨ ਕਿ ਬ੍ਰੈਸਟ ਰਿਡਕਸ਼ਨ ਸਰਜਰੀ ਕਰਵਾਉਣ ਲਈ ਉਨ੍ਹਾਂ ਨੂੰ ਆਪਣੇ ਹਾਣੀਆਂ ਜਾਂ ਜਾਣਕਾਰਾਂ ਵੱਲੋਂ ਅਕਸਰ ਹੀ ਜੱਜ ਕੀਤਾ ਗਿਆ ਅਤੇ ਇਸ ਸਭ ਬਾਰੇ ਇੱਕ ਆਮ ਗਲਤਫ਼ਹਮੀ ਮੌਜੂਦ ਸੀ।

ਉਨ੍ਹਾਂ ਦੱਸਿਆ, "ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਨੇ ਇਹ ਸਮਝਿਆ ਕਿ ਇਹ ਸਿਹਤ ਦਾ ਮਸਲਾ ਨਹੀਂ, ਸਗੋਂ ਸੁੰਦਰਤਾ (ਐਸਥੈਟਿਕ) ਨਾਲ ਜੁੜੀ ਗੱਲ ਹੈ।''

''ਮੈਨੂੰ ਯਾਦ ਹੈ ਕਿ ਜਦੋਂ ਮੈਂ ਇਹ ਕਰਵਾਇਆ ਤਾਂ ਇੱਕ ਮਹਿਲਾ ਨੇ ਮੈਨੂੰ ਕਿਹਾ, 'ਹੁਣ ਤੈਨੂੰ ਆਪਣਾ ਪੇਟ ਵੀ ਘੱਟ ਕਰਵਾ ਦੇਣਾ ਚਾਹੀਦਾ ਹੈ—ਜਿਵੇਂ ਲਿਪੋਸੈਕਸ਼ਨ'।"

ਇਹੋ ਜਿਹੀਆਂ ਪ੍ਰਤੀਕਿਰਿਆਵਾਂ ਦੇ ਬਾਵਜੂਦ ਰਕੈਲ ਕਹਿੰਦੇ ਕਿ ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ।

ਉਹ ਕਹਿੰਦੇ ਹਨ, "ਮੈਂ ਬਹੁਤ ਖੁਸ਼ ਹਾਂ ਅਤੇ ਹੁਣ ਜਦੋਂ ਮੈਂ ਮੀਨੋਪੌਜ਼ ਦੇ ਦੌਰ ਵਿੱਚ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਅਜਿਹੇ ਵਿੱਚ ਮੈਂ ਭਾਰੀ ਬ੍ਰੈਸਟ ਨਾਲ ਕਿਵੇਂ ਜਿਉਂਦੀ। ਮੈਂ ਆਪਣੇ ਆਪ ਨੂੰ ਉਸ ਸਰੀਰ ਨਾਲ ਕਲਪਨਾ ਵੀ ਨਹੀਂ ਕਰ ਸਕਦੀ।"

ਨੂਜੈਂਟ ਕਹਿੰਦੇ ਹਨ ਕਿ ਬ੍ਰੈਸਟ ਰਿਡਕਸ਼ਨ ਸਰਜਰੀ ਦੀ ਮੰਗ ਕਰ ਰਹੇ ਮਰੀਜ਼ਾਂ ਦੀ ਵਧਦੀ ਗਿਣਤੀ ਆਪਣੇ ਆਪ ਦੀ ਦੇਖਭਾਲ (ਸੈਲਫ-ਕੇਅਰ) ਵਿੱਚ ਵਧ ਰਹੀ ਦਿਲਚਸਪੀ ਨੂੰ ਦਰਸਾਉਣ ਵਾਲੀ ਵੀ ਹੋ ਸਕਦੀ ਹੈ।

ਉਹ ਕਹਿੰਦੇ ਹਨ, "ਨਿਸ਼ਚਤ ਤੌਰ 'ਤੇ ਸਿਰਫ਼ ਮਹਿਲਾਵਾਂ ਹੀ ਨਹੀਂ ਸਗੋਂ ਸਾਰੇ ਮਰੀਜ਼ਾਂ ਵਿੱਚ ਚੰਗੀ ਤਰ੍ਹਾਂ ਜਿਓਣ ਦੀ ਇੱਛਾ ਵਧ ਰਹੀ ਹੈ।''

"ਜ਼ਰੂਰੀ ਨਹੀਂ ਕਿ ਇਹ ਪਰਫੈਕਸ਼ਨ ਦੀ ਖੋਜ ਹੋਵੇ, ਬਲਕਿ ਇਹ ਤਾਂ ਸਿਹਤ ਅਤੇ ਵੈੱਲਨੈੱਸ ਦੀ ਖੋਜ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)