'ਉਸਨੇ ਕਿਹਾ ਮੇਰਾ ਭਵਿੱਖ ਦੁੱਖ ਨਾਲ ਭਰਿਆ ਹੋਵੇਗਾ ਤੇ ਫਿਰ ਉਸਨੇ ਸਾਡੇ ਬੱਚੇ ਮਾਰ ਦਿੱਤੇ', ਪਤੀ ਹੱਥੋਂ ਬੱਚਿਆਂ ਨੂੰ ਗਵਾਉਣ ਵਾਲੀਆਂ ਔਰਤਾਂ ਦੀ ਕਹਾਣੀ

ਤਸਵੀਰ ਸਰੋਤ, Archivo personal

ਤਸਵੀਰ ਕੈਪਸ਼ਨ, ਅਮਾਂਡਾ ਸੋਜ਼ਾ 2023 ਦੇ ਦੋਹਰੇ ਕਤਲ ਨੂੰ ਯਾਦ ਕਰਦੀ ਹੈ ਜਿਸ ਵਿੱਚ ਉਸਦੇ 9 ਅਤੇ 12 ਸਾਲ ਦੇ ਦੋ ਬੱਚਿਆਂ ਦੀ ਜਾਨ ਚਲੀ ਗਈ ਸੀ
    • ਲੇਖਕ, ਥਾਇਸ ਕਰਾਂਸਾ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
  • ਪੜ੍ਹਨ ਦਾ ਸਮਾਂ: 8 ਮਿੰਟ

ਚੇਤਾਵਨੀ: ਇਸ ਲੇਖ ਵਿੱਚ ਅਜਿਹੇ ਵੇਰਵੇ ਹਨ ਜੋ ਕੁਝ ਪਾਠਕਾਂ ਲਈ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ।

"ਦਸੰਬਰ 2022 ਵਿੱਚ ਉਸਦੀ ਗ਼ੈਰ-ਸਿਹਤਮੰਦ ਈਰਖਾ ਦਾ ਸਾਹਮਣਾ ਕਰਦੇ ਹੋਏ, ਜੋ ਦਿਨੋਂ-ਦਿਨ ਵਧਦੀ ਜਾ ਰਹੀ ਸੀ, ਮੈਂ ਰਿਸ਼ਤਾ ਖ਼ਤਮ ਕਰ ਦਿੱਤਾ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਇਸਨੂੰ ਹੋਰ ਜਾਰੀ ਨਹੀਂ ਰੱਖ ਸਕਦੀ। ਅਤੇ ਫਿਰ, 10 ਜੁਲਾਈ 2023 ਨੂੰ, ਉਸ ਨੇ ਸਾਡੇ ਦੋ ਬੱਚਿਆਂ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ।"

ਇਹ ਦਰਦਨਾਕ ਯਾਦਾਂ ਉੱਤਰੀ ਬ੍ਰਾਜ਼ੀਲ ਦੇ ਬੇਲੇਮ ਸ਼ਹਿਰ ਦੀ ਸਿਵਲ ਪੁਲਿਸ ਦੀ ਡਿਟੈਕਟਿਵ ਅਮਾਂਡਾ ਸੋਜ਼ਾ ਦੀਆਂ ਹਨ।

ਪੁਲਿਸ ਕਰਮਚਾਰੀ ਉਸ ਦਿਨ ਬਾਰੇ ਦੱਸਦੀ ਹੈ, "ਉਸਨੇ ਸਵੇਰੇ ਮੈਨੂੰ ਸੁਨੇਹਾ ਭੇਜਿਆ ਕਿ ਮੇਰਾ ਭਵਿੱਖ ਦੁੱਖ ਅਤੇ ਇਕੱਲੇਪਨ ਨਾਲ ਭਰਿਆ ਹੋਵੇਗਾ। ਮੈਂ ਕੰਮ ਲਈ ਪੁਲਿਸ ਸਟੇਸ਼ਨ ਚਲੀ ਗਈ।"

"ਫਿਰ, ਦੁਪਹਿਰ ਚਾਰ ਵਜੇ, ਉਹ ਮੈਨੂੰ ਫ਼ੋਨ ਕਰਦਾ ਹੈ ਅਤੇ ਉਸ ਕਾਲ ਵਿੱਚ ਉਹ ਮੈਨੂੰ ਕਹਿੰਦਾ ਹੈ, 'ਮੁਬਾਰਕਾਂ, ਤੂੰ ਜੋ ਚਾਹੁੰਦੀ ਸੀ ਉਹ ਤੈਨੂੰ ਮਿਲ ਗਿਆ, ਮੈਂ ਤੇਰੇ ਦੋ ਬੱਚਿਆਂ ਨੂੰ ਮਾਰ ਦਿੱਤਾ ਹੈ'।"

Sorry, we can’t display this part of the story on this lightweight mobile page.

'ਮਾਂ ਨਾਲ ਅਜਿਹਾ ਵਤੀਰਾ ਬਹੁਤ ਨਿਰਦਈ ਹੈ'

ਇਸ ਤਰ੍ਹਾਂ ਦੀ ਕਥਿਤ 'ਵਿਕੇਰੀਅਸ ਹਿੰਸਾ' ਦੀ ਪੀੜਤਾ ਅਮਾਂਡਾ ਨੇ ਇਸ ਫ਼ਰਵਰੀ ਵਿੱਚ ਉਸ ਦਿਨ ਨੂੰ ਫਿਰ ਯਾਦ ਕੀਤਾ, ਜਦੋਂ ਬ੍ਰਾਜ਼ੀਲ ਦੇ ਕੇਂਦਰੀ-ਪੱਛਮੀ ਰਾਜ ਗੋਇਆਸ ਦੇ ਇੱਕ ਨਗਰ ਇਤੁੰਬਿਆਰਾ ਵਿੱਚ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ।

'ਵਿਕੇਰੀਅਸ ਹਿੰਸਾ' ਤੋਂ ਭਾਵ ਹੈ, ਜਦੋਂ ਹਮਲਾਵਰ ਬੱਚਿਆਂ ਜਾਂ ਨੇੜਲੇ ਰਿਸ਼ਤੇਦਾਰਾਂ 'ਤੇ ਹਮਲਾ ਕਰਦਾ ਹੈ ਤਾਂ ਜੋ ਭਾਵਨਾਤਮਕ ਪੀੜਾ ਪੈਦਾ ਕਰ ਸਕੇ।

ਮਿਊਂਸੀਪਲ ਗਵਰਨਮੈਂਟ ਦੇ ਸਕੱਤਰ ਥਾਲੇਸ ਮਾਚਾਦੋ ਨੇ ਆਪਣੇ ਘਰ ਵਿੱਚ ਆਪਣੇ ਦੋ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੀ ਜਾਨ ਲੈ ਲਈ।

ਬੱਚਿਆਂ ਵਿੱਚੋਂ ਇੱਕ, 12 ਸਾਲ ਦਾ ਸੀ, ਜੋ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮਰ ਗਿਆ। ਛੋਟਾ ਭਰਾ, 8 ਸਾਲ ਦਾ ਸੀ, ਜੋ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਪਰ ਕੁਝ ਘੰਟਿਆਂ ਬਾਅਦ ਉਸਦੀ ਵੀ ਮੌਤ ਹੋ ਗਈ।

ਤਸਵੀਰ ਸਰੋਤ, Archivo

ਤਸਵੀਰ ਕੈਪਸ਼ਨ, ਸਾਰਾਹ ਅਰਾਉਜੋ ਦੇ ਪਤੀ, ਥਾਲੇਸ ਮਾਚਾਦੋ (ਖੱਬੇ) ਨੇ ਆਪਣੇ ਦੋ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੀ ਜਾਨ ਲੈ ਲਈ

ਅਮਾਂਡਾ ਸੋਜ਼ਾ ਕਹਿੰਦੀ ਹੈ ਕਿ ਉਸਨੇ ਥਾਲੇਸ ਮਾਚਾਦੋ ਦੀ ਪਤਨੀ ਸਾਰਾਹ ਅਰਾਉਜੋ ਦੇ ਮਾਮਲੇ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਿਆ।

ਉਹ ਯਾਦ ਕਰਦੀ ਹੈ, "ਮੈਂ ਬਹੁਤ ਹੈਰਾਨ ਹੋ ਗਈ, ਭਾਵਨਾਤਮਕ ਤੌਰ 'ਤੇ ਬਹੁਤ ਪ੍ਰਭਾਵਿਤ ਹੋਈ। ਮੈਨੂੰ ਲੱਗਿਆ ਜਿਵੇਂ ਮੈਂ ਫਿਰ 10 ਜੁਲਾਈ 2023 ਵਿੱਚ ਵਾਪਸ ਚਲੀ ਗਈ ਹਾਂ ਅਤੇ ਮੈਂ ਉਸ ਮਾਂ ਦਾ ਸਾਰਾ ਦਰਦ ਮਹਿਸੂਸ ਕਰ ਸਕਦੀ ਸੀ।"

ਪੁਲਿਸ ਕਹਿੰਦੀ ਹੈ ਕਿ ਇਸ ਮਾਮਲੇ ਬਾਰੇ ਪੜ੍ਹਦੇ ਸਮੇਂ ਉਨ੍ਹਾਂ ਨੂੰ ਸਭ ਤੋਂ ਵੱਧ ਝਟਕਾ ਸੋਸ਼ਲ ਮੀਡੀਆ 'ਤੇ ਆਈਆਂ ਉਹ ਟਿੱਪਣੀਆਂ ਦੇਖ ਕੇ ਲੱਗਿਆ, ਜਿੱਥੇ ਲੋਕ ਇਸ ਬੇਰਹਿਮ ਕਤਲ ਲਈ ਮਾਂ ਨੂੰ ਦੋਸ਼ ਦੇ ਰਹੇ ਸਨ।

"ਉਹ ਉਸ ਮਾਂ ਨਾਲ ਬਹੁਤ ਹੀ ਨਿਰਦਈ ਸਨ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ, ਸਮਾਜ ਕਿਸੇ ਅਜਿਹੇ ਵਿਅਕਤੀ ਨੂੰ ਦੋਸ਼ ਦੇਣ 'ਤੇ ਅੜਿਆ ਰਿਹਾ ਜਿਸਨੇ ਆਪਣਾ ਪੂਰਾ ਪਰਿਵਾਰ ਗਵਾ ਦਿੱਤਾ ਸੀ।"

ਸੋਜ਼ਾ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕਿ ਕੁਝ ਟਿੱਪਣੀਆਂ ਵਿੱਚ ਪਤਨੀ ਵੱਲੋਂ ਕਥਿਤ ਧੋਖੇਬਾਜ਼ੀ ਦਾ ਹਵਾਲਾ ਦੇ ਕੇ ਪਤੀ ਦੇ ਅਪਰਾਧ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ।

ਪੁਲਿਸ ਅਧਿਕਾਰੀ ਨੇ ਗੁੱਸੇ ਨਾਲ ਕਿਹਾ, "ਇਹ ਮਨੁੱਖਤਾ ਅਤੇ ਹਮਦਰਦੀ ਦੀ ਬਹੁਤ ਵੱਡੀ ਘਾਟ ਹੈ। ਇਹ ਉਸ ਪਿਤ੍ਰਸੱਤਾਤਮਕ ਸਮਾਜ ਦਾ ਜਿਉਂਦਾ ਜਾਗਦਾ ਸਬੂਤ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ, ਜਿਵੇਂ ਕਿ ਬੇਵਫ਼ਾਈ ਕਿਸੇ ਆਦਮੀ ਨੂੰ ਆਪਣੇ ਹੀ ਬੱਚਿਆਂ ਦੀ ਜਾਨ ਲੈਣ ਨੂੰ ਜਾਇਜ਼ ਬਣਾਉਂਦੀ ਹੋਵੇ, ਜੋ ਕਿ ਕਲਪਨਾ ਤੋਂ ਵੀ ਪਰੇ ਹੈ।"

ਸੋਜ਼ਾ ਲਈ ਹੋਰ ਵੀ ਹੈਰਾਨੀਜਨਕ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਟਿੱਪਣੀਆਂ ਹੋਰ ਔਰਤਾਂ ਵੱਲੋਂ ਕੀਤੀਆਂ ਗਈਆਂ ਸਨ।

ਅਜਿਹਾ ਉਸ ਦੇਸ਼ ਵਿੱਚ ਹੋ ਰਿਹਾ ਹੈ ਜਿੱਥੇ 2025 ਵਿੱਚ ਔਰਤਾਂ ਦੇ ਕਤਲ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ (1,518, ਜਦਕਿ 2024 ਵਿੱਚ 1,458 ਸੀ) ਅਤੇ ਜਿੱਥੇ ਔਸਤਨ ਹਰ ਰੋਜ਼ ਚਾਰ ਔਰਤਾਂ ਦਾ ਉਨ੍ਹਾਂ ਦੇ ਲਿੰਗ ਦੇ ਕਾਰਨ ਕਤਲ ਕੀਤਾ ਜਾਂਦਾ ਹੈ।

"ਔਰਤਾਂ ਵੱਲੋਂ ਆਉਂਦੀਆਂ ਅਜਿਹੀਆਂ ਲਿੰਗਭੇਦੀ ਟਿੱਪਣੀਆਂ ਦੇਖਣਾ ਸਭ ਤੋਂ ਵੱਧ ਦਰਦ ਅਤੇ ਦੁੱਖ ਦਿੰਦਾ ਹੈ ਅਤੇ ਬਹੁਤ ਗੁੱਸਾ ਵੀ ਆਉਂਦਾ ਹੈ, ਕਿਉਂਕਿ ਅਸੀਂ ਔਰਤਾਂ ਇਸ ਲਿੰਗਭੇਦ ਦੇ ਕਾਰਨ ਮਰ ਰਹੀਆਂ ਹਾਂ। ਔਰਤਾਂ ਹੀ ਸਭ ਤੋਂ ਪਹਿਲਾਂ ਉਂਗਲੀ ਉਠਾਉਂਦੀਆਂ ਹਨ, ਆਦਮੀ ਦੀ ਗਲਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਮਾਂ ਨੂੰ ਦੋਸ਼ ਦਿੰਦੀਆਂ ਹਨ।"

ਉਨ੍ਹਾਂ ਮਤਾਬਕ, ਇਤੁੰਬਿਆਰਾ ਵਿੱਚ ਥਾਲੇਸ ਮਾਚਾਦੋ ਵੱਲੋਂ ਕੀਤਾ ਗਿਆ ਅਪਰਾਧ ਇੱਕ ਅਜਿਹੇ ਨਾਰਸਿਸਿਸਟਿਕ ਆਦਮੀ ਦੀ ਨਿਸ਼ਾਨੀ ਹੈ ਜਿਸਨੇ ਕਦੇ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕੀਤਾ ਅਤੇ ਜੋ ਹਰ ਕੀਮਤ 'ਤੇ ਆਪਣੀ ਮਰਜ਼ੀ ਥੋਪਣਾ ਚਾਹੁੰਦਾ ਸੀ।

ਉਨ੍ਹਾਂ ਦੇ ਮਤਾਬਕ, ਆਪਣੇ ਬੱਚਿਆਂ ਨੂੰ ਮਾਰ ਕੇ ਉਹ ਆਪਣੀ ਪਤਨੀ ਨੂੰ ਸਭ ਤੋਂ ਭਿਆਨਕ ਪੀੜਾ ਦੇਣਾ ਚਾਹੁੰਦਾ ਸੀ ਅਤੇ ਆਪਣੇ ਅਪਰਾਧ ਨੂੰ ਕਥਿਤ ਬੇਵਫ਼ਾਈ ਨਾਲ ਜੋੜ ਕੇ ਉਹ ਉਸ ਸ਼ਹਿਰ ਵਿੱਚ ਉਸਦੀ ਨੈਤਿਕ ਤੌਰ 'ਤੇ ਬਰਬਾਦੀ ਕਰਨਾ ਚਾਹੁੰਦਾ ਸੀ ਜਿੱਥੇ ਉਹ ਦੋਵੇਂ ਰਹਿੰਦੇ ਸਨ।

"ਉਹ ਚਾਹੁੰਦਾ ਹੈ ਕਿ ਇਹ ਔਰਤ ਜਿਉਂਦੀ ਰਹਿ ਕੇ ਪੀੜਾ ਸਹੇ। ਉਹ ਚਾਹੁੰਦਾ ਹੈ ਕਿ ਜੋ ਕੁਝ ਹੋਇਆ ਉਸ ਲਈ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰੇ। ਇਹੀ 'ਵਿਕੇਰੀਅਸ ਹਿੰਸਾ' ਦਾ ਮਤਲਬ ਹੈ।"

ਪੁਲਿਸ ਅਧਿਕਾਰੀ ਵਿਆਖਿਆ ਕਰਦੀ ਹੈ, ਜੋ ਉਹ ਆਪਣੇ ਬੱਚਿਆਂ ਦੇ ਦੋਹਰੇ ਕਤਲ ਵੇਲੇ ਪਾਰਾ ਦੇ ਕਮੇਤਾ ਵਿੱਚ ਵਿਸ਼ੇਸ਼ ਮਹਿਲਾ ਪੁਲਿਸ ਸਟੇਸ਼ਨ (ਡੀਮ) ਵਿੱਚ ਡੈਲੀਗੇਟ ਵਜੋਂ ਕੰਮ ਕਰ ਰਹੀ ਸੀ।

ਡੀਮ, ਇੱਕ ਘਰੇਲੂ ਹਿੰਸਾ ਦੇ ਪੀੜਤਾਂ ਦੀ ਸਹਾਇਤਾ ਲਈ ਵਿਸ਼ੇਸ਼ ਯੂਨਿਟ ਹੈ।

ਅੱਜ, 43 ਸਾਲ ਦੀ ਉਮਰ ਵਿੱਚ ਉਹ ਬੇਲੇਮ ਵਿੱਚ ਮੋਬਾਈਲ ਡਿਵਾਈਸ ਰਿਕਵਰੀ ਯੂਨਿਟ ਵਿੱਚ ਡੈਲੀਗੇਟ ਵਜੋਂ ਕੰਮ ਕਰ ਰਹੀ ਹੈ।

'ਮੈਂ ਉਸਨੂੰ ਉਹ ਜਿੱਤ ਨਹੀਂ ਦੇ ਸਕਦੀ ਸੀ ਜੋ ਉਹ ਚਾਹੁੰਦਾ ਸੀ'

ਸੋਜ਼ਾ ਕਹਿੰਦੀ ਹੈ ਕਿ ਲਿੰਗ-ਆਧਾਰਿਤ ਹਿੰਸਾ ਦੀ ਪੀੜਤਾ ਵਜੋਂ ਆਪਣੀ ਕਹਾਣੀ ਸਾਂਝੀ ਕਰਨ ਦਾ ਉਸ ਦਾ ਮਕਸਦ ਹੋਰ ਔਰਤਾਂ ਦੀ ਮਦਦ ਕਰਨਾ ਹੈ ਜੋ ਅਪਮਾਨਜਨਕ ਰਿਸ਼ਤਿਆਂ ਦਾ ਸਾਹਮਣਾ ਕਰ ਰਹੀਆਂ ਹਨ।

ਮੀਨਾਸ ਜੇਰਾਇਸ ਦੇ ਅੰਦਰੂਨੀ ਖੇਤਰ ਤੇਓਫਿਲੋ ਓਟੋਨੀ ਦੀ ਵਸਨੀਕ ਕਹਿੰਦੀ ਹੈ ਕਿ ਉਸਦੇ ਮਾਮਲੇ ਵਿੱਚ ਉਸਦੇ ਪਤੀ ਦੇ ਵਿਹਾਰ ਵਿੱਚ ਚੇਤਾਵਨੀ ਦੇ ਸੰਕੇਤ ਉਸ ਵੇਲੇ ਦਿਖਣੇ ਸ਼ੁਰੂ ਹੋਏ ਜਦੋਂ ਉਹ ਬੇਲੋ ਹੋਰਿਜ਼ੋਂਟੇ ਤੋਂ, ਜਿੱਥੇ ਉਸਦਾ ਪਰਿਵਾਰ ਰਹਿੰਦਾ ਸੀ, ਬੇਲੇਮ ਪੁਲਿਸ ਅਫਸਰ ਬਣਨ ਦੀ ਟ੍ਰੇਨਿੰਗ ਲਈ ਚਲੀ ਗਈ।

ਪੁਲਿਸ ਅਧਿਕਾਰੀ ਯਾਦ ਕਰਦੀ ਹੈ, "20 ਸਾਲਾਂ ਤੱਕ ਉਸਦਾ ਮੇਰੀ ਜ਼ਿੰਦਗੀ 'ਤੇ ਪੂਰਾ ਕਾਬੂ ਸੀ। ਅਤੇ ਉਸਨੇ ਇਹ ਸਭ ਕੁਝ ਬਹੁਤ ਹੀ ਸੂਖ਼ਮ ਢੰਗ ਨਾਲ ਕੀਤਾ, ਤਾਂ ਜੋ ਮੈਂ ਉਸ ਕੰਟ੍ਰੋਲ ਨੂੰ, ਕੰਟ੍ਰੋਲ ਨਹੀਂ ਸਗੋਂ ਦੇਖਭਾਲ ਸਮਝ ਸਕਾਂ।"

"ਪਰ ਜਦੋਂ ਮੈਂ ਘਰ ਛੱਡਿਆ, ਤਾਂ ਜੋ ਕੁਝ ਲੁਕਿਆ ਹੋਇਆ ਸੀ ਉਹ ਸਪੱਸ਼ਟ ਹੋ ਗਿਆ। ਉਹ ਹੋਰ ਜ਼ਿਆਦਾ ਈਰਖਾਲੂ ਅਤੇ ਹੋਰ ਕਾਬੂ ਕਰਨ ਵਾਲਾ ਬਣ ਗਿਆ।"

ਸੋਜ਼ਾ ਕਹਿੰਦੀ ਹੈ ਕਿ ਉਸਦਾ ਉਸ ਵੇਲੇ ਦਾ ਪਤੀ ਹਮੇਸ਼ਾ ਜਾਣਨਾ ਚਾਹੁੰਦਾ ਸੀ ਕਿ ਉਹ ਕਿੱਥੇ ਹੈ ਅਤੇ ਕਿਸਦੇ ਨਾਲ ਹੈ। ਉਹ ਵਾਰ-ਵਾਰ ਵੀਡੀਓ ਕਾਲ ਕਰਦਾ ਸੀ ਤਾਂ ਜੋ ਇਹ ਪੱਕਾ ਕਰ ਸਕੇ ਕਿ ਉਹ ਉੱਥੇ ਹੀ ਹੈ ਜਿੱਥੇ ਉਹ ਕਹਿੰਦੀ ਹੈ ਅਤੇ ਉਹ ਉਨ੍ਹਾਂ ਲੋਕਾਂ ਦੇ ਸੰਪਰਕ ਵੇਰਵੇ ਵੀ ਮੰਗਦਾ ਸੀ ਜਿਨ੍ਹਾਂ ਨਾਲ ਉਹ ਹੁੰਦੀ ਸੀ।

ਜਦੋਂ ਉਸਨੇ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਨੇ ਉਹ ਅਪਰਾਧ ਕਰ ਦਿੱਤਾ ਜਿਸਨੇ ਉਸ ਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ।

ਉਸ ਵੀਰਵਾਰ ਦੁਪਹਿਰ ਚਾਰ ਵਜੇ ਵਾਲੀ ਕਾਲ ਤੋਂ ਬਾਅਦ, ਸੋਜ਼ਾ ਜਲਦੀ ਨਾਲ ਘਰ ਵੱਲ ਦੌੜੀ।

ਉਹ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਵੇਖਣ ਵਾਲੀ ਸੀ, ਮਾਰਸੇਲੋ 12 ਸਾਲ ਦਾ ਸੀ ਅਤੇ ਲੇਤੀਸੀਆ 9 ਸਾਲ ਦਾ ਸੀ। ਉਸਦੇ ਸਾਬਕਾ ਪਤੀ ਦੀ ਲਾਸ਼ ਵੀ ਉੱਥੇ ਹੀ ਮਿਲੀ। ਉਸਨੇ ਅਪਰਾਧ ਕਰਨ ਤੋਂ ਬਾਅਦ ਆਪਣੀ ਜਾਨ ਲੈ ਲਈ ਸੀ।

ਉਹ ਕਹਿੰਦੀ ਹੈ, "ਉਸਨੇ ਕਿਹਾ, 'ਮੈਂ ਤੇਰੇ ਦੋ ਬੱਚਿਆਂ ਨੂੰ ਮਾਰ ਦਿੱਤਾ ਹੈ। ਮੁਬਾਰਕਾਂ, ਤੈਨੂੰ ਉਹ ਮਿਲ ਗਿਆ ਜੋ ਤੂੰ ਚਾਹੁੰਦੀ ਸੀ।' ਅਰਥਾਤ, ਕਿਉਂਕਿ ਮੈਂ ਉਸ ਵਿਆਹ ਨੂੰ ਠੁਕਰਾ ਦਿੱਤਾ, ਕਿਉਂਕਿ ਮੈਂ ਹੁਣ ਅਪਮਾਨਜਨਕ ਰਿਸ਼ਤੇ ਵਿੱਚ ਰਹਿਣਾ ਨਹੀਂ ਚਾਹੁੰਦੀ ਸੀ, ਉਹ ਮੇਰੇ ਉੱਤੇ ਆਪਣੇ ਹੀ ਬੱਚਿਆਂ ਦੀ ਜਾਨ ਲੈਣ ਦੀ ਜ਼ਿੰਮੇਵਾਰੀ ਥੋਪਦਾ ਹੈ।"

"ਅਤੇ ਇਹੀ ਗੱਲ ਸਾਰਾਹ (ਇਤੁੰਬਿਆਰਾ ਵਿੱਚ) ਨਾਲ ਵੀ ਹੋਈ, ਕਿਉਂਕਿ ਇਹ ਇੱਕ ਪੈਟਰਨ ਹੈ। ਉਹ ਹਮੇਸ਼ਾ ਆਪਣੇ ਕੀਤੇ ਬੇਰਹਿਮ ਕਾਰੇ ਲਈ ਪੀੜਤ ਨੂੰ ਹੀ ਦੋਸ਼ ਦੇਣ ਦੀ ਕੋਸ਼ਿਸ਼ ਕਰਦੇ ਹਨ।"

ਤਸਵੀਰ ਸਰੋਤ, Archivo personal

ਤਸਵੀਰ ਕੈਪਸ਼ਨ, ਅਮਾਂਡਾ ਸੋਜ਼ਾ ਦੂਜੀਆਂ ਔਰਤਾਂ ਨੂੰ ਦੁਰਵਿਵਹਾਰ ਵਾਲੇ ਰਿਸ਼ਤੇ ਦੇ ਸੰਕੇਤਾਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕੰਮ ਕਰਦੀ ਹੈ

ਪੁਲਿਸ ਅਧਿਕਾਰੀ ਮੁਤਾਬਕ ਉਸ ਦੇ ਸਾਬਕਾ ਪਤੀ ਵੱਲੋਂ ਵਰਤਿਆ ਗਿਆ ਉਹ ਵਾਕ, ਜਿਸਦਾ ਮਕਸਦ ਉਸਨੂੰ ਤਬਾਹ ਕਰਨਾ ਸੀ, ਅਸਲ ਵਿੱਚ ਉਸਨੂੰ ਅੱਗੇ ਵਧਣ ਦੀ ਤਾਕਤ ਦੇ ਰਿਹਾ ਹੈ।

"ਉਸਨੇ ਕਿਹਾ ਸੀ ਕਿ ਮੇਰਾ ਭਵਿੱਖ ਦੁੱਖ ਅਤੇ ਇਕੱਲੇਪਨ ਨਾਲ ਭਰਿਆ ਹੋਵੇਗਾ। ਮੈਂ ਉਸੇ ਵਾਕ ਨੂੰ ਆਪਣੇ ਆਪ ਨੂੰ ਅੱਗੇ ਵਧਾਉਣ ਲਈ ਵਰਤਿਆ, ਕਿਉਂਕਿ ਮੈਂ ਉਸਨੂੰ ਉਹ ਜਿੱਤ ਨਹੀਂ ਦੇ ਸਕਦੀ ਸੀ ਜੋ ਉਹ ਚਾਹੁੰਦਾ ਸੀ। ਮੈਂ ਕਿਸੇ ਆਦਮੀ ਨੂੰ ਆਪਣੀ ਜ਼ਿੰਦਗੀ ਵਿੱਚ ਆ ਕੇ ਮੇਰੀ ਕਿਸਮਤ ਤੈਅ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ ਸੀ।"

ਹੁਣ, ਆਪਣੀ ਕਹਾਣੀ ਸਾਂਝੀ ਕਰਨ ਅਤੇ ਹੋਰ ਔਰਤਾਂ ਨੂੰ ਅਪਮਾਨਜਨਕ ਰਿਸ਼ਤਿਆਂ ਦੇ ਸੰਕੇਤ ਪਛਾਨਣ ਅਤੇ ਉਨ੍ਹਾਂ ਤੋਂ ਬਾਹਰ ਨਿਕਲਣ ਲਈ ਹਿੰਮਤ ਕਰਨ ਦੇ ਨਾਲ-ਨਾਲ, ਸੋਜ਼ਾ ਮਾਸਟਰਜ਼ ਪ੍ਰੋਗਰਾਮ ਵਿੱਚ 'ਵਿਕੇਰੀਅਸ ਹਿੰਸਾ' ਦਾ ਅਧਿਐਨ ਕਰਨ ਦੀ ਯੋਜਨਾ ਬਣਾ ਰਹੀ ਹੈ।

ਉਹ ਕਹਿੰਦੀ ਹੈ, "ਹਮਲਾਵਰਾਂ ਦਾ ਇੱਕ ਪੈਟਰਨ ਹੁੰਦਾ ਹੈ। ਅਰਥਾਤ, ਜੇ ਵਿਹਾਰ ਦਾ ਇੱਕ ਪੈਟਰਨ ਹੈ, ਤਾਂ ਅਸੀਂ ਇਸਨੂੰ ਪਛਾਣ ਸਕਦੇ ਹਾਂ ਅਤੇ ਇਸ ਤੋਂ ਬਚਾਅ ਕਰ ਸਕਦੇ ਹਾਂ। ਇਸ ਲਈ ਮੇਰਾ ਮਕਸਦ ਹੈ ਜਾਣਕਾਰੀ ਪ੍ਰਦਾਨ ਕਰਨੀ, ਤਾਂ ਜੋ ਲੋਕ ਸਮਝ ਸਕਣ ਕਿ ਉਹ ਅਪਮਾਨਜਨਕ ਰਿਸ਼ਤੇ ਵਿੱਚ ਹਨ, ਇਨ੍ਹਾਂ ਨਾਰਸਿਸਿਸਟ, ਪਾਗ਼ਲ, ਸਾਈਕੋਪੈਥ ਲੋਕਾਂ ਨੂੰ ਪਛਾਣ ਸਕਣ ਅਤੇ ਇਸ ਰਿਸ਼ਤੇ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣ ਲਈ ਹਿੰਮਤ ਅਤੇ ਰਣਨੀਤੀਆਂ ਹਾਸਲ ਕਰ ਸਕਣ।"

ਅਪਮਾਨਜਨਕ ਰਿਸ਼ਤੇ ਤੋਂ ਬਾਹਰ ਨਿਕਲਣ ਲਈ ਕੀ ਕਰਨਾ ਚਾਹੀਦਾ ਹੈ

ਜਿਹੜੀਆਂ ਔਰਤਾਂ ਅਪਮਾਨਜਨਕ ਰਿਸ਼ਤੇ ਵਿੱਚ ਹਨ ਜਾਂ ਇਹ ਯਕੀਨਨ ਨਹੀਂ ਕਹਿ ਸਕਦੀਆਂ ਹਨ ਕਿ ਉਹ ਅਜਿਹੇ ਰਿਸ਼ਤੇ ਵਿੱਚ ਹਨ, ਉਨ੍ਹਾਂ ਲਈ ਸੋਜ਼ਾ ਦੇ ਦੋ ਸੁਝਾਅ ਹਨ।

ਉਹ ਕਹਿੰਦੀ ਹੈ, "ਸਭ ਤੋਂ ਪਹਿਲੀ ਗੱਲ ਹੈ ਆਪਣੇ ਆਪ ਨੂੰ ਹੋਰ ਡੂੰਘਾਈ ਨਾਲ ਜਾਣਨਾ ਕਿਉਂਕਿ ਬਹੁਤ ਸਾਰੇ ਲੋਕ ਭਾਵਨਾਤਮਕ ਨਿਰਭਰਤਾ ਦੇ ਕਾਰਨ ਅਪਮਾਨਜਨਕ ਰਿਸ਼ਤਿਆਂ ਵਿੱਚ ਫਸੇ ਰਹਿੰਦੇ ਹਨ ਅਤੇ ਉਹ ਇਸ ਤੋਂ ਬਾਹਰ ਨਹੀਂ ਨਿਕਲ ਸਕਦੇ। ਉਹ ਆਪਣੇ ਆਪ ਨੂੰ ਅਜਿਹੇ ਰਿਸ਼ਤੇ ਵਿੱਚ ਦੇਖ ਵੀ ਨਹੀਂ ਸਕਦੇ।"

ਉਹ ਅਗਾਂਹ ਕਹਿੰਦੀ ਹੈ, "ਅਤੇ ਫਿਰ ਇਸੇ ਸਵੈ-ਖੋਜ ਅਤੇ ਸਵੈ-ਪਿਆਰ ਦੀ ਪ੍ਰਕਿਰਿਆ ਵਿੱਚ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਸ ਲਈ ਵਿੱਤੀ ਰਣਨੀਤੀਆਂ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰ ਲੋਕ ਜਾਣਦੇ ਹਨ ਕਿ ਉਹ ਅਪਮਾਨਜਨਕ ਰਿਸ਼ਤੇ ਵਿੱਚ ਹਨ, ਪਰ ਉਹ ਆਰਥਿਕ ਤੌਰ 'ਤੇ ਨਿਰਭਰ ਹੁੰਦੇ ਹਨ ਅਤੇ ਬਾਹਰ ਨਹੀਂ ਨਿਕਲ ਸਕਦੇ।"

"ਇਸ ਲਈ, ਇਹ ਲਾਜ਼ਮੀ ਹੈ ਕਿ ਔਰਤ ਆਪਣੀ ਆਰਥਿਕ ਸੁਤੰਤਰਤਾ ਹਾਸਲ ਕਰੇ, ਤਾਂ ਜੋ ਉਸਨੂੰ ਇਸ ਅਪਮਾਨਜਨਕ ਰਿਸ਼ਤੇ ਤੋਂ ਬਾਹਰ ਨਿਕਲਣ ਦੀ ਤਾਕਤ ਮਿਲੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)