ਬੰਗਲਾਦੇਸ਼ ਚੋਣਾਂ: ਬੀਐੱਨਪੀ ਨੂੰ ਮਿਲਿਆ ਪੂਰਨ ਬਹੁਮਤ, ਜਾਣੋ ਕੌਣ ਹਨ ਤਾਰਿਕ ਰਹਿਮਾਨ ਜਿਨ੍ਹਾਂ ਦੀ ਅਗਵਾਈ ਵਿੱਚ ਬੀਐੱਨਪੀ ਜਿੱਤੀ

ਤਸਵੀਰ ਸਰੋਤ, tariquerahman.info

ਤਸਵੀਰ ਕੈਪਸ਼ਨ, ਤਾਰਿਕ ਰਹਿਮਾਨ ਦੀ ਅਗਵਾਈ ਵਾਲੀ ਬੀਐੱਨਪੀ ਨੂੰ ਮਿਲੀ ਵੱਡੀ ਜਿੱਤ
ਪੜ੍ਹਨ ਦਾ ਸਮਾਂ: 7 ਮਿੰਟ

ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਬਹੁਮਤ ਹਾਸਲ ਕਰ ਲਿਆ ਹੈ।

ਬੰਗਲਾਦੇਸ਼ ਦੇ ਸੰਸਦੀ ਚੋਣਾਂ ਵਿੱਚ ਬੀਐਨਪੀ ਯਾਨੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਬੀਐਨਪੀ ਗਠਜੋੜ ਨੂੰ 297 ਵਿੱਚੋਂ 209 ਸੀਟਾਂ 'ਤੇ ਜਿੱਤ ਮਿਲ ਚੁੱਕੀ ਹੈ। ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਚੋਣਾਂ ਵਿੱਚ ਜਮਾਤ-ਏ-ਇਸਲਾਮੀ ਨੂੰ 68 ਸੀਟਾਂ 'ਤੇ ਜਿੱਤ ਮਿਲੀ ਹੈ।

ਇਸ ਚੋਣ ਵਿੱਚ 'ਖੁਲਨਾ-1' ਸੀਟ ਤੋਂ ਬੰਗਲਾਦੇਸ਼ ਜਮਾਤ-ਏ-ਇਸਲਾਮੀ ਪਾਰਟੀ ਦੇ ਇਕੱਲੇ ਹਿੰਦੂ ਉਮੀਦਵਾਰ ਕ੍ਰਿਸ਼ਨਾ ਨੰਦੀ ਦੀ ਹਾਰ ਹੋ ਗਈ ਹੈ। ਇਸ ਸੀਟ 'ਤੇ ਬੀਐਨਪੀ ਦੇ ਆਮਿਰ ਏਜਾਜ਼ ਖਾਨ ਦੀ ਜਿੱਤ ਹੋਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਆਗੂ ਤਾਰਿਕ ਰਹਿਮਾਨ ਨਾਲ ਫੋਨ 'ਤੇ ਗੱਲ ਕੀਤੀ ਹੈ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਐਕਸ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ, "ਤਾਰਿਕ ਰਹਿਮਾਨ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਮੈਂ ਉਨ੍ਹਾਂ ਨੂੰ ਬੰਗਲਾਦੇਸ਼ ਚੋਣ ਵਿੱਚ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਮੈਂ ਬੰਗਲਾਦੇਸ਼ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਲਈ ਆਪਣੀਆਂ ਸ਼ੁਭਕਾਮਨਾਵਾਂ ਅਤੇ ਸਮਰਥਨ ਦਿੱਤਾ।"

ਪੀਐੱਮ ਮੋਦੀ ਨੇ ਲਿਖਿਆ, "ਦੋ ਕਰੀਬੀ ਗੁਆਂਢੀਆਂ ਵਜੋਂ, ਜਿਨ੍ਹਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਰਿਸ਼ਤੇ ਬਹੁਤ ਡੂੰਘੇ ਹਨ, ਮੈਂ ਦੋਵੇਂ ਦੇਸ਼ਾਂ ਦੇ ਲੋਕਾਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਭਾਰਤ ਦੀ ਲਗਾਤਾਰ ਵਚਨਬੱਧਤਾ ਨੂੰ ਦੁਹਰਾਇਆ।"

ਤਸਵੀਰ ਸਰੋਤ, tariquebd78

ਤਸਵੀਰ ਕੈਪਸ਼ਨ, ਬੀਐਨਪੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਪਾਰਟੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਤਾਰਿਕ ਰਹਿਮਾਨ ਨੂੰ ਇਸ ਦੇ ਮੁੱਖ ਆਗੂ ਵਜੋਂ ਦੇਖਿਆ ਜਾ ਰਿਹਾ ਹੈ

ਬੀਐੱਨਪੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਪਾਰਟੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਤਾਰਿਕ ਰਹਿਮਾਨ ਨੂੰ ਇਸ ਦੇ ਮੁੱਖ ਆਗੂ ਵਜੋਂ ਦੇਖਿਆ ਜਾ ਰਿਹਾ ਹੈ।

ਸਾਲ 2024 ਵਿੱਚ ਵਿਦਿਆਰਥੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੁਆਰਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਬੰਗਲਾਦੇਸ਼ ਵਿੱਚ ਇਹ ਪਹਿਲੀਆਂ ਚੋਣਾਂ ਹਨ।

ਦੱਸ ਦੇਈਏ ਕਿ ਇਸ ਵਾਰ ਬੰਗਲਾਦੇਸ਼ ਦੇ ਲੋਕਾਂ ਨੇ ਦੋ ਤਰ੍ਹਾਂ ਦੀਆਂ ਵੋਟਾਂ ਪਾਈਆਂ ਹਨ, ਇੱਕ - ਸੰਸਦ ਮੈਂਬਰਾਂ ਦੀ ਚੋਣ ਕਰਨ ਲਈ, ਅਤੇ ਦੂਜੀ - ਸੰਵਿਧਾਨ ਵਿੱਚ ਸੋਧ ਲਈ ਹੋ ਰਹੇ ਰੈਫਰੈਂਡਮ ਲਈ।

Sorry, we can’t display this part of the story on this lightweight mobile page.

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੰਗਲਾਦੇਸ਼ ਵਿੱਚ ਲੰਘੀ 12 ਫਰਵਰੀ ਨੂੰ ਰਾਸ਼ਟਰੀ ਚੋਣਾਂ ਹੋਈਆਂ ਹਨ

ਬੀਬੀਸੀ ਬੰਗਲਾ ਦੀ ਰਿਪੋਰਟ ਮੁਤਾਬਕ, ਹੁਣ ਤੱਕ ਦੇ ਨਤੀਜੇ ਦਿਖਾਉਂਦੇ ਹਨ ਕਿ 70% ਤੋਂ ਵੱਧ ਵੋਟਰਾਂ ਨੇ ਜੁਲਾਈ ਚਾਰਟਰ ਨੂੰ ਅਪਣਾਉਣ ਦੇ ਹੱਕ ਵਿੱਚ ਵੋਟ ਦਿੱਤੀ ਹੈ।

ਜੁਲਾਈ ਚਾਰਟਰ, 84 ਸੁਧਾਰਾਂ ਦਾ ਇੱਕ ਸੈੱਟ ਹੈ ਜੋ ਅੰਤਰਿਮ ਸਰਕਾਰ ਵੱਲੋਂ ਸੁਝਾਇਆ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਬੰਗਲਾਦੇਸ਼ ਦਾ ਸ਼ਾਸਨ ਕਿਵੇਂ ਚਲਾਇਆ ਜਾਵੇਗਾ।

'ਹਾਂ' ਪੱਖੀ ਵੋਟ ਦੀ ਜਿੱਤ ਨਾਲ ਨਵੀਂ ਸੰਸਦ ਕਾਨੂੰਨੀ ਤੌਰ 'ਤੇ ਇਸਨੂੰ (ਜੁਲਾਈ ਚਾਰਟਰ) ਪੂਰੀ ਤਰ੍ਹਾਂ ਲਾਗੂ ਕਰਨ ਲਈ ਪਾਬੰਦ ਹੋਏਗੀ। ਜੇਕਰ 'ਨਹੀਂ' ਵੋਟ ਜਿੱਤ ਜਾਂਦੀ ਹੈ, ਤਾਂ ਸੁਧਾਰ ਪੂਰੀ ਤਰ੍ਹਾਂ ਬਹੁਮਤ ਵਾਲੀ ਪਾਰਟੀ ਦੀ ਇੱਛਾ 'ਤੇ ਨਿਰਭਰ ਕਰਨਗੇ।

ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਦੀ ਅਗਵਾਈ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਕੀਤੀ ਹੈ।

ਜਮਾਤ-ਏ-ਇਸਲਾਮੀ ਨੇ ਚੋਣ ਨਤੀਜਿਆਂ 'ਤੇ ਚੁੱਕੇ ਸਵਾਲ

ਤਸਵੀਰ ਸਰੋਤ, Sajjad HUSSAIN / AFP via Getty

ਤਸਵੀਰ ਕੈਪਸ਼ਨ, ਜਮਾਤ-ਏ-ਇਸਲਾਮੀ ਦੇ ਆਗੂ ਸ਼ਫੀਕੁਰ ਰਹਿਮਾਨ

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁੱਖ ਵਿਰੋਧੀ ਪਾਰਟੀ ਜਮਾਤ-ਏ-ਇਸਲਾਮੀ ਨੇ ਇੱਕ ਵਾਰ ਫਿਰ ਵੋਟਾਂ ਦੀ ਗਿਣਤੀ ਪ੍ਰਕਿਰਿਆ ਬਾਰੇ ਸਵਾਲ ਖੜ੍ਹੇ ਕੀਤੇ ਹਨ।

ਏਐਫਪੀ ਨਿਊਜ਼ ਦੇ ਅਨੁਸਾਰ, ਇਸਲਾਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, "ਅਸੀਂ ਚੋਣ ਨਤੀਜਿਆਂ ਨਾਲ ਸਬੰਧਤ ਪ੍ਰਕਿਰਿਆ ਤੋਂ ਸੰਤੁਸ਼ਟ ਨਹੀਂ ਹਾਂ।"

ਪਾਰਟੀ ਨੇ ਸਾਰਿਆਂ ਨੂੰ "ਸਬਰ ਬਣਾਈ ਰੱਖਣ" ਦੀ ਅਪੀਲ ਵੀ ਕੀਤੀ।

ਹੋਰ ਪਾਰਟੀਆਂ ਨੇ ਲਗਾਏ ਵੀ ਲਗਾਏ ਗੜਬੜੀ ਦੇ ਇਲਜ਼ਾਮ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਨਾਹਿਦ ਇਸਲਾਮ, ਨੈਸ਼ਨਲ ਸਿਟੀਜ਼ਨ ਪਾਰਟੀ ਦੇ ਕਨਵੀਨਰ (ਫਾਈਲ ਫੋਟੋ)

ਵੋਟਾਂ ਦੀ ਗਿਣਤੀ ਵਿਚਕਾਰ ਪਾਰਟੀਆਂ ਨੇ ਵੋਟਾਂ ਦੀ ਗਿਣਤੀ ਵਿੱਚ ਹੇਰਾਫੇਰੀ ਦੇ ਵੀ ਇਲਜ਼ਾਮ ਲਗਾਏ ਹਨ।

2024 ਵਿੱਚ ਸ਼ੇਖ ਹਸੀਨਾ ਨੂੰ ਸੱਤਾ ਤੋਂ ਬਾਹਰ ਕਰਨ ਵਾਲੇ ਅੰਦੋਲਨ ਦੀ ਅਗਵਾਈ ਕਰਨ ਵਾਲੀ ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) ਨੇ ਇਲਜ਼ਾਮ ਲਗਾਇਆ ਹੈ ਕਿ ਨਤੀਜਿਆਂ ਵਿੱਚ ਹੇਰਾਫੇਰੀ ਕੀਤੀ ਗਈ ਹੈ।

ਐਨਸੀਪੀ ਨੇ ਦੁਬਾਰਾ ਵੋਟਾਂ ਦੀ ਗਿਣਤੀ ਕਰਾਉਣ ਦੀ ਮੰਗ ਕੀਤੀ ਹੈ।

ਘੱਟੋ-ਘੱਟ ਦੋ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਇਸੇ ਤਰ੍ਹਾਂ ਦੇ ਇਲਜ਼ਾਮਾਂ ਨਾਲ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਬੀਐਨਪੀ ਨੇ ਜਮਾਤ-ਏ-ਇਸਲਾਮੀ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।

ਬੰਗਲਾਦੇਸ਼ ਵਿੱਚ ਬੀਐਨਪੀ ਦੀ 'ਜਿੱਤ' 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ

ਤਸਵੀਰ ਸਰੋਤ, Sajjad HUSSAIN / AFP via Getty

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ 'ਜਿੱਤ' ਤਾਰਿਕ ਰਹਿਮਾਨ ਦੀ ਅਗਵਾਈ ਵਿੱਚ ਬੰਗਲਾਦੇਸ਼ ਦੇ ਲੋਕਾਂ ਦਾ ਵਿਸ਼ਵਾਸ ਦਿਖਾਉਂਦੀ ਹੈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਪਾਰਟੀ ਦੀ 'ਜਿੱਤ' ਲਈ ਪਾਰਟੀ ਪ੍ਰਧਾਨ ਤਾਰਿਕ ਰਹਿਮਾਨ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ 'ਜਿੱਤ' ਤਾਰਿਕ ਰਹਿਮਾਨ ਦੀ ਅਗਵਾਈ ਵਿੱਚ ਬੰਗਲਾਦੇਸ਼ ਦੇ ਲੋਕਾਂ ਦਾ ਵਿਸ਼ਵਾਸ ਦਿਖਾਉਂਦੀ ਹੈ।

ਉਨ੍ਹਾਂ ਕਿਹਾ, "ਭਾਰਤ ਇੱਕ ਲੋਕਤੰਤਰੀ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜ੍ਹਾ ਰਹੇਗਾ। ਮੈਂ ਸਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ (ਤਾਰਿਕ ਰਹਿਮਾਨ) ਨਾਲ ਕੰਮ ਕਰਨ ਲਈ ਉਤਸੁਕ ਹਾਂ।"

ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਅੱਗੇ ਚੱਲ ਰਹੇ ਤਾਰਿਕ ਰਹਿਮਾਨ ਕੌਣ ਹਨ?

ਤਸਵੀਰ ਸਰੋਤ, LightRocket via Getty Images

ਤਸਵੀਰ ਕੈਪਸ਼ਨ, ਸਾਲ 2024 ਵਿੱਚ ਵਿਦਿਆਰਥੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੁਆਰਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਬੰਗਲਾਦੇਸ਼ ਵਿੱਚ ਇਹ ਪਹਿਲੀਆਂ ਚੋਣਾਂ ਹਨ

ਤਾਰਿਕ ਰਹਿਮਾਨ, ਸਾਲ 2008 ਤੋਂ ਲੰਡਨ ਵਿੱਚ ਰਹਿ ਰਹੇ ਹਨ। ਜੇ ਇਨ੍ਹਾਂ ਚੋਣਾਂ ਵਿੱਚ ਬੀਐਨਪੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਦੀ ਹੈ, ਤਾਂ ਤਾਰਿਕ ਦੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ।

60 ਸਾਲਾ ਰਹਿਮਾਨ ਸਿਆਸਤ ਵਿੱਚ ਜਾਣੇ-ਪਛਾਣੇ ਜ਼ਿਆ ਪਰਿਵਾਰ ਦੇ ਪ੍ਰਮੁੱਖ ਚਿਹਰੇ ਹਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (ਜਿਨ੍ਹਾਂ ਦਾ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਦੇਹਾਂਤ ਹੋ ਗਿਆ) ਅਤੇ ਜ਼ਿਆਉਰ ਰਹਿਮਾਨ (ਜਿਨ੍ਹਾਂ ਦੀ 1981 ਵਿੱਚ ਰਾਸ਼ਟਰਪਤੀ ਅਹੁਦੇ 'ਤੇ ਰਹਿਣ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ) ਦੇ ਪੁੱਤਰ ਹਨ।

ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਦੌਰਾਨ ਰਹਿਮਾਨ ਉੱਤੇ ਕਈ ਅਪਰਾਧੀ ਜਾਂਚਾਂ ਚਲਾਈਆਂ ਗਈਆਂ ਸਨ, ਪਰ ਜਦੋਂ ਸ਼ੇਖ ਹਸੀਨਾ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਗਈ ਤਾਂ ਰਹਿਮਾਨ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ।

ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਉਹ 17 ਸਾਲਾਂ ਦੀ ਜਲਾਵਤਨੀ ਜੀਵਨ ਤੋਂ ਬਾਅਦ ਬੰਗਲਾਦੇਸ਼ ਵਾਪਸ ਆਏ।

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦਾ ਪਿਛੋਕੜ ਕੀ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੀਐਨਪੀ ਕਈ ਵਾਰ ਦੇਸ਼ 'ਤੇ ਰਾਜ ਕਰ ਚੁੱਕੀ ਹੈ ਅਤੇ ਅਕਸਰ (ਹੁਣ ਪਾਬੰਦੀਸ਼ੁਦਾ) ਆਵਾਮੀ ਲੀਗ ਨਾਲ ਸੱਤਾ ਦਾ ਆਦਾਨ-ਪ੍ਰਦਾਨ ਕੀਤਾ ਹੈ

ਹੁਣ ਤੱਕ ਸਾਹਮਣੇ ਆ ਰਹੇ ਨਤੀਜਿਆਂ ਅਨੁਸਾਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਜ਼ਿਆਦਾਤਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਇਹ ਪਾਰਟੀ ਸਾਲ 1978 ਵਿੱਚ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੁਆਰਾ ਸਥਾਪਿਤ ਕੀਤੀ ਗਈ ਸੀ,ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਆਗੂਆਂ ਵਿੱਚੋਂ ਇੱਕ ਵੀ ਸਨ।

ਬੀਐਨਪੀ ਕਈ ਵਾਰ ਦੇਸ਼ 'ਤੇ ਰਾਜ ਕਰ ਚੁੱਕੀ ਹੈ ਅਤੇ ਅਕਸਰ (ਹੁਣ ਪਾਬੰਦੀਸ਼ੁਦਾ) ਆਵਾਮੀ ਲੀਗ ਨਾਲ ਸੱਤਾ ਦਾ ਆਦਾਨ-ਪ੍ਰਦਾਨ ਕੀਤਾ ਹੈ।

ਇਸ ਵਾਰ ਦੀਆਂ ਚੋਣ ਲਈ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ, ਮਰਹੂਮ ਜ਼ਿਆਉਰ ਰਹਿਮਾਨ ਅਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਦੇਸ਼ ਦੇ ਅਗਲੇ ਆਗੂ ਬਣ ਸਕਦੇ ਹਨ।

ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਬੀਐਨਪੀ ਨੇ "ਕਲਿਆਣਕਾਰੀ ਅਤੇ ਖੁਸ਼ਹਾਲ" ਦੇਸ਼ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਮੁੱਖ ਵਾਅਦਿਆਂ ਵਿੱਚ ਘੱਟ-ਆਮਦਨ ਵਾਲੇ ਪਰਿਵਾਰਾਂ ਲਈ ਵੱਧ ਵਿੱਤੀ ਸਹਾਇਤਾ, ਸਿਹਤ ਸੰਭਾਲ ਕਾਰਜਬਲ ਦਾ ਵਿਸਥਾਰ, ਸਿੱਖਿਆ ਸੁਧਾਰ ਅਤੇ ਮੌਸਮੀ ਬਦਲਾਅ ਦੇ ਮੁਕਾਬਲੇ ਲਈ ਤਿਆਰੀ ਪੁਖਤਾ ਕਰਨਾ ਸ਼ਾਮਲ ਹਨ।

ਬੀਐਨਪੀ ਨੇ ਪਿਛਲੀਆਂ ਚੋਣਾਂ, ਜਿਸ ਵਿੱਚ 2024 ਦੀ ਸਭ ਤੋਂ ਹਾਲੀਆ ਚੋਣ ਵੀ ਸ਼ਾਮਲ ਹੈ, ਦਾ ਇਹ ਕਹਿੰਦੇ ਹੋਏ ਬਾਈਕਾਟ ਕੀਤਾ ਸੀ ਕਿ ਉਹ ਨਾ ਤਾਂ ਆਜ਼ਾਦ ਸਨ ਅਤੇ ਨਾ ਹੀ ਨਿਰਪੱਖ - ਹਾਲਾਂਕਿ ਇਸ 'ਤੇ ਭ੍ਰਿਸ਼ਟਾਚਾਰ ਅਤੇ ਮਾੜੇ ਸ਼ਾਸਨ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ।

ਰੈਫਰੈਂਡਮ ਕੀ ਹੈ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਵਾਰ ਬੰਗਲਾਦੇਸ਼ ਦੇ ਲੋਕਾਂ ਨੇ ਦੋ ਤਰ੍ਹਾਂ ਦੀਆਂ ਵੋਟਾਂ ਪਾਈਆਂ ਹਨ, ਇੱਕ - ਸੰਸਦ ਮੈਂਬਰਾਂ ਦੀ ਚੋਣ ਕਰਨ ਲਈ, ਅਤੇ ਦੂਜੀ - ਸੰਵਿਧਾਨ ਵਿੱਚ ਸੋਧ ਲਈ ਹੋ ਰਹੇ ਰੈਫਰੈਂਡਮ ਲਈ

ਰੈਫਰੈਂਡਮ ਆਪਣੇ ਆਪ ਵਿੱਚ ਸਧਾਰਣ ਹੈ, ਪਰ ਇਸ ਦਾ ਦਾਇਰਾ ਬਹੁਤ ਵੱਡਾ ਹੈ।

ਵੋਟਰ ਇੱਕ ਹੀ ਹਾਂ ਜਾਂ ਨਾ ਵਾਲੇ ਪ੍ਰਸ਼ਨ ਦਾ ਜਵਾਬ ਦੇਣਗੇ, ਖਾਲੀ ਬੈਲਟ ਪੇਪਰ ਵੀ ਪ੍ਰਵਾਨ ਹੋਵੇਗਾ।

ਰੈਫਰੈਂਡਮ ਦਾ ਮੁੱਖ ਬਿੰਦੂ, 100 ਮੈਂਬਰੀ ਉੱਪਰੀ ਸਦਨ (ਅਪਰ ਹਾਊਸ) ਦੀ ਸਥਾਪਨਾ ਕਰਨਾ ਹੈ, ਜਿਸ ਨੂੰ ਪ੍ਰਪੋਸ਼ਨਲ ਰਿਪ੍ਰੇਜ਼ੇਂਟੇਸ਼ਨ ਨਾਲ ਚੁਣਿਆ ਜਾਵੇਗਾ।

ਪ੍ਰਸਤਾਵਿਤ ਸਦਨ ਦੀ ਸੰਵਿਧਾਨਕ ਸੋਧਾਂ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਭੂਮਿਕਾ ਹੋਵੇਗੀ, ਜਿਸ ਨਾਲ ਇੱਕ ਨਵਾਂ ਸਿਸਟਮ ਬਣੇਗਾ ਜੋ ਇਹ ਨਿਗਰਾਨੀ ਕਰੇਗਾ ਕਿ ਹੇਠਲੇ ਸਦਨ ਵਿੱਚ ਦੋ-ਤਿਹਾਈ ਬਹੁਮਤ ਰੱਖਣ ਵਾਲੀ ਪਾਰਟੀ ਵੀ ਆਪਣੇ ਆਪ ਸੰਵਿਧਾਨ ਵਿੱਚ ਸੋਧ ਨਾ ਕਰ ਸਕੇ।

ਅਸਲ ਵਿੱਚ, ਇਹ ਰੈਫਰੈਂਡਮ ਸਿਰਫ ਸੰਸਥਾਗਤ ਤਬਦੀਲੀਆਂ ਬਾਰੇ ਨਹੀਂ ਹੈ। ਇਹ ਸ਼ਕਤੀ ਦੇ ਸੰਤੁਲਨ ਨੂੰ ਦੁਬਾਰਾ ਤੈਅ ਕਰਨ ਬਾਰੇ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)