ਪ੍ਰੇਮ ਵਿਆਹ 'ਚ ਅੜਿੱਕਾ ਬਣੇ ਪੁਲਿਸ ਮੁਲਾਜ਼ਮ ਪਿਤਾ ਦੇ ਕਤਲ ਦੇ ਇਲਜ਼ਾਮ 'ਚ ਧੀ ਗ੍ਰਿਫ਼ਤਾਰ, ਪਿਤਾ ਦੀ ਥਾਂ ਮਿਲੀ ਨੌਕਰੀ ਕਰ ਰਹੀ ਸੀ
- ਲੇਖਕ, ਭਾਗਿਆਸ਼੍ਰੀ ਰਾਉਤ
- ਰੋਲ, ਬੀਬੀਸੀ ਲਈ
- ਪੜ੍ਹਨ ਦਾ ਸਮਾਂ: 6 ਮਿੰਟ
ਲਗਭਗ ਤਿੰਨ ਸਾਲ ਪਹਿਲਾਂ, ਮਹਾਰਾਸ਼ਟਰ ਦੇ ਚੰਦਰਪੁਰ ਖੇਤਰ ਵਿੱਚ ਜਯੰਤ ਬੱਲਾਵਾਰ ਨਾਮ ਦੇ ਇੱਕ ਪੁਲਿਸ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਸੀ।
ਉਸ ਤੋਂ ਬਾਅਦ ਉਨ੍ਹਾਂ ਦੀ ਧੀ ਆਰਿਆ ਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ ਅਤੇ ਉਹ ਵੀ ਪੁਲਿਸ ਕਾਂਸਟੇਬਲ ਵਜੋਂ ਕੰਮ ਕਰ ਰਹੀ ਸੀ।
ਪਰ ਫਿਰ ਇੱਕ ਨਵਾਂ ਮੋੜ ਆਇਆ ਅਤੇ ਪੁਲਿਸ ਮੁਲਾਜ਼ਮ ਦੀ ਮੌਤ ਦਾ ਰਾਜ ਖੁੱਲ੍ਹਣ ਦਾ ਦਾਅਵਾ ਹੋਇਆ। ਮ੍ਰਿਤਕ ਪੁਲਿਸ ਕਾਂਸਟੇਬਲ ਦੀ ਧੀ ਆਰਿਆ ਬੱਲਾਵਾਰ (ਉਮਰ 22) ਦਾ ਨਾਮ ਮੁਲਜ਼ਮ ਵਜੋਂ ਸਾਹਮਣੇ ਆਇਆ।
ਆਓ ਜਾਣਦੇ ਹਾਂ ਕਿ ਧੀ ਉੱਤੇ ਪਿਤਾ ਦੇ ਕਤਲ ਦੇ ਇਲਜ਼ਾਮਾਂ ਦਾ ਇਹ ਮਾਮਲਾ ਕੀ ਹੈ?
ਤਿੰਨ ਸਾਲ ਪਹਿਲਾਂ ਕੀ ਹੋਇਆ ਸੀ?
ਤਸਵੀਰ ਸਰੋਤ, Getty Images
ਅਪ੍ਰੈਲ 2023 ਵਿੱਚ ਹੈੱਡ ਕਾਂਸਟੇਬਲ ਜਯੰਤ ਬੱਲਾਵਾਰ ਪ੍ਰਸ਼ਾਸਕੀ ਦਫ਼ਤਰ ਵਿੱਚ ਕੰਮ ਕਰ ਰਹੇ ਸਨ, ਉਦੋਂ ਅਚਾਨਕ ਉਨ੍ਹਾਂ ਨੂੰ ਚੱਕਰ ਆਉਣ ਲੱਗੇ। ਜਯੰਤ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਚੰਦਰਪੁਰ ਦੇ ਉਪਮੰਡਲ ਪੁਲਿਸ ਅਧਿਕਾਰੀ ਪ੍ਰਮੋਦ ਚੌਗੁਲੇ ਦੇ ਅਨੁਸਾਰ, ਉਸ ਸਮੇਂ ਮੌਤ ਦਾ ਕਾਰਨ ਸਪਸ਼ਟ ਨਹੀਂ ਸੀ, ਇਸ ਲਈ ਐਕਸੀਡੈਂਟਲ ਡੈੱਥ ਰਿਪੋਰਟ (ਏਡੀਆਰ) ਦਰਜ ਕੀਤੀ ਗਈ ਸੀ।
ਸਾਲ 2025 ਵਿੱਚ, ਜਯੰਤ ਦੀ ਧੀ ਆਰਿਆ ਬੱਲਾਵਾਰ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲੀ ਅਤੇ ਉਨ੍ਹਾਂ ਨੂੰ ਰਾਮਨਗਰ ਪੁਲਿਸ ਸਟੇਸ਼ਨ ਵਿੱਚ ਨਿਯੁਕਤ ਕੀਤਾ ਗਿਆ।
ਤਿੰਨ ਸਾਲ ਬਾਅਦ ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਅਤੇ ਆਰਿਆ ਉੱਤੇ ਆਪਣੇ ਪਿਤਾ ਦੇ ਕਤਲ ਦੇ ਇਲਜ਼ਾਮ ਲੱਗੇ।
ਧੀ 'ਤੇ ਆਪਣੇ ਪਿਤਾ ਦੇ ਕਤਲ ਦਾ ਇਲਜ਼ਾਮ ਕਿਉਂ ਲੱਗਿਆ?
ਪੁਲਿਸ ਦੇ ਅਨੁਸਾਰ, ਆਰਿਆ ਦਾ ਆਸ਼ੀਸ਼ ਸ਼ੇਡਮੇਕ ਨਾਮ ਦੇ ਇੱਕ ਨੌਜਵਾਨ ਨਾਲ ਪ੍ਰੇਮ ਸੰਬੰਧ ਸੀ। ਆਸ਼ੀਸ਼ ਵੀ ਚੰਦਰਪੁਰ ਪੁਲਿਸ ਸਟੇਸ਼ਨ ਵਿੱਚ ਕਾਂਸਟੇਬਲ ਦੇ ਅਹੁਦੇ 'ਤੇ ਕੰਮ ਕਰਦਾ ਸੀ। ਹਾਲਾਂਕਿ, ਦੱਸਿਆ ਗਿਆ ਕਿ ਟ੍ਰੇਨਿੰਗ ਤੋਂ ਬਾਅਦ ਆਸ਼ੀਸ਼ ਵੱਲੋਂ ਕੀਤੀਆਂ ਕੁਝ ਗਲਤੀਆਂ ਕਾਰਨ ਉਸ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਜਯੰਤ ਬੱਲਾਵਾਰ ਆਪਣੀ ਧੀ ਆਰਿਆ ਅਤੇ ਆਸ਼ੀਸ਼ ਦੇ ਪ੍ਰੇਮ ਸੰਬੰਧ ਨੂੰ ਮਨਜ਼ੂਰ ਨਹੀਂ ਕਰਦੇ ਸਨ ਅਤੇ ਉਨ੍ਹਾਂ ਦੇ ਵਿਆਹ ਦੇ ਖ਼ਿਲਾਫ਼ ਸਨ, ਇਲਜ਼ਾਮ ਨੇ ਕਿ ਇਸ ਲਈ ਦੋਵਾਂ ਨੇ ਮਿਲ ਕੇ ਆਪਣੇ ਪਿਤਾ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ।
ਪੁਲਿਸ ਮੁਤਾਬਕ ਆਰਿਆ ਨੇ ਆਸ਼ੀਸ਼ ਰਾਹੀਂ ਜ਼ਹਿਰ ਮੰਗਵਾਇਆ ਸੀ ਅਤੇ ਇਸ ਲਈ ਆਸ਼ੀਸ਼ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਸਨ। ਅਪ੍ਰੈਲ 2023 ਵਿੱਚ ਜਯੰਤ ਦੇ ਕੰਮ 'ਤੇ ਜਾਣ ਤੋਂ ਪਹਿਲਾਂ, ਆਰਿਆ ਨੇ ਇੱਕ ਮਿਲਕਸ਼ੇਕ ਵਿੱਚ ਜ਼ਹਿਰ ਮਿਲਾ ਕੇ ਆਪਣੇ ਪਿਤਾ ਨੂੰ ਦੇ ਦਿੱਤਾ ਸੀ।
ਪੁਲਿਸ ਮੁਤਾਬਕ ਪਿਤਾ ਨੇ ਮਿਲਕਸ਼ੇਕ ਪੀਤਾ ਅਤੇ ਕੰਮ 'ਤੇ ਚਲੇ ਗਏ, ਜਿੱਥੇ ਇੱਕ ਘੰਟੇ ਦੇ ਅੰਦਰ ਹੀ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਉਸ ਸਮੇਂ ਆਰਿਆ ਦੀ ਮਾਂ ਕਸਰਤ ਕਰਨ ਗਈ ਹੋਈ ਸੀ, ਇਸ ਲਈ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਆਰਿਆ ਨੇ ਆਪਣੇ ਪਿਤਾ ਨੂੰ ਕੁਝ ਖਾਣ-ਪੀਣ ਲਈ ਦਿੱਤਾ ਸੀ ਜਾਂ ਨਹੀਂ।
ਪੁਲਿਸ ਅਧਿਕਾਰੀ ਪ੍ਰਮੋਦ ਚੌਗੁਲੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਆਰਿਆ ਬੱਲਾਵਾਰ ਨੇ ਆਪਣੇ ਪਿਤਾ ਦੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਆਰਿਆ ਦਾ ਕਹਿਣਾ ਹੈ ਕਿ ਜਯੰਤ ਬੱਲਾਵਾਰ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਸੀ। ਜਦੋਂ ਉਸ ਨੂੰ ਆਰਿਆ ਅਤੇ ਆਸ਼ੀਸ਼ ਦੇ ਪ੍ਰੇਮ ਸੰਬੰਧ ਬਾਰੇ ਪਤਾ ਲੱਗਾ, ਤਾਂ ਉਸ ਨੇ ਆਰਿਆ ਨਾਲ ਕੁੱਟਮਾਰ ਵੀ ਕੀਤੀ।
ਪੁਲਿਸ ਮੁਤਾਬਕ ਇਸ ਤੋਂ ਇਲਾਵਾ, ਉਸ ਨੇ ਪਿਤਾ ਦਾ ਕਤਲ ਕਰਨ ਦੀ ਗੱਲ ਵੀ ਕਬੂਲ ਕੀਤੀ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸਦੇ ਪਿਤਾ ਆਰਿਆ ਅਤੇ ਆਸ਼ੀਸ਼ ਦਾ ਵਿਆਹ ਨਹੀਂ ਹੋਣ ਦੇਣਗੇ।
ਇਹ ਮਾਮਲਾ ਤਿੰਨ ਸਾਲ ਬਾਅਦ ਇਸ ਮੋੜ ਉੱਤੇ ਕਿਵੇਂ ਪਹੁੰਚਿਆ
ਕੁਝ ਦਿਨ ਪਹਿਲਾਂ ਆਸ਼ੀਸ਼ ਨੇ ਖ਼ੁਦ ਪੁਲਿਸ ਨੂੰ ਇੱਕ ਪੱਤਰ ਦਿੱਤਾ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਆਰਿਆ ਨੇ ਆਪਣੇ ਪਿਤਾ ਜਯੰਤ ਦਾ ਕਤਲ ਕੀਤਾ ਹੈ। ਇਸ ਨਾਲ ਹੀ ਉਸ ਨੇ ਕੁਝ ਸਬੂਤ ਵੀ ਪੇਸ਼ ਕੀਤੇ ਸਨ। ਇਸ ਪੱਤਰ ਦੇ ਆਧਾਰ 'ਤੇ ਪੁਲਿਸ ਨੂੰ ਮਾਮਲਾ ਸੁਲਝਾਉਣ ਵਿੱਚ ਮਦਦ ਮਿਲੀ।
ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਆਰਿਆ ਬੱਲਾਵਾਰ ਨੇ ਸਾਲ 2025 ਵਿੱਚ ਚੰਦਰਪੁਰ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਸੰਭਾਲਿਆ। ਪਿਤਾ ਦੀ ਮੌਤ ਤੋਂ ਬਾਅਦ, ਆਰਿਆ ਨੇ ਆਪਣੇ ਪ੍ਰੇਮੀ ਆਸ਼ੀਸ਼ ਨਾਲ ਵਿਆਹ ਕਰਵਾ ਲਿਆ।
ਆਸ਼ੀਸ਼ ਦੇ ਪਿਤਾ ਦਾ ਦੇਹਾਂਤ ਸਾਲ 2024 ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਦਇਆ ਦੇ ਆਧਾਰ 'ਤੇ ਆਪਣੇ ਪਿਤਾ ਦੀ ਨੌਕਰੀ ਮਿਲ ਗਈ। ਟ੍ਰੇਨਿੰਗ ਦੌਰਾਨ ਦੋਵੇਂ ਇਕੱਠੇ ਸਨ।
ਇਸ ਤੋਂ ਬਾਅਦ ਆਸ਼ੀਸ਼ ਨੇ ਕੁਝ ਗ਼ਲਤੀਆਂ ਕੀਤੀਆਂ, ਜਿਸ ਕਾਰਨ ਉਸ ਨੂੰ ਕਾਂਸਟੇਬਲ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਨਾਲ ਆਰਿਆ ਅਤੇ ਆਸ਼ੀਸ਼ ਦੇ ਰਿਸ਼ਤੇ ਖ਼ਰਾਬ ਹੋ ਗਏ।
ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, ਆਰਿਆ ਆਸ਼ੀਸ਼ ਦੇ ਘਰ ਰਹਿਣ ਦੀ ਬਜਾਏ ਆਪਣੀ ਮਾਂ ਦੇ ਘਰ ਚਲੀ ਗਈ। ਆਰਿਆ ਨੇ ਆਸ਼ੀਸ਼ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਗਿਆ ਕਿ ਇੱਥੋਂ ਤੱਕ ਕਿ ਉਸ ਦੇ ਫ਼ੋਨ ਵੀ ਨਹੀਂ ਚੁੱਕਦੀ ਸੀ।
ਇਸ ਨਾਲ ਆਸ਼ੀਸ਼ ਗੁੱਸੇ ਵਿੱਚ ਆ ਗਿਆ। ਉਹ ਸਿੱਧਾ ਪੁਲਿਸ ਸੁਪਰਡੈਂਟ ਕੋਲ ਗਿਆ ਅਤੇ ਫ਼ੋਨ ਰਿਕਾਰਡਿੰਗ ਸਮੇਤ ਕੁਝ ਸਬੂਤ ਪੇਸ਼ ਕੀਤੇ, ਜਿਸ ਨਾਲ ਤਿੰਨ ਸਾਲ ਪਹਿਲਾਂ ਹੋਈ ਮੌਤ ਦਾ ਮਾਮਲਾ ਇੱਥੋਂ ਤੱਕ ਪਹੁੰਚਿਆ।
ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਆਰਿਆ ਤੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਮੁਤਾਬਕ ਆਰਿਆ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਆਸ਼ੀਸ਼ ਨਾਲ ਉਸਦਾ ਪ੍ਰੇਮ ਸੰਬੰਧ ਪਸੰਦ ਨਹੀਂ ਸੀ, ਇਸ ਲਈ ਉਸ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਆਸ਼ੀਸ਼ ਨੇ ਇਸ ਵਿੱਚ ਉਸਦੀ ਮਦਦ ਕੀਤੀ।
ਪੁਲਿਸ ਨੇ ਆਰਿਆ, ਉਸਦੇ ਪਤੀ ਆਸ਼ੀਸ਼, ਜ਼ਹਿਰ ਹਸਾਲ ਕਰਨ ਵਿੱਚ ਮਦਦ ਕਰਨ ਵਾਲੇ ਚੈਤਨਯ ਗੇਡਾਮ ਅਤੇ ਇੱਕ ਹੋਰ ਨਾਬਾਲਗ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਆਰਿਆ ਅਤੇ ਹੋਰ ਦੋ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਦਰਅਸਲ ਆਰਿਆ ਨੂੰ ਆਪਣੇ ਪਿਤਾ ਦੀ ਮੌਤ ਤੋਂ ਦੋ ਸਾਲ ਬਾਅਦ ਦਇਆ ਦੇ ਆਧਾਰ 'ਤੇ ਨੌਕਰੀ ਮਿਲੀ ਸੀ।
ਇਹ ਵੀ ਅਫ਼ਵਾਹ ਫੈਲੀ ਸੀ ਕਿ ਉਸ ਨੇ ਨੌਕਰੀ ਹਾਸਲ ਕਰਨ ਲਈ ਆਪਣੇ ਪਿਤਾ ਦਾ ਕਤਲ ਕੀਤਾ ਸੀ। ਪੁਲਿਸ ਅਧਿਕਾਰੀ ਚੌਗੁਲੇ ਦੇ ਅਨੁਸਾਰ, ਇਸ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਆਰਿਆ ਨੇ ਆਪਣੇ ਪਿਤਾ ਦਾ ਕਤਲ ਕਰਨ ਦੀ ਗੱਲ ਇਸ ਲਈ ਕਬੂਲ ਕੀਤੀ ਕਿਉਂਕਿ ਉਹ ਉਸਦੇ ਪ੍ਰੇਮ ਸੰਬੰਧ ਵਿੱਚ ਰੁਕਾਵਟ ਸਨ।
ਕਿਉਂਕਿ ਇਹ ਘਟਨਾ ਸਾਲ 2023 ਵਿੱਚ ਹੋਈ ਸੀ, ਇਸ ਲਈ ਤਤਕਾਲੀਨ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ 302, 120, 201 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਬੀਬੀਸੀ ਮਰਾਠੀ ਨੇ ਮੁਲਜ਼ਮਾਂ ਦੇ ਪਰਿਵਾਰ ਅਤੇ ਵਕੀਲਾਂ ਨਾਲ ਇਸ ਮਾਮਲੇ 'ਤੇ ਟਿੱਪਣੀ ਲਈ ਸੰਪਰਕ ਕੀਤਾ ਹੈ। ਉਨ੍ਹਾਂ ਦੀ ਪ੍ਰਤੀਕਿਰਿਆ ਮਿਲਣ 'ਤੇ ਅਪਡੇਟ ਦਿੱਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ