ਜੱਗੀ ਜੌਹਲ ਮਾਮਲਾ: ਯੂਐਨ ਮਾਹਰਾਂ ਨੇ ਕੀਤੀ ਤੁਰੰਤ ਰਿਹਾਈ ਦੀ ਮੰਗ, ਕਿਹਾ ਭਾਰਤ 'ਚ ''ਮਨਮਾਨੀ ਹਿਰਾਸਤ 'ਚ ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ'' ਝੱਲ ਰਹੇ ਜੌਹਲ
ਤਸਵੀਰ ਸਰੋਤ, SHAMMI MEHRA/AFP via Getty Images
ਸੰਯੁਕਤ ਰਾਸ਼ਟਰ (ਯੂਐਨ) ਦੇ ਮਾਹਰਾਂ ਨੇ ਭਾਰਤ ਸਰਕਾਰ ਕੋਲੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਤੁੰਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਮਾਹਰਾਂ ਦੀ ਇੱਕ ਟੀਮ ਨੇ ਕਿਹਾ ਹੈ ਕਿ ਇੱਕ ਸਕੌਟਿਸ਼ ਐਕਟਿਵਿਸਟ, ਜਿਸ ਨੇ ਭਾਰਤ ਵਿੱਚ "ਮਨਮਾਨੀ ਹਿਰਾਸਤ" ਵਿੱਚ ਅੱਠ ਸਾਲ ਬਿਤਾਏ ਹਨ, ਉਹ "ਇੱਕ ਕਿਸਮ ਦਾ ਮਾਨਸਿਕ ਤਸ਼ੱਦਦ" ਝੱਲ ਰਿਹਾ ਹੈ।
ਸਕੌਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।
39 ਸਾਲ ਦੇ ਜੌਹਲ ਨੂੰ ਪਿਛਲੇ ਸਾਲ ਇੱਕ ਮਾਮਲੇ ਵਿੱਚ ਮੋਗਾ ਦੀ ਇੱਕ ਅਦਾਲਤ ਨੇ ਬਰੀ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ 'ਤੇ ਇੱਕ ਅੱਤਵਾਦੀ ਸਮੂਹ ਨੂੰ ਆਰਥਿਕ ਮਦਦ ਦੇਣ ਦਾ ਇਲਜ਼ਾਮ ਸੀ। ਹਾਲਾਂਕਿ ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਸੰਘੀ ਇਲਜ਼ਾਮ ਅਜੇ ਵੀ ਲੱਗੇ ਹੋਏ ਹਨ।
ਸੰਯੁਕਤ ਰਾਸ਼ਟਰ ਦੇ 10 ਮਾਹਰਾਂ ਨੇ ਹੁਣ ਇੱਕ ਬਿਆਨ ਜਾਰੀ ਕਰ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਬਾਕੀ ਬਚੇ ਇਲਜ਼ਾਮਾਂ ਨੂੰ ਵੀ ਹਟਾ ਲਵੇ ਅਤੇ ਜੌਹਲ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰ ਦੇਵੇ।
ਮਾਹਰਾਂ ਨੇ ਕੀ-ਕੀ ਕਿਹਾ
ਤਸਵੀਰ ਸਰੋਤ, Gupreet Singh Johal
ਯੂਐਨ ਦੇ ਇਨ੍ਹਾਂ 10 ਮਾਹਰਾਂ ਵਿੱਚ 'ਮਨਮਾਨੀ ਹਿਰਾਸਤ' ਸਬੰਧੀ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਦੇ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਮਾਹਰਾਂ ਨੇ ਕਿਹਾ ਕਿ ਜਗਤਾਰ ਸਿੰਘ ਜੌਹਲ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਅਤੇ ਇਹ ਮਾਮਲਾ "ਨਿਆਂ ਦੀ ਗੰਭੀਰ ਨਾਕਾਮੀ" ਨੂੰ ਦਰਸਾਉਂਦਾ ਹੈ।
ਇੱਕ ਬਿਆਨ ਵਿੱਚ ਉਨ੍ਹਾਂ ਕਿਹਾ, "ਅੰਤਰਰਾਸ਼ਟਰੀ ਕਾਨੂੰਨ ਬਿਲਕੁਲ ਸਪਸ਼ਟ ਹੈ: ਤਸ਼ੱਦਦ ਵਿੱਚ ਉਹ ਗੰਭੀਰ ਮਾਨਸਿਕ ਪੀੜਾ ਵੀ ਸ਼ਾਮਲ ਹੁੰਦੀ ਹੈ ਜੋ ਮੁਕੱਦਮੇ ਦੀ ਉਡੀਕ ਦੌਰਾਨ ਲੰਬੇ ਸਮੇਂ ਤੱਕ ਬਣੀ ਰਹਿਣ ਵਾਲੀ ਅਨਿਸ਼ਚਿਤਤਾ ਦੇ ਕਾਰਨ ਹੁੰਦੀ ਹੈ।
"ਸਮਾਂ ਤਟਸਥ ਨਹੀਂ ਹੁੰਦਾ।''
"ਨਤੀਜੇ ਲਈ ਲੰਬੇ ਇੰਤਜ਼ਾਰ ਨੇ ਪਹਿਲਾਂ ਹੀ ਅਸਹਿਣਯੋਗ ਚਿੰਤਾ ਅਤੇ ਤਣਾਅ ਪੈਦਾ ਕਰ ਦਿੱਤਾ ਹੈ, ਅਤੇ ਇਹ ਇੱਕ ਅਜਿਹਾ ਨੁਕਸਾਨ ਹੈ ਜੋ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਜਿਸਦੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਮਨਾਹੀ ਹੈ।''
ਜੌਹਲ ਦੀ ਕੈਦ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਨੇ 2022 ਵਿੱਚ 'ਮਨਮਾਨੀ ਹਿਰਾਸਤ' ਵਜੋਂ ਕਰਾਰ ਦਿੱਤੀ ਸੀ ਅਤੇ ਜਗਤਾਰ ਜੌਹਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਤਸ਼ੱਦਦ ਕੀਤੀ ਗਈ ਸੀ।
ਭਾਰਤੀ ਅਧਿਕਾਰੀਆਂ ਨੇ ਪਹਿਲਾਂ ਤਸ਼ੱਦਦ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਅਤੇ ਵਾਰ-ਵਾਰ ਇਹ ਦੁਹਰਾਇਆ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ।
ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਇਸ ਮਾਮਲੇ ਬਾਰੇ ਭਾਰਤੀ ਅਧਿਕਾਰੀਆਂ ਨਾਲ ਨਵੀਂ ਗੱਲਬਾਤ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਘਟਨਾਕ੍ਰਮ 'ਤੇ ਨਜ਼ਰ ਰੱਖਣਗੇ।
ਇਹ 10 ਮਾਹਰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪੋਰਟਿਊਰ ਹਨ - ਇਹ ਸੁਤੰਤਰ ਮਨੁੱਖੀ ਅਧਿਕਾਰ ਮਾਹਰ ਹੁੰਦੇ ਹਨ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ - ਅਤੇ ਇਸ ਵਿੱਚ ਚਾਰ ਮੈਂਬਰ ਮਨਮਾਨੀ ਹਿਰਾਸਤ ਸਬੰਧੀ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਦੇ ਹਨ।
ਜੱਗੀ ਜੌਹਲ ਦੇ ਭਰਾ ਨੇ ਕੀ ਕਿਹਾ
ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਇਸ ਹਫ਼ਤੇ ਇੱਕ ਵਾਰ ਫਿਰ ਬ੍ਰਿਟੇਨ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਰਿਹਾਈ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ, "ਇਹ ਸੰਯੁਕਤ ਰਾਸ਼ਟਰ ਵੱਲੋਂ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਦਖ਼ਲ ਹੈ। ਕਾਨੂੰਨੀ ਮਾਹਿਰਾਂ ਲਈ ਇਹ ਕਿਸੇ ਦਿਨ ਦੀ ਰੌਸ਼ਨੀ ਵਾਂਗ ਸਾਫ਼ ਹੈ ਕਿ ਮੇਰੇ ਭਰਾ ਨੂੰ ਜੇਲ੍ਹ ਵਿੱਚ ਨਹੀਂ ਹੋਣਾ ਚਾਹੀਦਾ ਅਤੇ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਨੂੰ ਅੱਠ ਸਾਲ ਤੱਕ ਉੱਥੇ ਰੱਖਣਾ ਇੱਕ ਭਿਆਨਕ ਅਨਿਆਂ ਹੈ।"
ਗੁਰਪ੍ਰੀਤ ਸਿੰਘ ਜੌਹਲ ਨੇ ਦਸੰਬਰ ਵਿੱਚ ਵਿਦੇਸ਼ ਸਕੱਤਰ ਯਵੇਟ ਕੂਪਰ ਨਾਲ ਮੁਲਾਕਾਤ ਕੀਤੀ ਸੀ।
ਯੂਕੇ ਵਿੱਚ ਜੌਹਲ ਦੀ ਪੈਰਵੀ ਵਾਲੀਆਂ ਸੰਸਥਾਵਾਂ ਨੇ ਕੀ ਕਿਹਾ
ਤਸਵੀਰ ਸਰੋਤ, FREE JAGGI CAMPAIGN
ਯੂਕੇ ਵਿੱਚ ਜੌਹਲ ਦੇ ਮਾਮਲੇ ਦੀ ਪੈਰਵੀ ਦੋ ਕਾਨੂੰਨੀ ਚੈਰਿਟੀਆਂ - ਰੈਡਰੈਸ ਅਤੇ ਰਿਪ੍ਰਾਈਵ ਕਰ ਰਹੀਆਂ ਹਨ, ਜਿਨ੍ਹਾਂ ਨੇ ਯੂਕੇ ਸਰਕਾਰ ਤੋਂ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਰੈਡਰੈਸ ਦੇ ਡਾਇਰੈਕਟਰ ਰੂਪਰਟ ਸਕਿਲਬੈਕ ਨੇ ਕਿਹਾ, "ਯੂਕੇ ਸਰਕਾਰ ਨੂੰ ਇੱਕ ਬ੍ਰਿਟਿਸ਼ ਨਾਗਰਿਕ ਨਾਲ ਹੋ ਰਹੇ ਇਸ ਅਨਿਆਂ ਨੂੰ ਖਤਮ ਕਰਨ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।"
ਰਿਪ੍ਰਾਈਵ ਦੇ ਡਿਪਟੀ ਚੀਫ਼ ਐਗਜ਼ਿਕਿਊਟਿਵ ਡੈਨ ਡੋਲਨ ਨੇ ਕਿਹਾ, "ਇਹ ਮਹੱਤਵਪੂਰਨ ਦਖ਼ਲ ਯੂਕੇ ਸਰਕਾਰ ਲਈ ਇੱਕ 'ਵੇਕ-ਅੱਪ ਕਾਲ' ਹੋਣਾ ਚਾਹੀਦਾ ਹੈ, ਜੋ ਇਸ ਨੌਜਵਾਨ ਬ੍ਰਿਟਿਸ਼ ਵਿਅਕਤੀ ਦੀ ਮਦਦ ਕਰਨ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀ ਹੈ।"
ਯੂਕੇ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਭਾਰਤ ਸਰਕਾਰ ਦੇ ਨਾਲ ਹਰ ਵਾਜਿਬ ਮੌਕੇ 'ਤੇ ਜਗਤਾਰ ਸਿੰਘ ਦੀ ਲੰਬੇ ਸਮੇਂ ਤੋਂ ਚੱਲ ਰਹੀ ਹਿਰਾਸਤ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਉਠਾਉਂਦੇ ਰਹੇ ਹਾਂ, ਅਤੇ ਅਸੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਦਾ ਕੋਈ ਹੱਲ ਲੱਭਣ ਲਈ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ। ਇਸ ਵਿੱਚ ਜਗਤਾਰ ਸਿੰਘ ਦੁਆਰਾ ਲਗਾਏ ਗਏ ਤਸ਼ੱਦਦ ਦੇ ਇਲਜ਼ਾਮਾਂ ਦੀ ਪੂਰੀ ਜਾਂਚ ਵੀ ਸ਼ਾਮਲ ਹੈ।"
ਜੱਗੀ ਜੌਹਲ ਦਾ ਪੁਰਾਣਾ ਮਾਮਲਾ
ਸਕੌਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।
ਪਿਛਲੇ ਸਾਲ ਮੋਗਾ ਦੀ ਅਦਾਲਤ ਨੇ ਇੱਕ ਕੇਸ ਵਿੱਚੋਂ ਜੌਹਲ ਨੂੰ ਬਰੀ ਕਰ ਦਿੱਤਾ ਸੀ। ਇਹ ਮਾਮਲਾ ਟਾਰਗੇਟ ਕਿਲਿੰਗ ਨਾਲ ਜੁੜਿਆ ਹੋਇਆ ਸੀ।
ਇਸ ਮੌਕੇ ਦੀ ਪੈਰਵੀ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਸੀ ਕਿ ਜੌਹਲ ਉੱਤੇ ਬਾਕੀ ਜਿਹੜੇ 8 ਕੇਸ ਰਹਿੰਦੇ ਹਨ, ਉਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਜੌਹਲ ਨੂੰ ਜ਼ਮਾਨਤ ਮਿਲੀ ਹੋਈ ਹੈ।
ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ 'ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ।
ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ 'ਦਹਿਸ਼ਤਗਰਦੀ ਗਿਹੋਰ' ਦੇ ਮੈਂਬਰ ਸਨ।
ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ 1980 ਦੇ ਦਹਾਕੇ ਵਿੱਚ ਪੰਜਾਬ ਖੇਤਰ ਵਿੱਚ ਸਿੱਖਾਂ ਵਿਰੁੱਧ ਅਪਰਾਧਾਂ ਅਤੇ ਅੱਤਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਵਿੱਚ ਉਨ੍ਹਾਂ ਦੀ ਸਰਗਰਮੀ ਸੀ ਅਤੇ ਉਹ ਇੱਕ ਅਨੁਚਿਤ ਕਾਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋਏ ਹਨ।
ਹਾਲਾਂਕਿ, ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਜੌਹਲ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਕਿਹਾ ਗਿਆ ਕਿ ਉਨ੍ਹਾਂ ਵਿਰੁੱਧ ਕੇਸ ਵਿੱਚ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਹੈ।
ਜੌਹਲ ਦੇ ਮਾਮਲਿਆਂ ਦੀ ਸੁਣਵਾਈ ਦਿੱਲੀ ਦੀਆਂ ਅਦਾਲਤਾਂ ਵਿੱਚ ਕੀਤੀ ਜਾਵੇਗੀ ਅਤੇ ਜਾਂਚ ਭਾਰਤ ਸਰਕਾਰ ਦੀ ਅੱਤਵਾਦ ਵਿਰੋਧੀ ਸ਼ਾਖਾ, ਰਾਸ਼ਟਰੀ ਜਾਂਚ ਏਜੰਸੀ ਵੱਲੋ ਕੀਤੀ ਜਾ ਰਹੀ ਹੈ।
ਜੇਲ੍ਹ 'ਚ ਤਸ਼ੱਦਦ ਦੇ ਇਲਜ਼ਾਮ
ਸਾਲ 2021 ਵਿੱਚ ਜੇਲ੍ਹ ਤੋਂ ਇੱਕ ਵਰਚੁਅਲ ਮੀਟਿੰਗ ਦੌਰਾਨ ਬੀਬੀਸੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਹਾਸਲ ਕੀਤੇ ਗਏ ਸਨ।
ਇਨ੍ਹਾਂ ਜਵਾਬਾਂ ਵਿੱਚ ਜੌਹਲ ਨੇ ਕਿਹਾ ਸੀ ਕਿ ਉਸ ਨੂੰ ਇੱਕ ਕੋਰੇ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਲਈ ਸਰੀਰਕ ਤਸ਼ੱਦਦ ਦਿੱਤੇ ਗਏ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ, "ਉਨ੍ਹਾਂ ਨੇ ਅੰਤਾਂ ਦੇ ਤਸ਼ਦੱਦ ਦੇ ਡਰ 'ਚ ਮੇਰੇ ਤੋਂ ਕੁਝ ਖ਼ਾਲ੍ਹੀ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਅਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਲਈ ਕਿਹਾ।"
ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਜੋ ਕਿਹਾ ਸੀ, ਉਸ ਦੀ ਇੱਕ ਕਾਪੀ ਵੀ ਸਾਂਝੀ ਕੀਤੀ ਸੀ। ਇਸ ਪੱਤਰ ਵਿੱਚ ਤਸ਼ੱਦਦ ਕਿਵੇਂ ਵਾਪਰਿਆ ਦੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਸੀ।
ਪੱਤਰ ਮੁਤਾਬਕ, "ਮੇਰੇ ਕੰਨਾਂ ਦੀ ਪੇਪੜੀ, ਨਿੱਪਲਾਂ ਅਤੇ ਅੰਦਰੂਨੀ ਹਿੱਸਿਆਂ 'ਤੇ ਕਰੋਕੋਡਾਈਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ।"
"ਦੋ ਲੋਕ ਮੇਰੀਆਂ ਲੱਤਾਂ ਫ਼ੈਲਾਉਂਦੇ ਸਨ, ਦੂਜਾ ਚਪੇੜ ਮਾਰਦਾ ਅਤੇ ਮੈਨੂੰ ਪਿੱਛੋਂ ਮਾਰਦਾ ਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ।"
"ਕਈ ਸਥਿਤੀਆਂ ਵਿੱਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ ਲੈ ਕੇ ਜਾਣਾ ਪਿਆ।"
ਹਾਲਾਂਕਿ, ਬੀਬੀਸੀ ਤਸ਼ਦੱਦ ਦੇ ਉਨ੍ਹਾਂ ਇਲਜ਼ਾਮਾਂ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਕਰਨ ਦੇ ਅਸਮਰੱਥ ਰਿਹਾ ਸੀ।
ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ 'ਤੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ, "ਜਿਸ ਤਰ੍ਹਾਂ ਦੇ ਦੁਰ-ਵਿਵਹਾਰ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।"
ਗ੍ਰਿਫਤਾਰੀ ਤੋਂ ਬਾਅਦ ਜੌਹਲ ਦੀ ਰਿਹਾਈ ਲਈ ਇੱਕ ਮੁਹਿੰਮ ਚਲਾਈ ਗਈ ਹੈ ਅਤੇ ਉਨ੍ਹਾਂ ਦਾ ਮਾਮਲਾ ਯੂਕੇ ਅਤੇ ਭਾਰਤੀ ਸਰਕਾਰਾਂ ਵਿਚਕਾਰ ਕੂਟਨੀਤਕ ਵਿਚਾਰ-ਵਟਾਂਦਰੇ ਦਾ ਵਿਸ਼ਾ ਰਿਹਾ ਹੈ।
ਮਈ 2022 ਵਿੱਚ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਦੇ ਇੱਕ ਪੈਨਲ ਨੇ ਪਾਇਆ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਨੀ ਸੀ, ਕਾਨੂੰਨੀ ਆਧਾਰ ਦੀ ਘਾਟ ਸੀ ਅਤੇ ਉਨ੍ਹਾਂ ਦੇ ਸਿੱਖ ਧਰਮ ਤੋਂ ਪ੍ਰੇਰਿਤ ਸੀ।
ਜੱਗੀ ਜੌਹਲ ਦਾ ਕੀ ਹੈ ਪਿਛੋਕੜ
ਤਸਵੀਰ ਸਰੋਤ, FREE JAGGI CAMPAIGN
ਜਗਤਾਰ ਸਿੰਘ ਜੌਹਲ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਹਨ, ਉਹ ਅਕਤੂਬਰ 2017 ਨੂੰ ਭਾਰਤ ਵਿੱਚ ਵਿਆਹ ਕਰਵਾਉਣ ਲਈ ਆਏ ਸਨ।
ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੀ ਉਮਰ ਹੁਣ ਕਰੀਬ 39 ਸਾਲ ਹੈ।
ਸਾਲ 2022 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਯਾਦ ਕਰਦਿਆਂ ਦੱਸਿਆ ਸੀ, "ਇਹ ਸਾਡੇ ਲਈ ਖੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।"
ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਸ ਤੋਂ ਬਾਅਦ ਤੋਂ ਉਹ ਜੇਲ੍ਹ ਵਿਚ ਬੰਦ ਹਨ।
ਸਕੌਟਲੈਂਡ ਵਾਸੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਦੱਸਿਆ ਸੀ, "ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।"
"ਮੈਂ ਮੰਨਦਾ ਹਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਬੜਬੋਲਾ ਸੀ। ਮੈਂ ਮੰਨਦਾ ਹਾਂ ਕਿ ਉਹ ਮਸੂਮ ਹੈ ਅਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ।"
ਉਨ੍ਹਾਂ ਨੇ ਕਿਹਾ ਸੀ, "ਪਰਿਵਾਰ ਨੂੰ ਡਰ ਹੈ ਕਿ ਝੂਠੇ ਇਲਜ਼ਾਮ ਝੂਠੇ ਦੋਸ਼ ਬਣ ਗਏ ਹਨ ਅਤੇ ਤੈਅ ਵੀ ਹੋ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਹੋ ਸਕਦੀ ਹੈ।"
ਉਨ੍ਹਾਂ ਕਿਹਾ ਸੀ ਕਿ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਨਸਨ ਅਤੇ ਥੈਰੇਸਾ ਮੇਅ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ ਸੀ।
ਗੁਰਪ੍ਰੀਤ ਜੌਹਲ ਨੇ ਕਿਹਾ ਸੀ, "ਲਗਭਗ ਛੇ ਸਾਲ ਬੀਤ ਚੁੱਕੇ ਹਨ, ਜਗਤਾਰ ਦੇ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਸਿਰਫ ਉਸ 'ਤੇ ਲਗਾਏ ਗਏ ਇਲਜ਼ਾਮ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੁੰਦਾ, ਉਸ ਨੂੰ ਬੇਕਸੂਰ ਮੰਨਿਆ ਜਾਵੇ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ