'ਸੋਸ਼ਲ ਮੀਡੀਆ ਦੀ ਵਰਤੋਂ ਕਿਸਾਨਾਂ ਲਈ ਬਹੁਤ ਜ਼ਰੂਰੀ', ਸੰਗਰੂਰ ਦਾ ਅਮਨਿੰਦਰ ਸਿੰਘ ਇਓਂ ਬਣਿਆ ਕਬੱਡੀ ਖਿਡਾਰੀ ਤੋਂ 'ਮਾਡਰਨ ਕਿਸਾਨ'

ਤਸਵੀਰ ਸਰੋਤ, Kulvir Singh/BBC

ਤਸਵੀਰ ਕੈਪਸ਼ਨ, ਸੱਟ ਲੱਗਣ ਕਾਰਨ ਅਮਨਿੰਦਰ ਸਿੰਘ ਨੂੰ ਕਬੱਡੀ ਦੀ ਖੇਡ ਛੱਡਣੀ ਪਈ
    • ਲੇਖਕ, ਕੁਲਵੀਰ ਸਿਘ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਵਿੱਚ ਜਿੱਥੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ, ਉੱਥੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏਧਰਾਨਾ ਦੇ ਅਮਨਿੰਦਰ ਸਿੰਘ ਨੇ ਆਪਣੇ ਖੇਤ ਨੂੰ ਹੀ ਪਛਾਣ ਬਣਾ ਲਿਆ ਹੈ। ਕਬੱਡੀ ਖਿਡਾਰੀ ਤੋਂ ਕਿਸਾਨ ਬਣੇ ਅਮਨਿੰਦਰ ਸਿੰਘ ਅੱਜ ਇੱਕ ਏਕੜ ਤੋਂ ਸਾਲਾਨਾ ਲੱਖਾਂ ਦੀ ਆਮਦਨ ਕਰਨ ਦਾ ਦਾਅਵਾ ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਅਮਨਿੰਦਰ ਸਿੰਘ ਦੱਸਦੇ ਹਨ, "2013 ਤੋਂ ਪਹਿਲਾਂ ਮੈਂ ਇੱਕ ਕਬੱਡੀ ਖਿਡਾਰੀ ਸੀ, ਪਰ ਗੰਭੀਰ ਸੱਟ ਲੱਗਣ ਕਾਰਨ ਮੈਨੂੰ ਖੇਡ ਛੱਡਣੀ ਪਈ। ਉਸ ਤੋਂ ਬਾਅਦ ਆਪਣੀ ਜੱਦੀ ਜ਼ਮੀਨ 'ਚ ਖੇਤੀ ਨੂੰ ਹੀ ਆਪਣਾ ਭਵਿੱਖ ਬਣਾਇਆ।"

ਉਹ ਦੱਸਦੇ ਹਨ ਕਿ ਸ਼ੁਰੂ ਵਿੱਚ ਨਿੱਜੀ ਕੰਪਨੀ ਨਾਲ ਕਾਂਟ੍ਰੈਕਟ ਤਹਿਤ ਫੁੱਲਾਂ ਦੇ ਬੀਜ ਤਿਆਰ ਕਰਨ ਦਾ ਤਜਰਬਾ ਜ਼ਿਆਦਾ ਸਫ਼ਲ ਨਹੀਂ ਰਿਹਾ। ਮੰਡੀ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਫੁੱਲਾਂ ਦੀ ਖੇਤੀ ਦੀ ਕੋਸ਼ਿਸ਼ ਵੀ ਛੱਡਣੀ ਪਈ।

Sorry, we can’t display this part of the story on this lightweight mobile page.

ਸਾਲ 2018 ਅਮਨਿੰਦਰ ਸਿੰਘ ਦੀ ਖੇਤੀ ਲਈ ਟਰਨਿੰਗ ਪੁਆਇੰਟ ਸਾਬਤ ਹੋਇਆ ਅਤੇ ਉਨ੍ਹਾਂ ਨੇ ਫਸਲਾਂ ਦੀ ਪਨੀਰੀ ਤਿਆਰ ਕਰਨ ਦਾ ਰੁਖ਼ ਕੀਤਾ।

ਉਹ ਕਹਿੰਦੇ ਹਨ, "ਮੈਂ ਪਿਆਜ਼ ਦੀ ਪਨੀਰੀ ਤਿਆਰ ਕਰਨ ਨਾਲ ਸ਼ੁਰੂਆਤ ਕੀਤੀ, ਪਰ ਕਿਸਾਨਾਂ ਦੀ ਮੰਗ ਦੇਖ ਕੇ ਹੌਲੀ-ਹੌਲੀ ਹੋਰ ਫ਼ਸਲਾਂ ਦੀ ਪਨੀਰੀ ਵੀ ਤਿਆਰ ਕਰਨ ਲੱਗ ਪਿਆ।"

ਪਨੀਰੀ ਤੋਂ ਪ੍ਰੋਸੈਸਿੰਗ ਤੱਕ ਮਾਡਲ ਖੇਤੀ

ਅੱਜ ਉਹ ਆਪਣੇ ਖੇਤ ਵਿੱਚ ਹੀ ਇੱਕ ਸੁੰਦਰ ਨਰਸਰੀ ਆਊਟਲੈਟ ਚਲਾ ਰਹੇ ਹਨ, ਜਿੱਥੇ ਕਿਸਾਨ ਖ਼ੁਦ ਆ ਕੇ ਪਨੀਰੀ, ਬੀਜ ਕਿੱਟਾਂ ਅਤੇ ਹੋਰ ਖੇਤੀ ਸਬੰਧੀ ਸਮਾਨ ਖਰੀਦਦੇ ਹਨ।

ਉਨ੍ਹਾਂ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਖੇਤ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਕਿਸਾਨਾਂ ਨੂੰ ਮੰਡੀ ਜਾਣ ਦੀ ਲੋੜ ਹੀ ਨਾ ਪਵੇ।

ਉਹ ਦੱਸਦੇ ਹਨ ਕਿ ਉਹ ਬਾਰ੍ਹਵੀਂ ਤੱਕ ਪੜ੍ਹੇ ਹਨ, ਪਰ ਖੇਤੀ ਦੀ ਤਕਨੀਕੀ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਲਗਾਤਾਰ ਟ੍ਰੇਨਿੰਗ ਲੈਂਦੇ ਰਹੇ।

ਉਹ ਕਹਿੰਦੇ ਹਨ, "ਇਸ ਤਰ੍ਹਾਂ ਦੀ ਖੇਤੀ ਲਈ ਵੱਡੀ ਡਿਗਰੀ ਨਹੀਂ, ਸਹੀ ਟ੍ਰੇਨਿੰਗ ਅਤੇ ਤਜਰਬਾ ਜ਼ਰੂਰੀ ਹੈ।"

ਇਸ ਸਮੇਂ ਅਮਨਿੰਦਰ ਸਿੰਘ ਆਪਣੀ 24 ਏਕੜ ਜੱਦੀ ਜ਼ਮੀਨ ਵਿੱਚ ਹਲਦੀ, ਲਸਣ ਸਣੇ ਪਿਆਜ਼ ਅਤੇ ਹੋਰ ਸਬਜ਼ੀਆਂ ਦੀ ਪਨੀਰੀ ਦੀ ਖੇਤੀ ਕਰ ਰਹੇ ਹਨ। ਲਗਭਗ ਦੋ ਏਕੜ ਵਿੱਚ ਹਲਦੀ ਦੀ ਖੇਤੀ ਕਰਕੇ ਉਹ ਇਸ ਨੂੰ ਆਪਣੇ ਫਾਰਮ 'ਤੇ ਹੀ ਪ੍ਰੋਸੈਸ ਕਰਕੇ ਵੇਚਦੇ ਹਨ।

ਉਹ ਕਹਿੰਦੇ ਹਨ, "ਹਲਦੀ ਦੀ ਬੀਜ ਵਜੋਂ ਵੀ ਮੇਰੇ ਕੋਲ ਕਾਫ਼ੀ ਮੰਗ ਹੈ।"

ਤਸਵੀਰ ਸਰੋਤ, Kulvir Singh/BBC

ਤਸਵੀਰ ਕੈਪਸ਼ਨ, ਅਮਨਿੰਦਰ ਸਿੰਘ ਆਪਣੀ 24 ਏਕੜ ਜੱਦੀ ਜ਼ਮੀਨ ਵਿੱਚ ਹਲਦੀ, ਸਟਰਾਬੈਰੀ, ਲਸਣ ਦੀ ਖੇਤੀ ਸਣੇ ਪਿਆਜ਼ ਅਤੇ ਸਬਜ਼ੀਆਂ ਦੀ ਪਨੀਰੀ ਦੀ ਖੇਤੀ ਕਰ ਰਹੇ ਹਨ

ਆਮਦਨ ਬਾਰੇ ਗੱਲ ਕਰਦੇ ਹੋਏ ਉਹ ਦੱਸਦੇ ਹਨ, "ਫ਼ਸਲਾਂ ਦੇ ਰੇਟ ਮਾਰਕੀਟ ਦੇ ਅਨੁਸਾਰ ਹੁੰਦੇ ਹਨ, ਪਰ ਮੈਂ ਆਪਣੀ ਫ਼ਸਲ ਨੂੰ ਖ਼ੁਦ ਪ੍ਰੋਸੈਸ ਕਰਕੇ ਸਿੱਧਾ ਗਾਹਕ ਤੱਕ ਪਹੁੰਚਾਉਂਦਾ ਹਾਂ, ਜਿਸ ਨਾਲ ਮੁਨਾਫ਼ਾ ਵਧ ਜਾਂਦਾ ਹੈ।"

ਇਸ ਤੋਂ ਇਲਾਵਾ ਉਹ ਇਹ ਵੀ ਕਹਿੰਦੇ ਹਨ ਕਿ ਹਰ ਵਾਰ ਜ਼ਰੂਰੀ ਨਹੀਂ ਮੁਨਾਫ਼ਾ ਹੀ ਹੋਵੇ ਕਈ ਘਾਟਾ ਵੀ ਹੁੰਦਾ ਹੈ। "ਇਸ ਤਾਂ ਬਾਜ਼ਾਰ ਉੱਤੇ ਨਿਰਭਰ ਕਰਦਾ ਹੈ।"

ਉਨ੍ਹਾਂ ਦਾ ਦਾਅਵਾ ਹੈ ਕਿ ਮੌਸਮ ਅਤੇ ਮਾਰਕੀਟ ਦੇ ਹਿਸਾਬ ਨਾਲ ਉਹ ਸਾਰੀਆਂ ਫ਼ਸਲਾਂ 'ਤੇ ਖਰਚਾ ਕੱਢ ਕੇ ਪ੍ਰਤੀ ਏਕੜ ਢਾਈ ਲੱਖ ਰੁਪਏ ਤੱਕ ਮੁਨਾਫ਼ਾ ਕਮਾ ਲੈਂਦੇ ਹਨ।

ਤਸਵੀਰ ਸਰੋਤ, Kulvir Singh/BBC

ਤਸਵੀਰ ਕੈਪਸ਼ਨ, ਕਿਸਾਨ ਖ਼ੁਦ ਆ ਕੇ ਪਨੀਰੀ, ਬੀਜ ਕਿੱਟਾਂ ਅਤੇ ਹੋਰ ਖੇਤੀ ਸਬੰਧੀ ਸਮਾਨ ਖਰੀਦਦੇ ਹਨ

ਅਮਨਿੰਦਰ ਸਿੰਘ ਦੇ ਫਾਰਮ 'ਤੇ ਜਪਾਨ, ਸਵੀਡਨ, ਆਸਟ੍ਰੇਲੀਆ ਅਤੇ ਹੋਲੈਂਡ ਤੋਂ ਵਿਦੇਸ਼ੀ ਟੀਮਾਂ ਸਰਵੇਖਣ ਲਈ ਆ ਚੁੱਕੀਆਂ ਹਨ।

ਉਹ ਕਹਿੰਦੇ ਹਨ, "ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਆਉਂਦੀਆਂ ਹਨ ਤਾਂ ਯੂਨੀਵਰਸਿਟੀ ਦੇ ਕਹਿਣ 'ਤੇ ਵਿਦੇਸ਼ੀ ਟੀਮਾਂ ਮੇਰੇ ਖੇਤਾਂ ਦਾ ਦੌਰਾ ਕਰਦੀਆਂ ਹਨ।"

ਪਾਣੀ ਦੀ ਬੱਚਤ ਲਈ ਉਨ੍ਹਾਂ ਨੇ ਆਪਣੇ ਖੇਤ ਵਿੱਚ ਤਲਾਬ ਤਿਆਰ ਕੀਤਾ ਹੈ, ਜਿਸ ਨਾਲ ਨਹਿਰੀ ਪਾਣੀ ਸੰਭਾਲ ਕੇ ਧਰਤੀ ਹੇਠਲੇ ਪਾਣੀ ਦੀ ਵੱਡੀ ਬੱਚਤ ਹੋ ਰਹੀ ਹੈ।

ਰੁਜ਼ਗਾਰ, ਪਛਾਣ ਅਤੇ ਭਵਿੱਖ ਦੀ ਸੋਚ

ਤਸਵੀਰ ਸਰੋਤ, Kulvir Singh/BBC

ਤਸਵੀਰ ਕੈਪਸ਼ਨ, ਮਨਪ੍ਰੀਤ ਕੌਰ ਉੱਥੇ ਕੰਮ ਕਰਦੇ ਹਨ

ਉਹ ਦੱਸਦੇ ਹਨ ਕਿ ਇਸ ਸਮੇਂ ਉਹ ਪਿਆਜ਼ ਦੀ ਪਨੀਰੀ ਅਤੇ ਗੋਭੀ ਦਾ ਬੀਜ ਖ਼ੁਦ ਤਿਆਰ ਕਰ ਰਹੇ ਹਨ, ਜਦਕਿ ਹੋਰ ਫ਼ਸਲਾਂ ਦੇ ਬੀਜ ਕਿੱਟਾਂ ਅਤੇ ਪਨੀਰੀ ਦੇ ਰੂਪ ਵਿੱਚ ਵੱਖ-ਵੱਖ ਕੰਪਨੀਆਂ ਤੋਂ ਲਿਆ ਕੇ ਵੀ ਵੇਚੇ ਜਾਂਦੇ ਹਨ।

ਇੰਨਾ ਹੀ ਨਹੀਂ ਰੁਜ਼ਗਾਰ ਦੇ ਮੌਕੇ ਵੀ ਇਹ ਫਾਰਮ ਮੁਹੱਈਆ ਕਰਵਾ ਰਿਹਾ ਹੈ। ਇਸ ਸਮੇਂ ਇੱਥੇ 30 ਤੋਂ 35 ਔਰਤਾਂ ਖੇਤਾਂ ਵਿੱਚ ਮਜ਼ਦੂਰੀ ਕਰਦੀਆਂ ਹਨ, ਜਦਕਿ ਸੀਜ਼ਨ ਦੌਰਾਨ ਇਹ ਗਿਣਤੀ 80 ਤੱਕ ਪਹੁੰਚ ਜਾਂਦੀ ਹੈ।

ਅਮਨਿੰਦਰ ਸਿੰਘ ਕਹਿੰਦੇ ਹਨ ਕਿ ਪੱਕੇ ਮਜ਼ਦੂਰ ਤਾਂ 10-12 ਹੀ ਹਨ ਜੋ ਪੂਰਾ ਸਾਲ ਇੱਥੇ ਕੰਮ ਕਰਦੇ ਹਨ।

ਫਾਰਮ 'ਤੇ ਕੰਮ ਕਰਨ ਵਾਲੀ ਮਨਪ੍ਰੀਤ ਕੌਰ ਕਹਿੰਦੀ ਹੈ, "ਮੈਨੂੰ ਮਹੀਨੇ ਦੇ ਲਗਭਗ 30 ਦਿਨ ਕੰਮ ਮਿਲਦਾ ਹੈ, ਜਿਸ ਨਾਲ ਮੈਂ ਕਰੀਬ 9,000 ਰੁਪਏ ਕਮਾ ਲੈਂਦੀ ਹਾਂ।"

ਪਿੰਡ ਦੇ ਸੋਹਣਾ ਸਿੰਘ ਆਪਣੇ ਟ੍ਰੈਕਟਰ ਨਾਲ ਕਿਰਾਏ 'ਤੇ ਵਾਹੀ ਕਰਦੇ ਹਨ ਅਤੇ ਪੂਰੇ ਸਾਲ ਅਮਨਿੰਦਰ ਸਿੰਘ ਦੇ ਫਾਰਮ 'ਤੇ ਕੰਮ ਕਰਕੇ ਲਗਭਗ ਦੋ ਲੱਖ ਰੁਪਏ ਸਾਲਾਨਾ ਕਮਾਉਣ ਦਾ ਦਾਅਵਾ ਕਰਦੇ ਹਨ।

ਅਮਨਿੰਦਰ ਸਿੰਘ ਦੱਸਦੇ ਹਨ ਕਿ ਉਹ ਮਹਿੰਗੀ ਮਸ਼ੀਨਰੀ ਖਰੀਦਣ ਦੀ ਬਜਾਏ ਵਾਹੀ ਦਾ ਕੰਮ ਕਿਰਾਏ 'ਤੇ ਕਰਵਾਉਂਦੇ ਹਨ।

ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਐਸੋਸੀਏਟ ਡਾਇਰੈਕਟਰ ਡਾ. ਮਨਦੀਪ ਸਿੰਘ ਕਹਿੰਦੇ ਹਨ, " ਇਹ ਬਹੁਤ ਹੀ ਅਗਾਂਹਵਧੂ ਨੌਜਵਾਨ ਕਿਸਾਨ ਹੈ। ਉਹ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹਰ ਨਵੀਂ ਤਕਨੀਕ ਨੂੰ ਉਹ ਆਪਣੇ ਖੇਤਾਂ ਵਿੱਚ ਅਪਨਾਉਂਦਾ ਹੈ। ਪਨੀਰੀ ਵੀ ਇਸ ਵੇਲੇ ਇੱਕ ਵੱਧ ਕਮਾਈ ਵਾਲਾ ਧੰਦਾ ਹੈ।"

"ਆਪਣੀ ਮਿਹਨਤ ਸਦਕਾ ਉਹ ਆਪਣੇ ਇਲਾਕੇ ਦੇ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੈ। ਉਹ ਆਪ ਵੀ ਚੰਗੀ ਕਮਾਈ ਕਰ ਹੈ ਤੇ ਨੇੜਲੇ ਕਈ ਨੌਜਵਾਨਾਂ ਨੇ ਇਸ ਵੱਲ ਦੇਖ ਕੇ ਪਨੀਰੀ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਹੈ।"

ਅਮਨਿੰਦਰ ਸਿੰਘ ਕਹਿੰਦੇ ਹਨ, "ਗਾਹਕਾਂ ਨੂੰ ਫਾਰਮ ਤੱਕ ਲਿਆਉਣ ਵਿੱਚ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਭੂਮਿਕਾ ਹੈ। ਅੱਜ ਕਿਸਾਨਾਂ ਲਈ ਵੀ ਇਸਦਾ ਸਹੀ ਇਸਤੇਮਾਲ ਬਹੁਤ ਜ਼ਰੂਰੀ ਹੈ।"

ਉਹ ਦੱਸਦੇ ਹਨ ਕਿ ਉਹ ਸਾਰਾ ਕੁਝ ਆਧੁਨਿਕ ਤਕਨੀਕ ਅਤੇ ਯੂਨੀਵਰਸਿਟੀ ਤੋਂ ਗਿਆਨ ਲੈ ਕੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੱਚਤ ਅਤੇ ਮਾਰਕੀਟਿੰਗ ਬਹੁਤ ਹੀ ਸੁਚੱਜੇ ਢੰਗ ਨਾਲ ਕਰਦਾ ਹੈ।

ਭਵਿੱਖ ਬਾਰੇ ਗੱਲ ਕਰਦੇ ਹੋਏ ਅਮਨਿੰਦਰ ਸਿੰਘ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਮੇਰਾ ਬੇਟਾ ਵੀ ਇਹ ਕੰਮ ਸੰਭਾਲੇ ਅਤੇ ਵਿਦੇਸ਼ ਜਾਣ ਦੀ ਬਜਾਏ ਆਪਣੇ ਖੇਤ ਵਿੱਚ ਹੀ ਨਵੇਂ ਉਦਮ ਸ਼ੁਰੂ ਕਰੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)