ਦਿੱਲੀ ਦੇ ਨਵੇਂ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਕਿਹੜੇ ਅਹਿਮ ਅਹੁਦਿਆਂ ’ਤੇ ਰਹੇ, ਉਨ੍ਹਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਕੀ ਯੋਗਦਾਨ ਸੀ

ਤਸਵੀਰ ਸਰੋਤ, Taranjit Singh Sandhu/FB

ਤਸਵੀਰ ਕੈਪਸ਼ਨ, ਤਰਨਜੀਤ ਸਿੰਘ ਸੰਧੂ ਦਾ ਜਨਮ 23 ਜਨਵਰੀ 1963 ਵਿੱਚ ਹੋਇਆ ਸੀ
ਪੜ੍ਹਨ ਦਾ ਸਮਾਂ: 5 ਮਿੰਟ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਰਾਤ ਕੁਝ ਸੂਬਿਆਂ ਦੇ ਰਾਜਪਾਲਾਂ ਦੀਆਂ ਨਿਯੁਕਤੀਆਂ ਵਿੱਚ ਬਦਲਾਅ ਕੀਤਾ ਹੈ।

ਸਾਬਕਾ ਭਾਰਤੀ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਨਵਾਂ ਉਪ-ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਤਰਨਜੀਤ ਸਿੰਘ ਸੰਧੂ ਪੰਜਾਬ ਦੇ ਇੱਕ ਪ੍ਰਭਾਵਸ਼ਾਲੀ ਸਿੱਖ ਪਰਿਵਾਰ ਨਾਲ ਸਬੰਧਿਤ ਹਨ ਅਤੇ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ।

ਤਰਨਜੀਤ ਸਿੰਘ ਸੰਧੂ ਨੇ 1988 ਵਿੱਚ ਭਾਰਤੀ ਵਿਦੇਸ਼ ਸੇਵਾ ਜੁਆਇਨ ਕੀਤੀ ਸੀ ਅਤੇ 35 ਸਾਲਾਂ ਤੱਕ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਈ।

ਇਸ ਰਿਪੋਰਟ ਵਿੱਚ ਜਾਣਦੇ ਹਾਂ ਤਰਨਜੀਤ ਸਿੰਘ ਸੰਧੂ ਦੇ ਜੀਵਨ ਨਾਲ ਜੁੜੀਆਂ ਕੁਝ ਹੋਰ ਅਹਿਮ ਗੱਲਾਂ ਪਰ ਉਸ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਦਿੱਲੀ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸੂਬਿਆਂ ਦੇ ਰਾਜਪਾਲ ਬਦਲੇ ਗਏ ਹਨ।

Sorry, we can’t display this part of the story on this lightweight mobile page.

ਇਨ੍ਹਾਂ ਸੂਬਿਆਂ ਦੇ ਵੀ ਬਦਲੇ ਰਾਜਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਦਿੱਲੀ ਤੋਂ ਇਲਾਵਾ ਹੋਰ ਕਈ ਸੂਬਿਆਂ ਦੇ ਵੀ ਰਾਜਪਾਲ ਬਦਲੇ ਗਏ ਹਨ।

ਤਮਿਲ ਨਾਡੂ ਦੇ ਰਾਜਪਾਲ ਆਰ ਐਨ ਰਵੀ ਨੂੰ ਪੱਛਮੀ ਬੰਗਾਲ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਸੀਵੀ ਆਨੰਦ ਬੋਸ ਦੀ ਥਾਂ ਲੈਣਗੇ।

ਆਨੰਦ ਬੋਸ ਨੇ ਇਸ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਹੈ।

ਰਿਟਾਇਰਡ ਲੈਫ਼ਟੀਨੈਂਟ ਜਨਰਲ ਸਈਦ ਅਤਾ ਹਸਨੈਨ ਨੂੰ ਬਿਹਾਰ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ।

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ, ਕੇਰਲ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ ਤਮਿਲ ਨਾਡੂ ਦੇ ਰਾਜਪਾਲ ਵਜੋਂ ਵਾਧੂ ਚਾਰਜ ਸੰਭਾਲਣਗੇ।

ਦਿੱਲੀ ਦੇ ਉਪ-ਰਾਜਪਾਲ ਵਿਨੈ ਕੁਮਾਰ ਸਕਸੇਨਾ ਨੂੰ ਲੱਦਾਖ ਦਾ ਉਪ-ਰਾਜਪਾਲ ਨਿਯੁਕਤ ਕੀਤਾ ਗਿਆ ਹੈ ਤੇ ਕਵਿੰਦਰ ਗੁਪਤਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਤੇਲੰਗਾਨਾ ਦਾ ਰਾਜਪਾਲ ਬਣਾਇਆ ਗਿਆ ਹੈ ਅਤੇ ਜਿਸ਼ਣੁ ਦੇਵ ਵਰਮਾ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਨੰਦ ਕਿਸ਼ੋਰ ਯਾਦਵ ਨੂੰ ਨਾਗਾਲੈਂਡ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ।

ਤਰਨਜੀਤ ਸਿੰਘ ਸੰਧੂ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ…

ਨਿੱਜੀ ਜੀਵਨ ਅਤੇ ਸਿੱਖਿਆ

ਤਸਵੀਰ ਸਰੋਤ, Taranjit Singh Sandhu/FB

ਤਸਵੀਰ ਕੈਪਸ਼ਨ, ਤਰਨਜੀਤ ਸਿੰਘ ਸੰਧੂ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ

ਤਰਨਜੀਤ ਸਿੰਘ ਸੰਧੂ ਦਾ ਜਨਮ 23 ਜਨਵਰੀ 1963 ਵਿੱਚ ਹੋਇਆ। ਉਹ ਪੰਜਾਬ ਦੇ ਪ੍ਰਭਾਵਸ਼ਾਲੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ।

ਸੰਧੂ ਨੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਹਿਸਟਰੀ ਵਿੱਚ ਬੈਚਲਰ ਡਿਗਰੀ ਹਾਸਿਲ ਕੀਤੀ ਤੇ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਰਿਲੇਸ਼ਨਜ਼ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਉਨ੍ਹਾਂ ਨੇ ਸੀਨੀਅਰ ਭਾਰਤੀ ਡਿਪਲੋਮੈਟ ਰੀਨਤ ਸੰਧੂ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਭਾਰਤੀ ਵਿਦੇਸ਼ ਸੇਵਾ

ਤਸਵੀਰ ਸਰੋਤ, Taranjit Singh Sandhu/FB

ਤਰਨਜੀਤ ਸਿੰਘ ਸੰਧੂ ਸਾਲ 1988 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ ਸਨ। ਆਪਣੀ ਤਿੰਨ ਦਹਾਕਿਆਂ ਤੋਂ ਵੱਧ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਈ।

ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਸੋਵੀਅਤ ਯੂਨੀਅਨ (ਹੁਣ ਰੂਸ) ਵਿੱਚ ਇੰਡੀਅਨ ਮਿਸ਼ਨ ਵਿੱਚ ਕੰਮ ਕੀਤਾ।

ਉਹ ਅਮਰੀਕਾ ਵਿੱਚ ਭਾਰਤ ਦੇ ਐਂਬੈਸਡਰ ਦੇ ਤੌਰ 'ਤੇ ਸੇਵਾਵਾਂ ਨਿਭਾ ਚੁੱਕੇ ਹਨ।

ਇਸ ਤੋਂ ਇਲਾਵਾ ਉਹ 2011ਤੋਂ 2013 ਤੱਕ ਫ੍ਰੈਂਕਫਰਟ, ਜਰਮਨੀ ਵਿੱਚ ਭਾਰਤ ਦੇ ਕੌਂਸਲ ਜਨਰਲ ਰਹੇ, 2009 ਤੋਂ 2011 ਤੱਕ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਜੁਆਇੰਟ ਸੈਕਰੇਟਰੀ (ਯੂਨਾਈਟੇਡ ਨੇਸ਼ਨਜ਼) ਰਹੇ।

ਉਨ੍ਹਾਂ ਨੇ 2017 ਤੋਂ 2020 ਤੱਕ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦੇ ਤੌਰ 'ਤੇ ਕੰਮ ਕੀਤਾ ਅਤੇ ਫਰਵਰੀ 2020 ਤੋਂ ਜਨਵਰੀ 2024 ਤੱਕ ਅਮਰੀਕਾ ਵਿੱਚ ਭਾਰਤ ਦੇ 28ਵੇਂ ਐਂਬੈਸਡਰ ਰਹੇ।

ਸਿਆਸਤ ਦਾ ਰੁਖ

ਤਸਵੀਰ ਸਰੋਤ, Taranjit Singh Sandhu/FB

ਤਸਵੀਰ ਕੈਪਸ਼ਨ, ਭਾਜਪਾ ਆਗੂ ਰਾਜਨਾਥ ਸਿੰਘ ਨਾਲ ਤਰਨਜੀਤ ਸਿੰਘ ਸੰਧੂ (ਫਾਈਲ ਫੋਟੋ)

ਸਾਲ 2024 ਵਿੱਚ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸੰਧੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਉਨ੍ਹਾਂ ਨੇ ਸਾਲ 2024 ਵਿੱਚ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਪਰ ਸਫਲਤਾ ਨਹੀਂ ਮਿਲੀ।

ਹੁਣ ਉਨ੍ਹਾਂ ਨੂੰ ਵਿਨੈ ਕੁਮਾਰ ਸਕਸੇਨਾ ਦੀ ਥਾਂ ਦਿੱਲੀ ਦਾ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਹੈ।

ਹੁਣ ਇੱਕ ਝਾਤ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ਉੱਤੇ...

ਤੇਜਾ ਸਿੰਘ ਸਮੁੰਦਰੀ ਦਾ ਯੋਗਦਾਨ 4 ਨੁਕਤਿਆਂ ਵਿੱਚ

ਤਸਵੀਰ ਸਰੋਤ, Dr. Pyar Singh Book

ਤਸਵੀਰ ਕੈਪਸ਼ਨ, ਤੇਜਾ ਸਿੰਘ ਸਮੁੰਦਰੀ
  • ਤੇਜਾ ਸਿੰਘ ਦਾ ਜਨਮ 20 ਫਰਵਰੀ 1882 ਨੂੰ ਦੇਵਾ ਸਿੰਘ ਅਤੇ ਨੰਦ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦਾ ਜਨਮ ਉਸ ਵੇਲੇ ਰਾਏ ਕਾ ਬੁਰਜ, ਤਰਨਤਾਰਨ ਤਹਿਸੀਲ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ ਸੀ।
  • ਪਰਿਵਾਰ ਬਾਅਦ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਦੇ ਸਾਂਦਲ ਬਾਰ ਵਿੱਚ ਜਾ ਕੇ ਵਸ ਗਿਆ।
  • ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਸਨ ਪਰ ਉਨ੍ਹਾਂ ਨੇ ਬੱਚਿਆਂ ਦੀ ਸਿੱਖਿਆ ਲਈ ਦੋ ਸਕੂਲਾਂ ਦੀ ਸਥਾਪਨਾ ਕੀਤੀ।
  • ਉਹ ਚੀਫ਼ ਖ਼ਾਲਸਾ ਦੀਵਾਨ ਵਿੱਚ ਸ਼ਾਮਲ ਹੋਏ ਅਤੇ ਖ਼ਾਲਸਾ ਦੀਵਾਨ ਸਮੁੰਦਰੀ ਦੀ ਸਥਾਪਨਾ ਵਿੱਚ ਮਦਦ ਕੀਤੀ।
  • ਨਵੰਬਰ 1921 ਤੋਂ ਜਨਵਰੀ 1922 ਤੱਕ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦੇ ਮੋਰਚੇ ਵਿੱਚ ਭੂਮਿਕਾ ਕਾਰਨ ਕੈਦ ਕਰ ਲਿਆ ਗਿਆ ਸੀ।
  • 13 ਅਕਤੂਬਰ 1923 ਨੂੰ ਜੈਤੋ ਦੇ ਮੋਰਚੇ ਦੇ ਸਬੰਧ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਵੀਹਵੀਂ ਸਦੀ ਦੇ ਸ਼ੁਰੂਆਤੀ ਅਰਸੇ ਦੌਰਾਨ ਤੇਜਾ ਸਿੰਘ ਸਮੁੰਦਰੀ ਦੇ ਯੋਗਦਾਨ ਨੂੰ ਚਾਰ ਨੁਕਤਿਆਂ ਵਿੱਚ ਸਮਝਿਆ ਜਾ ਸਕਦਾ ਹੈ।

ਪਹਿਲਾ- ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਮੇਂ ਨਾਲ ਆ ਵੜੀਆਂ ਕੁਰੀਤੀਆਂ ਖ਼ਤਮ ਕਰਨ ਲਈ ਚਲਾਈ ਗਈ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਸੀ।

ਦੂਜਾ- ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਨਾਲ ਸਿੱਖ ਧਾਰਮਿਕ ਸੁਧਾਰ ਦੀ ਲਹਿਰ ਨੂੰ ਇੱਕ-ਮਿੱਕ ਕਰ ਸਕਣ ਦੀ ਉਨ੍ਹਾਂ ਦੀ ਯੋਗਤਾ। ਇਸ ਯੋਗਤਾ ਅਤੇ ਵਿਚਾਰ ਨੇ ਮਾਸਟਰ ਤਾਰਾ ਸਿੰਘ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ।

ਤੀਸਰਾ- ਸਿੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ। ਉਹ ਖ਼ੁਦ ਭਾਵੇਂ ਕਿ ਰਸਮੀ ਸਿੱਖਿਆ ਹੀ ਹਾਸਲ ਕਰ ਸਕੇ। ਪਰ ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ ਰਾਹੀਂ ਸਿੱਖ ਬੱਚਿਆਂ ਦੀ ਸਿੱਖਿਆ ਨੂੰ ਸੰਸਥਾਗਤ ਰੂਪ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ।

ਚੌਥਾ- ਮਦਨ ਮੋਹਨ ਮਾਲਵੀਆ ਅਤੇ ਅੰਤ ਵਿੱਚ ਜੀਡੀ ਬਿਰਲਾ ਦੁਆਰਾ ਇਸ ਨੂੰ ਸੰਭਾਲਣ ਤੋਂ ਪਹਿਲਾਂ ਮੂਲ ਅਕਾਲੀ ਆਗੂਆਂ ਨਾਲ ਮਿਲ ਕੇ, ਹਿੰਦੁਸਤਾਨ ਟਾਈਮਜ਼ ਸਮੇਤ ਅਖ਼ਬਾਰਾਂ ਨੂੰ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਆਪਣੇ ਸਮੇਂ ਦੌਰਾਨ ਪ੍ਰੈੱਸ ਦੀ ਅਹਿਮੀਅਤ ਨੂੰ ਸਮਝਣਾ ਉਨ੍ਹਾਂ ਦੀ ਸੂਝ ਦਾ ਸਬੂਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)