ਈਰਾਨ ਦੇ ਸੁਪਰੀਮ ਲੀਡਰ ਦੀ ਕੀ ਅਹਿਮੀਅਤ ਹੈ? ਕਿਵੇਂ ਹੁੰਦੀ ਹੈ ਚੋਣ ਅਤੇ ਖ਼ਾਮੇਨਈ ਤੋਂ ਬਾਅਦ ਕਿਸਦੇ ਹੱਥ ਹੋ ਸਕਦੀ ਹੈ ਕਮਾਨ?

ਪੜ੍ਹਨ ਦਾ ਸਮਾਂ: 9 ਮਿੰਟ

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਵਿੱਚ ਮਾਰੇ ਗਏ। ਖ਼ਾਮੇਨਈ ਈਰਾਨ ਦੇ ਸਭ ਤੋਂ ਤਾਕਤਵਰ ਸ਼ਖ਼ਸ ਸਨ।

ਸਾਲ 1979 ਵਿੱਚ ਅਯਾਤੁੱਲਾ ਖ਼ੁਮੈਨੀ ਦੀ ਅਗਵਾਈ ਵਿੱਚ ਹੋਈ ਇਸਲਾਮੀ ਕ੍ਰਾਂਤੀ ਤੋਂ ਬਾਅਦ ਈਰਾਨ ਦੇ ਸੰਵਿਧਾਨ ਵਿੱਚ ਸੁਪਰੀਮ ਲੀਡਰ ਦਾ ਅਹੁਦਾ ਬਣਾਇਆ ਗਿਆ ਸੀ।

ਉਨ੍ਹਾਂ ਨੂੰ 3 ਦਸੰਬਰ, 1979 ਨੂੰ ਦੇਸ਼ ਦਾ ਪਹਿਲਾ ਸੁਪਰੀਮ ਲੀਡਰ ਬਣਾਇਆ ਗਿਆ ਸੀ।

ਅਯਾਤੁੱਲਾ ਖ਼ੁਮੈਨੀ ਨੇ ਸਾਢੇ ਨੌਂ ਸਾਲ ਤੱਕ ਇਸ ਅਹੁਦੇ ਨੂੰ ਸੰਭਾਲਿਆ ਅਤੇ 1989 ਵਿੱਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਅਯਾਤੁੱਲਾ ਅਲੀ ਖ਼ਾਮੇਨਈ ਨੂੰ ਦੇਸ਼ ਦਾ ਦੂਜਾ ਸੁਪਰੀਮ ਲੀਡਰ ਚੁਣਿਆ ਗਿਆ।

ਉਨ੍ਹਾਂ ਨੇ 28 ਫ਼ਰਵਰੀ, 2026 ਨੂੰ ਆਪਣੀ ਮੌਤ ਤੱਕ ਸਾਢੇ 36 ਸਾਲ ਤੱਕ ਇਸ ਅਹੁਦੇ ਨੂੰ ਸੰਭਾਲਿਆ।

ਨਵੇਂ ਸੁਪਰੀਮ ਆਗੂ ਦੀ ਚੋਣ ਤੱਕ ਕਿਸਦਾ ਨਿਯੰਤਰਣ ਰਹੇਗਾ?

ਈਰਾਨੀ ਸੰਵਿਧਾਨ ਦੇ ਅਨੁਛੇਦ 111 ਮੁਤਾਬਕ, ਸੁਪਰੀਮ ਲੀਡਰ ਦੀ ਮੌਤ ਤੋਂ ਲੈ ਕੇ ਸੁਪਰੀਮ ਲੀਡਰ ਕੌਂਸਲ ਵੱਲੋਂ ਨਵੇਂ ਸੁਪਰੀਮ ਆਗੂ (ਸਰਵਉੱਚ ਆਗੂ) ਦੀ ਨਿਯੁਕਤੀ ਤੱਕ, ਤਿੰਨ ਮੈਂਬਰੀ ਕੌਂਸਲ ਅਸਥਾਈ ਤੌਰ 'ਤੇ ਅਗਵਾਈ ਦੀ ਜ਼ਿੰਮੇਵਾਰੀ ਸੰਭਾਲਦੀ ਹੈ।

ਇਸ ਕੌਂਸਲ ਦੇ ਮੈਂਬਰਾਂ ਵਿੱਚ ਦੇਸ਼ ਦੇ ਰਾਸ਼ਟਰਪਤੀ, ਨਿਆਂਪਾਲਿਕਾ ਦੇ ਪ੍ਰਮੁੱਖ ਅਤੇ ਗਾਰਡੀਅਨ ਕੌਂਸਲ ਦੇ ਇੱਕ ਨਿਆਇਕ ਵਿਦਵਾਨ ਸ਼ਾਮਲ ਹੁੰਦੇ ਹਨ। ਈਰਾਨ ਨੇ ਅਲੀ ਰਜ਼ਾ ਅਰਾਫ਼ੀ ਨੂੰ ਇਸ ਸੁਪਰੀਮ ਕੌਂਸਲ ਵਿੱਚ ਨਿਆਇਕ ਵਿਦਵਾਨ ਦੇ ਪਦ 'ਤੇ ਚੁਣਿਆ ਹੈ।

ਇਸ ਤਿੰਨ ਮੈਂਬਰੀ ਕੌਂਸਲ ਕੋਲ ਪੂਰੇ ਅਧਿਕਾਰ ਨਹੀਂ ਹੁੰਦੇ ਅਤੇ ਇਨ੍ਹਾਂ ਪੰਜ ਮਾਮਲਿਆਂ ਵਿੱਚ ਇਸਦੇ ਫ਼ੈਸਲੇ ਸਿਰਫ਼ ਤਿੰਨ-ਚੌਥਾਈ ਮੈਂਬਰਾਂ ਦੀ ਮਨਜ਼ੂਰੀ ਨਾਲ ਹੀ ਲਾਗੂ ਕੀਤੇ ਜਾ ਸਕਦੇ ਹਨ। ਇਹ ਪੰਜ ਮਾਮਲੇ ਹਨ:

  • ਸਿਸਟਮ ਦੀਆਂ ਆਮ ਨੀਤੀਆਂ ਦਾ ਨਿਰਧਾਰਣ ਕਰਨਾ
  • ਜਨਮਤ ਸੰਗ੍ਰਹਿ ਦਾ ਆਰਡੀਨੈਂਸ ਜਾਰੀ ਕਰਨਾ
  • ਜੰਗ ਜਾਂ ਅਮਨ ਦਾ ਐਲਾਨ
  • ਰਾਸ਼ਟਰਪਤੀ 'ਤੇ ਮਹਾਂਦੋਸ਼ ਲਗਾਉਣਾ
  • ਸੰਯੁਕਤ ਸਟਾਫ਼ ਦੇ ਪ੍ਰਮੁੱਖ, ਰਿਵੋਲਿਊਸ਼ਨਰੀ ਦੇ ਕਮਾਂਡਰ-ਇਨ-ਚੀਫ਼ ਜਾਂ ਸਿਖਰਲੇ ਫੌਜੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਮਾਂਡਰਾਂ ਨੂੰ ਬਰਖਾਸਤ ਕਰਨਾ ਅਤੇ ਨਿਯੁਕਤ ਕਰਨਾ

ਜੇਕਰ ਸੁਪਰੀਮ ਆਗੂ ਬਿਮਾਰੀ ਜਾਂ ਹਾਦਸੇ ਕਰਕੇ ਅਸਥਾਈ ਤੌਰ 'ਤੇ ਆਪਣੇ ਫ਼ਰਜ਼ ਪੂਰੇ ਨਹੀਂ ਕਰ ਪਾਉਂਦੇ ਤਾਂ ਵੀ ਇਹ ਕੌਂਸਲ ਉਸੇ ਸਮਰੱਥਾ ਵਿੱਚ ਆਪਣੇ ਫ਼ਰਜ਼ ਨਿਭਾਉਂਦੀ ਹੈ।

ਆਗੂਆਂ ਦੀ ਕੌਂਸਲ ਅਤੇ ਸੁਪਰੀਮ ਲੀਡਰ ਦੀ ਚੋਣ

ਈਰਾਨ ਵਰਤਮਾਨ ਵਿੱਚ ਸ਼ੀਆ ਬਹੁਗਿਣਤੀ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਦੇਸ਼ ਦੇ ਸੰਵਿਧਾਨ ਮੁਤਾਬਕ, ਸਿਰਫ਼ ਇੱਕ ਅਯਾਤੁੱਲਾ ਹੀ ਸੁਪਰੀਮ ਲੀਡਰ ਬਣ ਸਕਦਾ ਹੈ। ਇਹ ਸ਼ੀਆਵਾਂ ਦਾ ਧਾਰਮਿਕ ਆਗੂ ਹੁੰਦਾ ਹੈ।

ਹਾਲਾਂਕਿ, ਜਦੋਂ ਅਲੀ ਖ਼ਾਮੇਨਈ ਚੁਣੇ ਗਏ ਸਨ ਤਾਂ ਉਹ ਅਯਾਤੁੱਲਾ ਨਹੀਂ ਸਨ। ਉਨ੍ਹਾਂ ਨੂੰ ਇਹ ਅਹੁਦਾ ਪ੍ਰਾਪਤ ਕਰਨ ਦੀ ਇਜਾਜ਼ਤ ਦੇਣ ਲਈ ਕਾਨੂੰਨਾਂ ਵਿੱਚ ਬਦਲਾਅ ਕੀਤਾ ਗਿਆ।

ਈਰਾਨ ਵਿੱਚ, ਸੁਪਰੀਮ ਲੀਡਰ ਪਰਿਸ਼ਦ ਨਾਮਕ 88 ਧਰਮ ਗੁਰੂਆਂ ਦਾ ਇੱਕ ਸੰਗਠਨ ਸੁਪਰੀਮ ਲੀਡਰ ਦੀ ਚੋਣ ਕਰਦਾ ਹੈ। ਹਰ ਅੱਠ ਸਾਲਾਂ ਵਿੱਚ, ਲੱਖਾਂ ਈਰਾਨੀ ਨਾਗਰਿਕ ਇਸ ਸੰਗਠਨ ਦੇ ਮੈਂਬਰਾਂ ਦੀ ਚੋਣ ਕਰਦੇ ਹਨ। ਪਿਛਲੀ ਵਾਰ ਇਹ 2016 ਵਿੱਚ ਹੋਇਆ ਸੀ।

ਪਰ ਸੁਪਰੀਮ ਲੀਡਰ ਪਰਿਸ਼ਦ ਦੇ ਕਿਸੇ ਵੀ ਉਮੀਦਵਾਰ ਨੂੰ ਸਭ ਤੋਂ ਪਹਿਲਾਂ "ਗਾਰਡੀਅਨ ਕੌਂਸਲ" ਨਾਮਕ ਇੱਕ ਕਮੇਟੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ, ਜਿਸਦੇ ਮੈਂਬਰਾਂ ਦੀ ਚੋਣ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੌਜੂਦਾ ਸੁਪਰੀਮ ਲੀਡਰ ਕਰਦੇ ਹਨ।

ਇਹ ਸਪਸ਼ਟ ਹੈ ਕਿ ਸੁਪਰੀਮ ਲੀਡਰ ਦਾ ਪ੍ਰਭਾਵ ਗਾਰਡੀਅਨ ਕੌਂਸਲ ਅਤੇ ਸੁਪਰੀਮ ਲੀਡਰ ਕੌਂਸਲ 'ਤੇ ਵੀ ਹੁੰਦਾ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਆਯਤੁੱਲਾ ਅਲੀ ਖ਼ਾਮੇਨਈ ਨੇ ਇਹ ਯਕੀਨੀ ਬਣਾਇਆ ਹੈ ਕਿ ਇਨ੍ਹਾਂ ਕਮੇਟੀਆਂ ਵਿੱਚ ਰੁੜ੍ਹੀਵਾਦੀ ਬਹੁਮਤ ਹੋਵੇ।

ਇਸ ਸਭਾ ਦੇ ਮੌਜੂਦਾ ਚੇਅਰਮੈਨ ਮੁਹੰਮਦ ਅਲੀ ਮੋਹਿਦੀ ਕਰਮਾਨੀ ਹਨ, ਜਦਕਿ ਹਾਸ਼ਿਮ ਹੁਸੈਨੀ ਬੁਸ਼ੇਹਰੀ ਅਤੇ ਅਲੀ ਰਜ਼ਾ ਉਰਫ਼ੀ ਉਪ-ਚੇਅਰਮੈਨ ਹਨ। ਨਿਯਮਾਂ ਮੁਤਾਬਕ, ਸੁਪਰੀਮ ਕੌਂਸਲ ਦੀ ਮੀਟਿੰਗ ਸਿਰਫ਼ ਤਾਂ ਹੀ ਵੈਧ ਮੰਨੀ ਜਾਂਦੀ ਹੈ ਜੇਕਰ ਇਸਦੇ ਘੱਟੋ-ਘੱਟ ਦੋ-ਤਿਹਾਈ ਮੈਂਬਰ (59 ਮੈਂਬਰ) ਮੌਜੂਦ ਹੋਣ।

ਨਵੇਂ ਆਗੂ ਦੀ ਚੋਣ ਲਈ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਦੇ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਇਸਦਾ ਮਤਲਬ ਹੈ ਕਿ ਜੇ ਸਿਰਫ਼ 59 ਮੈਂਬਰ ਮੌਜੂਦ ਹੋਣ ਤਾਂ ਨਵੇਂ ਨੇਤਾ ਦੀ ਚੋਣ ਲਈ 40 ਵੋਟ ਕਾਫ਼ੀ ਹਨ।

ਸੰਭਾਵੀ ਉਮੀਦਵਾਰਾਂ ਦੀ ਸਮੀਖਿਆ ਕਰਨ ਲਈ ਕਮਿਸ਼ਨ

ਸੁਪਰੀਮ ਲੀਡਰਜ਼ ਕੌਂਸਲ ਦੇ ਅੰਦਰ ਇੱਕ ਕਮਿਸ਼ਨ ਨੂੰ ਉਨ੍ਹਾਂ ਵਿਅਕਤੀਆਂ ਦੀਆਂ ਯੋਗਤਾਵਾਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਜਾਂਦਾ ਹੈ ਜਿਨ੍ਹਾਂ ਨੂੰ ਸੁਪਰੀਮ ਲੀਡਰ ਦੇ ਅਹੁਦੇ ਲਈ ਯੋਗ ਮੰਨਿਆ ਜਾ ਸਕਦਾ ਹੈ।

ਇਸ ਕਮਿਸ਼ਨ ਦੇ ਮੁੱਖ ਮੈਂਬਰਾਂ ਵਿੱਚ ਨਿਆਂ ਸ਼ਾਸਤਰ ਗਾਰਡੀਅਨ ਕੌਂਸਲ ਦੇ ਮੈਂਬਰ ਅਹਿਮਦ ਹੁਸੈਨੀ ਖੋਰਾਸਾਨੀ, ਗਾਰਡੀਅਨ ਕੌਂਸਲ ਦੇ ਮੈਂਬਰ ਅਲੀ ਰਜ਼ਾ ਉਰਫੀ ਅਤੇ ਮੁਹੰਮਦ ਰਜ਼ਾ ਮਦਰਾਸੀ ਯਜਦੀ, ਸੁਪਰੀਮ ਲੀਡਰ ਕੌਂਸਲ ਦੇ ਪਹਿਲੇ ਉਪ-ਚੇਅਰਮੈਨ ਹਾਸ਼ੇਮ ਹੁਸੈਨੀ ਬੁਸ਼ਹਿਰੀ, ਯੂਰਪ ਵਿੱਚ ਆਯਤੁੱਲਾ ਖਮੇਨਈ ਦੇ ਸਾਬਕਾ ਪ੍ਰਤੀਨਿਧੀ ਮੋਹਸੇਨ ਮੁਹੰਮਦੀ ਅਰਾਕੀ ਸ਼ਾਮਲ ਹਨ।

ਕਮਿਸ਼ਨ ਵਿੱਚ ਇਸਫਾਹਨ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੇ ਇਮਾਮ ਅਤੇ ਸੁਪਰੀਮ ਲੀਡਰ ਕੌਂਸਲ ਦੇ ਤਿੰਨ ਵਾਰ ਮੈਂਬਰ ਰਹੇ ਅਬੁਲ ਹਸਨ ਮਹਦਵੀ ਅਤੇ ਅਰਦਬਿਲ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੇ ਇਮਾਮ ਹਸਨ ਅਮੋਲੀ ਵੀ ਸ਼ਾਮਲ ਹਨ।

ਨਵੇਂ ਸੁਪਰੀਮ ਲੀਡਰ ਦੀ ਚੋਣ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਅਤੇ ਕਿਉਂਕਿ ਤਿੰਨ ਮੈਂਬਰੀ ਅੰਤਰਿਮ ਕੌਂਸਲ ਬਣਾਈ ਜਾ ਚੁੱਕੀ ਹੈ, ਇਸ ਲਈ ਘੱਟੋ-ਘੱਟ ਕਾਗਜ਼ਾਂ 'ਤੇ ਤਾਂ ਕੋਈ ਸੱਤਾ ਦਾ ਸਭ ਤੋਂ ਉੱਚਾ ਅਹੁਦਾ ਖਾਲੀ ਨਹੀਂ ਹੈ।

ਹਾਲਾਂਕਿ, ਇਸਲਾਮੀ ਗਣਰਾਜ ਦੇ ਸੰਸਥਾਪਕ, ਅਯਾਤੁੱਲਾ ਰੂਹੁੱਲਾ ਖੂਮੇਨੀ ਦੀ ਮੌਤ ਤੋਂ ਬਾਅਦ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਸੁਪਰੀਮ ਕੌਂਸਲ ਦੇ ਮੈਂਬਰ ਇਨ੍ਹਾਂ ਹਾਲਾਤਾਂ ਵਿੱਚ ਉੱਤਰਾਧਿਕਾਰੀ ਚੁਣਨ ਵਿੱਚ ਜਲਦਬਾਜ਼ੀ ਦਿਖਾਈ ਸੀ।

4 ਜੂਨ, 1989 ਨੂੰ ਰਾਤ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਅਯਾਤੁੱਲਾ ਖੂਮੇਨੀ ਦੀ ਮੌਤ ਹੋ ਗਈ ਅਤੇ ਸੁਪਰੀਮ ਲੀਡਰ ਕੌਂਸਲ ਨੇ ਅਗਲੀ ਸਵੇਰ ਇੱਕ ਬੈਠਕ ਬੁਲਾਈ ਅਤੇ ਕੁਝ ਹੀ ਘੰਟਿਆਂ ਦੇ ਅੰਦਰ ਉਨ੍ਹਾਂ ਦੇ ਉੱਤਰਾਧਿਕਾਰੀ ਦਾ ਫੈਸਲਾ ਕਰ ਦਿੱਤਾ ਗਿਆ।

ਸੁਪਰੀਮ ਲੀਡਰ ਦੇ ਅਹੁਦੇ ਦੀ ਮਹੱਤਤਾ

ਈਰਾਨੀ ਸੰਵਿਧਾਨ ਦੇ ਅਨੁਛੇਦ 57 ਦੇ ਅਨੁਸਾਰ, 'ਈਰਾਨ ਦੇ ਇਸਲਾਮੀ ਗਣਰਾਜ ਦੀ ਸਰਕਾਰ ਵਿੱਚ ਤਿੰਨ ਅੰਗ ਹਨ: ਵਿਧਾਨ ਸਭਾ, ਨਿਆਂਪਾਲਿਕਾ ਅਤੇ ਪ੍ਰਸ਼ਾਸਨ। ਇਹ ਤਿੰਨ ਅੰਗ ਉਮਾਹ ਦੀ ਅਗਵਾਈ ਅਤੇ ਰਾਜ ਦੀ ਸੁਰੱਖਿਆ ਲਈ ਸੰਵਿਧਾਨ ਦੀਆਂ ਵੱਖ-ਵੱਖ ਵਿਵਸਥਾਵਾਂ ਤਹਿਤ ਕੰਮ ਕਰਦੇ ਹਨ।"

ਹਾਲਾਂਕਿ, ਰਾਸ਼ਟਰੀ ਸੁਰੱਖਿਆ ਲਈ ਕਥਿਤ ਖਤਰਿਆਂ ਅਤੇ ਇਸਲਾਮੀ ਕ੍ਰਾਂਤੀ ਦੀ ਹੋਂਦ ਬਾਰੇ ਚਿੰਤਾਵਾਂ ਨੇ ਪਹਿਲੇ ਦਿਨ ਤੋਂ ਹੀ ਸੁਪਰੀਮ ਲੀਡਰ ਦੇ ਅਹੁਦੇ ਨੂੰ ਜਨਤਕ ਅਤੇ ਸਿਆਸੀ ਅੰਦੋਲਨ ਦਾ ਕੇਂਦਰ ਬਣਾ ਦਿੱਤਾ ਹੈ।

ਹਾਲਾਂਕਿ ਸੰਵਿਧਾਨ ਵਿੱਚ ਆਗੂ ਦੀ ਨਿਗਰਾਨੀ ਦੀ ਵਿਵਸਥਾ ਹੈ ਅਤੇ ਅਸਹਿਮਤੀ ਜ਼ਾਹਿਰ ਕਰਨ ਦੀ ਆਗਿਆ ਵੀ ਹੈ, ਫਿਰ ਵੀ ਸੁਪਰੀਮ ਲੀਡਰ ਨੂੰ ਇਸਲਾਮੀ ਕ੍ਰਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਉਨ੍ਹਾਂ ਦਾ ਵਿਰੋਧ ਕਰਨਾ ਕ੍ਰਾਂਤੀ ਵਿਰੁੱਧ ਬਗਾਵਤ ਮੰਨਿਆ ਜਾਂਦਾ ਹੈ।

ਈਰਾਨੀ ਸੰਵਿਧਾਨ ਦੇ ਅਨੁਚੇਦ 91 ਦੇ ਤਹਿਤ ਸੁਪਰੀਮ ਲੀਡਰ ਗਾਰਡੀਅਨ ਕੌਂਸਲ ਦੇ 12 ਮੈਂਬਰਾਂ ਵਿੱਚੋਂ ਛੇ ਨੂੰ ਨਾਮਜ਼ਦ ਕਰਦਾ ਹੈ ਅਤੇ ਅਨੁਚੇਦ 157 ਦੇ ਤਹਿਤ ਚੀਫ਼ ਜਸਟਿਸ ਦੀ ਨਿਯੁਕਤੀ ਵੀ ਕਰਦਾ ਹੈ।

ਅਨੁਚੇਦ 110 ਉਨ੍ਹਾਂ ਨੂੰ ਸੁਵਿਧਾ ਕੌਂਸਲ ਦੀ ਸਲਾਹ ਨਾਲ ਈਰਾਨ ਦੀ ਆਮ ਰਣਨੀਤੀ ਤਿਆਰ ਕਰਨ ਅਤੇ ਸਰਕਾਰ ਦੀ ਪੂਰੀ ਵਿਵਸਥਾ ਦੀ ਦੇਖਰੇਖ ਕਰਨ ਦਾ ਅਧਿਕਾਰ ਦਿੰਦਾ ਹੈ।

ਲੀਡਰ ਨੂੰ ਜਨਮਤ ਸੰਗ੍ਰਹਿ ਕਰਵਾਉਣ ਦਾ ਵੀ ਅਧਿਕਾਰ ਹੈ। ਉਹ ਈਰਾਨ ਦੇ ਸਾਰੇ ਹਥਿਆਰਬੰਦ ਬਲਾਂ ਦੇ ਮੁਖੀਆਂ ਦੀ ਨਿਯੁਕਤੀ ਕਰਦਾ ਹੈ, ਜਿਸ ਵਿੱਚ ਰਿਵੋਲਿਊਸ਼ਨਰੀ ਗਾਰਡਜ਼ ਵੀ ਸ਼ਾਮਲ ਹਨ। ਕੇਵਲ ਲੀਡਰ ਨੂੰ ਹੀ ਜੰਗ ਦਾ ਐਲਾਨ ਕਰਨ ਦਾ ਅਧਿਕਾਰ ਹੈ।

ਰਾਸ਼ਟਰਪਤੀ ਚੋਣਾਂ ਤੋਂ ਬਾਅਦ, ਜਿੱਤਣ ਵਾਲੇ ਉਮੀਦਵਾਰ ਦਾ ਨਿਯੁਕਤੀ ਪੱਤਰ ਵੀ ਲੀਡਰ ਵੱਲੋਂ ਹੀ ਜਾਰੀ ਕੀਤਾ ਜਾਂਦਾ ਹੈ।

ਲੀਡਰ ਨੂੰ ਰਾਸ਼ਟਰਪਤੀ ਨੂੰ ਬਰਖ਼ਾਸਤ ਕਰਨ ਦਾ ਅਧਿਕਾਰ ਹੈ ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਚੀਫ ਜਸਟਿਸ ਨੇ ਰਾਸ਼ਟਰਪਤੀ ਨੂੰ ਕਿਸੇ ਅਪਰਾਧ ਦਾ ਦੋਸ਼ੀ ਕਰਾਰ ਦਿੱਤਾ ਹੋਵੇ ਜਾਂ ਫਿਰ ਸੰਸਦ ਨੇ ਅਨੁਚੇਦ 89 ਦੇ ਤਹਿਤ ਰਾਸ਼ਟਰਪਤੀ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਹੋਵੇ।

ਸਰਕਾਰ ਦੀਆਂ ਵੱਖ-ਵੱਖ ਸ਼ਾਖਾਂਵਾਂ ਵਿਚਕਾਰ ਮਤਭੇਦ ਹੋਣ 'ਤੇ ਲੀਡਰ ਤੋਂ ਸਲਾਹ ਲਈ ਜਾਂਦੀ ਹੈ।

ਹਾਲਾਂਕਿ ਸੰਵਿਧਾਨ ਦੀ ਵਿਆਖਿਆ ਲਈ ਗਾਰਡੀਅਨ ਕੌਂਸਲ ਨਾਲ ਸਲਾਹ ਕੀਤੀ ਜਾਂਦੀ ਹੈ। ਉਨ੍ਹਾਂ ਕੋਲ ਈਰਾਨ ਦੇ ਸਰਕਾਰੀ ਪ੍ਰਸਾਰਣ ਸੰਗਠਨ ਦੇ ਮੁਖੀ ਦੀ ਨਿਯੁਕਤੀ ਦਾ ਅਧਿਕਾਰ ਵੀ ਹੁੰਦਾ ਹੈ।

ਨਿਆਂਪਾਲਿਕਾ ਵੱਲੋਂ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਮਾਫ਼ੀ ਦੇਣ ਦਾ ਅਧਿਕਾਰ ਵੀ ਲੀਡਰ ਕੋਲ ਹੁੰਦਾ ਹੈ। ਇਸ ਤੋਂ ਇਲਾਵਾ ਲੀਡਰ ਆਪਣੀਆਂ ਸ਼ਕਤੀਆਂ ਕਿਸੇ ਹੋਰ ਨੂੰ ਸੌਂਪ ਸਕਦੇ ਹਨ।

ਸੰਵਿਧਾਨ ਦੇ ਅਨੁਚੇਦ 60 ਦੇ ਅਨੁਸਾਰ, ਰਾਸ਼ਟਰਪਤੀ ਨੂੰ ਆਪਣੇ ਮੰਤਰੀਆਂ ਦੀ ਸਹਾਇਤਾ ਨਾਲ ਉਨ੍ਹਾਂ ਦੀਆਂ ਸਾਰੀਆਂ ਕਾਰਜਕਾਰੀ ਸ਼ਕਤੀਆਂ ਦਾ ਪ੍ਰਯੋਗ ਕਰਨ ਦਾ ਅਧਿਕਾਰ ਹੈ, ਬਜਾਏ ਉਨ੍ਹਾਂ ਕਾਰਜਕਾਰੀ ਸ਼ਕਤੀਆਂ ਦੇ ਜੋ ਸੰਵਿਧਾਨ ਵਿੱਚ ਸੁਪਰੀਮ ਲੀਡਰ ਲਈ ਰਾਖਵੇਂ ਹਨ।

ਹਾਲਾਂਕਿ, ਅਮਲੀ ਰੂਪ ਵਿੱਚ ਸੁਪਰੀਮ ਲੀਡਰ ਨੇ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਦੀਆਂ ਸ਼ਕਤੀਆਂ ਰਾਸ਼ਟਰਪਤੀ ਨੂੰ ਸੌਂਪ ਦਿੱਤੀਆਂ ਹਨ।

ਸੁਪਰੀਮ ਲੀਡਰ ਅਤੇ ਈਰਾਨ ਦੀ ਫੌਜ

ਈਰਾਨ ਦੇ ਹਥਿਆਰਬੰਦ ਬਲਾਂ ਵਿੱਚ ਰਿਵੋਲਿਊਸ਼ਨਰੀ ਗਾਰਡਜ਼ ਕੋਰ, ਥਲ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ ਨਾਲ-ਨਾਲ ਰਣਨੀਤਿਕ ਕੁਦਸ ਫੋਰਸ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਈਰਾਨ ਦੀ ਰਿਵਾਇਤੀ ਹਥਿਆਰਬੰਦ ਫੌਜ, ਜਿਸਨੂੰ 'ਈਰਾਨ ਦੀ ਫੌਜ' (ਈਰਾਨ ਦੇ ਹਥਿਆਰਬੰਦ ਬਲ) ਵੀ ਕਿਹਾ ਜਾਂਦਾ ਹੈ, ਵੀ ਈਰਾਨ ਦੀ ਫੌਜੀ ਤਾਕਤ ਦਾ ਹਿੱਸਾ ਹੈ।

ਸੁਪਰੀਮ ਲੀਡਰ ਇਨ੍ਹਾਂ ਸਾਰੇ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਹਨ ਅਤੇ ਉਹੀ ਉਨ੍ਹਾਂ ਦੇ ਕਮਾਂਡਰਾਂ ਦੀ ਨਿਯੁਕਤੀ ਕਰਦੇ ਹਨ।

ਕਿਹਾ ਜਾਂਦਾ ਹੈ ਕਿ ਈਰਾਨ ਵਿੱਚ ਇੱਕ ਕਰੋੜ ਤੋਂ ਵੱਧ ਸਵੈ-ਇੱਛਾ ਨਾਲ ਬਣੇ ਫੌਜੀ ਹਨ, ਜਿਨ੍ਹਾਂ ਨੂੰ 'ਬਸੀਜ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਦੀ ਸਥਾਪਨਾ ਦੀ ਘੋਸ਼ਣਾ ਅਯਾਤੁੱਲਾ ਖੁਮੈਨੀ ਨੇ ਕੀਤੀ ਸੀ ਅਤੇ ਇਸਦਾ ਮਕਸਦ 'ਇਸਲਾਮੀ ਕ੍ਰਾਂਤੀ ਦੀ ਰੱਖਿਆ ਕਰਨਾ' ਸੀ।

ਇਸਨੂੰ 'ਬਸੀਜ ਰੇਜ਼ਿਸਟੈਂਸ ਫੋਰਸ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਪਰ ਇਸਦਾ ਅਧਿਕਾਰਿਤ ਨਾਮ 'ਬਸੀਜ ਉਤਪੀੜਿਤ ਸੰਗਠਨ' ਹੈ।

ਸ਼ੁਰੂ ਵਿੱਚ ਇਹ ਇੱਕ ਸੁਤੰਤਰ ਸੰਗਠਨ ਸੀ, ਪਰ ਬਾਅਦ ਵਿੱਚ ਇਸਨੂੰ ਰਿਵੋਲਿਊਸ਼ਨਰੀ ਗਾਰਡਜ਼ ਦਾ ਹਿੱਸਾ ਬਣਾ ਦਿੱਤਾ ਗਿਆ ਸੀ।

ਇਸਦੇ ਮੁਖੀ ਦੀ ਨਿਯੁਕਤੀ ਵੀ ਸੁਪਰੀਮ ਲੀਡਰ ਹੀ ਕਰਦੇ ਹਨ। ਬਸੀਜ ਵਿੱਚ ਪ੍ਰਸ਼ਾਸਕੀ ਕਰਮਚਾਰੀ ਹੁੰਦੇ ਹਨ ਜਿਨ੍ਹਾਂ ਨੂੰ ਰਾਜ ਕਰਮਚਾਰੀਆਂ ਦੇ ਬਰਾਬਰ ਤਨਖਾਹ ਮਿਲਦੀ ਹੈ, ਪਰ ਇਸਦੇ ਆਮ ਸਵੈ-ਇੱਛਾ ਨਾਲ ਬਣੇ ਫੌਜੀ ਬਿਨਾਂ ਤਨਖਾਹ ਦੇ ਕੰਮ ਕਰਦੇ ਹਨ।

ਕੌਣ ਹੋ ਸਕਦਾ ਹੈ ਉੱਤਰਾਧਿਕਾਰੀ?

ਬੀਬੀਸੀ ਮਾਨੀਟਰਿੰਗ

ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਕਿਸਨੂੰ ਬਣਾਇਆ ਜਾਵੇ।

ਅਲੀ ਖਾਮੇਨਈ ਦੇ ਪੁੱਤਰ ਮੁਜ਼ਤਬਾ ਖਾਮੇਨਈ ਨੂੰ ਅਕਸਰ ਇੱਕ ਰਹੱਸਮਈ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹੇ ਹਨ।

ਆਪਣੇ ਪਿਤਾ ਦੇ ਦਫ਼ਤਰ ਦੇ ਪ੍ਰਬੰਧਨ ਵਿੱਚ ਭੂਮਿਕਾ ਲਈ ਜਾਣੇ ਜਾਣ ਵਾਲੇ ਮੁਜ਼ਤਬਾ ਖਾਮੇਨਈ 'ਤੇ ਅਮਰੀਕਾ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ "ਆਪਣੇ ਪਿਤਾ ਦੀਆਂ ਖੇਤਰੀ ਪੱਧਰ 'ਤੇ ਅਸਥਿਰਤਾ ਪੈਦਾ ਕਰਨ ਵਾਲੀਆਂ ਇੱਛਾਵਾਂ ਅਤੇ ਦਮਨਕਾਰੀ ਘਰੇਲੂ ਉਦੇਸ਼ਾਂ ਨੂੰ ਅੱਗੇ ਵਧਾਉਣ" ਵਿੱਚ ਭੂਮਿਕਾ ਨਿਭਾਈ।

56 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੂੰ ਸੰਭਾਵਿਤ ਉੱਤਰਾਧਿਕਾਰੀ ਵਜੋਂ ਦੇਖਿਆ ਜਾਂਦਾ ਹੈ। ਸਾਬਕਾ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਦੀ ਮੌਤ ਤੋਂ ਬਾਅਦ, ਮੁਜ਼ਤਬਾ ਦੀ ਉਮੀਦਵਾਰੀ ਹੋਰ ਮਜ਼ਬੂਤ ਹੋ ਗਈ ਹੈ। ਰਈਸੀ ਨੂੰ ਵਿਆਪਕ ਤੌਰ 'ਤੇ ਪ੍ਰਮੁੱਖ ਦਾਵੇਦਾਰ ਮੰਨਿਆ ਜਾਂਦਾ ਸੀ। ਉਨ੍ਹਾਂ ਦੀ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ।

ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਤੋਂ ਉਨ੍ਹਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਉਨ੍ਹਾਂ ਦੇ ਪਤਨੀ ਵੀ ਸ਼ਾਮਲ ਸਨ।

ਮੁਜ਼ਤਬਾ ਤੋਂ ਇਲਾਵਾ ਵੀ ਕਈ ਉਮੀਦਵਾਰ ਹਨ।

ਹਾਲੀਆ ਸਾਲਾਂ ਵਿੱਚ ਅਗਵਾਈ ਦੀ ਦੌੜ ਵਿੱਚ ਰੂੜ੍ਹੀਵਾਦੀ ਅਤੇ ਮੱਧਮਾਰਗੀ ਦੋਹਾਂ ਧੜਿਆਂ ਦੇ ਕਈ ਉਮੀਦਵਾਰਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸਾਬਕਾ ਨਿਆਂਪਾਲਿਕਾ ਪ੍ਰਮੁੱਖ ਸਾਦਿਕ ਆਮੋਲੀ ਲਾਰੀਜਾਨੀ ਅਤੇ ਸਾਬਕਾ ਰਾਸ਼ਟਰਪਤੀ ਹਸਨ ਰੂਹਾਨੀ ਸ਼ਾਮਲ ਰਹੇ ਹਨ।

ਅਸੈਂਬਲੀ ਆਫ਼ ਐਕਸਪਰਟਸ ਦੇ ਕੁਝ ਮੈਂਬਰਾਂ ਨੂੰ ਵੀ ਸੰਭਾਵਿਤ ਉਮੀਦਵਾਰ ਵਜੋਂ ਦੇਖਿਆ ਜਾਂਦਾ ਹੈ। ਇਨ੍ਹਾਂ ਵਿੱਚ ਅਲੀ ਰਜ਼ਾ ਅਰਾਫੀ ਦਾ ਨਾਮ ਪ੍ਰਮੁੱਖ ਹੈ, ਅੰਤਰਿਮ ਅਗਵਾਈ ਕੌਂਸਲ ਵਿੱਚ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀਆਂ ਸੰਭਾਵਨਾਵਾਂ ਵਧਦੀਆਂ ਹੋਈਆਂ ਲੱਗ ਰਹੀਆਂ ਹਨ।

66 ਸਾਲਾ ਅਰਾਫੀ ਨੂੰ ਖਾਮੇਨਈ ਕਈ ਵਾਰ ਵੱਡੀਆਂ ਜ਼ਿੰਮੇਵਾਰੀਆਂ ਦੇ ਚੁੱਕੇ ਹਨ। ਉਹ ਦੇਸ਼ ਭਰ ਦੇ ਸਾਰੇ ਮਦਰਸਿਆਂ ਦੇ ਨਿਰਦੇਸ਼ਕ ਹਨ, ਜੋ ਈਰਾਨ ਦੀ ਧਾਰਮਿਕ ਵਿਵਸਥਾ ਵਿੱਚ ਇੱਕ ਉੱਚ ਅਹੁਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)