ਪੰਜਾਬ 'ਚ ਅਗਲੇ ਚਾਰ ਦਿਨ ਹੀਟਵੇਵ ਦਾ ਅਲਰਟ, ਕਿਹੜੇ ਜ਼ਿਲ੍ਹਿਆਂ 'ਚ ਚੱਲੇਗੀ ਲੂ, ਮੌਸਮ ਵਿਭਾਗ ਵੱਲੋਂ ਜਾਰੀ ਐਡਵਾਇਜ਼ਰੀ 'ਚ ਕੀ ਹੈ

ਤਸਵੀਰ ਸਰੋਤ, Getty Images

ਪੜ੍ਹਨ ਦਾ ਸਮਾਂ: 5 ਮਿੰਟ

ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਅਗਲੇ ਚਾਰ ਦਿਨ ਹੀਟਵੇਵ ਚੱਲੇਗੀ। ਇਸ ਬਾਬਤ ਬਕਾਇਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਤਾਪਮਾਨ 'ਚ 3 ਤੋਂ 4 ਡਿਗਰੀ ਤੱਕ ਦਾ ਇਜ਼ਾਫਾ ਦਰਜ ਕੀਤਾ ਜਾਵੇਗਾ।

ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਵੀ ਮੌਸਮ ਰੁਖਾ ਰਹਿਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਦਿਨ ਵੇਲੇ ਤਾਂ ਗਰਮੀ ਸਤਾਏਗੀ ਹੀ, ਰਾਤ ਸਮੇਂ ਵੀ ਰਾਹਤ ਨਹੀਂ ਮਿਲੇਗੀ ਭਾਵ ਅਗਲੇ 4 ਤੋਂ 5 ਦਿਨ ਰਾਤਾਂ ਵੀ ਗਰਮ ਰਹਿਣਗੀਆਂ।

ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿੱਚ ਚੱਲੇਗੀ ਲੂ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅਗਲੇ ਚਾਰ ਦਿਨ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਗਲੇ ਚਾਰ ਦਿਨ ਲੂ ਚੱਲੇਗੀ।

21 ਅਪ੍ਰੈਲ ਨੂੰ ਲੁਧਿਆਣਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ ਅਤੇ ਮਲੇਰਕੋਟਲਾ 'ਚ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ।

22, 23 ਅਤੇ 24 ਅਪ੍ਰੈਲ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਨਾਲ-ਨਾਲ ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਕਪੂਰਥਲਾ, ਜਲੰਧਰ ਵੀ ਹੀਟਵੇਵ ਦੀ ਲਪੇਟ 'ਚ ਆ ਜਾਣਗੇ।

ਹਰਿਆਣਾ ਵਿੱਚ ਵੀ ਅਤਿ ਦੀ ਗਰਮੀ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਨੇ 22, 23 ਅਤੇ 24 ਅਪ੍ਰੈਲ ਲਈ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੋਇਆ।

19 ਅਪ੍ਰੈਲ ਨੂੰ 42.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ, ਹਰਿਆਣਾ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਸੂਬੇ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਚੁੱਕਿਆ।

ਪੰਜਾਬ ਦੇ ਕਿਹੜੇ ਜ਼ਿਲ੍ਹੇ ਸਭ ਤੋਂ ਗਰਮ ?

ਮੌਸਮ ਵਿਭਾਗ ਮੁਤਾਬਕ ਬਠਿੰਡਾ 'ਚ ਅਤਿ ਦੀ ਗਰਮੀ ਪੈ ਰਹੀ ਹੈ। 19 ਅਪ੍ਰੈਲ ਨੂੰ ਬਠਿੰਡਾ 'ਚ ਸਭ ਤੋਂ ਵੱਧ 41.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।

ਪਟਿਆਲਾ 'ਚ 40.5 ਡਿਗਰੀ ਅਤੇ ਲੁਧਿਆਣਾ 'ਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਾਕੀ ਤਮਾਮ ਜ਼ਿਲ੍ਹਿਆਂ 'ਚ ਤਾਪਮਾਨ 35 ਡਿਗਰੀ ਤੋਂ ਵੱਧ ਹੀ ਦਰਜ ਕੀਤਾ ਜਾ ਰਿਹਾ।

ਕਦੋਂ ਜਾਰੀ ਹੁੰਦਾ ਹੈ ਅਲਰਟ ?

ਮੌਸਮ ਵਿਭਾਗ ਚਾਰ ਤਰ੍ਹਾਂ ਦੇ ਅਲਰਟ ਜਾਰੀ ਕਰਦਾ ਹੈ- ਰੈੱਡ ਅਲਰਟ, ਓਰੇਂਜ ਅਲਰਟ, ਯੈਲੋ ਅਲਰਟ ਅਤੇ ਗ੍ਰੀਨ ਅਲਰਟ।

ਭਾਰੀ ਗਰਮੀ ਜਾਂ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੂਰਤ ਵਿੱਚ ਮੌਸਮ ਵਿਭਾਗ ਇਹ ਅਲਰਟ ਜਾਰੀ ਕਰਦਾ ਹੈ।

ਗਰਮੀ ਦੇ ਮੌਸਮ ਵਿੱਚ ਜੇ ਰੈੱਡ ਅਲਰਟ ਜਾਰੀ ਹੋਇਆ ਤਾਂ ਇਸ ਦਾ ਮਤਲਬ ਹੈ ਕਿ ਗਰਮੀ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਹੈ। ਇਸ ਤੋਂ ਬਚਣ ਦੇ ਲਈ ਤੁਹਾਨੂੰ ਜ਼ਰੂਰੀ ਉਪਾਅ ਕਰਨੇ ਪੈਣਗੇ। ਇਸੇ ਤਰ੍ਹਾਂ ਭਾਰੀ ਮੀਂਹ ਜਾਂ ਤੁਫਾਨ ਦੀ ਸਥਿਤੀ ਵਿੱਚ ਵੀ ਰੈੱਡ ਅਲਰਟ ਇਸੇ ਤਰ੍ਹਾਂ ਜਾਰੀ ਹੁੰਦਾ ਹੈ।

ਇਸ ਦੌਰਾਨ ਮੌਸਮ ਵਿਭਾਗ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਥਿਤੀ ਦੇ ਮੁਤਾਬਕ, ਲੋਕਾਂ ਨੂੰ ਉਸ ਇਲਾਕੇ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਸਮ ਵਿਭਾਗ ਮੁਤਾਬਕ 24 ਅਪ੍ਰੈਲ ਤੱਕ ਰਾਤਾਂ ਵੀ ਗਰਮ ਰਹਿਣ ਦੀ ਸੰਭਾਵਨਾ ਹੈ

ਓਰੇਂਜ ਅਲਰਟ – ਓਰੇਂਜ ਅਲਰਟ ਉਸ ਵੇਲੇ ਜਾਰੀ ਕੀਤਾ ਜਾਂਦਾ ਹੈ ਜਦੋਂ ਮੌਸਮ ਅਜੇ ਜ਼ਿਆਦਾ ਖ਼ਰਾਬ ਨਹੀਂ ਹੋਇਆ ਹੁੰਦਾ ਪਰ ਭਵਿੱਖ ਵਿੱਚ ਉਸ ਦੇ ਖ਼ਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ।

ਓਰੇਂਜ ਅਲਰਟ ਨਾਲ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਤਾਂ ਕਿ ਉਹ ਅੱਗੇ ਹੋਣ ਵਾਲੀ ਮੌਸਮ ਦੀ ਖਰਾਬੀ ਤੋਂ ਆਪਣਾ ਬਚਾਅ ਕਰ ਸਕਣ।

ਯੈਲੋ ਅਲਰਟ – ਯੈਲੋ ਅਲਰਟ ਇੱਕ ਤਰ੍ਹਾਂ ਦਾ ਸਾਵਧਾਨ ਅਤੇ ਸੁਚੇਤ ਰਹਿਣ ਦਾ ਅਲਰਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਖ਼ਤਰਾ ਤਾਂ ਹੈ ਪਰ ਘਬਰਾਉਣ ਦੀ ਲੋੜ ਨਹੀਂ ਬਲਕਿ ਸੁਚੇਤ ਹੋਣ ਦਾ ਸਮਾਂ ਹੈ।

ਗ੍ਰੀਨ ਅਲਰਟ – ਕਈ ਵਾਰ ਮੌਸਮ ਵਿਭਾਗ ਗ੍ਰੀਨ ਅਲਰਟ ਵੀ ਜਾਰੀ ਕਰਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਕੋਈ ਖ਼ਤਰਾ ਨਹੀਂ। ਮੌਸਮ ਵਿਭਾਗ ਵੱਲੋਂ ਇਸ ਨੂੰ ਲੈ ਕੇ ਕੋਈ ਖ਼ਾਸ ਅਲਰਟ ਜਾਰੀ ਨਹੀਂ ਕੀਤਾ ਜਾਂਦਾ।

ਹੀਟਵੇਵ ਅਲਰਟ ਕਦੋਂ ਜਾਰੀ ਕੀਤਾ ਜਾਂਦਾ ਹੈ ?

ਰੈੱਡ, ਓਰੇਂਜ, ਯੈਲੋ ਅਤੇ ਗ੍ਰੀਨ ਅਲਰਟ ਤੋਂ ਇਲਾਵਾ ਮੌਸਮ ਵਿਭਾਗ ਹੀਟਵੇਵ ਅਲਰਟ ਵੀ ਜਾਰੀ ਕਰਦਾ ਹੈ।

ਪਰ ਇਹ ਹੀਟਵੇਵ ਅਲਰਟ ਕੀ ਹੁੰਦਾ ਹੈ

ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ, ਜਦੋਂ ਹਵਾ ਦਾ ਤਾਪਮਾਨ ਇਸ ਪੱਧਰ ਤੱਕ ਵੱਧ ਜਾਵੇ ਕਿ ਸਰੀਰ ਉਸ ਨੂੰ ਸਹਿ ਨਾ ਪਾਵੇ ਤਾਂ ਉਸ ਵੇਲੇ ਹੀਟਵੇਵ ਅਲਰਟ ਜਾਰੀ ਕੀਤਾ ਜਾਂਦਾ ਹੈ।

ਕਦੋਂ ਕਿਸੇ ਇਲਾਕੇ ਵਿੱਚ ਹੀਟਵੇਵ ਐਲਾਨੀ ਜਾਵੇ ਇਸ ਦਾ ਫੈਸਲਾ ਉਸ ਇਲਾਕੇ ਦੇ ਆਮ ਤਾਪਮਾਨ ਦੇ ਹਿਸਾਬ ਨਾਲ ਤੈਅ ਹੁੰਦਾ ਹੈ।

ਆਮੂਮਨ ਜਦੋਂ ਮੈਦਾਨੀ ਇਲਾਕਿਆਂ ਵਿੱਚ ਦੋ ਦਿਨਾਂ ਤੱਕ ਲਗਾਤਾਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਹੀਟ ਵੇਵ ਅਲਰਟ ਦਿੱਤਾ ਜਾਂਦਾ ਹੈ।

ਪਹਾੜਾਂ ਵਿੱਚ ਇਹ ਤਾਪਮਾਨ ਸੀਮਾ 30 ਡਿਗਰੀ ਸੈਲਸੀਅਸ ਹੁੰਦੀ ਹੈ ਅਤੇ ਤੱਟਵਰਤੀ ਇਲਾਕਿਆਂ ਵਿੱਚ 37 ਡਿਗਰੀ ਸੈਲਸੀਅਸ 'ਤੇ ਹੀਟਵੇਵ ਐਲਾਨ ਦਿੱਤੀ ਜਾਂਦੀ ਹੈ।

ਜੇਕਰ ਇਲਾਕੇ ਦਾ ਤਾਪਮਾਨ, ਔਸਤਨ ਤਾਪਮਾਨ ਤੋਂ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਤੱਕ ਵੱਧ ਜਾਵੇ ਤਾਂ ਉਸ ਨੂੰ ਹੀਟ ਵੇਵ ਜਾਂ ਲੂ ਲੱਗਣਾ ਕਿਹਾ ਜਾਂਦਾ ਹੈ ਅਤੇ ਜੇਕਰ ਤਾਪਮਾਨ ਔਸਤਨ ਤਾਪਮਾਨ ਤੋਂ 6.4 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਵੇ ਤਾਂ ਉਸ ਨੂੰ ਗੰਭੀਰ ਲੂ ਚੱਲਣਾ ਕਹਿੰਦੇ ਹਨ।

ਗਰਮੀ ਦੇ ਪ੍ਰਕੋਪ ਤੋਂ ਖੁਦ ਨੂੰ ਕਿਵੇਂ ਬਚਾਈਏ ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਦੋ ਦਿਨਾਂ ਤੱਕ ਲਗਾਤਾਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਹੀਟ ਵੇਵ ਅਲਰਟ ਦਿੱਤਾ ਜਾਂਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਗਰਮੀ ਤੋਂ ਬਚਣ ਲਈ ਜਾਰੀ ਐਡਵਾਇਜ਼ਰੀ ਮੁਤਾਬਕ-

  • ਜਦੋਂ ਤੱਕ ਲੋੜ ਨਹੀਂ, ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।
  • ਖਾਸ ਤੌਰ 'ਤੇ ਦੁਪਹਿਰ ਸਮੇਂ ਬਾਹਰ ਨਿਕਲਣ ਤੋਂ ਬਚੋ।
  • ਖਾਣ-ਪੀਣ ਲਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜੋ ਸਰੀਰ 'ਚ ਪਾਣੀ ਦੀ ਕਮੀ ਨਾ ਹੋਣ ਦੇਣ।
  • ਨੀਂਬੂ ਪਾਣੀ, ਲੱਸੀ, ਛਾਛ, ਨਾਰੀਅਲ ਪਾਣੀ ਦਾ ਸੇਵਨ ਕਰੋ ਅਤੇ ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰੋ।
  • ਹਲਕੇ ਰੰਗ ਅਤੇ ਸੂਤੀ ਕੱਪੜੇ ਪਾਉਣ ਨੂੰ ਤਰਜੀਹ ਦਿਓ।
  • ਬਾਹਰ ਨਿਕਲਣ ਤੋਂ ਪਹਿਲਾਂ ਆਪਣਾ ਸਿਰ ਢੱਕੋ, ਛਤਰੀ ਜਾਂ ਟੋਪੀ ਦਾ ਇਸਤੇਮਾਲ ਕਰੋ।
  • ਬੱਚੇ, ਬਜ਼ੁਰਗ, ਗਰਭਵਤੀ ਔਰਤਾਂ ਜਾਂ ਬਿਮਾਰ ਲੋਕ ਖਾਸ ਤੌਰ 'ਤੇ ਆਪਣਾ ਧਿਆਨ ਰੱਖਣ।
  • ਜਿਹੜੇ ਲੋਕ ਬਾਹਰ ਕੰਮ ਕਰਦੇ ਹਨ, ਉਨ੍ਹਾਂ ਨੂੰ ਲਗਾਤਾਰ ਪਾਣੀ ਅਤੇ ਠੰਢੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)