ਰਸ਼ਮਿਕਾ-ਵਿਜੈ ਦਾ ਵਿਆਹ: ਕੀ ਹੈ ਕੋਡਵਾ ਰਿਵਾਇਤ ਅਤੇ ਕਿਵੇਂ ਹੁੰਦਾ ਹੈ ਇਹ ਖ਼ਾਸ ਵਿਆਹ

ਤਸਵੀਰ ਸਰੋਤ, insta/rashmika_mandanna

ਤਸਵੀਰ ਕੈਪਸ਼ਨ, ਮੀਡੀਆ ਰਿਪੋਰਟਾਂ ਮੁਤਾਬਕ, ਰਸ਼ਮਿਕਾ-ਵਿਜੈ ਦਾ ਵਿਆਹ ਆਮ ਹਿੰਦੂ ਰਸਮ-ਰਿਵਾਜਾਂ ਦੇ ਨਾਲ-ਨਾਲ ਕੋਡਵਾ ਰਵਾਇਤ ਅਨੁਸਾਰ ਵੀ ਹੋਇਆ
    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਤੇਲੁਗੁ
  • ਪੜ੍ਹਨ ਦਾ ਸਮਾਂ: 7 ਮਿੰਟ

ਤੇਲੁਗੁ ਫ਼ਿਲਮ ਸਟਾਰ ਵਿਜੈ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ 26 ਫ਼ਰਵਰੀ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ।

ਦੋਵਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।

ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਿਰਫ਼ ਸੈਲੀਬ੍ਰਿਟੀ ਚਰਚਾ ਹੀ ਨਹੀਂ, ਸਗੋਂ ਜਿਸ ਕੋਡਵਾ ਪਰੰਪਰਾ ਅਨੁਸਾਰ ਵਿਆਹ ਹੋਇਆ ਦੱਸਿਆ ਜਾ ਰਿਹਾ ਹੈ, ਉਸ ਵਿਸ਼ੇ 'ਤੇ ਵੀ ਖਾਸੀ ਚਰਚਾ ਚੱਲ ਰਹੀ ਹੈ।

Sorry, we can’t display this part of the story on this lightweight mobile page.

ਕੋਡਵਾ ਰਿਵਾਇਤ ਵਿੱਚ ਵਿਆਹ 'ਤੇ ਚਰਚਾ

ਤਸਵੀਰ ਸਰੋਤ, insta/rashmika_mandanna

ਤਸਵੀਰ ਕੈਪਸ਼ਨ, ਹਾਲਾਂਕਿ, ਨਾ ਤਾਂ ਵਿਜੈ ਅਤੇ ਨਾ ਹੀ ਰਸ਼ਮਿਕਾ ਨੇ ਜਨਤਕ ਤੌਰ 'ਤੇ ਇਹ ਦੱਸਿਆ ਹੈ ਕਿ ਉਨ੍ਹਾਂ ਦਾ ਵਿਆਹ ਕਿਸ ਰਵਾਇਤ ਅਨੁਸਾਰ ਮੁਕੰਮਲ ਹੋਇਆ

ਰਸ਼ਮਿਕਾ ਕਰਨਾਟਕ ਦੇ ਕੋਡਾਗੁ ਜ਼ਿਲ੍ਹੇ (ਕੁਰਗ) ਦੇ ਵੀਰਾਜ ਪੇਟਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਕੁਰਗ ਵਿੱਚ ਹੀ ਕੀਤੀ।

ਮੀਡੀਆ ਰਿਪੋਰਟਾਂ ਮੁਤਾਬਕ, ਦੋਵਾਂ ਦਾ ਵਿਆਹ ਆਮ ਹਿੰਦੂ ਰਸਮ-ਰਿਵਾਜਾਂ ਦੇ ਨਾਲ-ਨਾਲ ਕੋਡਵਾ ਪਰੰਪਰਾ ਅਨੁਸਾਰ ਵੀ ਹੋਇਆ।

ਇਸੇ ਕਰਕੇ ਕੋਡਵਾ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖਾਸੀ ਚਰਚਾ ਹੋ ਰਹੀ ਹੈ।

ਹਾਲਾਂਕਿ, ਨਾ ਤਾਂ ਵਿਜੈ ਅਤੇ ਨਾ ਹੀ ਰਸ਼ਮਿਕਾ ਨੇ ਜਨਤਕ ਤੌਰ 'ਤੇ ਇਹ ਦੱਸਿਆ ਹੈ ਕਿ ਉਨ੍ਹਾਂ ਦਾ ਵਿਆਹ ਕਿਸ ਰਵਾਇਤ ਅਨੁਸਾਰ ਹੋਇਆ।

ਆਮ ਤੌਰ 'ਤੇ ਕਰਨਾਟਕ ਦੇ ਕੋਡਾਗੁ (ਕੁਰਗ) ਖੇਤਰ ਵਿੱਚ ਲੋਕ ਕੋਡਵਾ ਰੀਤੀ-ਰਿਵਾਜ਼ ਨਾਲ ਵਿਆਹ ਕਰਦੇ ਹਨ। ਇਸ ਖੇਤਰ ਦੇ ਲੋਕਾਂ ਨੂੰ ਕੋਡਵਾ ਕਿਹਾ ਜਾਂਦਾ ਹੈ।

ਰਸ਼ਮਿਕਾ ਦਾ ਸਬੰਧ ਕੋਡਾਗੁ ਨਾਲ ਹੋਣ ਕਾਰਨ ਮੀਡੀਆ ਵਿੱਚ ਇਹ ਚਰਚਾ ਜ਼ੋਰਾਂ 'ਤੇ ਹਨ ਕਿ ਵਿਆਹ ਇਸੇ ਪਰੰਪਰਾ ਅਨੁਸਾਰ ਹੋਇਆ ਹੋਵੇਗਾ।

ਕੋਡਵਾ ਵਿਆਹ ਕੀ ਹੁੰਦਾ ਹੈ?

ਤਸਵੀਰ ਸਰੋਤ, insta/rashmika_mandanna

ਤਸਵੀਰ ਕੈਪਸ਼ਨ, ਵਿਜੈ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ 26 ਫ਼ਰਵਰੀ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ

ਕੋਡਵਾ ਵਿਆਹ ਆਮ ਹਿੰਦੂ ਵਿਆਹ ਤੋਂ ਕਾਫ਼ੀ ਵੱਖਰਾ ਹੁੰਦਾ ਹੈ।

ਹਿੰਦੂ ਵਿਆਹ ਵਿੱਚ ਪੰਡਿਤਾਂ ਵੱਲੋਂ ਮੰਤਰ ਉਚਾਰਣ, ਮੰਗਲਸੂਤਰ ਪਹਿਨਾਉਣਾ, ਅਕਸ਼ਤ (ਚੌਲ) ਛਿੜਕਣਾ ਅਤੇ ਕਈ ਹੋਰ ਵੈਦਿਕ ਰਸਮਾਂ ਹੁੰਦੀਆਂ ਹਨ।

ਪਰ ਕੋਡਵਾ ਪਰੰਪਰਾ ਵਿੱਚ ਪੰਡਿਤ ਨਹੀਂ ਹੁੰਦੇ।

ਘਰ ਦੇ ਵੱਡੇ-ਬੁਜ਼ੁਰਗ ਹੀ ਵਿਆਹ ਸੰਪੰਨ ਕਰਵਾਉਂਦੇ ਹਨ। ਵਿਆਹ ਦੇ ਮੰਡਪ ਵਿੱਚ ਇੱਕ ਦੀਵਾ ਜਲਾਇਆ ਜਾਂਦਾ ਹੈ ਅਤੇ ਪਿੱਤਰਾਂ ਦੀ ਪੂਜਾ ਕੀਤੀ ਜਾਂਦੀ ਹੈ।

ਮੈਸੂਰ ਦੇ ਤੇਲਗੂ ਵਿਦਵਾਨ ਰਘੁ ਸ਼ਰਮਾ ਨੇ ਬੀਬੀਸੀ ਨਾਲ ਕਿਹਾ ਕਿ ਕੋਡਵਾ ਵਿਆਹ ਅਤੇ ਹਿੰਦੂ ਵਿਆਹ ਵਿੱਚ ਕਾਫ਼ੀ ਸਪਸ਼ਟ ਅੰਤਰ ਦਿਖਾਈ ਦਿੰਦਾ ਹੈ।

ਉਨ੍ਹਾਂ ਦੱਸਿਆ ਕਿ ਕੋਡਵਾ ਵਿਆਹ ਵਿੱਚ ਪੰਡਿਤ ਬਹੁਤ ਘੱਟ ਬੁਲਾਏ ਜਾਂਦੇ ਹਨ। ਉਹ ਖੁਦ ਵੀ ਚਾਰ-ਪੰਜ ਕੋਡਵਾ ਵਿਆਹ ਕਰਵਾ ਚੁੱਕੇ ਹਨ।

ਦੋ ਦਿਨ ਦੀਆਂ ਰਸਮਾਂ

ਤਸਵੀਰ ਸਰੋਤ, insta/rashmika_mandanna

ਤਸਵੀਰ ਕੈਪਸ਼ਨ, ਦੋਵਾਂ ਦੇ ਵੈਡਿੰਗ ਲੁਕ ਦੀ ਵੀ ਖਾਸੀ ਚਰਚਾ ਹੋਈ ਹੈ

ਕੋਡਵਾ ਕਲੈਨ ਡਾਟ ਕਾਮ ਮੁਤਾਬਕ, ਕੋਡਵਾ ਵਿਆਹ ਆਮ ਤੌਰ 'ਤੇ ਦੋ ਦਿਨ ਤੱਕ ਚੱਲਦਾ ਹੈ।

ਵੈਬਸਾਈਟ 'ਤੇ ਦਿੱਤੇ ਵੇਰਵੇ ਮੁਤਾਬਕ:

  • ਪਹਿਲਾ ਦਿਨ- ਪੰਡਾਲ ਅਤੇ ਤਿਆਰੀਆਂ

ਪਹਿਲੇ ਦਿਨ ਲਾੜਾ ਅਤੇ ਲਾੜੀ ਦੇ ਪਰਿਵਾਰ ਵਿਆਹ ਸਥਾਨ 'ਤੇ ਪਹੁੰਚਦੇ ਹਨ। ਇੱਥੇ ਵਿਆਹ ਦਾ ਪੰਡਾਲ ਲਗਾਇਆ ਜਾਂਦਾ ਹੈ।

ਇਸ ਨੂੰ ਅੰਬ, ਕੇਲੇ ਦੇ ਪੱਤਿਆਂ ਅਤੇ ਕਟਹਲ ਦੀਆਂ ਟਾਹਣੀਆਂ ਨਾਲ ਸਜਾਇਆ ਜਾਂਦਾ ਹੈ।

ਰਘੂ ਸ਼ਰਮਾ ਦੱਸਦੇ ਹਨ, "ਇਹ ਪੀੜ੍ਹੀਆਂ ਤੋਂ ਚੱਲੀ ਆ ਰਹੀ ਰਿਵਾਇਤ ਹੈ। ਪੰਡਾਲ ਦੇ ਖੰਭੇ ਵੀ ਅਜਿਹੇ ਦਰੱਖ਼ਤਾਂ ਦੀ ਲੱਕੜ ਨਾਲ ਹੀ ਬਣਾਏ ਜਾਂਦੇ ਹਨ, ਜਿਨ੍ਹਾਂ ਤੋਂ ਦੁੱਧ ਵਰਗਾ ਰਸ ਨਿਕਲਦਾ ਹੋਵੇ। ਇਹ ਵੀ ਉਨ੍ਹਾਂ ਦੀ ਰਵਾਇਤ ਦਾ ਹਿੱਸਾ ਹੈ।"

ਇਸ ਤੋਂ ਬਾਅਦ ਵਿਆਹ ਦੇ ਭੋਜਨ ਦੀ ਤਿਆਰੀ ਕਰਨ ਵਾਲੇ ਲੋਕ ਅਤੇ ਪਰਿਵਾਰਕ ਮੈਂਬਰ, ਸਾਰੇ ਮਿਲ ਕੇ ਸਾਂਝੇ ਰੂਪ ਨਾਲ ਕੰਮ ਕਰਦੇ ਹਨ।

ਇਸ ਪੂਰੀ ਪ੍ਰਕਿਰਿਆ ਨੂੰ 'ਊਰ ਕੋਡੂਓ', 'ਪੰਡਾਲ ਪਨੀ' ਜਾਂ 'ਤੇਰਨੇਬੇੱਪੋ' ਕਿਹਾ ਜਾਂਦਾ ਹੈ।

ਕੋਡਵਾ ਰਵਾਇਤ ਵਿੱਚ ਵਿਆਹ ਦੇ ਭੋਜਨ ਵਿੱਚ ਸੂਰ ਦਾ ਮਾਸ ਪਰੋਸਣਾ ਲਾਜ਼ਮੀ ਮੰਨਿਆ ਜਾਂਦਾ ਹੈ।

ਰਘੂ ਸ਼ਰਮਾ ਦੱਸਦੇ ਹਨ, "ਵਿਆਹ ਵਿੱਚ ਨਾਨ-ਵੇਜ ਖਾਣਾ ਜ਼ਰੂਰੀ ਹੁੰਦਾ ਹੈ, ਖ਼ਾਸ ਕਰਕੇ ਸੂਰ ਦਾ ਮਾਸ।"

ਸ਼ਾਮ ਨੂੰ ਸਾਰੇ ਮਿਲ ਕੇ ਜਸ਼ਨ ਮਨਾਉਂਦੇ ਹਨ।

ਤਸਵੀਰ ਸਰੋਤ, insta/rashmika_mandanna

ਤਸਵੀਰ ਕੈਪਸ਼ਨ, ਇਸ ਦੌਰਾਨ ਰਸ਼ਮਿਕਾ ਲਾਲ ਸਾੜ੍ਹੀ ਵਿੱਚ ਨਜ਼ਰ ਆਏ
  • ਦੂਜਾ ਦਿਨ- 'ਮੰਗਲਾ'

ਦੂਜੇ ਦਿਨ ਨੂੰ ਮੰਗਲਾ ਕਿਹਾ ਜਾਂਦਾ ਹੈ।

ਸਵੇਰੇ ਲਾੜੇ ਦੇ ਚਿਹਰੇ 'ਤੇ ਦੁੱਧ ਲਗਾ ਕੇ ਸ਼ੇਵ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਉਸਨੂੰ ਮੰਗਲ ਸਨਾਨ ਕਰਵਾਇਆ ਜਾਂਦਾ ਹੈ। ਇਸ ਵਿੱਚ ਲਾੜੇ ਦੀ ਮਾਂ ਅਤੇ ਦੋ ਵਿਆਹੁਤਾ ਮਹਿਲਾਵਾਂ ਸ਼ਾਮਲ ਹੁੰਦੀਆਂ ਹਨ।

ਇਸ ਤੋਂ ਬਾਅਦ ਲਾੜਾ ਕੁੱਪਿਆ (ਰਿਵਾਇਤੀ ਕੋਡਵਾ ਪੋਸ਼ਾਕ) ਪਹਿਨਦਾ ਹੈ ਅਤੇ ਕਮਰ ਵਿੱਚ ਕਦਰ-ਕੱਥੀ (ਕਮਰ 'ਚ ਧਾਰਨ ਕੀਤੀ ਜਾਣ ਵਾਲੀ ਰਿਵਾਇਤੀ ਤਲਵਾਰ) ਰੱਖਦਾ ਹੈ।

ਹਾਲਾਂਕਿ ਵਿਆਹ ਦੀਆਂ ਵਾਇਰਲ ਤਸਵੀਰਾਂ ਵਿੱਚ ਵਿਜੈ ਦੇਵਰਕੋਂਡਾ ਇਸ ਕੋਡਵਾ ਪੋਸ਼ਾਕ ਵਿੱਚ ਨਜ਼ਰ ਨਹੀਂ ਆਏ। ਉਹ ਕਮਰ ਵਿੱਚ ਸੋਨੇ ਦਾ ਕਮਰਬੰਦ ਅਤੇ ਉੱਪਰ ਲਾਲ ਕੱਪੜਾ ਪਹਿਨੇ ਨਜ਼ਰ ਆਏ।

ਲਾੜੀ ਮੰਗਲ ਸਨਾਨ ਤੋਂ ਬਾਅਦ ਚੂੜੀਆਂ ਪਹਿਨਣ ਦੀ ਰਸਮ ਕਰਦੀ ਹੈ।

ਲਾੜੀ ਲਾਲ ਰੰਗ ਦੀ ਸੁਨਹਿਰੀ ਕਿਨਾਰੀ ਵਾਲੀ ਸਾੜ੍ਹੀ ਪਹਿਨਦੀ ਹੈ।

ਤਸਵੀਰ ਸਰੋਤ, Vijay Deverakonda/FB

ਤਸਵੀਰ ਕੈਪਸ਼ਨ, ਵਿਆਹ ਦੀਆਂ ਰਸਮਾਂ ਦੌਰਾਨ ਰਸ਼ਮਿਕਾ ਨੂੰ ਭਾਵੁਕ ਹੁੰਦਿਆਂ ਦੇਖਿਆ ਗਿਆ

ਵਿਆਹ ਦੀ ਰਸਮ ਵਿੱਚ 'ਬਾਲੇ ਬਿਰੂਦ' ਨੂੰ ਖ਼ਾਸ ਤੌਰ 'ਤੇ ਦਿਖਾਇਆ ਗਿਆ ਹੈ। ਭਾਵ ਵਿਆਹ ਦੇ ਹਾਲ ਦੇ ਰਸਤੇ ਵਿੱਚ ਕੇਲੇ ਦੇ ਤਣਿਆਂ ਨੂੰ ਫੁੱਲਾਂ ਨਾਲ ਸਜਾ ਕੇ ਇਕ ਕਤਾਰ ਵਿੱਚ ਰੱਖਿਆ ਜਾਂਦਾ ਹੈ।

ਵਿਆਹ ਮੰਡਪ ਵੱਲ ਆਉਣ ਵਾਲੇ ਰਸਤੇ ਨੂੰ ਕੇਲੇ ਦੇ ਤਣਿਆਂ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ।

ਫਿਰ ਲਾੜੀ ਜਾਂ ਲਾੜੇ ਦਾ ਮਾਮਾ ਇੱਕ ਹੀ ਵਾਰ ਵਿੱਚ ਤਲਵਾਰ ਨਾਲ ਇਨ੍ਹਾਂ ਤਣਿਆਂ ਨੂੰ ਕੱਟਦਾ ਹੈ।

ਰਘੂ ਸ਼ਰਮਾ ਦੱਸਦੇ ਹਨ, "ਕੁਝ ਥਾਵਾਂ 'ਤੇ ਇਹ ਰਸਮ ਲਾੜਾ ਕਰਦਾ ਹੈ, ਕੁਝ ਥਾਵਾਂ 'ਤੇ ਮਾਮਾ - ਰਿਵਾਇਤ ਸਥਾਨ ਅਨੁਸਾਰ ਬਦਲਦੀ ਹੈ।"

ਕਟਾਈ ਤੋਂ ਬਾਅਦ ਲਾੜਾ-ਲਾੜੀ ਮੰਡਪ ਦੇ ਚਾਰੇ ਪਾਸੇ ਤਿੰਨ ਫੇਰੇ ਲਗਾਉਂਦੇ ਹਨ ਅਤੇ ਪੂਰਬ ਦਿਸ਼ਾ ਵੱਲ ਬੈਠਦੇ ਹਨ।

ਆਸ਼ੀਰਵਾਦ ਅਤੇ ਅਧਿਕਾਰਾਂ ਦੀ ਰਸਮ

ਤਸਵੀਰ ਸਰੋਤ, Rashmika Mandanna/FB

ਤਸਵੀਰ ਕੈਪਸ਼ਨ, ਵਿਜੈ ਦੇਵਰਕੋਂਡਾ ਕਮਰ ਵਿੱਚ ਸੋਨੇ ਦਾ ਕਮਰਬੰਦ ਅਤੇ ਉੱਪਰ ਲਾਲ ਕੱਪੜਾ ਪਹਿਨੇ ਨਜ਼ਰ ਆਏ

ਇਸ ਤੋਂ ਬਾਅਦ ਆਸ਼ੀਰਵਾਦ ਹੁੰਦਾ ਹੈ।

ਸਭ ਤੋਂ ਪਹਿਲਾਂ ਮਾਂ, ਫਿਰ ਪਿਤਾ ਅਤੇ ਫਿਰ ਹੋਰ ਵੱਡੇ-ਬੁਜ਼ੁਰਗ ਆਸ਼ੀਰਵਾਦ ਦਿੰਦੇ ਹਨ।

ਇਸ ਤੋਂ ਬਾਅਦ ਲਾੜੀ ਲਾੜੇ ਨੂੰ ਦੁੱਧ, ਤੋਹਫ਼ੇ ਅਤੇ ਸੋਨੇ–ਚਾਂਦੀ–ਤਾਂਬੇ ਦੇ ਸਿੱਕਿਆਂ ਵਾਲੀ ਥੈਲੀ ਦਿੰਦੀ ਹੈ।

ਦੋਵੇਂ ਫੁੱਲਾਂ ਦੀ ਮਾਲਾ ਦੀ ਅਦਲਾ-ਬਦਲੀ ਕਰਦੇ ਹਨ।

ਇਸ ਤੋਂ ਬਾਅਦ ਵੱਡੇ-ਬਜ਼ੁਰਗ ਦੀਵੇ ਦੇ ਸਾਹਮਣੇ ਐਲਾਨ ਕਰਦੇ ਹਨ, "ਹੁਣ ਲਾੜੀ ਦੀ ਜ਼ਿੰਮੇਵਾਰੀ ਲਾੜੇ ਨੂੰ ਸੌਂਪੀ ਜਾਂਦੀ ਹੈ।"

ਤਸਵੀਰ ਸਰੋਤ, Vijay Deverakonda/FB

ਤਸਵੀਰ ਕੈਪਸ਼ਨ, ਰਸ਼ਮਿਕਾ ਮੰਦਾਨਾ ਨੇ ਸਾਲ 2016 ਵਿੱਚ ਕੰਨੜ ਫ਼ਿਲਮ 'ਕਿਰਿਕ ਪਾਰਟੀ' ਨਾਲ ਡੈਬਿਊ ਕੀਤਾ ਸੀ

ਫਿਰ ਲਾੜੀ ਪੱਖ ਦੇ ਲੋਕ ਲਾੜੇ ਦੇ ਘਰਦਿਆਂ ਨੂੰ 12 ਕੰਕੜ/ਪੱਥਰ ਦਿੰਦੇ ਹਨ, ਜਿਸਦਾ ਅਰਥ ਹੁੰਦਾ ਹੈ ਕਿ "ਅਸੀਂ ਲਾੜੀ ਦੇ ਸਾਰੇ ਅਧਿਕਾਰ ਤੁਹਾਨੂੰ ਸੌਂਪਦੇ ਹਾਂ।"

ਲਾੜੇ ਪੱਖ ਵਾਲੇ 11 ਕੰਕੜ ਰੱਖ ਲੈਂਦੇ ਹਨ ਅਤੇ ਇੱਕ ਛੱਡ ਦਿੰਦੇ ਹਨ, ਜਿਸਦਾ ਅਰਥ ਹੈ ਕਿ ਲੋੜ ਪੈਣ 'ਤੇ ਲਾੜੀ 'ਤੇ ਉਨ੍ਹਾਂ ਦਾ ਅਧਿਕਾਰ ਰਹੇਗਾ।

ਇਸ ਤੋਂ ਬਾਅਦ ਲਾੜਾ ਲਾੜੀ ਨੂੰ ਲੈ ਕੇ ਵਿਆਹ ਮੰਡਪ ਤੋਂ ਬਾਹਰ ਨਿਕਲਦਾ ਹੈ। ਕੋਡਵਾ ਵਿਆਹ ਵਿੱਚ ਮੰਗਲਸੂਤਰ ਬਹੁਤ ਛੋਟਾ ਹੁੰਦਾ ਹੈ।

ਤਸਵੀਰ ਸਰੋਤ, insta/rashmika_mandanna

ਤਸਵੀਰ ਕੈਪਸ਼ਨ, ਵਿਜੈ ਦੇਵਰਕੋਂਡਾ ਨੇ ਸਾਲ 2011 ਵਿੱਚ 'ਨੁਵਵਿਲਾ' ਨਾਲ ਤੇਲੁਗੁ ਫ਼ਿਲਮਾਂ ਵਿੱਚ ਕਦਮ ਰੱਖਿਆ ਸੀ

ਭੋਜਨ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਪਰੋਸਿਆ ਜਾਂਦਾ ਹੈ, ਇਹ ਵੀ ਰਿਵਾਇਤ ਦਾ ਹਿੱਸਾ ਹੈ। ਸ਼ਾਮ ਨੂੰ ਲਾੜੀ ਗੰਗਾ ਪੂਜਾ ਕਰਦੀ ਹੈ। ਉਸਦੇ ਪੈਰਾਂ ਵਿੱਚ ਰਿਵਾਇਤੀ ਝਾਂਜਰ ਪਹਿਨਾਈ ਜਾਂਦੀ ਹੈ।

ਲਾੜੀ ਖੂਹ 'ਤੇ ਜਾਂਦੀ ਹੈ, ਸੁਪਾਰੀ, ਬੇਲਪੱਤਰ, ਅਕਸ਼ਤ (ਚੌਲ) ਅਤੇ ਨਾਰੀਅਲ ਦੇ ਟੁਕੜੇ ਪਾਣੀ ਵਿੱਚ ਪਾ ਕੇ ਪੂਜਾ ਕਰਦੀ ਹੈ ਅਤੇ ਉਹੀ ਪਾਣੀ ਇੱਕ ਘੜੇ ਵਿੱਚ ਭਰ ਕੇ ਲਿਆਉਂਦੀ ਹੈ।

ਘੜਾ ਵਿਆਹ ਦੇ ਦੀਵੇ ਦੇ ਸਾਹਮਣੇ ਰੱਖਿਆ ਜਾਂਦਾ ਹੈ, ਇਹ ਸੰਕੇਤ ਹੁੰਦਾ ਹੈ ਕਿ ਲਾੜੀ ਹੁਣ ਆਪਣੇ ਸੁਹਰੇ ਘਰ ਵਿੱਚ ਗ੍ਰਿਹਲਕਸ਼ਮੀ ਵਜੋਂ ਦਾਖ਼ਲ ਹੋ ਚੁੱਕੀ ਹੈ।

ਅੰਤਿਮ ਰਸਮ 'ਕੋਂਬਾਰੇਕ ਕੋਤੁਵਾਵੋ' ਵਿੱਚ ਲਾੜਾ ਲਾੜੀ ਨੂੰ ਆਪਣੇ ਕਮਰੇ ਵਿੱਚ ਸੱਦਾ ਦਿੰਦਾ ਹੈ, ਲਾੜੀ ਦੇ ਚਿਹਰੇ ਤੋਂ ਘੂੰਗਟ ਹਟਾਉਂਦਾ ਹੈ ਅਤੇ ਉਸ ਨੂੰ ਵਿਆਹ ਵਾਲੀ ਸੋਨੇ ਦੀ ਅੰਗੂਠੀ ਭੇਂਟ ਕਰਦਾ ਹੈ।

ਇਸ ਤਰ੍ਹਾਂ ਵਿਆਹ ਸੰਸਕਾਰ ਪੂਰੀ ਤਰ੍ਹਾਂ ਸੰਪੰਨ ਹੁੰਦਾ ਹੈ।

ਵਿਜੈ-ਰਸ਼ਮਿਕਾ ਦਾ ਫ਼ਿਲਮੀ ਸਫ਼ਰ

ਤਸਵੀਰ ਸਰੋਤ, Vijay Deverakonda/FB

ਤਸਵੀਰ ਕੈਪਸ਼ਨ, ਮੌਜੂਦਾ ਸਮੇਂ ਦੋਵੇਂ ਫ਼ਿਲਮ 'ਰਣਬਾਲੀ' ਵਿੱਚ ਇਕੱਠੇ ਕੰਮ ਕਰ ਰਹੇ ਹਨ

ਰਸ਼ਮਿਕਾ ਮੰਦਾਨਾ ਨੇ ਸਾਲ 2016 ਵਿੱਚ ਕਨੜ ਫ਼ਿਲਮ 'ਕਿਰਿਕ ਪਾਰਟੀ' ਨਾਲ ਡੈਬਿਊ ਕੀਤਾ ਸੀ।

2018 ਵਿੱਚ ਤੇਲਗੂ ਫ਼ਿਲਮ 'ਛਲੋ' ਰਾਹੀਂ ਉਹ ਤੇਲੁਗੁ ਦਰਸ਼ਕਾਂ ਨਾਲ ਰੂਬਰੂ ਹੋਏ।

ਵਿਜੈ ਦੇਵਰਕੋਂਡਾ ਨੇ ਸਾਲ 2011 ਵਿੱਚ 'ਨੁਵਵਿਲਾ' ਨਾਲ ਤੇਲੁਗੁ ਫ਼ਿਲਮਾਂ ਵਿੱਚ ਕਦਮ ਰੱਖਿਆ।

2016 ਦੀ 'ਪੇਲੀ ਚੂਪੁਲੁ' ਅਤੇ 2017 ਦੀ 'ਅਰਜੁਨ ਰੈੱਡੀ' ਨਾਲ ਉਨ੍ਹਾਂ ਨੂੰ ਪਛਾਣ ਮਿਲੀ।

ਦੋਵਾਂ ਨੇ ਇਕੱਠੇ 'ਗੀਤਾ ਗੋਵਿੰਦਮ' ਅਤੇ 'ਡੀਅਰ ਕਾਮਰੇਡ' ਵਿੱਚ ਕੰਮ ਕੀਤਾ ਹੈ।

ਮੌਜੂਦਾ ਸਮੇਂ ਦੋਵੇਂ ਫ਼ਿਲਮ 'ਰਣਬਾਲੀ' ਵਿੱਚ ਇਕੱਠੇ ਕੰਮ ਕਰ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)