You’re viewing a text-only version of this website that uses less data. View the main version of the website including all images and videos.
ਕਥਿਤ ਪੁਲਿਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦਾ ਅਦਾਲਤੀ ਹੁਕਮਾਂ ਬਾਅਦ ਹੋਇਆ ਪੋਸਟਮਾਰਟਮ, ਕੇਸ ਬਾਰੇ ਅਦਾਲਤ ਨੇ ਹੋਰ ਵੀ ਆਦੇਸ਼ ਦਿੱਤੇ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 6 ਮਿੰਟ
ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ 'ਚ ਪੁਲਿਸ ਚੌਕੀ 'ਤੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮੁਲਜ਼ਮ ਰਣਜੀਤ ਸਿੰਘ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਅਦਾਲਤੀ ਹੁਕਮਾਂ ਹੇਠ ਕੀਤੀ ਗਈ।
ਹਾਲਾਂਕਿ, ਪਰਿਵਾਰ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਘਰ ਲੈ ਆਇਆ ਹੈ ਪਰ ਅੰਤਿਮ ਸੰਸਕਾਰ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।
ਦਰਅਸਲ, ਇਹ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ ਨਾਲ ਜੁੜਿਆ ਹੈ। ਰਣਜੀਤ ਸਿੰਘ 'ਤੇ ਪੁਲਿਸ ਚੌਕੀ 'ਤੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਇਲਜ਼ਾਮ ਲੱਗੇ ਸਨ। ਪਰ ਰਣਜੀਤ ਸਿੰਘ ਦੀ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।
ਪਰਿਵਾਰ ਨੇ ਰਣਜੀਤ ਸਿੰਘ ਦਾ ਪੋਸਟਮਾਰਟਮ ਪੀਜੀਆਈ ਜਾਂ ਏਮਜ਼ ਤੋਂ ਕਰਵਾਉਣ ਦੀ ਮੰਗ ਰੱਖੀ ਸੀ।
ਹਾਲਾਂਕਿ, ਗੁਰਦਾਸਪੁਰ ਦੀ ਅਦਾਲਤ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਅਤੇ ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਅਤੇ ਇਹ ਸਿਰਫ਼ ਹਾਈ ਕੋਰਟ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ।
ਅਦਾਲਤ ਨੇ ਕਿਹਾ ਸੀ ਕਿ ਮ੍ਰਿਤਕ ਦੀ ਲਾਸ਼ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਪਈ ਹੈ, ਇਸ ਲਈ ਤੁਰੰਤ ਪੋਸਟਮਾਰਟਮ ਕਰਵਾਇਆ ਜਾਵੇ। ਸੀਜੇਐੱਮ ਵੱਲੋਂ ਸਿਵਲ ਹਸਪਤਾਲ ਦੇ ਐਸਐੱਮਓ ਨੂੰ ਡਾਕਟਰਾਂ ਦਾ ਬੋਰਡ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।
ਅਦਾਲਤ ਨੇ ਕੀ ਕਿਹਾ
ਅਦਾਲਤੀ ਹੁਕਮਾਂ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਪਰਿਵਾਰ 3 ਮਾਰਚ ਨੂੰ ਕਰੀਬ 11:30 ਵਜੇ ਸਿਵਲ ਹਸਪਤਾਲ ਪਹੁੰਚਿਆ। ਉਨ੍ਹਾਂ ਦੇ ਨਾਲ ਵਕੀਲਾਂ ਦੀ ਇੱਕ ਟੀਮ ਵੀ ਮੌਜੂਦ ਸੀ। ਦੁਪਹਿਰ ਕਰੀਬ 12 ਵਜੇ ਤੋਂ ਬਾਅਦ ਸੀਜੇਐੱਮ ਨੇ ਹਸਪਤਾਲ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਮੀਟਿੰਗ ਕੀਤੀ।
ਲੰਬੀ ਮੀਟਿੰਗ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਬਣੀ ਅਤੇ ਕਰੀਬ 2:30 ਵਜੇ ਮ੍ਰਿਤਕ ਦਾ ਪੋਸਟਮਾਰਟਮ ਸ਼ੁਰੂ ਕੀਤਾ ਗਿਆ। ਇਹ ਪੋਸਟਮਾਰਟਮ ਸੀਜੇਐੱਮ ਦੀ ਹਾਜ਼ਰੀ ਵਿੱਚ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ।
ਇਸ ਟੀਮ ਵਿੱਚੋਂ ਦੋ ਡਾਕਟਰ ਫੋਰੈਂਸਿਕ ਮਾਹਰ ਸਨ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਬੁਲਾਇਆ ਗਿਆ ਸੀ, ਜਦਕਿ ਇੱਕ ਡਾਕਟਰ ਗੁਰਦਾਸਪੁਰ ਸਿਵਲ ਹਸਪਤਾਲ ਤੋਂ ਸੀ।
ਪੋਸਟਮਾਰਟਮ ਤੋਂ ਪਹਿਲਾਂ ਪਰਿਵਾਰ ਦੀ ਮੰਗ 'ਤੇ ਮ੍ਰਿਤਕ ਦੀ ਸ਼ਨਾਖ਼ਤ ਕਰਵਾਈ ਗਈ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਪ੍ਰਕਿਰਿਆ ਦੌਰਾਨ ਪਰਿਵਾਰ ਮੋਚਰੀ (ਮੁਰਦਾਘਰ) ਦੇ ਬਾਹਰ ਮੌਜੂਦ ਰਿਹਾ।
ਰਣਜੀਤ ਸਿੰਘ ਦੇ ਪਰਿਵਾਰ ਦੇ ਵਕੀਲ ਨੇ ਕੀ ਕਿਹਾ
ਰਣਜੀਤ ਸਿੰਘ ਦੇ ਪਰਿਵਾਰ ਦੇ ਵਕੀਲ ਰਵੀਦੀਪ ਬਡਿਆਲ ਨੇ ਦੱਸਿਆ ਕਿ ਪੋਸਟਮਾਰਟਮ ਦੇ ਹੁਕਮਾਂ ਤੋਂ ਇਲਾਵਾ ਹੋਰ ਵੀ ਕਈ ਆਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ, "ਅਦਾਲਤ ਨੇ ਗੁਰਦਾਸਪੁਰ ਪੁਲਿਸ ਦੇ ਸੀਆਈਏ ਇੰਚਾਰਜ ਗੁਰਮੀਤ ਸਿੰਘ ਅਤੇ ਹੋਰ ਸਬੰਧਤ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਮ੍ਰਿਤਕ ਰਣਜੀਤ ਸਿੰਘ ਦੇ ਫੋਨਾਂ ਦੀ ਕਾਲ ਡਿਟੇਲ (ਸੀਡੀਆਰ) ਅਤੇ ਜੀਪੀਐੱਸ ਲੋਕੇਸ਼ਨ ਨੂੰ 20 ਫਰਵਰੀ ਤੋਂ 28 ਫਰਵਰੀ 2026 ਤੱਕ ਲਈ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਹਨ।"
ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਦਾ ਹਿੱਸਾ ਬਣਾਉਣ ਲਈ ਵੀ ਕਿਹਾ ਗਿਆ ਹੈ।
ਇਸ ਤੋਂ ਇਲਾਵਾ, ਗੁਰਦਾਸਪੁਰ ਦੇ ਸੀਆਈਏ ਇੰਚਾਰਜ ਗੁਰਮੀਤ ਸਿੰਘ, ਜੋ ਮੁਕਾਬਲੇ ਦੌਰਾਨ ਜ਼ਖਮੀ ਦੱਸੇ ਗਏ ਹਨ, ਦੀ ਜਾਂਚ ਲਈ ਸੀਨੀਅਰ ਮੈਡੀਕਲ ਅਫਸਰ ਗੁਰਦਾਸਪੁਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਦਾਲਤ ਨੇ ਕਿਹਾ ਹੈ ਕਿ ਇਹ ਜਾਂਚ ਕੀਤੀ ਜਾਵੇ ਕਿ ਗੋਲੀ ਦਾ ਜ਼ਖਮ ਕਿਵੇਂ ਹੋਇਆ।
ਰਣਜੀਤ ਸਿੰਘ ਪਰਿਵਾਰ ਨੇ ਕੀ ਕਿਹਾ ਹੈ
ਮੰਗਲਵਾਰ ਨੂੰ ਕਰੀਬ 5:30 ਵਜੇ ਮ੍ਰਿਤਕ ਦਾ ਤਾਇਆ ਹਰਵਿੰਦਰ ਸਿੰਘ, ਰਣਜੀਤ ਸਿੰਘ ਦੀ ਮਾਂ ਅਤੇ ਹੋਰ ਰਿਸ਼ਤੇਦਾਰ ਗੱਡੀ ਵਿੱਚ ਬੈਠ ਘਰ ਵਾਪਸ ਜਾਣ ਲੱਗੇ ਤਾਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਪੁਲਿਸ ਵੱਲੋਂ ਕਿਹਾ ਗਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਆਪਣੇ ਨਾਲ ਲੈ ਕੇ ਜਾਣ।
ਮ੍ਰਿਤਕ ਦੇ ਤਾਇਆ ਹਰਵਿੰਦਰ ਸਿੰਘ ਮੱਲੀ ਨੇ ਕਿਹਾ ਸੀ ਕਿ ਇਸ ਵੇਲੇ ਮ੍ਰਿਤਕ ਦੇਹ ਲੈ ਕੇ ਜਾਣ ਲਈ ਉਨ੍ਹਾਂ ਕੋਲ ਕੋਈ ਇੰਤਜ਼ਾਮ ਨਹੀਂ ਹਨ ਪਰ ਅਗਲੇ ਦਿਨ ਭਾਵ ਬੁੱਧਵਾਰ ਨੂੰ ਪਰਿਵਾਰ ਦੇਹ ਘਰ ਲੈ ਆਇਆ।
ਉਨ੍ਹਾਂ ਦੱਸਿਆ, "ਮ੍ਰਿਤਕ ਦਾ ਪਿਤਾ ਵਿਦੇਸ਼ ਵਿੱਚ ਹੈ, ਇਸ ਲਈ ਅੰਤਿਮ ਸੰਸਕਾਰ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਲਾਸ਼ ਫਿਲਹਾਲ ਹਸਪਤਾਲ ਵਿੱਚ ਹੀ ਰੱਖੀ ਜਾਵੇ।"
ਇਸ ਦੌਰਾਨ ਪਰਿਵਾਰ ਦੇ ਸਮਰਥਨ ਵਿੱਚ ਕੁਝ ਜਥੇਬੰਦੀਆਂ ਵੱਲੋਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਮੌਕੇ 'ਤੇ ਪੰਜਾਬ ਪੁਲਿਸ ਦੇ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਡੀਆਈਜੀ ਸਤਿੰਦਰ ਸਿੰਘ ਪਹੁੰਚੇ। ਪੁਲਿਸ ਅਧਿਕਾਰੀਆਂ ਅਤੇ ਪਰਿਵਾਰ ਵਿੱਚ ਬੰਦ ਕਮਰੇ ਵਿੱਚ ਲੰਬੀ ਮੀਟਿੰਗ ਹੋਈ।
ਅੰਤ ਵਿੱਚ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਸਹਿਮਤੀ ਬਣੀ ਕਿ ਮ੍ਰਿਤਕ ਦੇਹ 3 ਮਾਰਚ ਦੀ ਰਾਤ ਨੂੰ ਹਸਪਤਾਲ ਦੀ ਮੋਚਰੀ ਵਿੱਚ ਹੀ ਰਹੇਗੀ। ਅੰਤਿਮ ਸੰਸਕਾਰ ਬਾਰੇ ਹਾਲੇ ਕੋਈ ਤਰੀਕ ਜਾਂ ਸਮਾਂ ਤੈਅ ਨਹੀਂ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਆਦੀਆਂ ਦੀ ਚੌਕੀ ਵਿੱਚ 21-22 ਫਰਵਰੀ ਦੀ ਦਰਮਿਆਨੀ ਰਾਤ ਨੂੰ ਏਐੱਸਆਈ ਗੁਰਨਾਮ ਸਿੰਘ ਅਤੇ ਪੀਐੱਚਜੀ ਅਸ਼ੋਕ ਕੁਮਾਰ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਸੀ।
ਇਸੇ ਮਾਮਲੇ ਵਿੱਚ ਪੁਲਿਸ ਨੇ ਨਾਮਜ਼ਦ ਦਿਲਾਵਰ ਅਤੇ ਰਣਜੀਤ ਸਿੰਘ ਨੂੰ ਫੜਿਆ ਸੀ।
ਰਣਜੀਤ ਸਿੰਘ ਦੀ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਅਤੇ ਤੀਜਾ ਮੁਲਜ਼ਮ ਇੰਦਰਜੀਤ ਸਿੰਘ ਵੀ ਫੜ ਲਿਆ ਹੈ।
ਡੀਆਈਜੀ ਸੰਦੀਪ ਗੋਇਲ ਨੇ ਬੀਤੇ ਲੰਘੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੌਤ ਅਤੇ ਰਣਜੀਤ ਸਿੰਘ ਦੇ ਐਨਕਾਊਂਟਰ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਸੀ, "ਅਸੀਂ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਸੀ। ਇਨ੍ਹਾਂ ਦੀ ਪਛਾਣ ਦਿਲਾਵਰ ਸਿੰਘ ਵਾਸੀ ਅਲੀਨੰਗਲ, ਰਣਜੀਤ ਤੇ ਇੰਦਰਜੀਤ ਵਾਸੀ ਪਿੰਡ ਆਦੀਆਂ ਵਜੋਂ ਹੋਈ ਹੈ। ਮੁੱਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਹੈਂਡਲਰਸ ਨਾਲ ਟੱਚ ਵਿੱਚ ਸਨ ਤੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਟਾਸਕਿੰਗ ਕਰ ਰਹੇ ਸਨ।"
ਡੀਆਈਜੀ ਨੇ ਦੱਸਿਆ ਸੀ ਕਿ ਮੁਲਜ਼ਮ ਰਣਜੀਤ ਕੋਲੋਂ ਵਾਰਦਾਤ ਵਿੱਚ ਵਰਤੇ ਹਥਿਆਰ ਦੀ ਬਰਾਮਦਗੀ ਲਈ ਉਸ ਨੂੰ ਪੁਲਿਸ ਪਾਰਟੀ ਲੈ ਕੇ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਦੀ ਗੱਡੀ ਪਿੰਡ ਗਾਲੜੀ ਨੇੜੇ ਸੰਘਣੀ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਈ।
ਉਨ੍ਹਾਂ ਨੇ ਅੱਗੇ ਕਿਹਾ ਸੀ, "ਇਸ ਹਾਦਸੇ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਰਣਜੀਤ ਉਥੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਸ ਮਗਰੋਂ ਤੁਰੰਤ ਸਖ਼ਤ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਕਰੀਬ ਤਿੰਨ ਵਜੇ ਪੁਰਾਣਾ ਸ਼ਾਲਾ ਦੇ ਏਰੀਆ ਵਿੱਚ ਸੀਆਈਏ ਦੇ ਇੰਚਾਰਜ ਗੁਰਮੀਤ ਸਿੰਘ ਦੀ ਟੀਮ ਨੇ ਇੱਕ ਮੋਟਰਸਾਈਕਲ 'ਤੇ ਆਉਂਦੇ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ।''
''ਇਸੇ ਦੌਰਾਨ ਉਸ ਨੇ ਪੁਲਿਸ ਨੂੰ ਉੱਪਰ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਉਸ 'ਤੇ ਫਾਇਰਿੰਗ ਕੀਤੀ, ਜਿਸ ਵਿੱਚ ਉਹ ਜ਼ਖ਼ਮੀ ਹੋ ਜਾਂਦਾ ਹੈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ