'ਤੁਹਾਡੀ ਵਾਰੀ ਵੀ ਜਲਦੀ ਆਵੇਗੀ, ਸਿਰਫ਼ ਉਮੀਦ ਬਣਾਈ ਰੱਖੋ', ਬਾਂਝਪਨ ਨਾਲ ਜੂਝ ਰਹੀਆਂ ਔਰਤਾਂ ਨੂੰ ਕੀ ਨਹੀਂ ਕਹਿਣਾ ਚਾਹੀਦਾ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਂਝਪਨ ਨਾਲ ਜੂਧ ਰਹੀਆਂ ਔਰਤਾਂ ਨਾਲ ਅਣਜਾਣੇ ਵਿੱਚ ਕਈ ਲੋਕ ਅਜਿਹੀਆਂ ਗੱਲ ਕਰ ਜਾਂਦੇ ਹੋ ਜੋ ਦੁੱਖ ਪਹੁੰਚਾਉਂਦੀਆਂ ਹਨ
    • ਲੇਖਕ, ਗ੍ਰੇਸ ਡੀਨ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਵਿੱਕੀ ਲੇਵਨਜ਼ ਤੀਜੇ ਮਿਸਕੈਰੇਜ ਦੇ ਅਗਲੇ ਦਿਨ ਆਪਣੀ ਰਿਸੈਪਸ਼ਨਿਸਟ ਦੀ ਨੌਕਰੀ 'ਤੇ ਵਾਪਸ ਆ ਗਈ।

ਕੰਮ 'ਤੇ ਵਾਪਸ ਆ ਕੇ, ਦੋ ਮੈਨੇਜਰਾਂ ਨੇ, ਜਿਨ੍ਹਾਂ ਨੂੰ ਉਸ ਦੇ ਅਨੁਸਾਰ ਉਸ ਦੇ ਹਾਲਾਤ ਬਾਰੇ ਪਤਾ ਸੀ, ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਨਾਲ ਉਨ੍ਹਾਂ ਨੂੰ ਕਾਫੀ ਦੁੱਖ ਪਹੁੰਚਿਆ।

ਇੱਕ ਮਹਿਲਾ ਮੈਨੇਜਰ ਨੇ ਉਸ ਨੂੰ ਕਿਹਾ ਕਿ "ਘੱਟੋ-ਘੱਟ" ਵਿੱਕੀ ਦਾ ਮਿਸਕੈਰੇਜ ਗਰਭਧਾਰਨ ਦੇ ਸ਼ੁਰੂਆਤੀ ਪੜਾਅ ਵਿੱਚ ਹੋਇਆ ਸੀ, ਜਦਕਿ ਇੱਕ ਪੁਰਸ਼ ਮੈਨੇਜਰ ਨੇ ਕਿਹਾ ਕਿ ਉਹ ਰਿਸੈਪਸ਼ਨ ਡੈਸਕ 'ਤੇ ਕੰਮ ਕਰਨ ਲਈ ਕਾਫ਼ੀ ਪੇਸ਼ੇਵਰ ਨਹੀਂ ਲੱਗ ਰਹੀ ਸੀ।

Sorry, we can’t display this part of the story on this lightweight mobile page.

ਬੈਫਾਸਟ ਵਿੱਚ ਰਹਿਣ ਵਾਲੀ 29 ਸਾਲਾ ਵਿੱਕੀ ਨੇ ਕਿਹਾ, "ਮੈਂ ਹੈਰਾਨ ਸੀ।" ਉਸ ਨੇ ਅਗਲੀ ਸ਼ਿਫਟ 'ਤੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।

ਪਿਛਲੇ ਕੁਝ ਸਾਲਾਂ ਵਿੱਚ, ਦੋਸਤਾਂ ਅਤੇ ਪਰਿਵਾਰ ਨੇ ਵਿੱਕੀ ਨੂੰ ਗਰਭਵਤੀ ਹੋਣ ਵਿੱਚ ਮਦਦ ਕਰਨ ਲਈ ਕੁਝ ਚੰਗੇ ਇਰਾਦਿਆਂ ਵਾਲੀਆਂ ਪਰ ਗ਼ਲਤ ਸਲਾਹਾਂ ਦਿੱਤੀਆਂ ਹਨ, ਜਿਵੇਂ ਕਿ "ਜਲਦੀ ਹੀ ਤੁਹਾਡੀ ਵਾਰੀ ਆਵੇਗੀ", "ਸਿਰਫ਼ ਉਮੀਦ ਬਣਾਈ ਰੱਖੋ" ਜਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ।

ਵਿੱਕੀ ਕਹਿੰਦੇ ਹਨ, "ਮੈਂ ਜਾਣਦੀ ਹਾਂ ਕਿ ਉਹ ਸਹਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।"

"ਪਰ ਉਸ ਸਮੇਂ, ਜਦੋਂ ਤੁਸੀਂ ਇਸ ਸਥਿਤੀ ਵਿੱਚੋਂ ਲੰਘ ਰਹੇ ਹੁੰਦੇ ਹੋ, ਮੈਂ ਚਾਹੁੰਦੀ ਹਾਂ ਕਿ ਲੋਕ ਇਹ ਗੱਲਾਂ ਨਾ ਕਹਿਣ ਕਿਉਂਕਿ ਇਹ ਦੁਖ ਪਹੁੰਚਾਉਂਦੀਆਂ ਹਨ।"

ਤਸਵੀਰ ਸਰੋਤ, Vicky Levens

ਤਸਵੀਰ ਕੈਪਸ਼ਨ, ਵਿੱਕੀ ਕਹਿੰਦੀ ਹੈ ਕਿ ਉਸ ਦੀ ਫਰਟੀਲਿਟੀ ਅਤੇ ਭਵਿੱਖ ਬਾਰੇ ਗਲਤ ਸਲਾਹ ਦੁਖਦਾਈ ਹੋ ਸਕਦੀ ਹੈ

ਅਪਮਾਨਜਨਕ ਟਿੱਪਣੀਆਂ

ਵਿੱਕੀ ਇਕੱਲੀ ਨਹੀਂ ਹੈ ਜਿਸ ਨੇ ਮਿਸਕੈਰੇਜ ਅਤੇ ਗਰਭਧਾਰਨ ਦੀਆਂ ਮੁਸ਼ਕਲਾਂ ਬਾਰੇ ਅਸਹਿਜ ਟਿੱਪਣੀਆਂ ਦਾ ਸਾਹਮਣਾ ਕੀਤਾ ਹੈ।

ਮੈਨਚੈਸਟਰ ਦੀ 33 ਸਾਲਾਂ ਕੇਅ ਨੇ ਵੂਮੈਨਜ਼ ਆਵਰ ਦੇ ਗਾਇਡ ਟੂ ਲਾਈਫ ਦੇ ਇੱਕ ਐਪੀਸੋਡ ਵਿੱਚ ਦੱਸਿਆ, "ਲੋਕਾਂ ਤੋਂ ਤੁਹਾਨੂੰ ਬਹੁਤ ਹੀ ਗ਼ਲਤ ਅਤੇ ਅਣਉਚਿਤ ਗੱਲਾਂ ਸੁਣਨ ਨੂੰ ਮਿਲਦੀਆਂ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਣਉਚਿਤ ਟਿੱਪਣੀਆਂ ਜਾਣਬੁੱਝ ਕੇ ਨਹੀਂ ਹੁੰਦੀਆਂ, ਪਰ ਉਹ ਅਸੰਵੇਦਨਸ਼ੀਲ ਲੱਗ ਸਕਦੀਆਂ ਹਨ।

ਕੇਅ ਯਾਦ ਕਰਦੇ ਹਨ, "ਮੇਰੇ ਬਹੁਤ ਕਰੀਬੀ ਕਿਸੇ ਨੇ ਆਈਵੀਐੱਫ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਮੈਨੂੰ ਬਿਠਾ ਕੇ ਕਿਹਾ ਕਿ 'ਬਹੁਤ ਸਾਰੀਆਂ ਔਰਤਾਂ ਨੂੰ ਮਿਸਕੈਰੇਜ ਹੁੰਦੇ ਹਨ, ਇਸ ਲਈ ਤੈਨੂੰ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਸਨੂੰ ਜ਼ਿਆਦਾ ਗੰਭੀਰ ਨਹੀਂ ਲੈਣਾ ਚਾਹੀਦਾ।"

ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੇ ਅਨੁਸਾਰ, ਲਗਭਗ ਹਰ ਸੱਤ ਵਿੱਚੋਂ ਇੱਕ ਜੋੜੇ ਨੂੰ ਗਰਭਧਾਰਨ ਵਿੱਚ ਮੁਸ਼ਕਲ ਆਉਂਦੀ ਹੈ।

ਯੂਕੇ ਵਿੱਚ 2023 ਵਿੱਚ 50,000 ਤੋਂ ਵੱਧ ਮਰੀਜ਼ਾਂ ਨੇ ਆਈਵੀਐੱਫ ਚੱਕਰ ਕਰਵਾਏ, ਜਿਸ ਵਿੱਚ ਆਂਡਿਆਂ ਨੂੰ ਲੈਬ ਵਿੱਚ ਫਰਟੀਲਾਈਜ਼ ਕੀਤਾ ਜਾਂਦਾ ਹੈ ਅਤੇ ਫਿਰ ਭਰੂਣ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ।

ਪਰ ਜਿਨ੍ਹਾਂ ਲੋਕਾਂ ਨੇ ਬਾਂਝਪਨ ਦਾ ਅਨੁਭਵ ਕੀਤਾ ਹੈ, ਉਹ ਕਹਿੰਦੇ ਹਨ ਕਿ ਇਹ ਵਿਸ਼ਾ ਦੋਸਤਾਂ, ਪਰਿਵਾਰ ਅਤੇ ਸਹਿਕਰਮੀਆਂ ਨਾਲ ਗੱਲ ਕਰਨ ਲਈ ਔਖਾ ਹੁੰਦਾ ਹੈ।

ਆਈਵੀਐੱਫ ਲਈ ਐੱਨਐੱਚਐੱਸ ਦੀ ਇੰਤਜ਼ਾਰ ਸੂਚੀ 'ਤੇ ਗਲਾਸਗੋ ਦੀ 26 ਸਾਲਾਂ ਕਲੋਏ ਕੈਵਾਨਾਘ ਕਹਿੰਦੀ ਹੈ, "ਮੇਰੇ ਖ਼ਿਆਲ ਵਿੱਚ ਇਹ ਕਾਫੀ ਟੈਬੂ ਵਾਲਾ ਵਿਸ਼ਾ ਹੈ।"

ਸ਼ੁਰੂ ਵਿੱਚ ਕਲੋਏ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਦੱਸਣ ਵਿੱਚ ਹਿਚਕਚਾ ਰਹੀ ਸੀ ਕਿ ਉਹ ਬਾਂਝਪਨ ਨਾਲ ਪ੍ਰਭਾਵਿਤ ਹੋ ਰਹੀ ਹੈ।

ਉਹ ਕਹਿੰਦੀ ਹੈ, "ਇੱਕ ਤਰ੍ਹਾਂ ਦੀ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਇਹ ਉਹ ਕੰਮ ਹੈ ਜੋ ਤੁਹਾਡਾ ਸਰੀਰ ਕਰਨ ਲਈ ਬਣਿਆ ਹੈ, ਇਸ ਲਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਨਾਕਾਮੀ ਦਾ ਅਹਿਸਾਸ ਕਰਵਾ ਰਹੇ ਹੋ।"

ਤਸਵੀਰ ਕੈਪਸ਼ਨ, ਕੇਅ ਕਹਿੰਦੀ ਹੈ ਕਿ ਲੋਕਾਂ ਨੇ ਬਿਨਾਂ ਜਾਣਬੂਝੇ ਉਸ ਦੀ ਬਾਂਝਪਨ ਬਾਰੇ ਦੁਖਦਾਈ ਟਿੱਪਣੀਆਂ ਕੀਤੀਆਂ ਹਨ

'ਤੁਹਾਡੀ ਔਰਤ ਹੋਣ ਦੀ ਕਾਬਲੀਅਤ 'ਤੇ ਸਵਾਲ ਚੁੱਕੇ ਜਾਂਦੇ ਹਨ'

ਵੈਸਟ ਲੰਡਨ ਵਿੱਚ ਰਹਿਣ ਵਾਲੀ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ 42 ਸਾਲਾਂ ਅਸੀਆ ਦਾਵੂਦ ਕਹਿੰਦੀ ਹੈ ਕਿ ਕੁਝ ਦੱਖਣੀ ਏਸ਼ੀਆਈ ਭਾਇਚਾਰਿਆਂ ਵਿੱਚ ਉਹ ਔਰਤਾਂ ਜੋ ਵਿਆਹ ਤੋਂ ਬਾਅਦ ਜਲਦੀ ਗਰਭਧਾਰਨ ਨਹੀਂ ਕਰਦੀਆਂ, ਉਨ੍ਹਾਂ ਨੂੰ "ਬਹੁਤ ਸਾਰੀਆਂ ਟਿੱਪਣੀਆਂ" ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਤੁਹਾਡੇ ਔਰਤ ਹੋਣ ਦੀ ਯੋਗਤਾ 'ਤੇ ਸਵਾਲ ਕੀਤੇ ਜਾਂਦੇ ਹਨ।"

ਉਹ ਇਹ ਕਹਿੰਦੇ ਹਨ ਕਿ ਰਿਸ਼ਤੇਦਾਰ ਅਕਸਰ ਪਤਨੀ ਨੂੰ ਉਸ ਦੇ ਕਰੀਅਰ 'ਤੇ ਧਿਆਨ ਦੇਣ ਜਾਂ ਜਵਾਨੀ ਵਿੱਚ ਵਿਆਹ ਨਾ ਕਰਨ ਲਈ ਦੋਸ਼ ਦੇਣ ਵਿੱਚ ਜਲਦਬਾਜ਼ੀ ਕਰਦੇ ਹਨ।

ਜਦੋਂ ਉਹ ਗਰਭਧਾਰਨ ਲਈ ਸੰਘਰਸ਼ ਕਰ ਰਹੀ ਸੀ ਤਾਂ ਅਸੀਆ ਨੇ ਉਦੋਂ ਦੋਸਤਾਂ ਅਤੇ ਪਰਿਵਾਰ ਤੋਂ ਦੂਰੀ ਬਣਾ ਲਈ ਕਿਉਂਕਿ ਉਹ ਲਗਾਤਾਰ ਟਿੱਪਣੀਆਂ ਤੋਂ ਥੱਕ ਚੁੱਕੀ ਸੀ।

ਉਹ ਦੱਸਦੇ ਹਨ, "ਮੈਂ ਬਾਹਰ ਨਹੀਂ ਜਾਂਦੀ ਸੀ, ਮੇਰੀ ਕੋਈ ਸਮਾਜਿਕ ਜ਼ਿੰਦਗੀ ਨਹੀਂ ਸੀ।"

ਉਨ੍ਹਾਂ ਦਾ ਕਹਿਣਾ ਹੈ ਕਿ ਮਦਦ ਮੰਗਣਾ "ਟੈਬੂ" ਮੰਨਿਆ ਜਾਂਦਾ ਹੈ ਅਤੇ ਇਸਨੂੰ "ਕਮਜ਼ੋਰੀ ਦੀ ਨਿਸ਼ਾਨੀ" ਵਜੋਂ ਦੇਖਿਆ ਜਾ ਸਕਦਾ ਹੈ।

ਤਸਵੀਰ ਸਰੋਤ, Asiya Dawood

ਤਸਵੀਰ ਕੈਪਸ਼ਨ, ਅਸੀਆ ਦਾਵੂਦ ਨੇ ਪਿਛਲੇ ਸਾਲ ਪਹਿਲੀ ਸਾਊਥ ਏਸ਼ੀਆ ਬੇਬੀ ਲੌਸ ਅਵੈਅਰਨੈੱਸ ਵੀਕ ਮੁਹਿੰਮ ਸ਼ੁਰੂ ਕੀਤੀ

ਯੂਨੀਵਰਸਿਟੀ ਕਾਲਜ ਲੰਡਨ (ਯੂਸੀਐੱਲ) ਵਿੱਚ ਪ੍ਰੋਡਕਟਿਵ ਸਾਇੰਸ ਦੀ ਪ੍ਰੋਫੈਸਰ ਜੋਇਸ ਹਾਰਪਰ ਕਹਿੰਦੀ ਹੈ, ਪਰ ਆਪਣੇ ਅਨੁਭਵਾਂ ਬਾਰੇ ਲੋਕਾਂ ਨਾਲ ਖੁੱਲ੍ਹ ਕੇ ਗੱਲ ਕਰਨਾ ਮਹੱਤਵਪੂਰਨ ਹੈ ਕਿਉਂਕਿ ਬਾਂਝਪਨ ਅਤੇ ਇਸ ਦੇ ਇਲਾਜ ਦਾ ਭਾਵਨਾਵਾਂ 'ਤੇ ਵੱਡਾ ਅਸਰ ਪੈ ਸਕਦਾ ਹੈ।

ਉਨ੍ਹਾਂ ਨੇ ਵੂਮੈਜ਼ ਆਵਰ ਨੂੰ ਦੱਸਿਆ, "ਇਲਾਜ ਆਪਣੇ ਆਪ ਵਿੱਚ ਇੱਕ ਰੋਲਰ ਕੋਸਟਰ (ਉਤਰਾਅ-ਚੜਾਅ) ਵਰਗਾ ਹੁੰਦਾ ਹੈ ਅਤੇ ਫਿਰ ਉਹ ਦਿਨ ਜਦੋਂ ਤੁਹਾਨੂੰ ਪੀਰੀਅਡ ਆਉਂਦਾ ਹੈ ਜਾਂ ਜਦੋਂ ਤੁਹਾਡਾ ਐਮਬ੍ਰਿਓ ਟ੍ਰਾਂਸਫਰ ਹੋਇਆ ਹੁੰਦਾ ਹੈ, ਕਈ ਅਜਿਹੇ ਸਮੇਂ ਹੁੰਦੇ ਹਨ ਜਦੋਂ ਇਹ ਬਹੁਤ ਔਖਾ ਹੋ ਜਾਂਦਾ ਹੈ।"

ਫਰਟੀਲਿਟੀ ਵਿੱਚ ਮਾਹਰ ਕਲਿਨੀਕਲ ਸਾਈਕੋਲੋਜਿਸਟ ਡਾ. ਮੈਰੀ ਪ੍ਰਿੰਸ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ 'ਤੇ ਤੁਸੀਂ ਭਰੋਸਾ ਕਰਦੇ ਹੋ, ਉਹ ਲਾਜ਼ਮੀ ਨਹੀਂ ਕਿ ਤੁਹਾਡੇ ਪਰਿਵਾਰ ਜਾਂ ਉਹ ਦੋਸਤ ਹੀ ਹੋਣ ਜਿਨ੍ਹਾਂ ਨਾਲ ਤੁਸੀਂ ਆਮ ਤੌਰ 'ਤੇ ਗੱਲਾਂ ਸਾਂਝੀਆਂ ਕਰਦੇ ਹੋ।

ਉਨ੍ਹਾਂ ਦਾ ਕਹਿਣਾ ਹੈ, "ਇਹ ਹੋ ਸਕਦਾ ਹੈ ਕਿ ਤੁਹਾਡੀ ਆਈਵੀਐੱਫ ਸਹਾਇਤਾ ਟੀਮ ਉਨ੍ਹਾਂ ਲੋਕਾਂ ਤੋਂ ਵੱਖਰੀ ਹੋਵੇ ਜੋ ਆਮ ਤੌਰ 'ਤੇ ਤੁਹਾਡਾ ਸਹਾਰਾ ਬਣਦੇ ਹਨ।"

ਪ੍ਰਿੰਸ ਕਹਿਣਾ ਹੈ ਕਿ ਯੂਕੇ ਦੇ ਕਲੀਨਿਕਾਂ (ਐੱਨਐੱਚਐੱਸ ਕਲੀਨਿਕਾਂ ਸਣੇ) ਵਿੱਚ ਫਰਟੀਲਿਟੀ ਇਲਾਜ ਲੈ ਰਹੇ ਲੋਕਾਂ ਨੂੰ ਕਾਊਂਸਲਰਾਂ ਤੱਕ ਪਹੁੰਚ ਮਿਲਦੀ ਹੈ ਅਤੇ ਉਹ ਸਭ ਨੂੰ ਇਸ ਸੇਵਾ ਦਾ ਲਾਭ ਲੈਣ ਲਈ ਉਤਸ਼ਾਹਿਤ ਕਰਦੀ ਹੈ।

ਬੀਬੀਸੀ ਨਿਊਜ਼ ਨਾਲ ਗੱਲ ਕਰਨ ਵਾਲੀਆਂ ਔਰਤਾਂ ਕਹਿੰਦੀਆਂ ਹਨ ਕਿ ਦੋਸਤਾਂ ਅਤੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਬਾਂਝਪਨ ਦਾ ਸਾਹਮਣਾ ਕਰ ਰਹੇ ਵਿਅਕਤੀ ਤੋਂ ਪੁੱਛਣ ਕਿ ਉਹ ਕਿਸ ਤਰ੍ਹਾਂ ਦੀ ਸਹਾਇਤਾ ਚਾਹੁੰਦੇ ਹਨ ਕਿਉਂਕਿ ਹਰ ਵਿਅਕਤੀ ਵੱਖ-ਵੱਖ ਹੁੰਦਾ ਹੈ।

ਕਲੋਏ ਕਹਿੰਦੀ ਹੈ ਕਿ ਸਮੇਂ-ਸਮੇਂ 'ਤੇ ਹਾਲਚਾਲ ਪੁੱਛਣਾ, ਮੀਟਿੰਗਾਂ ਦੀਆਂ ਤਰੀਕਾਂ ਯਾਦ ਰੱਖਣਾ ਅਤੇ ਇਲਾਜ ਬਾਰੇ ਜਾਣਕਾਰੀ ਹਾਸਲ ਕਰਨਾ ਦਿਖਾਉਂਦਾ ਹੈ ਕਿ ਤੁਸੀਂ ਉਸ ਵਿਅਕਤੀ ਬਾਰੇ ਸੋਚ ਰਹੇ ਹੋ।

ਤਸਵੀਰ ਸਰੋਤ, ikat photography / Sam Chandler

ਤਸਵੀਰ ਕੈਪਸ਼ਨ, ਮੈਰੀ ਪ੍ਰਿੰਸ ਅਤੇ ਜੋਇਸ ਹਾਰਪਰ ਨੇ ਮੁਤਾਬਕ, ਜਦੋਂ ਤੁਸੀਂ ਬਾਂਝਪਨ ਦਾ ਅਨੁਭਵ ਕਰ ਰਹੇ ਹੋ ਤਾਂ ਇੱਕ ਸਹਾਇਤਾ ਨੈੱਟਵਰਕ ਹੋਣਾ ਬਹੁਤ ਮਹੱਤਵਪੂਰਨ ਹੈ

'ਦੋਸਤਾਂ ਅਤੇ ਪਰਿਵਾਰ ਵੱਲੋਂ ਸ਼ਾਨਦਾਰ' ਸਹਾਇਤਾ

ਦੱਖਣੀ ਵੇਲਜ਼ ਦੀ 29 ਸਾਲਾਂ ਐਲੇਨਾ ਮੋਰਿਸ ਕਹਿੰਦੀ ਹੈ ਕਿ ਉਸ ਨੂੰ ਆਪਣੀ ਫਰਟੀਲਿਟੀ ਯਾਤਰਾ ਦੌਰਾਨ ਦੋਸਤਾਂ ਅਤੇ ਪਰਿਵਾਰ ਵੱਲੋਂ "ਸ਼ਾਨਦਾਰ" ਸਹਾਇਤਾ ਮਿਲੀ ਹੈ।

ਮਿਸਕੈਰੇਜ ਦੇ ਬਾਅਦ, ਲੋਕ ਐਲੇਨਾ ਨੂੰ ਮਿਲਣ ਆਏ, ਉਸ ਲਈ ਖਾਣਾ ਅਤੇ ਫੁੱਲ ਲਿਆਏ ਅਤੇ ਉਸ ਤੇ ਉਸ ਦੇ ਪਤੀ ਨੂੰ ਰੈਸਟੋਰੈਂਟ ਲਈ ਵਾਊਚਰ ਦਿੱਤੇ "ਤਾਂ ਜੋ ਉਹ ਕੁਝ ਸਮਾਂ ਆਰਾਮ ਕਰ ਸਕਣ"। ਉਸ ਦੇ ਮਾਤਾ-ਪਿਤਾ ਅਤੇ ਪਤੀ ਨੇ ਮਦਰਜ਼ ਡੇ 'ਤੇ ਵੀ ਉਸ ਨੂੰ ਫੁੱਲ ਦਿੱਤੇ।

ਪਰ ਇਹ ਸਿਰਫ਼ ਵੱਡੇ ਇਸ਼ਾਰੇ ਨਹੀਂ ਹਨ। ਐਲੇਨਾ ਕਹਿੰਦੀ ਹੈ ਕਿ ਛੋਟੇ ਸਹਾਇਕ ਸੰਕੇਤ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ, ਜਿਵੇਂ ਲੋਕਾਂ ਵੱਲੋਂ ਉਸ ਨੂੰ ਮੈਸੇਜ ਕਰਨਾ ਕਿ ਉਹ ਉਸ ਬਾਰੇ ਸੋਚ ਰਹੇ ਹਨ।

"ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਤੁਹਾਨੂੰ ਭੁਲਾਇਆ ਨਹੀਂ ਗਿਆ।"

ਜਦੋਂ ਕੋਈ ਦੋਸਤ ਜਾਂ ਰਿਸ਼ਤੇਦਾਰ ਗਰਭਵਤੀ ਹੋ ਜਾਂਦਾ ਹੈ, ਇਹ ਬਾਂਝਪਨ ਦਾ ਸਾਹਮਣਾ ਕਰ ਰਹੇ ਵਿਅਕਤੀ ਲਈ ਤੀਬਰ ਭਾਵਨਾਵਾਂ ਪੈਦਾ ਕਰ ਸਕਦਾ ਹੈ। ਪ੍ਰਿੰਸ ਕਹਿੰਦੀ ਹੈ ਕਿ ਉਸ ਨੇ ਅਜਿਹੇ ਲੋਕਾਂ ਨਾਲ ਗੱਲ ਕੀਤੀ ਹੈ ਜੋ ਆਪਣੇ ਪਿਆਰੇ ਲੋਕਾਂ ਦੀ ਗਰਭਵਤੀ ਹੋਣ ਦੀ ਖ਼ਬਰ 'ਤੇ "ਬਹੁਤ ਦੁਖੀ" ਮਹਿਸੂਸ ਕਰਦੇ ਹਨ।

ਐਲੇਨਾ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਕਿਹਾ ਹੈ ਕਿ ਉਹ ਆਪਣੀਆਂ ਗਰਭਵਤੀ ਹੋਣ ਦੀਆਂ ਖ਼ਬਰਾਂ ਉਸ ਨੂੰ ਟੈਕਸਟ ਰਾਹੀਂ ਸਾਂਝੀਆਂ ਕਰਨ, ਤਾਂ ਜੋ ਇਹ "ਹਜ਼ਮ ਕਰਨਾ ਆਸਾਨ ਹੋਵੇ ਅਤੇ ਤੁਸੀਂ ਤਿਆਰ ਹੋਣ 'ਤੇ ਜਵਾਬ ਦੇ ਸਕੋ"।

ਉਹ ਕਹਿੰਦੀ ਹੈ ਕਿ ਸਾਹਮਣੇ ਦੱਸਣ ਨਾਲ ਕੁਝ ਲੋਕਾਂ ਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਉਨ੍ਹਾਂ ਨੂੰ "ਬਹੁਤ ਬਹੁਤ ਖੁਸ਼ ਹੋਣਾ ਹੀ ਪਵੇਗਾ", ਭਾਵੇਂ "ਅਸਲ ਵਿੱਚ ਉਸ ਸਮੇਂ ਤੁਸੀਂ ਰੋਣਾ ਹੀ ਕਿਉਂ ਨਾ ਚਾਹੁੰਦੇ ਹੋਵੋ।"

ਤਸਵੀਰ ਸਰੋਤ, Chloe Cavanagh / Elena Morris

ਤਸਵੀਰ ਕੈਪਸ਼ਨ, ਕਲੋਏ ਕੈਵਾਨਾਘ ਅਤੇ ਐਲੇਨਾ ਮੋਰਿਸ ਕਹਿੰਦੀਆਂ ਹਨ ਕਿ ਚੈਕ-ਇਨ ਟੈਕਸਟ ਵਰਗੀਆਂ ਛੋਟੀਆਂ ਜਿਹੀਆਂ ਹਰਕਤਾਂ ਦੱਸ ਸਕਦੀਆਂ ਹਨ ਕਿ ਤੁਸੀਂ ਕਿਸੇ ਬਾਰੇ ਸੋਚ ਰਹੇ ਹੋ

ਜਦੋਂ ਕਲੋਏ ਦੇ ਨਜ਼ਦੀਕੀ ਦੋਸਤਾਂ ਵਿੱਚੋਂ ਇੱਕ ਗਰਭਵਤੀ ਹੋਈ, ਉਸ ਨੂੰ ਇਹ ਪਸੰਦ ਆਇਆ ਕਿ ਉਸ ਨੂੰ ਇੱਕ-ਇੱਕ ਕਰ ਕੇ ਦੱਸਿਆ ਗਿਆ, ਨਾ ਕਿ ਗਰੁੱਪ ਵਿੱਚ ਜਾਂ ਕਿਸੇ ਹੋਰ ਰਾਹੀਂ ਪਤਾ ਲੱਗਾ।

ਕਲੋਏ ਜੋੜਦੀ ਹੈ, "ਮੈਂ ਨਹੀਂ ਚਾਹੁੰਦੀ ਕਿ ਲੋਕ ਮੈਨੂੰ ਇਸ ਲਈ ਨਾ ਦੱਸਣ ਕਿਉਂਕਿ ਉਹ ਸੋਚਦੇ ਹਨ ਕਿ ਮੈਂ ਦੁਖੀ ਹੋਵਾਂਗੀ।"

ਦੱਖਣੀ ਏਸ਼ੀਆਈ ਭਾਇਚਾਰਿਆਂ ਵਿੱਚ ਅਸੀਆ ਕਹਿੰਦੀ ਹੈ ਕਿ ਨੌਜਵਾਨ ਲੋਕ ਬਾਂਝਪਨ ਅਤੇ ਮਿਸਕੈਰੇਜ ਨਾਲ ਜੁੜੇ ਦਾਗ਼ ਨੂੰ ਤੋੜਣ ਲਈ ਉਤਸੁਕ ਹਨ।

ਲੋਕਾਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਕਰਨ ਲਈ, ਉਸ ਨੇ ਪਿਛਲੇ ਸਾਲ ਪਹਿਲੀ ਸਾਊਥ ਏਸ਼ੀਆ ਬੇਬੀ ਲੌਸ ਅਵੈਅਰਨੈੱਸ ਵੀਕ ਸ਼ੁਰੂ ਕੀਤਾ, ਜਿਸ ਵਿੱਚ ਔਰਤਾਂ, ਜੀਪੀਐੱਸ ਅਤੇ ਚੈਰਿਟੀਆਂ ਵੱਲੋਂ ਵਿਚਾਰ-ਵਟਾਂਦਰੇ ਹੋਏ।

ਐਲੇਨਾ ਲਈ ਆਪਣੇ ਬਾਂਝਪਨ ਦੇ ਅਨੁਭਵ ਬਾਰੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਨਾ "ਇੱਕ ਰਾਹਤ ਵਰਗਾ ਮਹਿਸੂਸ ਹੋਇਆ।"

ਐਲੇਨਾ ਕਹਿੰਦੀ ਹੈ, "ਜਦੋਂ ਲੋਕ ਨਹੀਂ ਜਾਣਦੇ ਕਿ ਤੁਸੀਂ ਕਿਸ ਹਾਲਾਤ ਵਿੱਚੋਂ ਲੰਘ ਰਹੇ ਹੋ, ਤਾਂ ਕਈ ਵਾਰ ਅਣਜਾਣੇ ਵਿੱਚ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਹਨ ਜੋ ਤੁਹਾਨੂੰ ਟ੍ਰਿਗਰ ਕਰ ਸਕਦੀਆਂ ਹਨ। ਅਸੀਂ ਬਿਲਕੁਲ ਖੁਸ਼ ਹਾਂ ਕਿ ਅਸੀਂ ਖੁੱਲ੍ਹ ਕੇ ਗੱਲ ਕੀਤੀ ਅਤੇ ਇਸਨੂੰ ਬਦਲਣਾ ਨਹੀਂ ਚਾਹਾਂਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)