You’re viewing a text-only version of this website that uses less data. View the main version of the website including all images and videos.
ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਸਰਬਉੱਚ ਆਗੂ ਅਯਾਤੁੱਲਾ ਅਲੀ ਖਾਮੇਨਈ ਨੂੰ ਨਿਸ਼ਾਨਾ ਬਣਾਉਣ ਲਈ ਕਿਵੇਂ ਕਈ ਮਹੀਨੇ ਤਿਆਰੀ ਕੀਤੀ
- ਲੇਖਕ, ਗੋਰਡਨ ਕੋਰੇਰਾ
- ਰੋਲ, ਸੁਰੱਖਿਆ ਵਿਸ਼ਲੇਸ਼ਕ
- ਪੜ੍ਹਨ ਦਾ ਸਮਾਂ: 5 ਮਿੰਟ
ਉਹ ਹਮਲਾ ਜਿਸ ਵਿੱਚ ਈਰਾਨ ਦੇ ਸਰਬਉੱਚ ਨੇਤਾ ਅਯਾਤੁੱਲ੍ਹਾ ਅਲੀ ਖਾਮੇਨਈ ਮਾਰੇ ਗਏ ਸਨ, ਉਹ ਅੱਧੀ ਰਾਤ ਨੂੰ ਨਹੀਂ ਹੋਇਆ, ਜਿਵੇਂ ਕਿ ਉਮੀਦ ਕੀਤੀ ਜਾ ਸਕਦੀ ਸੀ, ਸਗੋਂ ਸਵੇਰ ਵੇਲੇ ਹੋਇਆ।
ਇਸਦੀ ਵਜ੍ਹਾ ਸੀ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਕੁਝ ਘੰਟੇ ਪਹਿਲਾਂ ਹਾਸਲ ਹੋਈ ਇੱਕ ਅਹਿਮ ਖੁਫ਼ੀਆ ਜਾਣਕਾਰੀ ਦਾ ਫਾਇਦਾ ਚੁੱਕਣ ਦਾ ਫ਼ੈਸਲਾ ਕੀਤਾ ਸੀ।
ਮਹੀਨਿਆਂ ਤੋਂ, ਉਹ ਅਜਿਹਾ ਮੌਕਾ ਭਾਲ ਰਹੇ ਸਨ ਜਦੋਂ ਸੀਨੀਅਰ ਈਰਾਨੀ ਹਸਤੀਆਂ ਦੀ ਬੈਠਕ ਹੋ ਰਹੀ ਹੋਵੇ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਯਾਤੁੱਲ੍ਹਾ ਅਲੀ ਖਾਮੇਨਈ ਸ਼ਨੀਵਾਰ ਸਵੇਰੇ ਮੱਧ ਤੇਹਰਾਨ ਦੇ ਇੱਕ ਕੰਪਾਊਂਡ ਵਿੱਚ ਹੋਣਗੇ।
ਉਨ੍ਹਾਂ ਕੋਲ ਉਸੇ ਸਮੇਂ ਬੈਠਕ ਕਰ ਰਹੇ ਹੋਰ ਸੀਨੀਅਰ ਫੌਜੀ ਅਤੇ ਖੁਫ਼ੀਆ ਅਧਿਕਾਰੀਆਂ ਦੀ ਸਹੀ ਲੋਕੇਸ਼ਨ ਦੀ ਜਾਣਕਾਰੀ ਵੀ ਸੀ।
ਮਹੀਨਿਆਂ ਤੋਂ ਅਮਰੀਕਾ ਅਤੇ ਇਜ਼ਰਾਈਲ ਸਰਬਉੱਚ ਨੇਤਾ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਦੁਆਰਾ ਵਰਤੇ ਗਏ ਸਹੀ ਤਰੀਕੇ ਗੁਪਤ ਹਨ, ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਤਰੀਕਿਆਂ ਦਾ ਇਸ਼ਾਰਾ ਦਿੱਤਾ ਸੀ।
"ਉਹ ਸਾਡੀ ਖੁਫ਼ੀਆ ਪ੍ਰਣਾਲੀ ਅਤੇ ਬਹੁਤ ਹੀ ਆਧੁਨਿਕ ਟਰੈਕਿੰਗ ਪ੍ਰਣਾਲੀਆਂ ਤੋਂ ਬਚਣ ਵਿੱਚ ਅਸਮਰੱਥ ਸੀ।"
ਇਹ ਕੋਈ ਮਨੁੱਖੀ ਸਰੋਤ (ਜਾਸੂਸ) ਹੋ ਸਕਦਾ ਹੈ ਜੋ ਜਾਣਕਾਰੀ ਦੇ ਰਿਹਾ ਸੀ, ਲੇਕਿਨ ਇਸਦੇ ਤਕਨੀਕੀ ਟਰੈਕਿੰਗ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਪਿਛਲੇ ਜੂਨ ਵਿੱਚ 12 ਦਿਨਾਂ ਦੀ ਜੰਗ ਵਿੱਚ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਖ਼ਬਰਾਂ ਅਨੁਸਾਰ ਵਿਅਕਤੀਆਂ ਦੀ ਹਰਕਤ ਨੂੰ ਸਮਝਣ ਲਈ ਟੈਲੀਕਾਮ ਅਤੇ ਮੋਬਾਈਲ ਫੋਨ ਪ੍ਰਣਾਲੀਆਂ ਵਿੱਚ ਸੰਨ੍ਹ ਲਗਾਈ ਸੀ।
ਇਸ ਵਿੱਚ ਕਦੇ-ਕਦੇ ਮੁੱਖ ਅਧਿਕਾਰੀਆਂ ਨਾਲ ਜੁੜੇ ਹੋਏ ਅੰਗ-ਰੱਖਿਅਕਾਂ ਦੀਆਂ ਹਰਕਤਾਂ ਨੂੰ ਟਰੈਕ ਕਰਨਾ ਵੀ ਸ਼ਾਮਲ ਸੀ।
ਲੰਬੇ ਸਮੇਂ ਵਿੱਚ ਇਹ ਗਤੀਵਿਧੀਆਂ ਦੀ ਭਵਿੱਖਬਾਣੀ ਕਰਨ ਅਤੇ ਸਮਝਣ ਲਈ ਇੱਕ "ਜੀਵਨ ਦਾ ਪੈਟਰਨ" ਬਣਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਨਾਲ ਹੀ ਕਮਜ਼ੋਰੀ ਦੇ ਪਲਾਂ ਦੀ ਭਾਲ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ।
ਸੰਯੁਕਤ ਕਾਰਵਾਈ ਅਤੇ ਵਿਆਪਕ ਮੁਹਿੰਮ ਦੀ ਸ਼ੁਰੂਆਤ
ਈਰਾਨ ਨੂੰ ਪਤਾ ਸੀ ਕਿ ਸਰਬਉੱਚ ਨੇਤਾ ਉੱਤੇ ਦੁਸ਼ਮਣਾਂ ਦੀ ਅੱਖ ਸੀ, ਇਸ ਲਈ ਇੰਨੇ ਮਹੀਨਿਆਂ ਦੌਰਾਨ ਕਮਜ਼ੋਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਅਸਫ਼ਲ ਰਹਿਣਾ ਇਰਾਨੀ ਸੁਰੱਖਿਆ ਅਤੇ ਕਾਊਂਟਰ-ਇੰਟੈਲੀਜੈਂਸ ਦੀ ਇੱਕ ਡੂੰਘੀ ਅਸਫ਼ਲਤਾ ਦਾ ਲਿਖਾਇਕ ਹੈ, ਜਾਂ ਫਿਰ ਇਜ਼ਰਾਈਲ ਅਤੇ ਅਮਰੀਕਾ ਦੀ ਆਪਣੇ ਤਰੀਕਿਆਂ ਨੂੰ ਬਦਲਣ ਅਤੇ ਟਰੈਕਿੰਗ ਦੇ ਨਵੇਂ ਤਰੀਕੇ ਲੱਭਣ ਦੀ ਸਮਰੱਥਾ ਨੂੰ।
ਇਰਾਨੀਆਂ ਨੇ ਸ਼ਾਇਦ ਇਹ ਵੀ ਅੰਦਾਜ਼ਾ ਲਗਾਇਆ ਹੋਵੇਗਾ ਕਿ ਹਮਲਾ ਦਿਨੇ ਹੋ ਸਕਦਾ।
ਨਿਊਯਾਰਕ ਟਾਈਮਜ਼ ਅਨੁਸਾਰ, ਇਸ ਮਾਮਲੇ ਵਿੱਚ, ਸੀਆਈਏ ਤੋਂ ਆਈ ਖੁਫ਼ੀਆ ਜਾਣਕਾਰੀ, ਅਸਲ ਹਮਲੇ ਨੂੰ ਅੰਜਾਮ ਦੇਣ ਲਈ ਇਜ਼ਰਾਈਲ ਨੂੰ ਦਿੱਤੀ ਗਈ ਸੀ।
ਸੰਕੇਤ ਮਿਲਦੇ ਹਨ ਕਿ ਕੰਮ ਦੀ ਵੰਡ ਕੀਤੀ ਗਈ ਹੈ ਜਿਸ ਵਿੱਚ ਇਜ਼ਰਾਈਲ ਲੀਡਰਸ਼ਿਪ ਦੇ ਟੀਚਿਆਂ 'ਤੇ ਹਮਲਾ ਕਰਨ 'ਤੇ ਧਿਆਨ ਦੇਰ ਰਿਹਾ ਹੈ ਅਤੇ ਅਮਰੀਕਾ ਜ਼ਿਆਦਾਤਰ ਫੌਜੀ ਟੀਚਿਆਂ 'ਤੇ।
ਮਹੱਤਵਪੂਰਨ ਗੱਲ ਇਹ ਹੈ ਕਿ ਖੁਫ਼ੀਆ ਜਾਣਕਾਰੀ ਨੇ ਸਰਬਉੱਚ ਨੇਤਾ ਅਤੇ ਹੋਰ ਅਧਿਕਾਰੀਆਂ ਦੀਆਂ ਗਤੀਵਿਧੀਆਂ ਬਾਰੇ ਇੰਨਾ ਪਹਿਲਾਂ ਨੋਟਿਸ ਦਿੱਤਾ ਸੀ ਕਿ ਉਹ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗ ਸਕਣ ਵਾਲੇ ਜੈੱਟ ਜਹਾਜ਼ਾਂ ਦੀ ਵਰਤੋਂ ਕਰਕੇ ਹਮਲੇ ਦੀ ਵਿਉਂਤ ਕਰ ਸਕੇ।
ਸਿਰਫ਼ ਇੱਕ ਮਾਰੂ (ਲੀਡਰ ਨੂੰ ਖ਼ਤਮ ਕਰਨ ਵਾਲੇ) ਹਮਲੇ ਦੀ ਬਜਾਏ, ਯੋਜਨਾ ਇਹ ਸੀ ਕਿ ਇਹ ਹਮਲਾ ਇੱਕ ਵਿਆਪਕ ਮੁਹਿੰਮ ਦੀ ਸ਼ੁਰੂਆਤ ਦਾ ਸੰਕੇਤ ਦੇਵੇ ਅਤੇ ਇਸਨੂੰ ਮੌਕੇ ਦਾ ਫਾਇਦਾ ਚੁੱਕਣ ਲਈ ਸਮੇਂ ਤੋਂ ਪਹਿਲਾਂ ਕੀਤਾ ਗਿਆ ਸੀ।
ਇਜ਼ਰਾਈਲੀ ਜੈੱਟਾਂ ਨੂੰ ਤੇਹਰਾਨ ਪਹੁੰਚਣ ਲਈ ਲਗਭਗ ਦੋ ਘੰਟੇ ਲੱਗ ਸਕਦੇ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਆਪਣੇ ਹਥਿਆਰ ਕਿੰਨੀ ਦੂਰੀ ਤੋਂ ਦਾਗੇ ਸਨ।
ਜਦੋਂ ਫੈਸਲਾ ਲਿਆ ਗਿਆ, ਤਾਂ ਖ਼ਬਰਾਂ ਅਨੁਸਾਰ ਇਜ਼ਰਾਈਲੀ ਜੈੱਟਾਂ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 09:40 ਵਜੇ ਕੰਪਾਊਂਡ 'ਤੇ ਹਮਲਾ ਕਰਨ ਲਈ 30 ਬੰਬਾਂ ਦੀ ਵਰਤੋਂ ਕੀਤੀ।
ਇਹ ਸ਼ਾਇਦ ਇਸ ਲਈ ਹੋ ਸਕਦਾ ਹੈ ਕਿਉਂਕਿ ਸਰਬਉੱਚ ਨੇਤਾ ਅਜੇ ਵੀ ਆਪਣੀ ਸੁਰੱਖਿਆ ਲਈ ਕੰਪਾਊਂਡ ਦੇ ਹੇਠਾਂ ਇੱਕ ਜਮੀਨਦੋਜ਼ ਬੰਕਰਾਂ ਦੀ ਵਰਤੋਂ ਕਰ ਰਹੇ ਸਨ (ਹਾਲਾਂਕਿ ਖ਼ਬਰਾਂ ਮੁਤਾਬਕ ਇਹ ਉਨ੍ਹਾਂ ਸਭ ਤੋਂ ਡੂੰਘੇ ਬੰਕਰਾਂ ਵਿੱਚੋਂ ਨਹੀਂ ਸੀ ਜੋ ਸ਼ਾਸਨ ਕੋਲ ਹਨ)।
ਟੀਚੇ 'ਤੇ ਸਟੀਕ ਹਮਲਾ ਯਕੀਨੀ ਬਣਾਉਣ ਲਈ ਕਾਫ਼ੀ ਡੂੰਘਾਈ ਤੱਕ ਪਹੁੰਚਣ ਵਾਸਤੇ ਕਈ ਹਥਿਆਰਾਂ (ਬੰਬਾਂ) ਦੀ ਲੋੜ ਪਈ ਹੋ ਸਕਦੀ ਹੈ।
ਈਰਾਨ ਦੀ ਰਾਜਧਾਨੀ ਦੇ ਹੋਰ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦਾ ਦਫ਼ਤਰ ਵੀ ਸ਼ਾਮਲ ਸੀ। ਰਾਸ਼ਟਰਪਤੀ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਸੁਰੱਖਿਅਤ ਹਨ।
ਈਰਾਨ ਨੇ ਆਪਣੇ ਤਿੰਨ ਸੀਨੀਅਰ ਰੱਖਿਆ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚ ਰੱਖਿਆ ਕੌਂਸਲ ਦੇ ਸਕੱਤਰ ਅਲੀ ਸ਼ਾਮਖਾਨੀ, ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਅਜ਼ੀਜ਼ ਨਾਸਿਰਜ਼ਾਦੇਹ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਦੇ ਕਮਾਂਡਰ ਜਨਰਲ ਮੁਹੰਮਦ ਪਾਕਪੁਰ ਸ਼ਾਮਲ ਹਨ।
ਜਦੋਂ ਜੈੱਟਾਂ ਨੇ ਹਮਲਾ ਕੀਤਾ, ਤਾਂ ਫਲੋਰੀਡਾ ਦੇ ਮਾਰ-ਏ-ਲਾਗੋ ਵਿੱਚ ਅੱਧੀ ਰਾਤ ਸੀ ਜਿੱਥੇ ਰਾਸ਼ਟਰਪਤੀ ਟਰੰਪ ਆਪਣੇ ਕੁਝ ਉੱਚ ਅਧਿਕਾਰੀਆਂ ਨਾਲ ਸਥਿਤੀ ਉੱਤੇ ਨਜ਼ਰ ਰੱਖਣ ਲਈ ਇਕੱਠੇ ਹੋਏ ਸਨ।
ਸਰਬਉੱਚ ਨੇਤਾ ਦੇ ਮਾਰੇ ਜਾਣ ਦੀ ਪੁਸ਼ਟੀ ਹੋਣ ਵਿੱਚ ਕਈ ਘੰਟੇ ਲੱਗ ਗਏ ਹੋਣਗੇ।
ਹਾਲਾਂਕਿ, ਈਰਾਨ ਇਸ ਸੰਭਾਵਨਾ ਲਈ ਤਿਆਰ ਸੀ। ਖ਼ਬਰਾਂ ਅਨੁਸਾਰ ਨਾ ਸਿਰਫ਼ ਅਯਾਤੁੱਲਾ ਅਲੀ ਖਾਮੇਨਈ, ਸਗੋਂ ਕਈ ਸੀਨੀਅਰ ਅਧਿਕਾਰੀਆਂ ਦੇ ਉਤਰਾਧਿਕਾਰੀ ਲਈ ਯੋਜਨਾਵਾਂ ਪਹਿਲਾਂ ਹੀ ਬਣਾ ਲਈਆਂ ਗਈਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ