ਰੇਲ ਰੂਟ ਦੀ ਖੁਦਾਈ ਨੇ ਸੋਨੇ ਦੇ ਦੰਦਾਂ ਸਣੇ ਹਜ਼ਾਰਾਂ ਸਾਲ ਪੁਰਾਣੀਆਂ ਹੋਰ ਕਿਹੜੀਆਂ ਇਤਿਹਾਸਿਕ ਚੀਜ਼ਾਂ ਸਾਹਮਣੇ ਲਿਆਂਦੀਆਂ ਹਨ

    • ਲੇਖਕ, ਹੈਰਿਏਟ ਬ੍ਰੈਡਸ਼ਾ
    • ਰੋਲ, ਸਾਇੰਸ ਰਿਪੋਰਟਰ
  • ਪੜ੍ਹਨ ਦਾ ਸਮਾਂ: 8 ਮਿੰਟ

ਯੂਕੇ ਵਿੱਚ ਐੱਚਐੱਸ2 ਰੇਲ ਪ੍ਰੋਜੈਕਟ ਦੇ ਵਿਵਾਦਤ ਰੂਟ 'ਤੇ ਹੁਣ ਤੱਕ ਸੈਂਕੜਿਆਂ ਪੁਰਾਤਤਵ ਵਿਦਵਾਨਾਂ ਵੱਲੋਂ ਖੋਜ ਦੌਰਾਨ ਮਿਲੀਆਂ ਇਤਿਹਾਸਕ ਵਸਤਾਂ ਬੀਬੀਸੀ ਨੂੰ ਖ਼ਾਸ ਤੌਰ 'ਤੇ ਦਿਖਾਈਆਂ ਗਈਆਂ ਹਨ।

ਲਗਭਗ 4 ਲੱਖ 50 ਹਜ਼ਾਰ ਵਸਤਾਂ, ਜੋ ਇੱਕ ਗੁਪਤ ਗੋਦਾਮ ਵਿੱਚ ਰੱਖੀਆਂ ਗਈਆਂ ਹਨ, ਵਿੱਚ ਇੱਕ ਸੰਭਾਵਿਤ ਰੋਮਨ ਗਲੇਡੀਏਟਰ ਦਾ ਟੈਗ, 40 ਹਜ਼ਾਰ ਸਾਲ ਤੋਂ ਵੀ ਪੁਰਾਣੀ ਪੱਥਰ ਦੀ ਕੁਲਹਾੜੀ ਅਤੇ 19ਵੀਂ ਸਦੀ ਦੇ ਸੋਨੇ ਦੇ ਨਕਲੀ ਦੰਦ ਸ਼ਾਮਲ ਹਨ।

ਸੈਂਟਰ ਫਾਰ ਬ੍ਰਿਟਿਸ਼ ਆਰਕੀਓਲੋਜੀ ਮੁਤਾਬਕ ਇਹ ਵਸਤਾਂ ਦੀ ਗਿਣਤੀ ਅਤੇ ਕਿਸਮ "ਬੇਮਿਸਾਲ" ਹੈ ਅਤੇ ਇਹ ਬ੍ਰਿਟੇਨ ਦੇ ਇਤਿਹਾਸ ਬਾਰੇ ਨਵੇਂ ਤੱਥ ਸਾਹਮਣੇ ਲਿਆਉਣਗੀਆਂ।

ਯੂਕੇ ਵਿੱਚ ਵੱਡੇ ਨਿਰਮਾਣ ਪ੍ਰੋਜੈਕਟਾਂ ਤੋਂ ਪਹਿਲਾਂ ਪੁਰਾਤਤਵ ਜਾਂਚ ਲਾਜ਼ਮੀ ਹੁੰਦੀ ਹੈ, ਤਾਂ ਜੋ ਇਤਿਹਾਸਕ ਵਿਰਾਸਤ ਨੂੰ ਬਚਾਇਆ ਜਾ ਸਕੇ। 2018 ਤੋਂ ਲੈ ਕੇ ਹੁਣ ਤੱਕ ਐੱਚਐੱਸ2 ਦੇ ਲੰਡਨ ਤੋਂ ਬਰਮਿੰਘਮ ਰੂਟ 'ਤੇ ਕਰੀਬ 1,000 ਪੁਰਾਤਤਵ ਵਿਦਵਾਨਾਂ ਨੇ 60 ਥਾਵਾਂ 'ਤੇ ਖੁਦਾਈ ਕੀਤੀ ਹੈ।

ਭਾਵੇਂ ਐੱਚਐੱਸ2 ਰੂਟ ਹੁਣ 2033 ਤੋਂ ਬਾਅਦ ਹੀ ਖੁੱਲ੍ਹਣ ਦੀ ਸੰਭਾਵਨਾ ਹੈ, ਪਰ ਪੁਰਾਤਤਵ ਵਿਦਵਾਨਾਂ ਦਾ ਕਹਿਣਾ ਹੈ ਕਿ ਖੁਦਾਈ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ।

ਸੁਰੱਖਿਆ ਕਾਰਨਾਂ ਕਰਕੇ ਗੋਦਾਮ ਦੀ ਥਾਂ ਗੁਪਤ ਰੱਖੀ ਗਈ ਹੈ। ਸਿਰਫ਼ ਇੰਨਾ ਹੀ ਦੱਸਿਆ ਗਿਆ ਹੈ ਕਿ ਇਹ ਯਾਰਕਸ਼ਾਇਰ ਵਿੱਚ ਹੈ। ਇੱਥੇ ਲਗਭਗ 7,300 ਡੱਬਿਆਂ ਵਿੱਚ ਇਤਿਹਾਸਕ ਵਸਤਾਂ ਭਰੀਆਂ ਹੋਈਆਂ ਹਨ, ਜੋ ਹੋਰ ਖੋਜ ਲਈ ਰੱਖੀਆਂ ਗਈਆਂ ਹਨ।

ਕਈ ਵਸਤਾਂ ਦਾ ਭਵਿੱਖ ਹਾਲੇ ਤੈਅ ਨਹੀਂ ਹੈ ਕੀ ਉਹ ਸਟੋਰੇਜ ਵਿੱਚ ਰਹਿਣਗੀਆਂ ਜਾਂ ਮਿਊਜ਼ੀਅਮਾਂ ਵਿੱਚ ਰੱਖੀਆਂ ਜਾਣਗੀਆਂ। ਉਨ੍ਹਾਂ ਦੀ ਮਾਲਕੀ ਬਾਰੇ ਵੀ ਫ਼ੈਸਲਾ ਨਹੀਂ ਹੋਇਆ।

ਹਿਸਟੋਰਿਕ ਇੰਗਲੈਂਡ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਖੋਜਾਂ ਰਾਹੀਂ ਪਿਛਲੇ 10 ਹਜ਼ਾਰ ਸਾਲਾਂ ਦੇ "ਨਵੇਂ ਅਤੇ ਦਿਲਚਸਪ ਸਥਾਨ" ਸਾਹਮਣੇ ਆਏ ਹਨ।

ਹਾਲਾਂਕਿ ਐੱਚਐੱਸ2 ਦੇ ਨਿਰਮਾਣ ਨੇ ਕਈ ਖੇਤਰਾਂ ਦੇ ਦ੍ਰਿਸ਼, ਖੇਤਾਂ ਅਤੇ ਭਾਈਚਾਰਿਆਂ ਨੂੰ ਬਦਲ ਦਿੱਤਾ ਹੈ, ਜਿਸ ਕਾਰਨ ਇਸ 'ਤੇ ਵੱਖ-ਵੱਖ ਵਿਚਾਰਾਂ ਹਨ। ਮਿਡ ਬਕਿੰਘਮਸ਼ਾਇਰ ਤੋਂ ਸੰਸਦ ਮੈਂਬਰ ਗ੍ਰੈਗ ਸਮਿਥ ਵਰਗੇ ਆਲੋਚਕ ਕਹਿੰਦੇ ਹਨ ਕਿ ਵਧਦੀਆਂ ਲਾਗਤਾਂ, ਦੇਰੀ, ਛੱਡੇ ਹੋਏ ਪਿੰਡ ਅਤੇ ਵਾਤਾਵਰਣ ਸਬੰਧੀ ਨੁਕਸਾਨ ਇਸ ਪ੍ਰੋਜੈਕਟ ਨੂੰ ਬੇਮਤਲਬ ਬਣਾਉਂਦੇ ਹਨ।

ਐੱਚਐੱਸ2 ਨੇ ਜਵਾਬ ਵਿੱਚ ਕਿਹਾ, "ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਵਾਈਲਡ ਸਾਫ਼ ਕਰ ਚੁੱਕੇ ਹਨ ਕਿ ਐੱਚਐੱਸ2 ਦੀ ਕੁੱਲ ਡਿਲਿਵਰੀ ਅਸਵੀਕਾਰਯੋਗ ਰਹੀ ਹੈ ਅਤੇ ਉਹ ਪ੍ਰੋਜੈਕਟ ਵਿੱਚ ਵਧਦੇ ਖ਼ਰਚਿਆਂ ਅਤੇ ਦੇਰੀਆਂ ਦੇ ਚੱਕਰ ਨੂੰ ਖ਼ਤਮ ਕਰਨ ਲਈ ਵਚਨਬੱਧ ਹਨ।"

"ਸਾਡੀ ਮਾਹਰ ਪੁਰਾਤਤਵ ਟੀਮ ਅਤੇ ਠੇਕੇਦਾਰਾਂ ਨੇ ਕਈ ਸਥਾਨਾਂ 'ਤੇ ਬੜੀ ਸਾਵਧਾਨੀ ਨਾਲ ਖੁਦਾਈ ਕੀਤੀ ਹੈ ਅਤੇ ਇਸ ਸਾਰੇ ਕੰਮ ਦੌਰਾਨ ਪੂਰਾ ਸਤਿਕਾਰ ਅਤੇ ਸਾਵਧਾਨੀ ਵਰਤੀ ਹੈ।"

ਨਾਰਥਹੈਂਪਟਨਸ਼ਾਇਰ ਬੈਟਲਫੀਲਡਜ਼ ਸੋਸਾਇਟੀ ਦੇ ਚੇਅਰਮੈਨ ਅਤੇ ਇਤਿਹਾਸਕਾਰ ਗ੍ਰਾਹਮ ਇਵਾਂਸ ਨੇ ਕਿਹਾ, "ਐੱਚਐੱਸ2 ਚੰਗੀ ਚੀਜ਼ ਹੈ ਜਾਂ ਮਾੜੀ, ਇਸ 'ਤੇ ਬਹਿਸ ਹੋ ਸਕਦੀ ਹੈ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਜੇ ਰੇਲਵੇ ਬਣਾਈ ਜਾਂਦੀ ਅਤੇ ਪੁਰਾਤਤਵ ਖੋਜ ਨਾ ਕੀਤੀ ਜਾਂਦੀ, ਤਾਂ ਇਹ ਹੋਰ ਵੀ ਵੱਡਾ ਦੁੱਖਦਾਈ ਕੰਮ ਹੁੰਦਾ।"

ਇਸ ਸਟੋਰ ਵਿੱਚ ਰੋਮਨ ਮੂਰਤੀਆਂ ਦੇ ਸਿਰ ਅਤੇ 13ਵੀਂ-14ਵੀਂ ਸਦੀ ਦਾ ਸੋਨੇ ਦਾ 'ਥ੍ਰੀ ਲਾਇਨਜ਼' ਲਾਕਟ ਵਰਗੀਆਂ ਖ਼ਾਸ ਵਸਤਾਂ ਮੌਜੂਦ ਹਨ।

ਇੱਕ ਥਾਂ 'ਤੇ ਜ਼ਮੀਨ 'ਤੇ 1799 ਦਾ ਇੱਕ ਖਾਲੀ ਤਾਬੂਤ ਬਬਲ ਰੈਪ ਵਿੱਚ ਲਪੇਟਿਆ ਹੋਇਆ ਪਿਆ ਹੈ ਅਤੇ ਉਸ ਦੇ ਕੋਲ ਹੀ ਇੱਕ ਹੋਰ ਛੋਟਾ ਤਾਬੂਤ ਮਾਸਕਿੰਗ ਟੇਪ ਨਾਲ ਲਪੇਟਿਆ ਹੋਇਆ ਹੈ। ਇਹ ਸਭ ਇਸ ਗੱਲ ਦੀ ਗੰਭੀਰ ਯਾਦ ਦਿਵਾਉਂਦੇ ਹਨ ਕਿ ਇਹ ਸਟੋਰ ਕਦੇ ਜ਼ਿੰਦਾ ਰਹੇ ਅਸਲੀ ਲੋਕਾਂ ਦੀ ਜ਼ਿੰਦਗੀ ਦਾ ਇੱਕ ਝਲਕੀਆ ਰਿਕਾਰਡ ਹੈ।

ਮਿਲੀਆਂ ਕੁਝ ਵਸਤਾਂ ਪਹਿਲਾਂ ਹੀ ਜਨਤਾ ਨੂੰ ਦਿਖਾਈਆਂ ਜਾ ਚੁੱਕੀਆਂ ਹਨ।

ਅਸੀਂ ਛੇ ਅਜਿਹੀਆਂ ਵਸਤਾਂ ਚੁਣੀਆਂ ਹਨ ਜੋ ਕਦੇ ਵੀ ਪ੍ਰਦਰਸ਼ਨ 'ਤੇ ਨਹੀਂ ਲਗਾਈਆਂ ਗਈਆਂ।

ਪੈਲਿਓਲਿਥਿਕ ਪੱਥਰ ਦੀ ਕੁਲਹਾੜੀ

ਮਾਹਰਾਂ ਦਾ ਮੰਨਣਾ ਹੈ ਕਿ ਇਹ ਕੁਹਾੜੀ 40 ਹਜ਼ਾਰ ਸਾਲ ਤੋਂ ਵੀ ਪੁਰਾਣੀ ਹੈ ਅਤੇ ਇਹ ਨੀਆਂਡਰਥਾਲ ਜਾਂ ਮਨੁੱਖ ਦੀ ਕਿਸੇ ਹੋਰ ਪੁਰਾਤਨ ਪ੍ਰਜਾਤੀ ਵੱਲੋਂ ਬਣਾਈ ਗਈ ਹੋ ਸਕਦੀ ਹੈ।

ਇਹ ਨਾਰਥਹੈਂਪਟਨਸ਼ਾਇਰ ਦੇ ਐਜਕੋਟ ਖੇਤਰ ਤੋਂ ਮਿਲੀ ਹੈ ਅਤੇ ਇਸਦਾ ਤੇਜ਼ ਕਿਨਾਰਾ ਸੰਭਵ ਤੌਰ 'ਤੇ ਜਾਨਵਰਾਂ ਨੂੰ ਕੱਟਣ ਲਈ ਵਰਤਿਆ ਜਾਂਦਾ ਸੀ।

ਇਸ ਕਿਸਮ ਦੀਆਂ ਕੁਲਹਾੜੀਆਂ ਲੱਕੜ ਦੇ ਡੰਡੇ ਨਾਲ ਨਹੀਂ ਜੁੜੀਆਂ ਹੁੰਦੀਆਂ ਸਨ, ਸਗੋਂ ਹੱਥ ਵਿੱਚ ਫੜ੍ਹ ਕੇ ਵਰਤੀਆਂ ਜਾਂਦੀਆਂ ਸਨ।

ਇਸ ਪ੍ਰੋਜੈਕਟ ਦੀ ਪੁਰਾਤਤਵ ਟੀਮ ਐਕਸੈਸ+ ਦੀ ਫਾਇੰਡਜ਼ ਲੀਡ ਡਾ. ਸਾਰਾ ਮਾਚਿਨ ਨੇ ਕਿਹਾ, "ਜਦੋਂ ਤੁਸੀਂ ਇਸਨੂੰ ਹੱਥ ਵਿੱਚ ਫੜ੍ਹਦੇ ਹੋ ਤਾਂ ਇਸਦਾ ਇੱਕ ਖ਼ਾਸ ਅਹਿਸਾਸ ਹੁੰਦਾ ਹੈ। ਅੱਜ ਵੀ ਇਹ ਮੇਰੀ ਹਥੇਲੀ ਵਿੱਚ ਬਿਲਕੁਲ ਫਿੱਟ ਬੈਠਦੀ ਹੈ।"

ਰੋਮਨ ਗਲੇਡੀਏਟਰ ਟੈਗ

ਪਤਲੀ ਹੱਡੀ ਤੋਂ ਬਣਿਆ ਇਹ ਛੋਟਾ ਟੁਕੜਾ ਲਿਖਤ ਨਾਲ ਉਕਰਿਆ ਹੋਇਆ ਹੈ। ਮਾਹਿਰਾਂ ਅਨੁਸਾਰ, ਜੇ ਇਹ ਪੂਰਾ ਹੁੰਦਾ ਤਾਂ ਇਸ 'ਤੇ ਲਿਖਿਆ ਹੁੰਦਾ, "ਡੋਮਾਈਨ ਵਿਕਟਰ ਵਿਨਕਸ ਫੀਲਿਕਸ" ਜਾਂ "ਲੌਰਡ ਵਿਕਟਰ, ਤੁਸੀਂ ਜਿੱਤੋ ਅਤੇ ਭਾਗਾਂ ਵਾਲੇ ਰਹੋ।"

ਇਹ ਨਾਰਥਹੈਂਪਟਨਸ਼ਾਇਰ ਤੋਂ ਮਿਲਿਆ ਹੈ। ਮਾਚਿਨ ਕਹਿੰਦੇ ਹਨ ਕਿ ਇਹ ਕਿਸੇ ਸਰਗਰਮ ਜਾਂ ਸਾਬਕਾ ਰੋਮਨ ਗਲੇਡੀਏਟਰ ਦਾ ਹੋ ਸਕਦਾ ਹੈ ਜਾਂ ਫਿਰ ਕਿਸੇ ਦਰਸ਼ਕ ਵੱਲੋਂ ਰੱਖਿਆ ਗਿਆ ਯਾਦਗਾਰੀ ਸਮਾਨ ਵੀ ਹੋ ਸਕਦਾ ਹੈ, ਭਾਵੇਂ ਕਿ ਉਸ ਖੇਤਰ ਵਿੱਚ ਕਿਸੇ ਅਰੀਨਾ ਜਾਂ ਸਰਕਸ ਸਥਾਨ ਦੇ ਸਬੂਤ ਨਹੀਂ ਮਿਲੇ।

ਇਹ ਇੱਕ ਵੱਡੇ ਮਿੱਟੀ ਦੇ ਬਰਤਨ ਵਿੱਚੋਂ ਮਿਲਿਆ, ਜਿਸ ਵਿੱਚ ਸੜੀਆਂ ਹੋਈਆਂ ਮਨੁੱਖੀ ਅਸਥੀਆਂ ਸਨ ਅਤੇ ਉਸਦੇ ਢੱਕਣ 'ਤੇ X ਦਾ ਨਿਸ਼ਾਨ ਸੀ।

ਕਿੰਗਜ਼ ਕਾਲਜ ਯੂਨੀਵਰਸਿਟੀ ਦੇ ਪੁਰਾਤਤਵ ਵਿਦਿਆ ਦੇ ਰੀਡਰ ਡਾ. ਜੌਨ ਪੀਅਰਸ ਨੇ ਕਿਹਾ ਕਿ ਗਲੇਡੀਏਟਰ ਨਾਲ ਸੰਬੰਧ ਹੋਣਾ ਸੰਭਵ ਹੈ, ਪਰ ਨਾਲ ਹੀ ਇਹ ਵੀ ਜੋੜਿਆ ਕਿ "ਕਬਰ ਦੀ ਹੋਰ ਫੋਰੈਂਸਿਕ ਜਾਂਚ ਨਾਲ ਕੋਈ ਵੱਖਰੀ ਕਹਾਣੀ ਵੀ ਸਾਹਮਣੇ ਆ ਸਕਦੀ ਹੈ।"

ਐਂਗਲੋ-ਸੈਕਸਨ ਸਪਿੰਡਲ ਵ੍ਹੋਰਲ

ਮੰਨਿਆ ਜਾਂਦਾ ਹੈ ਕਿ ਇਹ ਗਾਂ ਦੀ ਹੱਡੀ ਤੋਂ ਬਣੀ ਹੈ। ਇਹ ਸਜਾਵਟੀ ਐਂਗਲੋ-ਸੈਕਸਨ ਸਪਿੰਡਲ ਵ੍ਹੋਰਲ, ਜੋ ਧਾਗਾ ਕੱਤਣ ਵੇਲੇ ਭਾਰ ਦੇਣ ਲਈ ਵਰਤੀ ਜਾਂਦੀ ਸੀ, ਉਹ ਬਕਿੰਘਮਸ਼ਾਇਰ ਦੇ ਬਿਸ਼ਪਸਟੋਨ ਨੇੜੇ ਖੇਤੀਬਾੜੀ ਦੀ ਜ਼ਮੀਨ ਤੋਂ ਮਿਲੀ।

ਖੁਦਾਈ ਤੋਂ ਬਾਅਦ ਦੀ ਸਹਾਇਕ ਵਿਲੋ ਮੈਜਰ ਨੇ ਕਿਹਾ, "ਇਹ ਐਂਗਲੋ-ਸੈਕਸਨ ਦੌਰ ਵਿੱਚ ਕਪੜਾ ਤਕਨੀਕ ਦੇ ਵਿਕਾਸ ਦਾ ਬਹੁਤ ਦਿਲਚਸਪ ਸਬੂਤ ਹੈ।"

ਉਨ੍ਹਾਂ ਨੇ ਕਿਹਾ ਕਿ ਇਸਦੀ ਚਮਕਦਾਰ ਸਤ੍ਹਾ ਦੱਸਦੀ ਹੈ ਕਿ ਇਹ ਕਾਫ਼ੀ ਵਰਤੀ ਗਈ ਸੀ ਅਤੇ ਕਿਸੇ ਲਈ ਬਹੁਤ ਕੀਮਤੀ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਰਿੰਗ ਅਤੇ ਡਾਟ ਦਾ ਨਕਸ਼ਾ ਇਸ ਤੋਂ ਕਈ ਸਦੀ ਪਹਿਲਾਂ ਦੇ ਆਇਰਨ ਏਜ ਦੇ ਸੰਦਾਂ 'ਤੇ ਵੀ ਮਿਲਦਾ ਹੈ।

ਮੱਧਕਾਲੀ ਡਾਈ

ਵਾਰਵਿਕਸ਼ਾਇਰ ਦੇ ਲੋਅਰ ਰੈਡਬੋਰਨ ਪਿੰਡ, ਜੋ ਮੱਧਕਾਲ ਵਿੱਚ ਉਜੜ ਗਿਆ ਸੀ, ਤੋਂ ਮਿਲੀ, ਚਮਕਦੀ ਹੋਈ ਡਾਈ ਆਧੁਨਿਕ ਡਾਈ ਵਾਂਗ ਲੱਗਦੀ ਹੈ, ਪਰ ਇਸ 'ਤੇ ਅੰਕ ਲਗਾਉਣ ਦਾ ਤਰੀਕਾ ਵੱਖਰਾ ਹੈ।

ਇਸ ਦੀਆਂ ਅਸਮਾਨਤਾਵਾਂ ਜਿਵੇਂ ਕਿ ਡਾਈ ਹੋਰਨਾਂ ਨਾਲੋਂ ਲੰਬੀ ਹੈ, ਇਸਨੂੰ ਅੱਜਕੱਲ੍ਹ ਦੇ ਮਸ਼ੀਨੀ ਤੌਰ 'ਤੇ ਬਣੀਆਂ ਡਾਈਆਂ ਤੋਂ ਵੱਖਰਾ ਬਣਾਉਂਦੀਆਂ ਹਨ।

ਕਬਰ ਵਿੱਚੋਂ ਮਿਲਿਆ ਪੱਗ

ਸਾਧੀ ਚਿੱਟੀ ਚਮਕੀਲੀ ਪੋਰਸਲੈਨ ਨਾਲ ਬਣੀ ਅਤੇ ਕਾਲੇ ਵੇਰਵਿਆਂ ਵਾਲੀ ਬੈਠੀ ਹੋਈ ਪੱਗ ਕੁੱਤੇ ਦੀ ਇਹ ਪੂਰੀ ਮੂਰਤੀ ਯੂਸਟਨ ਦੇ ਸੇਂਟ ਜੇਮਜ਼ ਗਾਰਡਨਜ਼ ਵਿੱਚ ਇੱਕ ਅਣਪਛਾਤੀ ਔਰਤ ਦੀ ਕਬਰ ਵਿੱਚੋਂ ਮਿਲੀ।

ਮੰਨਿਆ ਜਾਂਦਾ ਹੈ ਕਿ ਇਹ 1770 ਤੋਂ 1800 ਦੇ ਦਰਮਿਆਨ ਡਰਬੀ ਪੋਰਸਲੈਨ ਫੈਕਟਰੀ ਵਿੱਚ ਬਣੀ ਸੀ।

19ਵੀਂ ਸਦੀ ਦੇ ਸੋਨੇ ਦੇ ਨਕਲੀ ਦੰਦ

ਮਾਚਿਨ ਨੇ ਕਿਹਾ, "ਹਰ ਡੱਬੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੁੰਦਾ ਹੈ।"

ਜਦੋਂ ਉਹ ਸ਼ਾਇਦ ਇੱਥੇ ਮਿਲੀ ਸਭ ਤੋਂ ਅਜੀਬ ਵਸਤੂ ਖੋਲ੍ਹ ਰਹੀ ਸੀ। 19ਵੀਂ ਸਦੀ ਦੇ ਮੰਨੇ ਜਾਂਦੇ ਹੇਠਲੇ ਜਬੜੇ ਦੇ ਸੋਨੇ ਦੇ ਨਕਲੀ ਦੰਦ, ਜੋ ਸਟੋਕ ਮਾਂਡੇਵਿਲ ਦੇ ਸੇਂਟ ਮੇਰੀਜ਼ ਓਲਡ ਚਰਚ ਤੋਂ ਮਿਲੇ।

ਇਸ ਵਿੱਚ ਛੇ ਦੰਦ ਹਨ ਅਤੇ ਅੰਦਰਲੇ ਪਾਸੇ ਨੰਬਰਾਂ ਦੀ ਮੁਹਰ ਵੀ ਲੱਗੀ ਹੋਈ ਹੈ।

ਮਾਚਿਨ ਨੇ ਕਿਹਾ, "ਇਹ ਵਸਤਾਂ ਹਨ, ਪਰ ਇਹ ਸਭ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਇਹ ਹਜ਼ਾਰਾਂ ਸਾਲਾਂ ਤੋਂ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਬਾਰੇ ਹੈ ਅਤੇ ਹੁਣ ਅਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਦੀਆਂ ਕਹਾਣੀਆਂ ਲਿਖਣੀ ਸ਼ੁਰੂ ਕਰ ਸਕਦੇ ਹਾਂ ਅਤੇ ਵੇਖ ਸਕਦੇ ਹਾਂ ਕਿ ਇਹ ਸਾਨੂੰ ਕੀ ਦੱਸਦੀਆਂ ਹਨ।"

'ਅਸਧਾਰਣ' ਪੈਮਾਨਾ

ਕੌਂਸਲ ਫਾਰ ਬ੍ਰਿਟਿਸ਼ ਆਰਕੀਓਲੋਜੀ ਦੇ ਨੀਲ ਰੈਡਫਰਨ ਨੇ ਐੱਚਐੱਸ2 ਦੀ ਤੁਲਨਾ ਹੋਰ ਵੱਡੇ ਵਿਕਾਸ ਪ੍ਰੋਜੈਕਟਾਂ ਨਾਲ ਕਰਦਿਆਂ ਕਿਹਾ, "ਇਸਦਾ ਪੈਮਾਨਾ ਹੀ ਇਸਨੂੰ ਇੰਨਾ ਅਸਧਾਰਣ ਬਣਾਉਂਦਾ ਹੈ।"

"ਪਰ ਇਹ ਯੋਜਨਾ ਦੀ ਲੰਬਾਈ ਅਤੇ ਉਹ ਦ੍ਰਿਸ਼ ਅਤੇ ਥਾਵਾਂ ਹਨ ਜਿਨ੍ਹਾਂ ਵਿੱਚੋਂ ਐੱਚਐੱਸ2 ਗੁਜ਼ਰੀ, ਜੋ ਇਨ੍ਹਾਂ ਸਾਈਟਾਂ ਅਤੇ ਸਮੱਗਰੀ ਦੇ ਸੰਗ੍ਰਹਿ ਨੂੰ ਇੰਨਾ ਦਿਲਚਸਪ ਬਣਾਉਂਦੇ ਹਨ। ਇਸ ਸਮੱਗਰੀ ਤੋਂ ਖੋਜ ਦੀ ਸੰਭਾਵਨਾ ਬੇਹੱਦ ਵੱਡੀ ਹੈ।"

ਉਹ ਮੰਨਦੇ ਹਨ ਕਿ ਇਹ ਖੋਜਾਂ ਲੋਕਾਂ ਨੂੰ ਅੱਜ ਅਤੇ ਅਤੀਤ ਵਿੱਚ ਦ੍ਰਿਸ਼-ਪ੍ਰਕਿਰਤੀ ਵਿੱਚ ਆਏ ਬਦਲਾਅ ਨੂੰ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ।

ਇਨ੍ਹਾਂ ਕਹਾਣੀਆਂ ਵਿੱਚ ਹੋਰ ਡੂੰਘਾਈ ਨਾਲ ਜਾਣ ਲਈ ਪੁਰਾਤਤਵ ਵਿਦਵਾਨ ਹੁਣ ਕੰਮ ਦੇ ਦੂਜੇ ਪੜਾਅ ਵਿੱਚ ਦਾਖ਼ਲ ਹੋ ਰਹੇ ਹਨ, ਜਿਸ ਵਿੱਚ ਹਾਲਤ ਦੀ ਜਾਂਚ, ਸਫ਼ਾਈ ਅਤੇ ਸੰਭਾਲ ਸੰਬੰਧੀ ਹੋਰ ਕੰਮ ਸ਼ਾਮਲ ਹਨ।

ਵਸਤਾਂ ਨੂੰ ਜਨਤਾ ਅੱਗੇ ਲਿਆਉਣ ਲਈ ਹੋਰ ਯੋਜਨਾਵਾਂ ਵੀ ਬਣ ਰਹੀਆਂ ਹਨ। ਵੈਂਡੋਵਰ ਸੈਕਸਨ ਕਬਰਿਸਤਾਨ ਤੋਂ ਮਿਲੀਆਂ ਵਸਤਾਂ, ਜਿੱਥੇ 122 ਕਬਰਾਂ ਮਿਲੀਆਂ, ਜਲਦੀ ਹੀ ਡਿਸਕਵਰ ਬਕਸ ਮਿਊਜ਼ੀਅਮ ਵਿੱਚ ਪਹਿਲੀ ਵਾਰ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਹਾਲਾਂਕਿ ਹੋਰ ਕਈ ਵਸਤਾਂ ਦਾ ਭਵਿੱਖ ਹਾਲੇ ਸਪਸ਼ਟ ਨਹੀਂ ਹੈ।

ਐੱਚਐੱਸ2 ਦੇ ਬੁਲਾਰੇ ਨੇ ਦੱਸਿਆ ਕਿ ਇੰਗਲਿਸ਼ ਪ੍ਰੋਪਰਟੀ ਲਾਅ ਅਧੀਨ, ਖੁਦਾਈ ਦੌਰਾਨ ਮਿਲੀਆਂ ਪੁਰਾਤਤਵ ਅਤੇ ਇਤਿਹਾਸਕ ਵਸਤਾਂ ਜਾਂ ਤਾਂ ਸਰਕਾਰ ਦੀ ਮਲਕੀਅਤ ਹੁੰਦੀਆਂ ਹਨ ਜਾਂ ਜ਼ਮੀਨ ਮਾਲਕਾਂ ਦੀ।

ਬੁਲਾਰੇ ਨੇ ਕਿਹਾ, "ਕਈ ਵਾਰ ਜ਼ਮੀਨ ਮਾਲਕ ਵਸਤਾਂ ਦੀ ਮਲਕੀਅਤ ਆਪਣੇ ਕੋਲ ਰੱਖਣਾ ਚਾਹੁੰਦੇ ਹਨ, ਜਿਸ ਸਥਿਤੀ ਵਿੱਚ ਉਹ ਉਨ੍ਹਾਂ ਦੀ ਦੇਖਭਾਲ ਲਈ ਵਾਪਸ ਕਰ ਦਿੱਤੀਆਂ ਜਾਂਦੀਆਂ ਹਨ।"

ਪ੍ਰੋਜੈਕਟ ਦੀ ਆਰਕਾਈਵ ਮੈਨੇਜਰ ਸ਼ਾਰਲਟ ਸੈਲਫ਼ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਜਿੱਥੇ ਸੰਭਵ ਹੋਵੇ, ਉੱਥੇ ਜ਼ਮੀਨ ਮਾਲਕਾਂ ਨੂੰ ਇਹ ਵਸਤਾਂ ਦਾਨ ਕਰਨ ਲਈ ਕਹਿ ਰਹੇ ਹਨ, ਤਾਂ ਜੋ ਰੂਟ ਦੇ ਆਲੇ-ਦੁਆਲੇ ਰਹਿੰਦੇ ਲੋਕ ਉਨ੍ਹਾਂ ਦਾ ਆਨੰਦ ਲੈ ਸਕਣ।

ਉਸਨੇ ਕਿਹਾ, "ਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਵਿੱਚੋਂ ਵੱਧ ਤੋਂ ਵੱਧ ਵਸਤਾਂ ਨੂੰ ਉਨ੍ਹਾਂ ਥਾਵਾਂ ਦੇ ਨੇੜਲੇ ਸਥਾਨਕ ਮਿਊਜ਼ੀਅਮਾਂ ਵਿੱਚ ਰੱਖਿਆ ਜਾਵੇ, ਜਿੱਥੋਂ ਇਹ ਮਿਲੀਆਂ ਸਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)