You’re viewing a text-only version of this website that uses less data. View the main version of the website including all images and videos.
ਉਡਾਣ ਭਰਦੇ ਹੀ ਜਹਾਜ਼ 'ਚ ਆਈ ਖਰਾਬੀ, ਪਾਇਲਟ ਨੇ ਅਜਿਹੀ ਲੈਂਡਿੰਗ ਕੀਤੀ ਕਿ ਸਾਰੇ ਯਾਤਰੀਆਂ ਦੀ ਜਾਨ ਬਚ ਗਈ
- ਲੇਖਕ, ਅਬਦਿਨਾਸਿਰ ਅਲੀ
- ਰੋਲ, ਬੀਬੀਸੀ ਸੋਮਾਲੀ
- ਪੜ੍ਹਨ ਦਾ ਸਮਾਂ: 4 ਮਿੰਟ
ਸੋਮਾਲੀਆ ਦੀ ਇੱਕ ਏਅਰਲਾਈਨ ਨੇ ਜਹਾਜ਼ ਦੀ ਸਫਲ ਕ੍ਰੈਸ਼ ਲੈਂਡਿੰਗ ਕਰਾਉਣ ਲਈ ਆਪਣੇ ਇੱਕ ਪਾਇਲਟ ਦੀ ਤਾਰੀਫ਼ ਕੀਤੀ ਹੈ। ਮਾਮਲਾ ਇੱਕ ਯਾਤਰੀ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਦਾ ਸੀ ਪਰ ਜਹਾਜ਼ ਦੇ ਪਾਇਲਟ ਨੇ ਆਪਣੀ ਸਿਆਣਪ ਨਾਲ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ।
ਦਰਅਸਲ ਸੋਮਾਲੀਆ ਦੇ ਇੱਕ ਯਾਤਰੀ ਜਹਾਜ਼ ਹਵਾ ਵਿੱਚ ਟੇਕ ਆਫ਼ ਕਰਨ ਤੋਂ ਤੁਰੰਤ ਬਾਅਦ ਤਕਨੀਕੀ ਖਰਾਬੀ ਆ ਗਈ।
ਹਾਲਾਂਕਿ, ਜਹਾਜ਼ ਦੇ ਪਾਇਲਟ ਨੇ ਰਾਜਧਾਨੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਮੁੰਦਰੀ ਕਿਨਾਰੇ 'ਤੇ ਜਹਾਜ਼ ਨੂੰ ਕ੍ਰੈਸ਼-ਲੈਂਡ ਕਰਵਾ ਦਿੱਤਾ ਅਤੇ ਜਹਾਜ਼ 'ਚ ਸਵਾਰ ਸਾਰੇ 55 ਲੋਕ ਬਚ ਗਏ।
ਸਟਾਰਸਕੀ ਏਵੀਏਸ਼ਨ ਨੇ ਕਿਹਾ ਕਿ 50 ਯਾਤਰੀਆਂ ਅਤੇ ਪੰਜ ਕਰੂ ਮੈਂਬਰਾਂ ਨੂੰ ਬਚਾਉਣ ਵਿੱਚ ਪਾਇਲਟ ਦੀ ਤੇਜ਼ ਸੂਝ-ਬੂਝ ਦਾ ਅਹਿਮ ਯੋਗਦਾਨ ਰਿਹਾ।
ਟੇਕ ਆਫ਼ ਕਰਨ ਤੋਂ ਤੁਰੰਤ ਬਾਅਦ ਹੋਈ ਦਿੱਕਤ
ਸੋਮਾਲੀਆ ਦੀ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਕਿਹਾ ਕਿ ਇੱਕ ਫੋਕਰ 50 ਜਹਾਜ਼ ਦੇ ਕਰੂ ਨੇ ਮੰਗਲਵਾਰ ਸਵੇਰੇ ਮੋਗਾਦੀਸ਼ੂ ਤੋਂ ਟੇਕ ਆਫ਼ ਕਰਨ ਤੋਂ ਤੁਰੰਤ ਬਾਅਦ ਜਹਾਜ਼ ਵਿੱਚ ਸਮੱਸਿਆ ਦੀ ਜਾਣਕਾਰੀ ਦਿੱਤੀ ਅਤੇ ਜਹਾਜ਼ ਨੂੰ ਵਾਪਸ ਭੇਜਣ ਦੀ ਬੇਨਤੀ ਕੀਤੀ।
ਸੀਏਏ ਦੇ ਡਾਇਰੈਕਟਰ ਅਹਿਮਦ ਮੈਕਲਿਨ ਹਸਨ ਨੇ ਕਿਹਾ ਕਿ ਇਸ ਤੋਂ ਬਾਅਦ ਇਹ (ਜਹਾਜ਼) ਹੇਠਾਂ ਉਤਰਿਆ ਪਰ ਰਨਵੇ 'ਤੇ ਨਹੀਂ ਰੁਕਿਆ, ਟਾਰਮੈਕ ਤੋਂ ਅੱਗੇ ਨਿਕਲ ਗਿਆ ਅਤੇ ਫਿਰ ਘੱਟ ਗਹਿਰੇ ਪਾਣੀ ਵਿੱਚ ਜਾ ਕੇ ਰੁਕ ਗਿਆ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਸਲ ਵਿੱਚ ਜਹਾਜ਼ ਵਿੱਚ ਕੀ ਦਿੱਕਤ ਆਈ ਸੀ।
ਸੋਮਾਲੀਆ ਵਿੱਚ ਅਫਰੀਕੀ ਯੂਨੀਅਨ ਦੇ ਮਿਸ਼ਨ ਨੇ ਕਿਹਾ ਕਿ ਬਚਾਅ ਕਾਰਜਾਂ ਵਿੱਚ ਮਦਦ ਲਈ ਸੰਯੁਕਤ ਰਾਸ਼ਟਰ ਅਤੇ ਅਫਰੀਕੀ ਯੂਨੀਅਨ ਦੇ ਸੈਨਿਕਾਂ ਨੂੰ "ਤੁਰੰਤ ਤਾਇਨਾਤ" ਕਰ ਦਿੱਤਾ ਗਿਆ ਸੀ।
ਐਕਸ 'ਤੇ ਪੋਸਟ ਵਿੱਚ ਇਹ ਵੀ ਕਿਹਾ ਗਿਆ ਕਿ ਸੋਮਾਲੀਆ ਦੇ ਟ੍ਰਾਂਸਪੋਰਟ ਮੰਤਰੀ ਵੀ ਮੌਕੇ 'ਤੇ ਮੌਜੂਦ ਸਨ।
ਫੁਟੇਜ 'ਚ ਕੀ ਨਜ਼ਰ ਆਇਆ
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤੇ ਗਏ ਫੁਟੇਜ ਵਿੱਚ ਨੁਕਸਾਨੇ ਗਏ ਜਹਾਜ਼ ਤੋਂ ਯਾਤਰੀ ਉਤਰਦੇ ਦਿਖਾਈ ਦੇ ਰਹੇ ਹਨ।
ਹਿੰਦ ਮਹਾਸਾਗਰ ਦੇ ਕਿਨਾਰੇ ਨੁਕਸਾਨੇ ਗਏ ਜਹਾਜ਼ ਨੂੰ ਵੀ ਦੇਖਿਆ ਜਾ ਸਕਦਾ ਹੈ।
ਇਸ ਪੂਰੀ ਘਟਨਾ ਵਿੱਚ ਕਿਸੇ ਦੇ ਗੰਭੀਰ ਤੌਰ 'ਤੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਪਾਇਲਟ ਦੀ ਪ੍ਰਸ਼ੰਸਾ
ਸਟਾਰਸਕੀ ਦੇ ਬੁਲਾਰੇ ਹਸਨ ਮੁਹੰਮਦ ਅਦਨ ਨੇ ਕਿਹਾ, "ਸਾਨੂੰ ਇਹ ਪੁਸ਼ਟੀ ਕਰਦੇ ਹੋਏ ਰਾਹਤ ਮਿਲੀ ਹੈ ਕਿ ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ। ਐਮਰਜੈਂਸੀ ਲੈਂਡਿੰਗ ਦੀ ਵਜ੍ਹਾ ਬਣੀ ਤਕਨੀਕੀ ਸਮੱਸਿਆ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ।"
ਉਨ੍ਹਾਂ ਅੱਗੇ ਕਿਹਾ, "ਪਾਇਲਟ ਦੇ ਤੇਜ਼ੀ ਨਾਲ ਲਗੇ ਗਏ, ਸ਼ਾਂਤ ਫ਼ੈਸਲੇ ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸਥਿਤੀ ਨੂੰ ਸੰਭਾਲਿਆ, ਉਸ ਦੇ ਲਈ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ