ਟੀ-20 ਵਰਲਡ ਕੱਪ: ਇੰਗਲੈਂਡ ਨਾਲ ਸੈਮੀਫਾਈਨਲ ਮੈਚ ਵਿੱਚ ਇਹ ਗਲਤੀਆਂ ਭਾਰਤ ਨੂੰ ਪੈ ਸਕਦੀਆਂ ਹਨ ਭਾਰੀ

    • ਲੇਖਕ, ਪ੍ਰਵੀਨ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਟੀ-20 ਵਰਲਡ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਅੱਜ ਭਾਰਤ ਦੀ ਟੱਕਰ ਇੰਗਲੈਂਡ ਨਾਲ ਹੈ।

ਨਿਊਜ਼ੀਲੈਂਡ ਦੀ ਟੀਮ ਬੁੱਧਵਾਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ।

ਫਿਨ ਐਲਨ ਨੇ ਮਹਿਜ਼ 33 ਗੇਂਦਾਂ 'ਚ ਸੈਂਕੜਾ ਬਣਾ ਕੇ ਦੱਖਣੀ ਅਫਰੀਕਾ ਨੂੰ ਟੂਰਨਾਮੈਂਟ ਤੋਂ ਆਊਟ ਕਰ ਦਿੱਤਾ।

ਇਹ ਟੀ-20 ਵਰਲਡ ਕੱਪ ਦਾ ਸਭ ਤੋਂ ਤੇਜ਼ ਸੈਂਕੜਾ ਰਿਹਾ।

ਦੂਜੇ ਸੈਮੀਫਾਈਨਲ 'ਚ ਜੋ ਵੀ ਟੀਮ ਜੇਤੂ ਹੋਵੇਗੀ, ਉਸ ਦਾ ਮੁਕਾਬਲਾ 8 ਮਾਰਚ ਨੂੰ ਟੂਰਨਾਮੈਂਟ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨਾਲ ਹੋਵੇਗਾ।

ਭਾਰਤੀ ਟੀਮ ਟੀ-20 ਵਰਲਡ ਕੱਪ ਦੀ ਮੌਜੂਦਾ ਚੈਂਪੀਅਨ ਹੈ। ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਵੀ ਭਾਰਤੀ ਟੀਮ ਨੂੰ ਫ਼ੇਵਰੇਟ ਵਜੋਂ ਰੇਟ ਕੀਤਾ ਜਾ ਰਿਹਾ ਸੀ।

ਪਰ ਸੈਮੀਫਾਈਨਲ ਤੱਕ ਪਹੁੰਚਦੇ-ਪਹੁੰਚਦੇ ਟੀਮ ਦੀਆਂ ਕਈ ਅਜਿਹੀਆਂ ਕਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਕਰਕੇ ਟੀਮ ਇੰਡੀਆ ਲਈ ਫਾਈਨਲ ਵਿੱਚ ਪਹੁੰਚਣ ਦਾ ਸਫ਼ਰ ਮੁਸ਼ਕਲ ਹੋ ਸਕਦਾ ਹੈ।

ਹਾਲਾਂਕਿ, ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਵੱਲੋਂ ਉਨ੍ਹਾਂ ਕਮੀਆਂ ਤੋਂ ਸਬਕ ਲੈਣ ਵੱਲ ਇਸ਼ਾਰਾ ਵੀ ਦਿੱਤਾ ਗਿਆ ਹੈ।

ਨਵੀਂ ਗੇਂਦ ਨਾਲ ਜੋਫਰਾ ਆਰਚਰ ਦੀ ਚੁਣੌਤੀ

ਟੂਰਨਾਮੈਂਟ ਵਿੱਚ ਚਾਹੇ ਭਾਰਤੀ ਕ੍ਰਿਕਟ ਟੀਮ ਸੈਮੀਫਾਈਨਲ ਤੱਕ ਪਹੁੰਚਦੇ ਹੋਏ ਸਿਰਫ਼ ਇੱਕ ਮੈਚ ਹੀ ਹਾਰੀ ਹੈ ਪਰ ਭਾਰਤ ਦੇ ਟੌਪ ਆਰਡਰ ਦਾ ਫਲੌਪ ਹੋਣਾ ਟੀਮ ਲਈ ਲਗਾਤਾਰ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

ਦੱਖਣੀ ਅਫਰੀਕਾ ਨਾਲ ਮੁਕਾਬਲੇ ਵਿੱਚ ਭਾਰਤ ਦੀ ਹਾਰ ਦੀ ਇੱਕ ਵੱਡਾ ਕਾਰਨ ਪਾਵਰਪਲੇ ਵਿੱਚ ਹੀ ਤਿੰਨ ਬੱਲੇਬਾਜ਼ਾਂ ਦਾ ਆਉਟ ਹੋਣਾ ਰਿਹਾ। ਜਦਕਿ ਅਮਰੀਕਾ ਖ਼ਿਲਾਫ਼ ਤਾਂ ਭਾਰਤ ਨੇ ਪਾਵਰਪਲੇ ਵਿੱਚ ਹੀ ਚਾਰ ਵਿਕਟਾਂ ਗੁਆ ਦਿੱਤੀਆਂ ਸਨ।

ਹਾਲਾਂਕਿ, ਕਪਤਾਨ ਸੂਰਿਆਕੁਮਾਰ ਯਾਦਵ ਦੀ ਨਾਬਾਦ 84 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਉਲਟਫੇਰ ਤੋਂ ਬਚਾ ਲਿਆ ਸੀ। ਪਰ ਇੰਗਲੈਂਡ ਦੇ ਖ਼ਿਲਾਫ਼ ਮੈਚ ਵਿੱਚ ਸ਼ਾਇਦ ਭਾਰਤ ਨੂੰ ਅਜਿਹੀ ਗਲਤੀ ਤੋਂ ਉਭਰਣ ਦਾ ਮੌਕਾ ਨਾ ਮਿਲੇ, ਕਿਉਂਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ੀ ਅਟੈਕ ਦੀ ਕਮਾਨ ਜੋਫਰਾ ਆਰਚਰ ਦੇ ਹੱਥਾਂ ਵਿੱਚ ਹੈ।

ਪਹਿਲੇ ਦੋ ਮੈਚਾਂ ਵਿੱਚ 90 ਦੌੜਾਂ ਖਰਚ ਕਰਨ ਤੋਂ ਬਾਅਦ ਆਰਚਰ ਨੇ ਟੂਰਨਾਮੈਂਟ ਵਿੱਚ ਚੰਗੀ ਵਾਪਸੀ ਕੀਤੀ ਹੈ। ਆਰਚਰ ਨੇ ਇਸ ਵਰਲਡ ਕੱਪ ਵਿੱਚ ਪਾਵਰਪਲੇ ਦੌਰਾਨ 114 ਗੇਂਦਾਂ ਸੁੱਟੀਆਂ ਹਨ ਅਤੇ ਉਨ੍ਹਾਂ ਵਿੱਚੋਂ 66 ਡੌਟ ਸੁੱਟੀਆਂ ਹਨ।

ਉਹ ਇਸ ਟੂਰਨਾਮੈਂਟ ਵਿੱਚ ਪਾਵਰਪਲੇ ਦੌਰਾਨ ਸਭ ਤੋਂ ਵੱਧ ਡੌਟ ਗੇਂਦਾਂ ਸੁੱਟਣ ਵਾਲੇ ਗੇਂਦਬਾਜ਼ ਹਨ।

ਆਰਚਰ ਦਾ ਸੰਜੂ ਸੈਮਸਨ ਦੇ ਖ਼ਿਲਾਫ਼ ਰਿਕਾਰਡ ਵੀ ਸ਼ਾਨਦਾਰ ਹੈ।

ਉਨ੍ਹਾਂ ਨੇ ਪੰਜ ਵਿੱਚੋਂ ਤਿੰਨ ਟੀ-20 ਮੈਚਾਂ ਵਿੱਚ ਸੰਜੂ ਸੈਮਸਨ ਨੂੰ ਆਉਟ ਕੀਤਾ ਹੈ।

ਸੰਜੂ ਸੈਮਸਨ, ਆਰਚਰ ਦੇ ਖ਼ਿਲਾਫ਼ 26 ਗੇਂਦਾਂ 'ਤੇ 23 ਦੌੜਾਂ ਹੀ ਬਣਾ ਸਕੇ ਹਨ ਅਤੇ ਇਸ ਦੌਰਾਨ ਉਹ ਤਿੰਨ ਵਾਰ ਆਪਣੀ ਵਿਕਟ ਗੁਆ ਚੁੱਕੇ ਹਨ।

ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੁ ਪਲੇਸਿਸ ਮੰਨਦੇ ਹਨ ਕਿ ਇੰਗਲੈਂਡ ਨੂੰ ਸੰਜੂ ਸੈਮਸਨ ਦੀ ਕਮਜ਼ੋਰੀ ਦਾ ਪਤਾ ਹੈ।

ਉਨ੍ਹਾਂ ਕਿਹਾ, "ਸੰਜੂ ਸੈਮਸਨ ਇੰਗਲੈਂਡ ਦੀ ਸ਼ੌਰਟ ਗੇਂਦਬਾਜ਼ੀ ਦੇ ਖ਼ਿਲਾਫ਼ ਚੰਗਾ ਖੇਡ ਸਕਦੇ ਹਨ। ਪਰ ਆਰਚਰ ਦੀ ਸਪੀਡ 140 ਤੋਂ ਵੱਧ ਹੈ, ਜਿੱਥੇ ਸ਼ੌਰਟ ਦੇ ਖ਼ਿਲਾਫ਼ ਖੇਡਣਾ ਮੁਸ਼ਕਲ ਹੋ ਜਾਂਦਾ ਹੈ। ਇੰਗਲੈਂਡ ਨੂੰ ਇਹ ਗੱਲ ਵਧੀਆ ਤਰੀਕੇ ਨਾਲ ਪਤਾ ਹੈ।"

ਬੱਲੇਬਾਜ਼ਾਂ ਦਾ ਇੱਕੋ ਵੇਲੇ ਪਰਫਾਰਮ ਨਾ ਕਰ ਸਕਣਾ

ਜ਼ਿੰਮਬਾਵੇ ਦੇ ਖ਼ਿਲਾਫ਼ ਮੈਚ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਮੈਚ ਵਿੱਚ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਉਸਦੇ ਬੱਲੇਬਾਜ਼ਾਂ ਦਾ ਪਰਫਾਰਮ ਨਾ ਕਰ ਸਕਣਾ ਹੀ ਰਹੀ ਹੈ।

ਅਮਰੀਕਾ ਦੇ ਖ਼ਿਲਾਫ਼ ਕਪਤਾਨ ਸੂਰਿਆਕੁਮਾਰ ਨੇ ਇਕੱਲੇ ਆਪਣੇ ਦਮ 'ਤੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਜਦਕਿ ਨਾਮੀਬੀਆ ਅਤੇ ਪਾਕਿਸਤਾਨ ਨਾਲ ਮੁਕਾਬਲੇ ਵਿੱਚ ਈਸ਼ਾਨ ਕਿਸ਼ਨ ਐਕਸ ਫੈਕਟਰ ਸਾਬਤ ਹੋਏ।

ਸ਼ਿਵਮ ਦੁਬੇ ਨੇ ਦੱਖਣੀ ਅਫਰੀਕਾ ਅਤੇ ਨੀਦਰਲੈਂਡਜ਼ ਨਾਲ ਮੈਚ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਅਤੇ ਸੰਜੂ ਸੈਮਸਨ ਨੇ ਵੈਸਟਇੰਡੀਜ਼ ਨਾਲ ਮੈਚ ਵਿੱਚ 97 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ ਸੈਮੀਫਾਈਨਲ ਦਾ ਟਿਕਟ ਦਿਵਾਇਆ।

ਪਰ ਭਾਰਤ ਦੀ ਭਾਰੀ-ਭਰਕਮ ਬੈਟਿੰਗ ਲਾਈਨਅਪ ਅਜੇ ਤੱਕ ਇਸ ਟੂਰਨਾਮੈਂਟ ਵਿੱਚ ਇੱਕ ਯੂਨਿਟ ਵਜੋਂ ਪਰਫਾਰਮ ਕਰਦੀ ਹੋਈ ਨਜ਼ਰ ਨਹੀਂ ਆਈ ਹੈ।

ਭਾਰਤ ਲਈ ਬੱਲੇਬਾਜ਼ੀ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ - ਅਭਿਸ਼ੇਕ ਸ਼ਰਮਾ ਦਾ ਨਾ ਚੱਲ ਸਕਣਾ। ਟੂਰਨਾਮੈਂਟ ਵਿੱਚ ਅਜੇ ਤੱਕ ਉਨ੍ਹਾਂ ਨੇ 6 ਪਾਰੀਆਂ ਵਿੱਚ 13.33 ਦੀ ਔਸਤ ਨਾਲ 80 ਦੌੜਾਂ ਹੀ ਬਣਾਈਆਂ ਹਨ, ਜਿਨ੍ਹਾਂ ਵਿੱਚ ਸ਼ੁਰੂਆਤੀ ਤਿੰਨ ਪਾਰੀਆਂ ਵਿੱਚ ਜ਼ੀਰੋ 'ਤੇ ਆਉਟ ਹੋਣਾ ਵੀ ਸ਼ਾਮਲ ਹੈ।

ਉਨ੍ਹਾਂ ਨੇ ਇਸ ਵਰਲਡ ਕੱਪ ਵਿੱਚ ਇੱਕ ਹੀ ਅਰਧ ਸੈਂਕੜਾ ਬਣਾਇਆ ਹੈ ਅਤੇ ਉਹ ਵੀ ਉਨ੍ਹਾਂ ਦੇ ਬੱਲੇ ਤੋਂ ਜ਼ਿੰਮਬਾਵੇ ਦੇ ਖ਼ਿਲਾਫ਼ ਹੀ ਨਿਕਲਿਆ ਸੀ। ਕਪਤਾਨ ਸੂਰਿਆਕੁਮਾਰ ਯਾਦਵ ਦੀ ਪਹਿਲੇ ਮੈਚ ਵਿੱਚ 84 ਦੌਣ ਦੀ ਪਾਰੀ ਨੂੰ ਹਟਾ ਦਿੱਤਾ ਜਾਵੇ ਤਾਂ ਉਹ ਵੀ ਟੀ-20 ਵਰਲਡ ਕੱਪ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ।

ਸੈਮੀਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਟੂਰਨਾਮੈਂਟ ਵਿੱਚ ਅਜੇ ਤੱਕ ਸਭ ਤੋਂ ਵੱਧ ਦੌਣ ਬਣਾਉਣ ਵਾਲੇ ਪੰਜ ਬੱਲੇਬਾਜ਼ਾਂ ਦੀ ਸੂਚੀਵਿੱਚ ਭਾਰਤ ਦਾ ਇੱਕ ਵੀ ਖਿਡਾਰੀ ਸ਼ਾਮਲ ਨਹੀਂ ਹੈ। ਕਪਤਾਨ ਸੂਰਿਆਕੁਮਾਰ 231 ਦੌੜਾਂ ਦੇ ਨਾਲ ਇਸ ਸੂਚੀ ਵਿੱਚ 7ਵੇਂ ਸਥਾਨ 'ਤੇ ਹਨ।

ਬੀਤੇ ਦੋ ਮੈਚਾਂ ਵਿੱਚ ਵਰੁਣ ਚਕਰਵਰਤੀ ਦਾ ਨਾ ਚੱਲਣਾ

ਭਾਰਤੀ ਪਿੱਚਾਂ ਸਪਿਨਰਾਂ ਲਈ ਮਦਦਗਾਰ ਹਨ ਅਤੇ ਇਸ ਵਜ੍ਹਾ ਕਾਰਨ ਵਰੁਣ ਚਕਰਵਰਤੀ ਟੂਰਨਾਮੈਂਟ ਵਿੱਚ ਭਾਰਤ ਲਈ ਕਿਤੇ ਨਾ ਕਿਤੇ 'ਟਰੰਪ ਕਾਰਡ' ਹਨ।

ਉਹ 12 ਵਿਕਟਾਂ ਦੇ ਨਾਲ ਟੂਰਨਾਮੈਂਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਹਨ। ਪਰ ਟੀਮ ਬੈਲੈਂਸ ਦੀ ਵਜ੍ਹਾ ਨਾਲ ਕੁਲਦੀਪ ਯਾਦਵ ਨੂੰ ਇੱਕ ਹੀ ਮੁਕਾਬਲੇ ਵਿੱਚ ਪਲੇਇੰਗ 11 ਦਾ ਹਿੱਸਾ ਬਣਾਇਆ ਗਿਆ। ਇਸ ਲਈ ਭਾਰਤ ਦੀ ਨਿਰਭਰਤਾ ਵਰੁਣ ਚਕਰਵਰਤੀ 'ਤੇ ਬਹੁਤ ਜ਼ਿਆਦਾ ਹੈ।

ਦੱਖਣੀ ਅਫਰੀਕਾ ਨਾਲ ਮੈਚ ਵਿੱਚ ਵਰੁਣ ਚਕਰਵਰਤੀ ਨੇ ਚਾਰ ਓਵਰਾਂ ਵਿੱਚ 47 ਅਤੇ ਵੈਸਟਇੰਡੀਜ਼ ਨਾਲ ਮੈਚ ਵਿੱਚ 40 ਦੌੜਾਂ ਖਰਚ ਕੀਤੀਆਂ।

ਭਾਰਤ ਦੇ ਸਾਬਕਾ ਕੋਚ ਅਤੇ ਸਪਿਨ ਗੇਂਦਬਾਜ਼ ਅਨਿਲ ਕੁੰਬਲੇ ਮੰਨਦੇ ਹਨ ਕਿ ਬੱਲੇਬਾਜ਼ਾਂ ਨੂੰ ਕਿਤੇ ਨਾ ਕਿਤੇ ਵਰੁਣ ਚਕਰਵਰਤੀ ਦੀ ਰਣਨੀਤੀ ਸਮਝ ਵਿੱਚ ਆਉਣ ਲੱਗੀ ਹੈ।

ਈਐਸਪੀਐਨ ਕ੍ਰਿਕਇੰਫੋ ਦੇ ਇੱਕ ਸ਼ੋਅ ਵਿੱਚ ਵਰੁਣ ਚਕਰਵਰਤੀ ਦੀ ਗੇਂਦਬਾਜ਼ੀ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਵਰੁਣ ਚਕਰਵਰਤੀ ਦੇ ਖ਼ਿਲਾਫ਼ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਹੈ। ਪਰ ਇਹ ਹੁਣ ਸਮਝ ਆਉਣ ਲੱਗਾ ਹੈ ਕਿ ਵਰੁਣ ਚਕਰਵਰਤੀ ਰਾਈਟ ਹੈਂਡਰਜ਼ ਦੇ ਖ਼ਿਲਾਫ਼ ਕਿਸ ਤਰ੍ਹਾਂ ਗੇਂਦ ਨੂੰ ਬਾਹਰ ਵੱਲ ਰੱਖਦੇ ਹਨ।"

ਭਾਰਤ ਦੇ ਦੂਜੇ ਸਪਿਨਰ ਅਤੇ ਉਪ-ਕਪਤਾਨ ਅਕਸ਼ਰ ਪਟੇਲ ਨੂੰ ਟੂਰਨਾਮੈਂਟ ਦੇ ਦੋ ਮੈਚਾਂ ਤੋਂ ਬਾਹਰ ਰੱਖਣ 'ਤੇ ਪਹਿਲਾਂ ਹੀ ਸਵਾਲ ਉੱਠ ਚੁੱਕੇ ਹਨ। ਪਰ ਜਿਨ੍ਹਾਂ ਪੰਜ ਮੁਕਾਬਲਿਆਂ ਵਿੱਚ ਅਕਸ਼ਰ ਖੇਡੇ ਹਨ, ਉੱਥੇ ਉਹ ਵਿਕਟਾਂ ਲੈਣ ਵਿੱਚ ਜ਼ਿਆਦਾ ਕਾਮਯਾਬ ਨਹੀਂ ਹੋ ਪਾ ਰਹੇ ਹਨ।

ਅਕਸ਼ਰ ਨੂੰ ਗਰੁੱਪ ਸਟੇਜ ਵਿੱਚ ਖੇਡੇ ਗਏ ਤਿੰਨ ਮੁਕਾਬਲਿਆਂ ਵਿੱਚ 6 ਵਿਕਟਾਂ ਮਿਲੀਆਂ। ਪਰ ਸੁਪਰ-8 ਦੇ ਦੋ ਮੈਚਾਂ ਵਿੱਚ ਉਨ੍ਹਾਂ ਨੂੰ ਇੱਕ ਵਿਕਟ ਹੀ ਮਿਲੀ ਹੈ। ਸੁਪਰ-8 ਦੇ ਦੋ ਮੈਚਾਂ ਵਿੱਚ ਉਹ 8 ਓਵਰਾਂ ਵਿੱਚ 70 ਦੌੜਾਂ ਖਰਚ ਕਰ ਚੁੱਕੇ ਹਨ।

ਖਰਾਬ ਫੀਲਡਿੰਗ ਅਤੇ ਟੌਸ

ਟੂਰਨਾਮੈਂਟ ਵਿੱਚ ਅਜੇ ਤੱਕ ਭਾਰਤੀ ਕ੍ਰਿਕਟ ਟੀਮ ਨੇ 33 ਕੈਚ ਲਪਕੇ ਹਨ, ਪਰ 13 ਕੈਚ ਛੱਡੇ ਵੀ ਹਨ। ਵੈਸਟਇੰਡੀਜ਼ ਨਾਲ ਹੋਏ ਪਿਛਲੇ ਮੈਚ ਵਿੱਚ ਤਾਂ ਇਕੱਲੇ ਅਭਿਸ਼ੇਕ ਸ਼ਰਮਾ ਨੇ ਦੋ ਕੈਚ ਛੱਡੇ।

ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ 71.7 ਫੀਸਦੀ ਕੈਚ ਸਫਲਤਾਪੂਰਵਕ ਲਏ ਹਨ।

ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਕਿਹਾ ਹੈ ਕਿ ਟੀਮ ਇਸ ਮਾਮਲੇ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ, ''ਅਜਿਹਾ ਨਹੀਂ ਹੈ ਕਿ ਅਸੀਂ ਟ੍ਰੇਨਿੰਗ ਨਹੀਂ ਕਰ ਰਹੇ ਹਾਂ। ਫੀਲਡਿੰਗ 'ਤੇ ਸਾਡਾ ਪੂਰਾ ਧਿਆਨ ਹੈ। ਟੂਰਨਾਮੈਂਟ ਤੋਂ ਪਹਿਲਾਂ ਵੀ ਅਸੀਂ ਫੀਲਡਿੰਗ ਨੂੰ ਅਹਿਮ ਮੰਨਿਆ ਅਤੇ ਇਸ ਨੂੰ ਲੈ ਕੇ ਖ਼ਾਸ ਤਿਆਰੀ ਕੀਤੀ।"

"ਜੇ ਅਸੀਂ ਫੀਲਡਰਜ਼ ਨੂੰ ਸਹੀ ਸਮੇਂ 'ਤੇ ਸਹੀ ਥਾਂ 'ਤੇ ਰੱਖਣ ਵਿੱਚ ਕਾਮਯਾਬ ਰਹਿੰਦੇ ਹਾਂ ਤਾਂ ਕੈਚ ਫੜ੍ਹਨ ਦੇ ਮਾਮਲੇ ਵਿੱਚ ਅਸੀਂ ਸੁਧਾਰ ਕਰਦੇ ਹੋਏ ਨਜ਼ਰ ਆ ਸਕਦੇ ਹਾਂ।"

ਇਸ ਤੋਂ ਇਲਾਵਾ ਟੌਸ ਵੀ ਅਜਿਹਾ ਫੈਕਟਰ ਹੈ ਜੋ ਇਸ ਟੂਰਨਾਮੈਂਟ ਵਿੱਚ ਨਿਰਣਾਇਕ ਸਾਬਿਤ ਹੋ ਰਿਹਾ ਹੈ। ਕਿਉਂਕਿ ਪੂਰੇ ਟੂਰਨਾਮੈਂਟ ਦੌਰਾਨ ਡਿਊ (ਤਰੇਲ) ਕਰਕੇ ਬਾਅਦ ਵਿੱਚ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲੇ ਸੈਮੀਫਾਈਨਲ ਵਿੱਚ ਵੀ ਤਰੇਲ ਦਾ ਅਸਰ ਸਾਫ਼ ਤੌਰ 'ਤੇ ਦੇਖਣ ਨੂੰ ਮਿਲਿਆ। ਜਿੱਥੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਪਹਿਲਾਂ ਬੈਟਿੰਗ ਆਉਣ 'ਤੇ ਦੌੜਾਂ ਬਣਾਉਂਦੇ ਹੋਏ ਸੰਘਰਸ਼ ਕਰਦੇ ਨਜ਼ਰ ਆਏ, ਜਦਕਿ ਨਿਊਜ਼ੀਲੈਂਡ ਦੇ ਓਪਨਰਜ਼ ਨੂੰ ਦੌੜਾਂ ਬਣਾਉਣ ਵਿੱਚ ਕੋਈ ਸਮੱਸਿਆ ਨਹੀਂ ਆਈ।

ਵਾਨਖੇਡੇ ਸਟੇਡੀਅਮ ਵਿੱਚ ਵੀ ਡਿਊ ਦਾ ਵੱਡਾ ਫੈਕਟਰ ਹੋਣ ਦੀ ਸੰਭਾਵਨਾ ਹੈ। ਰਿਪੋਰਟ ਦੇ ਮੁਤਾਬਕ ਰਾਤ ਦੇ ਵੇਲੇ ਵਾਂਖੇਡੇ ਸਟੇਡੀਅਮ ਵਿੱਚ ਹਿਊਮਿਡਿਟੀ ਦਾ ਲੈਵਲ 82 ਫੀਸਦੀ ਤੱਕ ਪਹੁੰਚ ਸਕਦਾ ਹੈ। ਜਿਸ ਦੀ ਵਜ੍ਹਾ ਨਾਲ ਸਪਿਨਰਾਂ ਲਈ ਗੇਂਦ 'ਤੇ ਗ੍ਰਿਪ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਤੇਜ਼ ਗੇਂਦਬਾਜ਼ਾਂ ਨੂੰ ਇਸ ਵਜ੍ਹਾ ਨਾਲ ਯਾਰਕਰ ਸੁੱਟਣ ਵਿੱਚ ਪਰੇਸ਼ਾਨੀ ਹੁੰਦੀ ਹੈ।

ਮੋਰਨੇ ਮੋਰਕਲ ਨੇ ਕਿਹਾ, "ਡਿਊ ਹਮੇਸ਼ਾਂ ਹੀ ਚਿੰਤਾ ਦੀ ਗੱਲ ਹੁੰਦੀ ਹੈ। ਪਰ ਟੌਸ ਨੂੰ ਕੰਟਰੋਲ ਕਰਨਾ ਤੁਹਾਡੇ ਹੱਥ ਵਿੱਚ ਨਹੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)