ਈਰਾਨ ਜੰਗ ਨਾਲ ਕਿਹੜੇ ਦੇਸ਼ਾਂ ਨੂੰ ਫਾਇਦਾ ਤੇ ਕਿਨ੍ਹਾਂ ਮੁਲਕਾਂ ਨੂੰ ਹੋਵੇਗਾ ਨੁਕਸਾਨ

    • ਲੇਖਕ, ਮਰੀਨਾ ਦਰਾਸ
    • ਰੋਲ, ਬੀਬੀਸੀ ਵਰਲਡ ਸਰਵਿਸ
    • ਲੇਖਕ, ਸਟੀਫਨ ਹੌਕੇਸ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 7 ਮਿੰਟ

ਜੰਗਾਂ ਵਿੱਚ ਸ਼ਾਇਦ ਹੀ ਕਦੇ ਕੋਈ ਸਪੱਸ਼ਟ ਜੇਤੂ ਹੁੰਦਾ ਹੈ। ਇਸਦੀ ਸਭ ਤੋਂ ਭਾਰੀ ਕੀਮਤ ਅਕਸਰ ਆਮ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ।

ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਕਾਰਨ ਗਲੋਬਲ ਐਨਰਜੀ ਮਾਰਕਿਟ ਅਤੇ ਸਪਲਾਈ ਚੇਨ ਵਿੱਚ ਉਥਲ-ਪੁਥਲ ਮਚੀ ਹੋਈ ਹੈ। ਇਸ ਨਾਲ ਲੱਗ ਰਹੇ ਆਰਥਿਕ ਝਟਕੇ ਨਾਲ ਨਿਪਟਣ ਦੀ ਕਈ ਦੇਸ਼ ਤਿਆਰੀ ਕਰ ਰਹੇ ਹਨ।

ਜਦਕਿ ਕੁਝ ਦੇਸ਼ਾਂ ਨੂੰ ਇਸ ਅਰਥਵਿਵਸਥਾ ਵਿਚਾਲੇ ਨਵੇਂ ਰਣਨੀਤਕ ਮੌਕੇ ਮਿਲ ਸਕਦੇ ਹਨ।

ਅਮਰੀਕਾ–ਇਜ਼ਰਾਇਲ ਅਤੇ ਈਰਾਨ ਦੀ ਜੰਗ ਮੱਧ ਪੂਰਬ ਅਤੇ ਪੂਰੀ ਦੁਨੀਆ ਉੱਤੇ ਨਾਟਕੀ ਅਸਰ ਪਾ ਰਹੀ ਹੈ। ਇਸ ਨੇ ਖਾੜੀ ਦੇਸ਼ਾਂ ਨੂੰ ਅਸਥਿਰ ਕਰ ਦਿੱਤਾ ਹੈ ਅਤੇ ਮੱਧ-ਪੂਰਬ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਹੈ।

ਜੰਗ ਦੇ ਖੇਤਰ ਤੋਂ ਦੂਰ ਵੀ ਇਸ ਦਾ ਪ੍ਰਭਾਵ ਪੈ ਰਿਹਾ ਹੈ। ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਅਤੇ ਖਾੜੀ ਵਿੱਚ ਸਮੁੰਦਰੀ ਆਵਾਜਾਈ ਵਿੱਚ ਰੁਕਾਵਟ, ਖ਼ਾਸ ਕਰਕੇ ਸਟ੍ਰੇਟ ਆਫ ਹੋਰਮੁਜ਼ ਦੇ ਆਲੇ ਦੁਆਲੇ, ਖਪਤਕਾਰਾਂ ਅਤੇ ਕਾਰੋਬਾਰਾਂ ਲਈ ਖਰਚੇ ਵਧਾ ਰਹੇ ਹਨ।

ਪਰ ਇਸ ਉਥਲ-ਪੁਥਲ ਦੇ ਦੌਰਾਨ ਕਿਹੜੇ ਦੇਸ਼ ਸਭ ਤੋਂ ਵੱਧ ਨੁਕਸਾਨ ਝੱਲਣਗੇ ਅਤੇ ਕਿਹੜਿਆਂ ਨੂੰ ਲਾਭ ਹੋ ਸਕਦਾ ਹੈ?

ਰੂਸ

ਈਰਾਨ ਰੂਸ ਦਾ ਇੱਕ ਮਹੱਤਵਪੂਰਨ ਸਾਥੀ ਅਤੇ ਅਹਿਮ ਫੌਜੀ ਹਿੱਸੇਦਾਰ ਹੈ। ਅਤੇ ਸਰਉੱਚ ਨੇਤਾ ਅਯਾਤੁੱਲ੍ਹਾ ਅਲੀ ਖਾਮੇਨਈ ਦਾ ਕਤਲ ਮਾਸਕੋ ਲਈ ਇੱਕ ਹੋਰ ਕੂਟਨੀਤਿਕ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਸੀਰੀਆ ਵਿੱਚ ਬਸ਼ਰ ਅਲ-ਅਸਦ ਦੀ ਹਕੂਮਤ ਦੇ ਪਤਨ ਅਤੇ ਵੈਨੇਜ਼ੂਏਲਾ ਵਿੱਚ ਨਿਕੋਲਸ ਮਾਦੁਰੋ ਨੂੰ ਅਮਰੀਕਾ ਵੱਲੋਂ ਕਾਬੂ ਕਰ ਲੈਣ ਵਰਗੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਫਿਰ ਵੀ, ਮੱਧ-ਪੂਰਬ ਵਿੱਚ ਚੱਲ ਰਿਹਾ ਇਹ ਸੰਘਰਸ਼ ਰੂਸ ਨੂੰ ਆਪਣੀ ਰੂਸ-ਯੂਕਰੇਨ ਜੰਗ ਵਿੱਚ ਕੁਝ ਫਾਇਦਾ ਦੇ ਸਕਦਾ ਹੈ, ਕਿਉਂਕਿ ਇਸ ਨਾਲ ਅਮਰੀਕਾ ਦੇ ਫੌਜੀ ਸਰੋਤਾਂ ਦਾ ਧਿਆਨ ਹੋਰ ਥਾਵਾਂ ਵੱਲ ਮੁੜ ਸਕਦਾ ਹੈ।

ਪੈਰਿਸ ਇੰਸਟੀਚਿਊਟ ਆਫ ਪਾਲੀਟਿਕਲ ਸਟਡੀਜ਼ ਦੇ ਸੈਂਟਰ ਫ਼ਾਰ ਇੰਟਰਨੈਸ਼ਨਲ ਸਟਡੀਜ਼ ਦੀ ਸਹਾਇਕ ਪ੍ਰੋਫੈਸਰ ਨਿਕਲੋਸ ਗਰਾਜੇਸਕੀ ਨੇ ਬੀਬੀਸੀ ਨਿਊਜ਼ ਰਸ਼ੀਅਨ ਨੂੰ ਦੱਸਿਆ, "ਪੈਟ੍ਰਿਓਟ ਮਿਜ਼ਾਈਲਾਂ ਅਤੇ ਇੰਟਰਸੈਪਟਰਾਂ ਦਾ ਘੱਟ ਹੋਣਾ ਰੂਸ ਲਈ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਯੂਕਰੇਨ ਨੂੰ ਬਾਜ਼ਾਰ ਵਿੱਚੋਂ ਮਿਲਣ ਵਾਲੀ ਸਪਲਾਈ ਘੱਟ ਹੋ ਜਾਵੇਗੀ।"

ਹਾਲਾਂਕਿ, ਮਾਹਰਾਂ ਦੇ ਮੁਤਾਬਕ, ਤੇਹਰਾਨ ਨੂੰ ਈਰਾਨੀ ਸ਼ਾਹਿਦ ਡਰੋਨ ਦੀ ਵਧੀ ਹੋਈ ਲੋੜ ਮਾਸਕੋ ਦੀ ਯੂਕਰੇਨ ਵਿੱਚ ਸਮਰੱਥਾ 'ਤੇ ਵੱਡਾ ਅਸਰ ਨਹੀਂ ਪਾਏਗੀ।

ਅਮਰੀਕਾ ਦੇ ਸੈਂਟਰ ਫ਼ਾਰ ਨਾਨਪ੍ਰੋਲਿਫਰੇਸ਼ਨ ਸਟਡੀਜ਼ ਦੀ ਯੂਰੈਸ਼ੀਆ ਡਾਇਰੈਕਟਰ ਹਨਾ ਨੌਟੇ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਯੂਕਰੇਨ ਜੰਗ ਦੇ ਸ਼ੁਰੂਆਤੀ ਸਮੇਂ ਵਿੱਚ ਇੱਕ ਖ਼ਾਸ ਦੌਰ ਦੌਰਾਨ ਰੂਸ ਰੱਖਿਆ ਸਹਿਯੋਗ ਲਈ ਈਰਾਨ 'ਤੇ ਨਿਰਭਰ ਸੀ, ਜਦੋਂ 2022–2023 ਵਿੱਚ ਈਰਾਨ ਨੇ ਸ਼ਾਹਿਦ ਡਰੋਨ ਅਤੇ ਉਨ੍ਹਾਂ ਦੀ ਉਤਪਾਦਨ ਤਕਨਾਲੋਜੀ ਅਤੇ ਲਾਇਸੈਂਸ ਦਿੱਤੇ ਸਨ।"

"ਪਰ ਹੁਣ ਜੰਗ ਉਸ ਮੰਚ 'ਤੇ ਪਹੁੰਚ ਗਈ ਹੈ ਜਿੱਥੇ ਰੂਸ ਨੂੰ ਯੂਕਰੇਨ ਵਿੱਚ ਜੰਗ ਜਾਰੀ ਰੱਖਣ ਲਈ ਈਰਾਨ ਦੀ ਲੋੜ ਨਹੀਂ। ਰੂਸ ਹੁਣ ਆਪਣੇ ਆਪ ਸ਼ਾਹਿਦ ਡਰੋਨ ਤਿਆਰ ਕਰ ਸਕਦਾ ਹੈ।"

ਇਸ ਦਰਮਿਆਨ, ਜੇ ਈਰਾਨ ਸਟ੍ਰੈਟ ਆਫ ਹੋਰਮੁਜ਼ ਨੂੰ ਬੰਦ ਕਰ ਦਿੰਦਾ ਹੈ, ਜਿਸ ਨਾਲ ਤੇਲ ਅਤੇ ਗੈਸ ਦੀ ਸ਼ਿਪਮੈਂਟ ਨੂੰ ਰੋਕ ਦਿੱਤਾ ਹੈ ਅਤੇ ਈਂਧਨ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਜਾਂਦੀਆਂ ਹਨ, ਤਾਂ ਇਸ ਨਾਲ ਰੂਸ ਨੂੰ ਕੁਝ ਆਰਥਿਕ ਰਾਹਤ ਮਿਲ ਸਕਦੀ ਹੈ, ਕਿਉਂਕਿ ਯੂਕਰੇਨ ਜੰਗ ਕਾਰਨ ਉਸ ਦੀ ਅਰਥਵਿਵਸਥਾ 'ਤੇ ਕਾਫ਼ੀ ਦਬਾਅ ਹੈ।

ਰੂਸ ਦਾ ਕੇਂਦਰੀ ਬਜਟ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਦੇਸ਼ ਦਾ ਤੇਲ ਲਗਭਗ 59 ਡਾਲਰ ਪ੍ਰਤੀ ਬੈਰਲ ਦੀ ਕੀਮਤ 'ਤੇ ਨਿਰਯਾਤ ਹੋਵੇ। ਪਰ ਹੁਣ ਕੱਚੇ ਤੇਲ ਦੀ ਕੀਮਤ ਇੱਕ ਸਮੇਂ ਲਗਭਗ 120 ਡਾਲਰ ਪ੍ਰਤੀ ਬੈਰਲ ਤੱਕ ਚੜ੍ਹ ਗਈ ਸੀ।

ਅਤੇ ਜਦੋਂ ਖਾੜੀ ਦੇ ਵੱਡੇ ਤੇਲ ਉਤਪਾਦਕ ਦੇਸ਼ ਉਤਪਾਦਨ ਘਟਾ ਰਹੇ ਹਨ, ਤਾਂ ਰੂਸ ਨੂੰ ਚੀਨ ਅਤੇ ਭਾਰਤ ਵਰਗੇ ਮਹੱਤਵਪੂਰਨ ਬਾਜ਼ਾਰਾਂ ਵਿੱਚ ਵੱਧ ਤੇਲ ਨਿਰਯਾਤ ਕਰਨ ਦਾ ਮੌਕਾ ਮਿਲ ਸਕਦਾ ਹੈ।

ਗਲੋਬਲ ਊਰਜਾ ਅਤੇ ਕਮੋਡਿਟੀ ਮਾਰਕੀਟ ਇੰਟੈਲੀਜੈਂਸ ਕੰਪਨੀ ਆਰਗਸ ਮੀਡੀਆ ਦੇ ਮੁੱਖ ਅਰਥਸ਼ਾਸਤਰੀ ਡੇਵਿਡ ਫਾਈਫ ਨੇ ਕਿਹਾ, "ਭਾਰਤ ਨੂੰ ਪਹਿਲਾਂ ਰੂਸੀ ਤੇਲ ਦੀ ਖਰੀਦ ਘਟਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਪਰ ਹੁਣ ਅਮਰੀਕਾ ਨੇ ਇੱਕ ਕਿਸਮ ਦੀ ਛੂਟ ਦਿੱਤੀ ਹੈ, ਜਿਸ ਨਾਲ ਭਾਰਤ ਘੱਟੋ-ਘੱਟ ਅਗਲੇ ਮਹੀਨੇ ਲਈ ਰੂਸੀ ਤੇਲ ਖਰੀਦ ਸਕਦਾ ਹੈ।"

"ਕੁਝ ਸਮੱਸਿਆਵਾਂ ਘਟਾਉਣ ਲਈ ਰੂਸੀ ਤੇਲ 'ਤੇ ਲੱਗੀਆਂ ਕੁਝ ਪਾਬੰਦੀਆਂ ਹਟਾਉਣ ਬਾਰੇ ਵੀ ਗੱਲਬਾਤ ਹੋ ਰਹੀ ਹੈ।"

ਚੀਨ

ਈਰਾਨ ਖ਼ਿਲਾਫ਼ ਜੰਗ ਦਾ ਚੀਨ 'ਤੇ ਹਾਲੇ ਤੱਕ ਕੋਈ ਵੱਡਾ ਤੁਰੰਤ ਪ੍ਰਭਾਵ ਨਹੀਂ ਪਿਆ, ਪਰ ਫਿਰ ਵੀ ਇਹ ਦਬਾਅ ਮਹਿਸੂਸ ਕਰੇਗਾ।

ਸੈਂਟ੍ਰਲ ਆਨ ਗਲੋਬਲ ਐਨਰਜੀ ਪਾਲਿਸੀ ਦੇ ਅਨੁਸਾਰ, ਚੀਨ ਦੇ ਆਯਾਤ ਕੀਤੇ ਕੱਚੇ ਤੇਲ ਦਾ ਲਗਭਗ 12% ਹੀ ਈਰਾਨ ਤੋਂ ਆਉਂਦਾ ਹੈ।

ਇਸ ਤੋਂ ਇਲਾਵਾ, ਚੀਨ ਨੇ ਕਈ ਮਹੀਨਿਆਂ ਲਈ ਕਾਫ਼ੀ ਤੇਲ ਸਟਾਕ ਕਰ ਰੱਖਿਆ ਹੈ ਅਤੇ ਉਸ ਤੋਂ ਬਾਅਦ ਉਹ ਰੂਸ ਵੱਲ ਵੀ ਰੁਖ਼ ਕਰ ਸਕਦਾ ਹੈ।

ਪਰ ਫਾਇਫ਼ ਦੇ ਮੁਤਾਬਕ, ਚੀਨ ਦਾ ਐਕਸਪੋਰਟ-ਅਧਾਰਿਤ ਉਦਯੋਗੀ ਖੇਤਰ ਪ੍ਰਭਾਵਿਤ ਹੋਵੇਗਾ।

ਚੀਨ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਲਗਭਗ 20% ਹਿੱਸਾ ਐਕਸਪੋਰਟ ਤੋਂ ਆਉਂਦਾ ਹੈ, ਅਤੇ ਘਰੇਲੂ ਖਰਚੇ ਦੀ ਕਮਜ਼ੋਰੀ ਅਤੇ ਜਾਇਦਾਦ ਦੀਆਂ ਘਟਦੀਆਂ ਕੀਮਤਾਂ ਦੇ ਕਾਰਨ ਇਹ ਖੇਤਰ ਉਸ ਦੀ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਬਣ ਗਿਆ ਹੈ।

ਸਟ੍ਰੇਟ ਆਫ ਹੋਰਮੁਜ਼ ਵਿੱਚ ਸਮੁੰਦਰੀ ਆਵਾਜਾਈ ਵਿੱਚ ਰੁਕਾਵਟ ਚੀਨ ਲਈ ਵੱਡੀ ਸਮੱਸਿਆ ਨਹੀਂ, ਪਰ ਪੱਛਮੀ ਦੇਸ਼ਾਂ ਵੱਲ ਜਾਣ ਵਾਲੇ ਚੀਨੀ ਸਮਾਨ ਲਈ ਐਟਲਾਂਟਿਕ ਮਹਾਸਾਗਰ ਤੱਕ ਪਹੁੰਚਣਾ ਬਹੁਤ ਮਹੱਤਵਪੂਰਨ ਹੈ।

ਅਰਬ ਪ੍ਰਾਇਦੀਪ ਦੇ ਦੂਜੇ ਪਾਸੇ ਬਬ-ਐਲ-ਮਨਦੇਬ ਸਟ੍ਰੇਟ, ਜੋ ਏਸ਼ੀਆ, ਯੂਰਪ ਅਤੇ ਅਫ਼ਰੀਕਾ ਨੂੰ ਜੋੜਦਾ ਹੈ, ਉੱਥੇ ਯਮਨ ਵਿੱਚ ਸਥਿਤ ਅਤੇ ਈਰਾਨ-ਸਮਰਥਿਤ ਹੂਤੀ ਲੜਾਕਿਆਂ ਵੱਲੋਂ ਹਮਲੇ ਹੋ ਰਹੇ ਹਨ।

ਫਾਇਫ਼ ਨੇ ਬੀਬੀਸੀ ਨਿਊਜ਼ ਨੂੰ ਕਿਹਾ, "ਬਹੁਤ ਸੰਭਾਵਨਾ ਹੈ ਕਿ ਲਾਲ ਸਮੁੰਦਰ ਦੀ ਆਵਾਜਾਈ ਫਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਅਤੇ ਏਸ਼ੀਆ ਤੋਂ ਐਟਲਾਂਟਿਕ ਖੇਤਰ ਵੱਲ ਜਾਣ ਵਾਲੇ ਲੰਬੇ ਸਫ਼ਰ ਵਾਲੇ ਜਹਾਜ਼ਾਂ ਨੂੰ ਦੱਖਣੀ ਅਫ਼ਰੀਕਾ ਦੇ ਕੇਪ ਆਫ ਗੁੱਡ ਹੋਪ ਰਾਹੀਂ ਘੁੰਮ ਕੇ ਜਾਣਾ ਪਵੇਗਾ।"

ਲੰਡਨ ਅਧਾਰਿਤ ਥਿੰਕ ਟੈਂਕ ਚੈਟਮ ਹਾਊਸ ਦੇ ਮੱਧ-ਪੂਰਬ ਮਾਹਰ ਨੀਲ ਕੁਈਲੀਅਮ ਕਹਿੰਦੇ ਹਨ, "ਇਸ ਦੀ ਕੀਮਤ ਬਹੁਤ ਵੱਧ ਹੁੰਦੀ ਹੈ। ਇਹ ਯਾਤਰਾ ਵਿੱਚ 10 ਤੋਂ 14 ਦਿਨ ਵਧਾ ਦਿੰਦਾ ਹੈ ਅਤੇ ਔਸਤ ਜਹਾਜ਼ ਲਈ ਲਗਭਗ 20 ਲੱਖ ਡਾਲਰ ਵਧੇਰੇ ਖਰਚ ਹੁੰਦਾ ਹੈ।"

ਈਰਾਨ ਖ਼ਿਲਾਫ਼ ਜੰਗ ਚੀਨ ਲਈ ਕੁਝ ਕੂਟਨੀਤਕ ਮੌਕੇ ਵੀ ਪੈਦਾ ਕਰ ਸਕਦੀ ਹੈ।

ਫਿਲਿਪ ਸ਼ੈਲਟਰ ਜੋਨਸ ਨੇ ਬੀਬੀਸੀ ਨੂੰ ਦੱਸਿਆ ਕਿ ਚੀਨ ਆਪਣੇ ਆਪ ਨੂੰ ਅਮਰੀਕਾ ਦੇ ਮੁਕਾਬਲੇ ਇੱਕ ਜ਼ਿੰਮੇਵਾਰ ਅਤੇ ਸੰਤੁਲਨ ਕਾਇਮ ਕਰਨ ਵਾਲੀ ਤਾਕਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣਾ ਅਕਸ ਇੱਕ ਸਥਿਰ ਅਤੇ ਭਰੋਸੇਯੋਗ ਵਿਸ਼ਵ ਨੇਤਾ ਵਜੋਂ ਪੇਸ਼ ਕਰਦੇ ਰਹਿਣਗੇ, ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਤੁਲਨਾ ਵਿੱਚ।

ਇਹ ਸੰਘਰਸ਼ ਬੀਜਿੰਗ ਲਈ ਇਹ ਸਮਝਣ ਦਾ ਮੌਕਾ ਵੀ ਹੋ ਸਕਦਾ ਹੈ ਕਿ ਟਰੰਪ ਹੋਰ ਸੰਵੇਦਨਸ਼ੀਲ ਮੁੱਦਿਆਂ 'ਤੇ, ਜਿਵੇਂ ਕਿ ਤਾਇਵਾਨ ਕਿਵੇਂ ਪ੍ਰਤੀਕਿਰਿਆ ਕਰ ਸਕਦੇ ਹਨ।

ਉਭਰ ਰਹੀਆਂ ਅਰਥਵਿਵਸਥਾਵਾਂ

ਮੱਧ-ਪੂਰਬ ਦੇ ਤੇਲ ਅਤੇ ਗੈਸ 'ਤੇ ਬਹੁਤ ਜ਼ਿਆਦਾ ਨਿਰਭਰ ਹੋਣ ਕਰਕੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਇਸ ਜੰਗ ਨਾਲ ਕਾਫ਼ੀ ਪ੍ਰਭਾਵਿਤ ਹੋ ਸਕਦੇ ਹਨ। ਕੁਝ ਦੇਸ਼ ਪਹਿਲਾਂ ਹੀ ਕਾਫ਼ੀ ਸਖ਼ਤ ਬਚਤ ਨੀਤੀਆਂ ਲਾਗੂ ਕਰ ਰਹੇ ਹਨ, ਤਾਂ ਜੋ ਆਰਥਿਕ ਅਸਰ ਨੂੰ ਜਿੰਨਾ ਜਲਦੀ ਹੋ ਸਕੇ ਘੱਟ ਕੀਤਾ ਜਾ ਸਕੇ।

ਵੀਅਤਨਾਮ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਡੀਜ਼ਲ ਦੀ ਕੀਮਤ ਪਹਿਲਾਂ ਹੀ 60% ਤੱਕ ਵਧ ਚੁੱਕੀ ਹੈ, ਅਤੇ ਸਰਕਾਰ ਲੋਕਾਂ ਨੂੰ ਕਹਿ ਰਹੀ ਹੈ ਕਿ ਜਿੱਥੇ ਸੰਭਵ ਹੋਵੇ ਉੱਥੇ ਘਰੋਂ ਕੰਮ ਕੀਤਾ ਜਾਵੇ।

ਫਿਲੀਪੀਂਸ ਵਿੱਚ, ਜੋ ਆਪਣਾ ਲਗਭਗ 95% ਕੱਚਾ ਤੇਲ ਮੱਧ-ਪੂਰਬ ਤੋਂ ਮੰਗਵਾਉਂਦਾ ਹੈ, ਉੱਥੇ ਹੁਣ ਸਰਕਾਰੀ ਕਰਮਚਾਰੀਆਂ ਤੋਂ ਹਫਤੇ ਵਿੱਚ 4 ਹੀ ਦਿਨ ਕੰਮ ਕਰਵਾਇਆ ਜਾ ਰਿਹਾ ਹੈ, ਸਿਰਫ਼ ਐਮਰਜੈਂਸੀ ਸਰਵਿਸ ਨਾਲ ਜੁੜੇ ਕਰਮਚਾਰੀਆਂ ਉੱਤੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ।

ਇਸ ਤਰ੍ਹਾਂ ਦੀਆਂ ਪਾਬੰਦੀਆਂ ਪਾਕਿਸਤਾਨ ਵਿੱਚ ਵੀ ਲਾਗੂ ਕੀਤੀਆਂ ਗਈਆਂ ਹਨ।

ਹਾਲਾਂਕਿ ਬੈਂਕਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ, ਜਿੱਥੇ ਸੰਭਵ ਹੋਵੇ ਉੱਥੇ ਘਰੋਂ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਯੂਨੀਵਰਸਿਟੀ ਦੀਆਂ ਕਲਾਸਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ।

ਟੈਲੀਵਿਜ਼ਨ 'ਤੇ ਦਿੱਤੇ ਸੰਬੋਧਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਦੇਸ਼ ਦੇ ਈਂਧਨ ਭੰਡਾਰਾਂ ਨੂੰ ਬਚਾਉਣਾ ਅਤੇ ਸੋਚ-ਸਮਝ ਕੇ ਵੰਡਣਾ ਬਹੁਤ ਜ਼ਰੂਰੀ ਹੈ।

ਬੰਗਲਾਦੇਸ਼ ਵਿੱਚ ਸਰਕਾਰ ਘਬਰਾਹਟ ਵਿੱਚ ਵਧ ਰਹੀ ਖਰੀਦਦਾਰੀ ਨਾਲ ਨਜਿੱਠ ਰਹੀ ਹੈ। ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਦੇ ਕਾਰਨ ਰੇਸ਼ਨਿੰਗ ਲਾਗੂ ਕੀਤੀ ਗਈ ਹੈ, ਕਾਰਾਂ ਲਈ ਦਿਨ ਵਿੱਚ 10 ਲੀਟਰ ਅਤੇ ਮੋਟਰਸਾਈਕਲਾਂ ਲਈ ਸਿਰਫ਼ 2 ਲੀਟਰ।

ਪਰ ਜੰਗ ਦੇ ਨਤੀਜੇ ਸਿਰਫ਼ ਊਰਜਾ ਦੀ ਘਾਟ ਤੱਕ ਸੀਮਿਤ ਨਹੀਂ ਰਹਿ ਸਕਦੇ।

ਦੁਨੀਆ ਭਰ ਦੇ ਕਿਸਾਨ ਮਿੱਟੀ ਨੂੰ ਉਹ ਪੋਸ਼ਕ ਤੱਤ ਦੇਣ ਲਈ ਖਾਦ 'ਤੇ ਨਿਰਭਰ ਕਰਦੇ ਹਨ ਜੋ ਫ਼ਸਲਾਂ ਨੂੰ ਉਗਾਉਣ ਅਤੇ ਉਨ੍ਹਾਂ ਨੂੰ ਮੌਸਮ ਦੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾਲ ਵਿਸ਼ਵ ਪੱਧਰ 'ਤੇ ਖੁਰਾਕ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ।

ਮੱਧ-ਪੂਰਬ ਮਾਮਲਿਆਂ ਦੇ ਮਾਹਰ ਨੀਲ ਕੁਈਲੀਅਮ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਦੁਨੀਆ ਦੀ ਲਗਭਗ 30% ਯੂਰੀਆ, ਜੋ ਖਾਦ ਬਣਾਉਣ ਲਈ ਵਰਤੀ ਜਾਂਦੀ ਹੈ, ਸਟ੍ਰੇਟ ਆਫ ਹੋਰਮੁਜ਼ ਰਾਹੀਂ ਲੰਘਦੀ ਹੈ।"

"ਯੂਰੀਆ ਪੈਟਰੋਕੈਮਿਕਲ ਤੋਂ ਬਣਦੀ ਹੈ, ਜੋ ਕੱਚੇ ਤੇਲ ਦੀ ਪ੍ਰਕਿਰਿਆ ਤੋਂ ਮਿਲਦੇ ਹਨ। ਇਸ ਲਈ ਜੇ ਗਲੋਬਲ ਬਾਜ਼ਾਰ ਵਿੱਚੋਂ 30% ਯੂਰੀਆ ਘੱਟ ਹੋ ਜਾਵੇ ਤਾਂ ਇਸ ਦਾ ਵਿਸ਼ਵ ਖੁਰਾਕ ਸੁਰੱਖਿਆ 'ਤੇ ਵੱਡਾ ਅਸਰ ਪਵੇਗਾ।"

ਕਵਿਲੀਅਮ ਕਹਿੰਦੇ ਹਨ, "ਛੇ ਤੋਂ ਨੌਂ ਮਹੀਨੇ ਦੇ ਅੰਦਰ ਇਸਦਾ ਅਸਰ ਖਾਦ ਸੁਰੱਖਿਆ ਅਤੇ ਮਹਿੰਗਾਈ ਦੋਵਾਂ ਉੱਤੇ ਵੇਖਿਆ ਜਾ ਸਕਦਾ ਹੈ। ਸ਼ਾਇਦ ਇਹ ਤੁਰੰਤ ਨਜ਼ਰ ਨਾ ਆਵੇ ਪਰ ਜਿਵੇਂ ਫ਼ਸਲਾਂ ਨੂੰ ਮੁਸ਼ਕਲ ਆਵੇਗੀ ਜਾਂ ਕਿਸਾਨਾਂ ਨੂੰ ਖਾਦ ਹਾਸਿਲ ਕਰਨ ਵਿੱਚ ਦਿੱਕਤ ਹੋਵੇਗੀ, ਅਸੀਂ ਲੰਬੇ ਸਮੇਂ ਦਾ ਪ੍ਰਭਾਵ ਵੇਖਾਂਗੇ।"

ਇਸ ਰਿਪੋਰਟ ਵਿੱਚ ਬੀਬੀਸੀ ਨਿਊਜ਼ ਹਿੰਦੀ ਅਤੇ ਐਲੀਜਾਵੈਟਾ ਫੋਕਟ ਵੱਲੋਂ ਵੀ ਵਾਧੂ ਰਿਪੋਰਟਿੰਗ ਸ਼ਾਮਲ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)