You’re viewing a text-only version of this website that uses less data. View the main version of the website including all images and videos.
'ਉਸ ਨੇ ਮੇਰੀ ਧੀ ਨੂੰ ਵਿਆਹ ਨਾ ਕਰਨ ਦੀ ਇੱਛਾ ਲਈ ਲਾਲ ਇੰਜੈਕਸ਼ਨ ਲਗਾਇਆ', ਜੋ ਸਾਨੂੰ ਬਾਅਦ ਵਿੱਚ ਪਤਾ ਲੱਗਾ...
- ਲੇਖਕ, ਅਮਰੇਂਦਰ ਯਾਰਲਾਗਡਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 5 ਮਿੰਟ
(ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)
ਤੇਲੰਗਾਨਾ ਪੁਲਿਸ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਐੱਚਆਈਵੀ ਨਾਲ ਸੰਕਰਮਿਤ ਖੂਨ ਇੱਕ ਅਜਿਹੀ ਕੁੜੀ ਨੂੰ ਚੜ੍ਹਾਇਆ, ਜਿਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਕੁੜੀ ਦਾ ਇਸ ਵੇਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਘਟਨਾ ਸਬੰਧੀ ਹੈਦਰਾਬਾਦ ਦੇ ਬਾਹਰੀ ਇਲਾਕੇ ਦੇ ਇੱਕ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਕੁਝ ਮਹੀਨੇ ਪਹਿਲਾਂ, ਦੋ ਪਰਿਵਾਰਾਂ ਨੇ ਹੈਦਰਾਬਾਦ ਦੇ ਬਾਹਰਵਾਰ ਇੱਕ ਕਲੋਨੀ ਵਿੱਚ 20ਵਿਆਂ ਦੀ ਉਮਰ ਦੇ ਮੁੰਡੇ-ਕੁੜੀ ਦਾ ਵਿਆਹ ਕਰਨਾ ਦਾ ਫ਼ੈਸਲਾ ਲਿਆ।
ਮੁੰਡਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਨਾਲ ਰਹਿੰਦਾ ਹੈ। ਉਹ ਲਗਭਗ 25 ਸਾਲ ਪਹਿਲਾਂ ਹੈਦਰਾਬਾਦ ਵਿੱਚ ਆ ਵਸ ਗਏ ਸਨ। ਨੌਜਵਾਨ ਇੱਕ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਹੈ।
ਕੁੜੀ ਦੇ ਮਾਪਿਆਂ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਕਿਹਾ, "ਜਦੋਂ ਵਿਆਹ ਦੀ ਗੱਲ ਚੱਲੀ ਕਿਉਂਕਿ ਉਸ ਦੇ ਮਾਪਿਆਂ ਨੂੰ ਐਡਜ਼ ਸੀ, ਤਾਂ ਕੁੜੀ ਦੇ ਮਾਪਿਆਂ ਨੇ ਛੇ ਮਹੀਨੇ ਪਹਿਲਾਂ ਉਸ ਨੌਜਵਾਨ ਦਾ ਟੈਸਟ ਕਰਵਾਇਆ। ਜਦੋਂ ਉੱਪਲ ਦੇ ਇੱਕ ਲੈਬ ਵਿੱਚ ਟੈਸਟ ਕੀਤੇ ਗਏ, ਤਾਂ ਨੌਜਵਾਨ ਐੱਚਆਈਵੀ ਪਾਜ਼ੀਟਿਵ ਨਿਕਲਿਆ। ਅਸੀਂ ਵਿਆਹ ਰੱਦ ਕਰ ਦਿੱਤਾ।"
ਸ਼ਹਿਰ ਦੇ ਬਾਹਰੀ ਇਲਾਕੇ ਦੇ ਇੱਕ ਪੁਲਿਸ ਥਾਣੇ ਵਿੱਚ ਤੈਨਾਤ ਐੱਸਆਈ ਵਿਜੇ ਭਾਸਕਰ ਰੈੱਡੀ ਨੇ ਕਿਹਾ, "ਸਾਡੀ ਜਾਂਚ ਤੋਂ ਪਤਾ ਲੱਗਾ ਕਿ ਨੌਜਵਾਨ ਨੇ ਕੁੜੀ ਨੂੰ ਹਾਸਲ ਕਰਨ ਦੇ ਇਰਾਦੇ ਨਾਲ ਉਸ ਨੂੰ ਆਪਣਾ ਖੂਨ ਚੜ੍ਹਾਇਆ ਸੀ। ਉਸ ਨੂੰ ਲੱਗਿਆ ਸੀ ਕਿ ਐੱਚਆਈਵੀ ਨਾਲ ਸੰਕਰਮਿਤ ਹੋਣ ਕਾਰਨ ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾ ਸਕੇਗੀ ਅਤੇ ਉਸ ਨਾਲ ਵਿਆਹ ਕਰ ਲਵੇਗੀ।"
'ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋਇਆ...'
ਕੁੜੀ ਦੇ ਮਾਪਿਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਇਹ ਘਟਨਾ 11 ਮਾਰਚ ਨੂੰ ਹੋਈ ਸੀ।
ਕੁੜੀ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, "ਉਸ ਸ਼ਾਮ ਅਸੀਂ ਫੁੱਲ ਵੇਚਣ ਲਈ ਬਾਜ਼ਾਰ ਗਏ ਸੀ। ਉਸੇ ਸਮੇਂ, ਉਸ ਨੌਜਵਾਨ ਨੇ ਮੇਰੀ ਧੀ ਨੂੰ ਘਰ ਵਿੱਚ ਇਕੱਲਿਆਂ ਵੇਖ ਕੇ ਘਰ ਵਿੱਚ ਦਾਖ਼ਲ ਹੋਇਆ ਅਤੇ ਦੁਬਾਰਾ ਵਿਆਹ ਕਰਨ ਦੀ ਪੇਸ਼ਕਸ਼ ਰੱਖੀ, ਪਰ ਮੇਰੀ ਧੀ ਨੇ ਇਨਕਾਰ ਕਰ ਦਿੱਤਾ।"
"ਫਿਰ ਉਸ ਨੇ ਜ਼ਬਰਦਸਤੀ ਮੇਰੀ ਧੀ ਨੂੰ ਲਾਲ ਰੰਗ ਦੇ ਤਰਲ ਪਦਾਰਥ ਦਾ ਇੰਜੈਕਸ਼ਨ ਲਗਾ ਦਿੱਤਾ, ਜੋ ਉਹ ਆਪਣੇ ਨਾਲ ਲੈ ਕੇ ਆਇਆ ਸੀ।"
ਪੁਲਿਸ ਦਾ ਕਹਿਣਾ ਹੈ ਕਿ ਕੁੜੀ ਡਰੀ ਹੋਈ ਸੀ ਅਤੇ ਉਸ ਨੇ ਇਹ ਗੱਲ ਆਪਣੇ ਪਰਿਵਾਰ ਤੋਂ ਛੁਪਾ ਲਈ ਸੀ।
ਦੋ ਦਿਨ ਬਾਅਦ ਕੁੜੀ ਨੂੰ ਬੁਖ਼ਾਰ ਅਤੇ ਗਲੇ ਵਿੱਚ ਖਰਾਸ਼ ਹੋ ਗਈ, ਇਸ ਲਈ ਉਸ ਦੇ ਮਾਪੇ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ। ਉਸ ਵੇਲੇ ਡਾਕਟਰ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕੁੜੀ ਨੇ ਸੱਚ ਦੱਸ ਦਿੱਤਾ ਹੈ।
ਕੁੜੀ ਦੇ ਪਿਤਾ ਵੱਲੋਂ ਦਰਜ ਕੀਤੀ ਸ਼ਿਕਾਇਤ ਮੁਤਾਬਕ, "ਉਸ ਨੌਜਵਾਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਨੇ ਐੱਚਆਈਵੀ ਵਾਲੇ ਖ਼ਤਰਨਾਕ ਖੂਨ ਦਾ ਇੰਜੈਕਸ਼ਨ ਲਗਾ ਕੇ ਮੇਰੀ ਧੀ ਕਤਲ ਕਰਨ ਦੀ ਕੋਸ਼ਿਸ਼ ਕੀਤੀ।"
'ਉਸ ਨੌਜਵਾਨ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਉਸ ਨੂੰ ਏਡਜ਼ ਹੈ'
ਐੱਸਆਈ ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ 13 ਮਾਰਚ ਦੀ ਸ਼ਾਮ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ, ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਰਿਮਾਂਡ 'ਤੇ ਭੇਜ ਦਿੱਤਾ।
ਪੁਲਿਸ ਨੇ ਕਿਹਾ, "ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਉਸ ਨੂੰ ਏਡਜ਼ ਕਿਵੇਂ ਹੋਇਆ। ਕਦੇ ਉਹ ਕਹਿੰਦੇ ਹਨ ਕਿ ਉਸ ਨੂੰ ਇਹ ਜਨਮ ਤੋਂ ਸੀ, ਕਈ ਵਾਰ ਕਹਿੰਦੇ ਹਨ ਕਿ ਉਸ ਨੂੰ ਇਹ ਬਾਅਦ ਵਿੱਚ ਹੋਇਆ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।"
ਹਾਲਾਂਕਿ, ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਨੌਜਵਾਨ ਵਿਆਹ ਕਰਨ ਲਈ ਤਿਆਰ ਸੀ, ਭਾਵੇਂ ਉਹ ਜਾਣਦਾ ਸੀ ਕਿ ਉਸ ਨੂੰ ਏਡਜ਼ ਹੈ।
ਕੁੜੀ ਦਾ ਇਸ ਵੇਲੇ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦੇ ਤਾਜ਼ਾ ਖੂਨ ਟੈਸਟ ਵਿੱਚ ਐੱਚਆਈਵੀ ਨੈਗੇਟਿਵ ਆਇਆ ਹੈ ਅਤੇ ਦੋ ਮਹੀਨੇ ਬਾਅਦ ਹੋਣ ਵਾਲੇ ਦੂਜੇ ਟੈਸਟ ਨਾਲ ਸਥਿਤੀ ਸਪਸ਼ਟ ਹੋ ਜਾਵੇਗੀ।
ਜਦੋਂ ਬੀਬੀਸੀ ਨੇ ਇਸ ਪੂਰੇ ਮਾਮਲੇ ਬਾਰੇ ਗੱਲ ਕਰਨ ਲਈ ਕੁੜੀ ਦੇ ਪਿਤਾ ਨਾਲ ਫੋਨ 'ਤੇ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਨੇ ਨੌਜਵਾਨ ਦੇ ਮਾਤਾ ਨਾਲ ਤਿੰਨ ਵਾਰ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਫ਼ੋਨ ਬੰਦ ਸੀ। ਉਹਨਾਂ ਦਾ ਘਰ ਵੀ ਤਾਲਾਬੰਦ ਸੀ।
'ਕਈ ਵਾਰ ਇਹ ਤੁਰੰਤ ਪਤਾ ਨਹੀਂ ਲੱਗਦਾ'
ਕੇਆਈਐੱਮਐੱਸ ਸਿਕੰਦਰਾਬਾਦ ਦੇ ਸੰਕਰਾਮਕ ਰੋਗ ਅਤੇ ਇੰਫੈਕਸ਼ਨ ਕੰਟ੍ਰੋਲ ਵਿਭਾਗ ਦੇ ਸਲਾਹਕਾਰ ਡਾਕਟਰ ਪਾਟਿਲ ਪ੍ਰਤੀਕ ਯਸ਼ਵੰਤ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਇਸ ਵੇਲੇ ਕੁੜੀ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਉਸ ਨੂੰ ਪੜਾਅਵਾਰ ਜਾਂਚ ਕਰਵਾਉਣੀ ਪਵੇਗੀ।
ਉਨ੍ਹਾਂ ਨੇ ਕਿਹਾ, "ਐੱਚਆਈਵੀ ਨਾਲ ਸੰਕਰਮਿਤ ਵਿਅਕਤੀ ਦੇ ਖੂਨ ਨੂੰ ਸਿੱਧਾ ਕਿਸੇ ਹੋਰ ਵਿਅਕਤੀ ਵਿੱਚ ਟ੍ਰਾਂਸਫਰ ਕਰਨ 'ਤੇ ਵਾਇਰਸ ਦੇ ਫੈਲਣ ਦੀ ਸੰਭਾਵਨਾ 90 ਫੀਸਦ ਤੋਂ ਵੱਧ ਹੁੰਦੀ ਹੈ। ਪੀਸੀਆਰ ਟੈਸਟ ਅਤੇ ਸੇਰੋਲੋਜੀਕਲ ਟੈਸਟ ਵਿੱਚ ਪਹਿਲੀ ਵਾਰ ਵਾਇਰਸ ਦਾ ਪਤਾ ਨਹੀਂ ਲੱਗਦਾ। ਇਹ ਟੈਸਟ ਬਾਅਦ ਵਿੱਚ ਪੜਾਅਵਾਰ ਤਰੀਕੇ ਨਾਲ ਕੀਤੇ ਜਾਣਗੇ।"
ਡਾਕਟਰ ਪਾਟਿਲ ਪ੍ਰਤੀਕ ਨੇ ਦੱਸਿਆ, "ਕਈ ਵਾਰ ਐੱਚਆਈਵੀ ਨਾਲ ਸੰਕਰਮਿਤ ਵਿਅਕਤੀ ਦੇ ਇਲਾਜ ਦੌਰਾਨ ਉਸ ਦੇ ਸਰੀਰ ਵਿੱਚ ਵਾਇਰਸ ਦੀ ਮਾਤਰਾ ਘੱਟ ਹੋ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਉਹ ਅਜੇ ਵੀ ਵਾਇਰਸ ਫੈਲਾ ਸਕਦਾ ਹੈ, ਪਰ ਸੰਕਰਮਣ ਦਾ ਖ਼ਤਰਾ ਕੁਝ ਘੱਟ ਹੋ ਸਕਦਾ ਹੈ।"
ਉਨ੍ਹਾਂ ਨੇ ਕਿਹਾ, "ਸੰਭਾਵਨਾ ਹੈ ਕਿ ਵਾਇਰਸ ਖੂਨ ਦੀਆਂ ਕੋਸ਼ਿਕਾਵਾਂ ਵਿੱਚ ਮੌਜੂਦ ਹੋ ਸਕਦਾ ਹੈ। ਇਸ ਲਈ, ਵਾਇਰਸ ਦੀ ਜਾਂਚ ਪਾਜ਼ੀਟਿਵ ਆਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਮਰੀਜ਼ ਨਿਗਰਾਨੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਨਤੀਜਿਆਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।"
ਹਾਲਾਂਕਿ, ਹੈਦਰਾਬਾਦ ਸੈਂਟ੍ਰਲ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਪ੍ਰੋਫੈਸਰ ਮੀਨਾ ਹਰੀਹਰਨ ਕਹਿੰਦੀ ਹੈ ਕਿ ਇੱਕ ਸਵਾਰਥੀ ਵਿਅਕਤੀਤਵ ਜੋ ਸਿਰਫ਼ ਆਪਣੇ ਲਈ ਸਭ ਤੋਂ ਵਧੀਆ ਚੀਜ਼ਾਂ ਹਾਸਿਲ ਕਰਨਾ ਚਾਹੁੰਦਾ ਹੈ, ਉਹ ਵਿਗੜੇ ਹੋਏ ਵਿਹਾਰ ਦੇ ਅੰਦਰ ਆਉਂਦਾ ਹੈ।
ਉਨ੍ਹਾਂ ਨੇ ਸਮਝਾਇਆ, "ਇਹ ਘਟਨਾ ਸਵਾਰਥ ਨੂੰ ਦਰਸਾਉਂਦੀ ਹੈ, ਜਿਸ ਵਿੱਚ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਦੂਜੇ ਨੂੰ ਉਹ ਮਿਲੇ ਜੋ ਉਸ ਨੂੰ ਖ਼ੁਦ ਨਹੀਂ ਮਿਲਿਆ। ਵਿਅਕਤੀਗਤ ਸਵਾਰਥ ਨਾਲ ਘਿਰੇ ਵਿਅਕਤੀ ਦਾ ਵਿਹਾਰ ਇਸੇ ਤਰ੍ਹਾਂ ਦਾ ਹੁੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ