You’re viewing a text-only version of this website that uses less data. View the main version of the website including all images and videos.
ਮੱਧ ਪੂਰਬ 'ਚ ਜੰਗ ਵੇਲੇ ਵਰਤਿਆ ਜਾ ਰਿਹਾ ਇਹ ਨਾ ਦਿਖਣ ਵਾਲਾ ਹਥਿਆਰ ਕੀ ਹੈ, ਜਿਸ ਨਾਲ ਸਮੁੰਦਰੀ ਜਹਾਜ਼ਾਂ ਦੇ ਟਕਰਾਉਣ ਦਾ ਖ਼ਤਰਾ ਪੈਦਾ ਹੁੰਦਾ ਹੈ
- ਲੇਖਕ, ਕ੍ਰਿਸ ਬਾਰਾਨਿਯੁਕ
- ਰੋਲ, ਤਕਨਾਲੋਜੀ ਰਿਪੋਰਟਰ
- ਪੜ੍ਹਨ ਦਾ ਸਮਾਂ: 8 ਮਿੰਟ
ਸੈਂਕੜੇ ਦੀ ਗਿਣਤੀ ਵਿੱਚ ਜਹਾਜ਼ ਪਰ ਉਹ ਸਾਰੇ ਗਲਤ ਥਾਂ 'ਤੇ ਹਨ।
ਮਿਸ਼ੇਲ ਵੀਜ਼ ਬਾਕਮੈਨ 'ਵਿੰਡਵਾਰਡ' ਨਾਮ ਦੀ ਇੱਕ ਸਮੁੰਦਰੀ ਏਆਈ ਕੰਪਨੀ ਦੀ ਸੀਨੀਅਰ ਮਰੀਨ ਇੰਟੈਲੀਜੈਂਸ ਐਨਾਲਿਸਟ ਹਨ।
ਜਦੋਂ ਉਹ ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਦੇ ਨੇੜਲੇ ਸਮੁੰਦਰੀ ਖੇਤਰ ਵਿੱਚ ਵਪਾਰਕ ਜਹਾਜ਼ਾਂ ਦੀ ਲਾਈਵ ਲੋਕੇਸ਼ਨ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਨਿਕਲਿਆ, "ਹੇ ਮੇਰੇ ਰੱਬਾ (ਓ ਮਾਈ ਗੁੱਡਨੇਸ)"।
ਹੋਰਮੁਜ਼ ਸਟ੍ਰੇਟ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਕਸ਼ਾ ਦੇਖਦੇ ਹੋਏ ਉਹ ਕਹਿੰਦੇ ਹਨ, "ਮੈਂ ਹੁਣ ਤੱਕ... 35 ਵੱਖ-ਵੱਖ ਕਲੱਸਟਰ ਗਿਣ ਚੁੱਕੀ ਹਾਂ।"
ਜਿਨ੍ਹਾਂ ਕਲੱਸਟਰਾਂ ਦੀ ਉਹ ਗੱਲ ਕਰ ਰਹੇ ਹਨ, ਉਹ ਨਕਸ਼ੇ 'ਤੇ ਬਣੀਆਂ ਅਜੀਬ ਜਿਹੀਆਂ ਗੋਲ ਆਕਾਰ ਦੀਆਂ ਚੀਜ਼ਾਂ ਹਨ ਅਤੇ ਇਨ੍ਹਾਂ ਵਿੱਚੋਂ ਹਰ ਆਈਕਨ ਇੱਕ ਅਸਲੀ ਜਹਾਜ਼ ਨੂੰ ਦਰਸਾ ਰਿਹਾ ਹੈ।
ਪਰ ਜਹਾਜ਼ ਕਦੇ ਵੀ ਇੰਨੇ ਨੇੜੇ, ਅਜਿਹੇ ਠੀਕ ਗੋਲ ਆਕਾਰ ਵਿੱਚ ਇਕੱਠੇ ਨਹੀਂ ਹੁੰਦੇ ਅਤੇ ਨਾ ਹੀ ਉਹ ਜ਼ਮੀਨ ਦੇ ਉੱਪਰ ਤੈਰ ਸਕਦੇ ਹਨ, ਜਦਕਿ ਕੁਝ ਕਲੱਸਟਰ ਤਾਂ ਉੱਥੇ ਹੀ ਦਿਖਾਈ ਦੇ ਰਹੇ ਹਨ।
ਭਾਵ ਇਨ੍ਹਾਂ ਦੇ ਜੀਪੀਐੱਸ ਕੋਆਰਡੀਨੇਟਸ 'ਚ ਗੜਬੜ ਹੋ ਗਈ ਹੈ, ਜਿਸ ਨਾਲ ਇਨ੍ਹਾਂ ਦੀ ਅਸਲੀ ਲੋਕੇਸ਼ਨ ਸਾਫ਼ ਤੌਰ 'ਤੇ ਨਹੀਂ ਹੈ।
ਜੰਗ ਸਿਰਫ਼ ਗੋਲੀਆਂ ਅਤੇ ਬੰਬਾਂ ਨਾਲ ਨਹੀਂ ਲੜੀ ਜਾਂਦੀ। ਇਲੈਕਟ੍ਰੋਮੈਗਨੈਟਿਕ ਤਰੰਗਾਂ ਵੀ ਯੁੱਧ ਵਿੱਚ ਕੰਮ ਆਉਂਦੀਆਂ ਹਨ। ਨੰਗੀ ਅੱਖ ਨਾਲ ਨਾ ਦਿਖਣ ਵਾਲੀ ਜੀਪੀਐੱਸ ਜੈਮਿੰਗ ਭਾਰੀ ਗੜਬੜੀਆਂ ਪੈਦਾ ਕਰ ਸਕਦੀ ਹੈ, ਸੰਚਾਰ ਪ੍ਰਣਾਲੀ ਵਿੱਚ ਵਿਘਨ ਪਾ ਸਕਦੀ ਹੈ ਅਤੇ ਜਾਨਲੇਵਾ ਹਾਦਸੇ ਵੀ ਹੋ ਸਕਦੇ ਹਨ।
ਜੀਪੀਐੱਸ ਜੈਮਿੰਗ ਹੁੰਦੀ ਕੀ ਹੈ - ਇਹ ਅਸਲ ਵਿੱਚ ਜੀਪੀਐੱਸ ਸਿਗਨਲ ਵਿੱਚ ਜਾਣਬੁੱਝ ਕੇ ਪੈਦਾ ਕੀਤੀ ਗਈ ਰੁਕਾਵਟ ਜਾਂ ਗੜਬੜ ਹੁੰਦੀ ਹੈ। ਇਸ ਵਿੱਚ ਤੇਜ਼ ਰੇਡੀਓ ਸਿਗਨਲ ਭੇਜ ਕੇ ਅਸਲੀ ਜੀਪੀਐੱਸ ਸਿਗਨਲ ਨੂੰ ਦਬਾ ਦਿੱਤਾ ਜਾਂਦਾ ਹੈ।
ਇਸ ਨਾਲ ਮੋਬਾਈਲ, ਜਹਾਜ਼, ਡਰੋਨ ਜਾਂ ਏਅਰਕ੍ਰਾਫਟ ਆਪਣੀ ਲੋਕੇਸ਼ਨ ਗਲਤ ਦਿਖਾਉਣ ਲੱਗਦੇ ਹਨ ਜਾਂ ਲੋਕੇਸ਼ਨ ਮਿਲਦੀ ਹੀ ਨਹੀਂ ਹੈ। ਯੁੱਧ ਜਾਂ ਸੁਰੱਖਿਆ ਸਥਿਤੀਆਂ ਲਈ ਇਸ ਦੀ ਵਰਤੋਂ ਦੁਸ਼ਮਣ ਨੂੰ ਭਰਮਾਉਣ ਜਾਂ ਖੇਤਰ ਦੀ ਲੋਕੇਸ਼ਨ ਛੁਪਾਉਣ ਲਈ ਕੀਤੀ ਜਾਂਦੀ ਹੈ।
'ਜੇਕਰ ਪਤਾ ਹੀ ਨਾ ਲੱਗੇ ਕਿ ਆਸ-ਪਾਸ ਜਹਾਜ਼ ਕਿੱਥੇ ਹਨ?'
ਪਿਛਲੇ ਕੁਝ ਸਾਲਾਂ ਵਿੱਚ ਯੂਰਪ 'ਚ ਕਈ ਏਅਰਕ੍ਰਾਫਟ ਜੀਪੀਐੱਸ ਜੈਮਿੰਗ ਦਾ ਸ਼ਿਕਾਰ ਹੋਏ ਹਨ। ਜਿਨ੍ਹਾਂ ਵਿੱਚ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਦਾ ਜਹਾਜ਼ ਵੀ ਸ਼ਾਮਲ ਹੈ ਅਤੇ ਯੂਕਰੇਨ ਜੰਗ ਵਿੱਚ ਤਾਂ ਇਹ ਹਰ ਰੋਜ਼ ਦੀ ਗੱਲ ਹੋ ਚੁੱਕੀ ਹੈ। ਹੁਣ ਜਦੋਂ ਮੱਧ ਪੂਰਬ ਵਿੱਚ ਸੰਘਰਸ਼ ਵਧਿਆ ਹੈ, ਇਲੈਕਟ੍ਰਾਨਿਕ ਵਾਰਫ਼ੇਅਰ ਹੋਰ ਇਲਾਕਿਆਂ ਵਿੱਚ ਫੈਲਦੀ ਜਾ ਰਹੀ ਹੈ।
ਹੋਰਮੁਜ਼ ਸਟ੍ਰੇਟ ਦੇ ਆਸ-ਪਾਸ ਜਹਾਜ਼ਾਂ ਨੂੰ ਜੋ ਦਿੱਕਤਾਂ ਹੁਣ ਹੋ ਰਹੀਆਂ ਹਨ, ਉਹ ਪਹਿਲੀ ਵਾਰ ਨਹੀਂ ਹਨ। ਬਾਕਮੈਨ ਪਹਿਲਾਂ ਵੀ ਦੇਖ ਚੁੱਕੇ ਹਨ ਕਿ ਜੀਪੀਐੱਸ ਜੈਮਿੰਗ ਨਾਲ ਜਹਾਜ਼ਾਂ ਦੇ ਆਟੋਮੈਟਿਕ ਆਈਡੈਂਟੀਫਿਕੇਸ਼ਨ ਸਿਸਟਮ (ਏਆਈਐੱਸ) 'ਤੇ ਅਸਰ ਪੈਂਦਾ ਹੈ।
ਪਿਛਲੇ ਸਾਲ ਇਸ ਇਲਾਕੇ ਵਿੱਚ ਇਜ਼ਰਾਇਲ ਅਤੇ ਈਰਾਨ ਵਿਚਕਾਰ 12 ਦਿਨਾਂ ਦੀ ਜੰਗ ਦੌਰਾਨ ਵੀ ਇਹੀ ਹੋਇਆ ਸੀ ਅਤੇ ਬਾਲਟਿਕ ਸਾਗਰ ਵਿੱਚ ਵੀ ਇਲੈਕਟ੍ਰਾਨਿਕ ਇੰਟਰਫੇਰੈਂਸ ਨੇ ਜਹਾਜ਼ਾਂ ਦੇ ਨੇਵੀਗੇਸ਼ਨ ਵਿੱਚ ਦਿੱਕਤਾਂ ਪੈਦਾ ਕੀਤੀਆਂ ਸਨ। ਪਰ ਉਹ ਕਹਿੰਦੇ ਹਨ, "ਇਹ ਤਾਂ ਉਸ ਤੋਂ ਵੀ ਇੱਕ ਕਦਮ ਅੱਗੇ ਦੀ ਗੱਲ ਹੈ।"
"ਅਸੀਂ ਸਮੁੰਦਰੀ ਨੇਵੀਗੇਸ਼ਨ ਅਤੇ ਸੁਰੱਖਿਆ ਲਈ ਇਸ ਖ਼ਤਰੇ ਨੂੰ ਘੱਟ ਨਹੀਂ ਸਮਝ ਸਕਦੇ।"
ਪਾਕਿਸਤਾਨ ਦੇ ਨੈਸ਼ਨਲ ਹਾਈਡ੍ਰੋਗ੍ਰਾਫਿਕ ਆਫਿਸ ਨੇ ਵੀ ਇਸ ਖੇਤਰ ਵਿੱਚ ਜਹਾਜ਼ਰਾਨੀ ਨੂੰ ਪ੍ਰਭਾਵਿਤ ਕਰਨ ਵਾਲੀ ਅਜਿਹੀ ਦਖਲਅੰਦਾਜ਼ੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਜਹਾਜ਼ 'ਏਆਈਐੱਸ' ਦੀ ਵਰਤੋਂ ਕੁਝ ਹੱਦ ਤੱਕ ਇੱਕ-ਦੂਜੇ ਨਾਲ ਟਕਰਾਉਣ ਤੋਂ ਬਚਣ ਲਈ ਵੀ ਕਰਦੇ ਹਨ। ਸੈਂਕੜੇ ਹਜ਼ਾਰ ਟਨ ਤੇਲ ਲੈ ਕੇ ਜਾ ਰਿਹਾ 300 ਮੀਟਰ ਲੰਬਾ ਟੈਂਕਰ ਮੁੜਨ ਜਾਂ ਰੁਕਣ ਵਿੱਚ ਬਹੁਤ ਸਮਾਂ ਲੈਂਦਾ ਹੈ ਅਤੇ ਜਦੋਂ ਤੱਕ ਕੋਈ ਜਹਾਜ਼ ਪੂਰੀ ਤਰ੍ਹਾਂ ਰਸਤਾ ਬਦਲੇ, ਉਦੋਂ ਤੱਕ ਉਹ ਕਈ ਕਿਲੋਮੀਟਰ ਅੱਗੇ ਵਧ ਸਕਦਾ ਹੈ।
ਜੇਕਰ ਤੁਹਾਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਆਸ-ਪਾਸ ਜਹਾਜ਼ ਕਿੱਥੇ ਹਨ ਤਾਂ ਟੱਕਰ ਦਾ ਖ਼ਤਰਾ ਵਧ ਜਾਂਦਾ ਹੈ, ਖ਼ਾਸ ਕਰਕੇ ਰਾਤ ਨੂੰ ਜਾਂ ਘੱਟ ਵਿਜ਼ੀਬਿਲਟੀ ਵਾਲੀ ਸਥਿਤੀ ਵਿੱਚ।
ਯੂਨੀਵਰਸਿਟੀ ਆਫ ਸਰੀ ਦੇ ਐਲਨ ਵੁੱਡਵਰਡ ਕਹਿੰਦੇ ਹਨ, "ਇਹੀ ਅਸਲੀ ਦਿੱਕਤ ਹੈ। ਮੁੱਦਾ ਇਹ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ, ਸਮੱਸਿਆ ਇਹ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਬਾਕੀ ਸਾਰੇ ਕਿੱਥੇ ਜਾ ਰਹੇ ਹਨ।
'ਜੈਮਿੰਗ ਦਾ ਪੱਧਰ ਅਤੇ ਤਾਕਤ' ਹੈਰਾਨ ਕਰਨ ਵਾਲੀ
ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਜੈਮਿੰਗ ਦੇ ਪਿੱਛੇ ਕੌਣ ਹੈ, ਪਰ ਫੌਜ ਦੇ ਮਾਹਰਾਂ ਨੂੰ ਪੂਰਾ ਸ਼ੱਕ ਹੈ ਕਿ ਜਹਾਜ਼ਾਂ ਵਿੱਚ ਗੜਬੜੀ ਈਰਾਨ ਵੱਲੋਂ ਕੀਤੀ ਜਾ ਰਹੀ ਹੈ। ਈਰਾਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਹੋਰਮੁਜ਼ ਸਟ੍ਰੇਟ ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਜਹਾਜ਼ 'ਤੇ ਹਮਲਾ ਕੀਤਾ ਜਾ ਸਕਦਾ ਹੈ।
'ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ' ਥਿੰਕ ਟੈਂਕ ਦੇ ਐਸੋਸੀਏਟ ਫੈਲੋ ਥਾਮਸ ਵਿਥਿੰਗਟਨ ਕਹਿੰਦੇ ਹਨ ਕਿ ਈਰਾਨ ਦੁਆਰਾ ਵਰਤੇ ਜਾ ਰਹੇ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀਐੱਨਐੱਸਐੱਸ) ਜਾਂ ਜੀਪੀਐੱਸ ਜੈਮਿੰਗ ਉਪਕਰਣ ਸ਼ਾਇਦ ਘਰੇਲੂ ਪੱਧਰ 'ਤੇ ਬਣਾਏ ਗਏ ਹਨ ਜਾਂ ਰੂਸ ਅਤੇ ਚੀਨ ਤੋਂ ਮਿਲੇ ਉਪਕਰਣਾਂ ਨਾਲ ਤਿਆਰ ਕੀਤੇ ਗਏ ਹਨ।
ਉਹ ਇਹ ਸੰਭਾਵਨਾ ਵੀ ਪ੍ਰਗਟਾਉਂਦੇ ਹਨ ਕਿ ਇਸ ਖੇਤਰ ਵਿੱਚ ਮੌਜੂਦ ਅਮਰੀਕੀ ਫੌਜੀ ਬਲ ਵੀ ਆਪਣੇ ਬੇਸ, ਕਰਮਚਾਰੀਆਂ ਅਤੇ ਜਹਾਜ਼ਾਂ ਨੂੰ ਡਰੋਨ ਅਤੇ ਜੀਐਨਐੱਸਐੱਸ ਗਾਈਡਿਡ ਹਥਿਆਰਾਂ ਤੋਂ ਬਚਾਉਣ ਲਈ ਜੈਮਿੰਗ ਸਿਸਟਮ ਦੀ ਵਰਤੋਂ ਕਰ ਰਹੇ ਹੋ ਸਕਦੇ ਹਨ।
ਬੀਬੀਸੀ ਵੱਲੋਂ ਸੰਪਰਕ ਕੀਤੇ ਜਾਣ 'ਤੇ ਅਮਰੀਕੀ 'ਡਿਪਾਰਟਮੈਂਟ ਆਫ਼ ਵਾਰ' ਨੇ ਕਿਹਾ, "ਅਪਰੇਸ਼ਨਲ ਸੁਰੱਖਿਆ ਕਾਰਨਾਂ ਕਰਕੇ ਅਸੀਂ ਖੇਤਰ ਵਿੱਚ ਵਿਸ਼ੇਸ਼ ਸਮਰੱਥਾਵਾਂ ਦੀ ਸਥਿਤੀ ਬਾਰੇ ਕੋਈ ਟਿੱਪਣੀ ਨਹੀਂ ਕਰਾਂਗੇ।"
ਸੀਨ ਗੌਰਮਨ ਜੇਫ਼ਰ.ਐਕਸਵਾਈਜ਼ੈੱਡ (Zephr.xyz) ਨਾਮ ਦੀ ਇੱਕ ਟੈਕ ਕੰਪਨੀ ਦੇ ਸਹਿ-ਸੰਸਥਾਪਕ ਹਨ, ਜਿਸ ਨੇ ਯੂਕਰੇਨ ਸਮੇਤ ਕਈ ਦੇਸ਼ਾਂ ਵਿੱਚ ਜੀਪੀਐੱਸ ਜੈਮਿੰਗ ਦੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ।
ਹਵਾਈ ਜਹਾਜ਼ਾਂ ਤੋਂ ਮਿਲਣ ਵਾਲੇ ਡੇਟਾ ਤੋਂ ਅਕਸਰ ਪਤਾ ਲੱਗ ਜਾਂਦਾ ਹੈ ਕਿ ਜੀਪੀਐੱਸ ਜੈਮਿੰਗ ਕਦੋਂ ਹੋ ਰਹੀ ਹੈ ਪਰ ਈਰਾਨ ਦਾ ਹਵਾਈ ਖੇਤਰ ਹੁਣ ਬੰਦ ਹੋਣ ਕਾਰਨ ਸੀਨ ਗੌਰਮਨ ਨੂੰ ਹੋਰ ਸਰੋਤ ਲੱਭਣੇ ਪਏ ਹਨ।
ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਨੇ ਈਰਾਨ ਵਿੱਚ ਹੋ ਰਹੀ ਜੈਮਿੰਗ ਨੂੰ ਫੜਨ ਲਈ ਇੱਕ ਸੈਟੇਲਾਈਟ ਤੋਂ ਮਿਲੇ ਰਾਡਾਰ ਡੇਟਾ ਦੀ ਵਰਤੋਂ ਕੀਤੀ।
ਹਾਲਾਂਕਿ ਬੀਬੀਸੀ ਨੇ ਇਸ ਡੇਟਾ ਦੀ ਸੁਤੰਤਰ ਪੁਸ਼ਟੀ ਨਹੀਂ ਕੀਤੀ ਹੈ ਪਰ ਸੀਨ ਗੌਰਮਨ ਦਾ ਕਹਿਣਾ ਹੈ ਕਿ ਜੈਮਿੰਗ ਡਿਵਾਈਸ ਰਾਡਾਰ ਸਿਗਨਲਾਂ ਵਿੱਚ ਇੱਕ ਕਿਸਮ ਦਾ ਨਿਸ਼ਾਨ ਛੱਡਦੇ ਹਨ, ਜਿਸ ਨਾਲ ਦੇਸ਼ ਭਰ ਵਿੱਚ ਹੋ ਰਹੀਆਂ ਜੀਪੀਐੱਸ ਜੈਮਿੰਗ ਦੀਆਂ ਘਟਨਾਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
2024 ਵਿੱਚ ਸੀਨ ਗੌਰਮਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਯੂਕਰੇਨ ਵਿੱਚ ਜੀਪੀਐੱਸ ਜੈਮਿੰਗ ਦਾ ਅਧਿਐਨ ਕਰਨ ਲਈ ਡਰੋਨਾਂ 'ਤੇ ਸਮਾਰਟਫੋਨ ਬੰਨ੍ਹ ਕੇ ਉਡਾਏ।
ਡਰੋਨ ਉੱਡਦੇ ਰਹੇ ਅਤੇ ਸਮਾਰਟਫੋਨ ਜੀਪੀਐੱਸ ਦੀ ਜਾਣਕਾਰੀ ਰਿਕਾਰਡ ਕਰਦੇ ਰਹੇ ਅਤੇ ਜੋ ਵੀ ਇੰਟਰਫੇਰੈਂਸ ਮਿਲਦੀ, ਉਸ ਨੂੰ ਨਕਸ਼ੇ 'ਤੇ ਦਿਖਾਇਆ ਜਾ ਸਕਦਾ ਸੀ। ਸੀਨ ਗੌਰਮਨ ਦੱਸਦੇ ਹਨ, "ਅਸੀਂ ਉਨ੍ਹਾਂ ਸਾਰੇ ਫੋਨਾਂ ਦੇ ਜੀਐੱਨਐੱਸਐੱਸ ਮਾਪ ਦੇਖ ਰਹੇ ਸੀ। ਇਸ ਨਾਲ ਤੁਸੀਂ ਜੈਮਰ ਦੀ ਸਹੀ ਲੋਕੇਸ਼ਨ ਦਾ ਹਿਸਾਬ ਲਗਾ ਕੇ ਉਸ ਦਾ ਪਤਾ ਲਗਾ ਸਕਦੇ ਸੀ।
ਗੌਰਮਨ ਕਹਿੰਦੇ ਹਨ, "ਮੈਂ ਤਾਂ ਜੈਮਿੰਗ ਦੇ ਪੱਧਰ ਅਤੇ ਉਸ ਦੀ ਤਾਕਤ ਦੇਖ ਕੇ ਹੈਰਾਨ ਰਹਿ ਗਿਆ।"
ਜੀਪੀਐੱਸ ਜੈਮਿੰਗ ਤੋਂ ਬਚਾਅ ਲਈ ਕਈ ਤਕਨੀਕਾਂ ਮੌਜੂਦ ਹਨ। ਸਮੱਸਿਆ ਨੂੰ ਘੱਟ ਕਰਨ ਲਈ ਇੱਕ ਤਰੀਕਾ ਹੈ ਜੈਮਿੰਗ ਜਾਂ ਇੰਟਰਫੇਰੈਂਸ ਨੂੰ ਆਟੋਮੈਟਿਕ ਤੌਰ 'ਤੇ ਪਛਾਣ ਕੇ ਦੂਜੀ ਅਣ-ਪ੍ਰਭਾਵਿਤ ਫ੍ਰੀਕੁਐਂਸੀ 'ਤੇ ਸ਼ਿਫਟ ਹੋ ਜਾਣਾ।
ਜੈਮਿੰਗ ਨਾਲ ਨਜਿੱਠਣ ਲਈ ਕੀ ਤਰੀਕੇ ਹਨ
ਰੱਖਿਆ ਖੇਤਰ ਦੀ ਦਿੱਗਜ ਕੰਪਨੀ ਰੇਥੀਅਨ 'ਲੈਂਡਸ਼ੀਲਡ' ਨਾਮ ਦਾ ਇੱਕ ਡਿਵਾਈਸ ਬਣਾਉਂਦੀ ਹੈ, ਜਿਸ ਦਾ ਸਭ ਤੋਂ ਛੋਟਾ ਮਾਡਲ ਆਈਸ ਹਾਕੀ ਪੱਕ (ਗੇਂਦ) ਜਿੰਨਾ ਹੁੰਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ 'ਐਂਟੀ-ਜੈਮ ਐਂਟੀਨਾ ਸਿਸਟਮ' ਕਾਰਾਂ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ, ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਵਿੱਚ ਲਗਾਇਆ ਜਾ ਸਕਦਾ ਹੈ ਅਤੇ ਇਹ ਜੈਮਿੰਗ ਨਾਲ ਨਜਿੱਠਣ ਲਈ ਕਈ ਚੈਨਲਾਂ ਦੀ ਵਰਤੋਂ ਕਰਦਾ ਹੈ।
ਰੇਥੀਅਨ ਯੂਕੇ ਦੇ ਇੰਜੀਨੀਅਰਿੰਗ ਡਾਇਰੈਕਟਰ ਐਲੇਕਸ ਰੋਜ਼-ਪਾਰਫਿਟ ਕਹਿੰਦੇ ਹਨ, "ਇਸ ਸਮੇਂ ਸਾਡੇ ਐਂਟੀ-ਜੈਮਿੰਗ ਉਪਕਰਨਾਂ ਦੀ ਮੰਗ ਅਤੇ ਉਤਪਾਦਨ ਸਮਰੱਥਾ ਦੋਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ।"
ਦੂਜੀਆਂ ਕੰਪਨੀਆਂ ਨੇ ਅਜਿਹੀਆਂ ਨੇਵੀਗੇਸ਼ਨ ਤਕਨੀਕਾਂ ਵਿਕਸਿਤ ਕੀਤੀਆਂ ਹਨ ਜੋ ਜੀਪੀਐੱਸ ਦੀਆਂ ਕਮੀਆਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੀਆਂ ਹਨ।
ਆਸਟ੍ਰੇਲੀਆ ਸਥਿਤ 'ਐਡਵਾਂਸਡ ਨੇਵੀਗੇਸ਼ਨ' ਕੰਪਨੀ ਨੇ ਇੱਕ ਅਜਿਹਾ ਸਿਸਟਮ ਬਣਾਇਆ ਹੈ ਜੋ ਜਾਈਰੋਸਕੋਪ ਅਤੇ ਐਕਸਲੈਰੋਮੀਟਰ ਦੀ ਰੀਡਿੰਗ ਦੇ ਆਧਾਰ 'ਤੇ ਕਿਸੇ ਵਾਹਨ ਦੀ ਲੋਕੇਸ਼ਨ ਤੈਅ ਕਰ ਸਕਦਾ ਹੈ।
ਇਹ ਉਹੀ ਸੈਂਸਰ ਹਨ ਜਿਨ੍ਹਾਂ ਤੋਂ ਤੁਹਾਡੇ ਸਮਾਰਟਫੋਨ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਇੱਕ ਪਾਸੇ ਘੁਮਾਇਆ ਗਿਆ ਹੈ।
ਐਡਵਾਂਸਡ ਨੇਵੀਗੇਸ਼ਨ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਕ੍ਰਿਸ ਸ਼ਾਅ ਕਹਿੰਦੇ ਹਨ ਕਿ ਜੀਪੀਐੱਸ ਉਪਲਬਧ ਨਾ ਹੋਣ ਜਾਂ ਭਰੋਸੇਯੋਗ ਨਾ ਰਹਿਣ 'ਤੇ ਕਿਸੇ ਦੀ ਭੂਗੋਲਿਕ ਸਥਿਤੀ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਕੰਪਨੀ ਦੀ ਤਕਨੀਕ ਦੂਜੇ ਵਿਕਲਪਾਂ ਦੀ ਵਰਤੋਂ ਕਰ ਸਕਦੀ ਹੈ।
ਇਸ ਵਿੱਚ ਵਿਅਕਤੀ ਦੀ ਲੋਕੇਸ਼ਨ ਦੀ ਆਪਟੀਕਲ ਇਮੇਜਰੀ ਨੂੰ ਸੈਟੇਲਾਈਟ ਤਸਵੀਰਾਂ ਨਾਲ ਮਿਲਾਉਣਾ ਸ਼ਾਮਲ ਹੈ ਜਾਂ ਫਿਰ ਸਿਰ ਦੇ ਉੱਪਰ ਦਿਖਣ ਵਾਲੇ ਤਾਰਿਆਂ ਦੀ ਸਥਿਤੀ ਦਾ ਕੰਪਿਊਟਰ ਅਧਾਰਤ ਵਿਸ਼ਲੇਸ਼ਣ ਕਰਨਾ ਵੀ।
ਕ੍ਰਿਸ ਸ਼ਾਅ ਕਹਿੰਦੇ ਹਨ, "ਇਮੇਜ ਪ੍ਰੋਸੈਸਿੰਗ ਕਾਫ਼ੀ ਐਡਵਾਂਸਡ ਹੈ। ਸਟਾਰ-ਮੈਪਿੰਗ ਵਰਗਾ ਕੰਮ ਕਰਨਾ ਬਹੁਤ ਘੱਟ ਖਰਚੀਲਾ ਹੈ।"
ਹਾਲਾਂਕਿ ਉਹ ਇਹ ਵੀ ਕਹਿੰਦੇ ਹਨ, "ਬੱਸ ਇਸ ਦੀ ਸ਼ੁੱਧਤਾ (ਐਕੁਰੇਸੀ) ਬਹੁਤ ਵਧੀਆ ਨਹੀਂ ਹੁੰਦੀ।" ਇਸੇ ਕਾਰਨ ਕਈ ਤਰ੍ਹਾਂ ਦੇ ਲੋਕੇਸ਼ਨ ਅਤੇ ਪੋਜੀਸ਼ਨ ਵਿਸ਼ਲੇਸ਼ਣਾਂ ਨੂੰ ਇੱਕੋ ਸਮੇਂ ਵਰਤਣਾ ਪੈ ਸਕਦਾ ਹੈ।
ਜੇਕਰ ਬਿਹਤਰ ਸੁਰੱਖਿਆ ਨਾ ਮਿਲੇ ਤਾਂ ਆਪਣੇ ਮੌਜੂਦਾ ਰੂਪ ਵਿੱਚ ਜੀਪੀਐੱਸ ਅਸੁਰੱਖਿਅਤ ਹੀ ਬਣਿਆ ਰਹੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜੀਪੀਐੱਸ ਅਧਾਰਤ ਸਿਸਟਮ ਜਿਨ੍ਹਾਂ ਸਿਗਨਲਾਂ 'ਤੇ ਨਿਰਭਰ ਕਰਦੇ ਹਨ, ਉਹ ਬਹੁਤ ਕਮਜ਼ੋਰ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਜੈਮ ਕਰਨਾ ਆਸਾਨ ਹੁੰਦਾ ਹੈ।
ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਫੌਜ ਕੋਲ 'ਐਮ-ਕੋਡ' ਜੀਪੀਐੱਸ ਹੁੰਦਾ ਹਨ। ਇਹ ਤਕਨੀਕ ਦਾ ਇੱਕ ਪ੍ਰਮਾਣਿਤ ਅਤੇ ਐਨਕ੍ਰਿਪਟਡ ਵਰਜਨ ਹੈ, ਜੈਮਿੰਗ ਨੂੰ ਲੈ ਕੇ ਇਸ ਦੀ ਰੋਕਥਾਮ ਸਮਰੱਥਾ ਕਾਫ਼ੀ ਵਧੀਆ ਹੁੰਦੀ ਹੈ।
ਰੌਇਲ ਇੰਸਟੀਚਿਊਟ ਫਾਰ ਨੇਵੀਗੇਸ਼ਨ ਦੇ ਡਾਇਰੈਕਟਰ ਰੈਮਜ਼ੀ ਫੈਰਾਗਰ ਕਹਿੰਦੇ ਹਨ ਕਿ ਈਰਾਨ ਤੱਟ ਦੇ ਨੇੜੇ ਹੋ ਰਹੀ ਜੀਪੀਐੱਸ ਜੈਮਿੰਗ ਸਮੁੰਦਰੀ ਹਾਦਸਿਆਂ ਦਾ ਜੋਖਮ ਵਧਾਉਂਦੀ ਹੈ।
ਉਨ੍ਹਾਂ ਦਾ ਅੰਦਾਜ਼ਾ ਹੈ ਕਿ ਜੈਮਿੰਗ ਵਿੱਚ ਲਗਾਤਾਰ ਹੋ ਰਿਹਾ ਵਾਧਾ ਆਖ਼ਰ ਵਿੱਚ ਜ਼ਿਆਦਾ ਸੁਰੱਖਿਅਤ ਵਿਕਲਪਾਂ ਵੱਲ ਲੈ ਜਾਵੇਗਾ। ਕੁਝ ਉਸੇ ਤਰ੍ਹਾਂ ਜਿਵੇਂ ਕਦੇ ਖੁੱਲ੍ਹੇ ਅਤੇ ਸਭ ਲਈ ਉਪਲਬਧ ਵਾਈ-ਫਾਈ ਨੈੱਟਵਰਕ ਸਮੇਂ ਦੇ ਨਾਲ ਅੱਜ ਦੇ ਪਾਸਵਰਡ-ਸੁਰੱਖਿਅਤ ਨੈੱਟਵਰਕਾਂ ਵਿੱਚ ਬਦਲ ਗਏ।
ਉਹ ਕਹਿੰਦੇ ਹਨ, "ਬਹੁਤ ਜਲਦ ਅਸੀਂ ਇਸ ਦੌਰ ਨੂੰ ਪਿੱਛੇ ਮੁੜ ਕੇ ਦੇਖਾਂਗੇ, ਜਦੋਂ ਅਸੀਂ ਖੁੱਲ੍ਹੇ ਜੀਐਨਐਸੱਐੱਸ ਸਿਗਨਲਾਂ ਦੀ ਵਰਤੋਂ ਕਰ ਰਹੇ ਸੀ ਅਤੇ ਸੋਚਾਂਗੇ 'ਹੇ ਰੱਬਾ, ਅਸੀਂ ਤਾਂ ਪਾਗਲ ਸੀ, ਇਹ ਸੱਚਮੁੱਚ ਸਮਝਦਾਰੀ ਭਰਿਆ ਕਦਮ ਨਹੀਂ ਸੀ'।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ