You’re viewing a text-only version of this website that uses less data. View the main version of the website including all images and videos.
ਕੌਣ ਹੈ ਜਸ਼ਨਪ੍ਰੀਤ ਸਿੰਘ ਜਿਸ ਨੇ ਅਮਰੀਕਾ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਮਸ਼ੀਨ ਗਨ ਰੱਖਣ ਦਾ ਜੁਰਮ ਕਬੂਲਿਆ
ਅਮਰੀਕਾ ਵਿੱਚ ਕੈਲੀਫੋਰਨੀਆ ਦੀ ਸੈਨ ਜੋਕਿਨ ਕਾਉਂਟੀ ਦੇ ਇੱਕ ਸ਼ਹਿਰ ਲੋਡੀ ਦੇ ਵਾਸੀ 27 ਸਾਲਾ ਜਸ਼ਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਹਥਿਆਰਾਂ ਦੇ ਗੈਰ-ਕਾਨੂੰਨੀ ਕਾਰੋਬਾਰ ਅਤੇ ਮਸ਼ੀਨ ਗਨ ਰੱਖਣ ਦੇ ਇਲਜ਼ਾਮਾਂ ਨੂੰ ਕਬੂਲ ਕਰ ਲਿਆ ਹੈ।
ਇਸ ਗੱਲ ਦੀ ਜਾਣਕਾਰੀ ਯੂ.ਐੱਸ. ਅਟਾਰਨੀ ਐਰਿਕ ਗ੍ਰਾਂਟ ਵੱਲੋਂ ਦਿੱਤੀ ਗਈ।
ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਜਸ਼ਨਪ੍ਰੀਤ ਸਿੰਘ ਸਟਾਕਟਨ ਸਥਿਤ ਮੋਟਰਸਾਈਕਲ ਕਲੱਬ ਦਾ ਮੋਢੀ ਸੀ। ਇਸ ਦਾ ਸੰਬੰਧ ਇੱਕ ਹੋਰ ਗੈਰ-ਕਨੂੰਨੀ ਮੋਟਰ ਸਾਈਕਲ ਗਿਰੋਹ ਹੈਲਜ਼ ਏਂਜਲਸ ਨਾਲ ਦੱਸਿਆ ਗਿਆ ਹੈ।
ਹੈਲਜ਼ ਏਂਜਲਸ ਇੱਕ ਮਸ਼ਹੂਰ ਮੋਟਰਸਾਈਕਲ ਕਲੱਬ ਹੈ ਜਿਸ ਨੂੰ ਅਕਸਰ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਗੈਂਗਸਟਰਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ।
ਯੂ.ਐੱਸ. ਅਟਾਰਨੀ ਆਫ਼ਿਸ, ਈਸਟ ਕੈਲੀਫੋਰਨੀਆ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਸਾਂਝੇ ਕੀਤੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਪਿਛਲੇ ਸਾਲ ਛੇ ਜੂਨ ਨੂੰ ਜਸ਼ਨਪ੍ਰੀਤ ਸਿੰਘ ਨੇ ਇੱਕ ਅੰਡਰਕਵਰ ਅਫ਼ਸਰ ਨੂੰ ਕਈ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ।
ਇਨ੍ਹਾਂ ਹਥਿਆਰਾਂ ਵਿੱਚ: ਇੱਕ ਛੋਟੀ ਬੈਰਲ ਦੀ ਰਾਈਫਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਜ਼ਨ ਡਿਵਾਈਸ ਅਤੇ ਇੱਕ ਰਿਵਾਲਵਰ ਸ਼ਾਮਲ ਸੀ।
ਜਦੋਂ ਅਧਿਕਾਰੀਆਂ ਨੇ ਜਸ਼ਨਪ੍ਰੀਤ ਦੇ ਲੋਡੀ ਸਥਿਤ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਗਨ, ਇੱਕ ਹੋਰ ਕਨਵਰਸ਼ਨ ਡਿਵਾਈਸ, ਇੱਕ ਸਾਈਲੈਂਸਰ, ਵੱਡੀ ਸਮਰੱਥਾ ਵਾਲੇ ਡਰੱਮ ਮੈਗਜ਼ੀਨ ਅਤੇ ਵਿਸਫੋਟਕ ਪਦਾਰਥ ਬਰਾਮਦ ਹੋਏ—ਜਿਨ੍ਹਾਂ ਵਿੱਚ ਇੱਕ "ਪਾਈਨਐਪਲ" ਸਟਾਈਲ ਹੈਂਡ ਗ੍ਰਨੇਡ ਅਤੇ ਇੱਕ ਮਿਲਟਰੀ ਕਲੇਮੋਰ ਮਾਈਨ ਵਰਗੀ ਚੀਜ਼ ਸ਼ਾਮਲ ਸੀ।
ਇਹਨਾਂ ਵਿਸਫੋਟਕਾਂ ਨੂੰ ਸੈਨ ਜੋਕਿਨ ਕਾਉਂਟੀ ਸ਼ੈਰਿਫ ਦੇ ਬੰਬ ਨਿਰੋਧਕ ਦਸਤੇ ਵੱਲੋਂ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
ਗ੍ਰਿਫ਼ਤਾਰੀ ਅਤੇ ਭੱਜਣ ਦੀ ਕੋਸ਼ਿਸ਼
ਜਸ਼ਨਪ੍ਰੀਤ ਪਹਿਲਾਂ ਸੈਨ ਜੋਕਿਨ ਕਾਉਂਟੀ ਵਿੱਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੀ, ਪਰ 21 ਜੁਲਾਈ, 2025 ਨੂੰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਜੁਲਾਈ 23 ਨੂੰ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਨੂੰ ਜਸ਼ਨਪ੍ਰੀਤ ਵੱਲੋਂ ਭਾਰਤ ਜਾਣ ਲਈ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾਉਣ ਦੀ ਇਤਲਾਹ ਮਿਲੀ।
ਇਸ ਤੋਂ ਬਾਅਦ 26 ਜੁਲਾਈ ਨੂੰ ਸੈਨ ਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ਤੋਂ ਫਰਾਰ ਹੋਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਸਜ਼ਾ ਅਤੇ ਕਾਰਵਾਈ
ਜਸ਼ਨਪ੍ਰੀਤ ਸਿੰਘ ਨੂੰ 11 ਮਈ, 2026 ਨੂੰ ਯੂ.ਐੱਸ. ਡਿਸਟ੍ਰਿਕਟ ਜੱਜ ਡੇਲ ਏ. ਡ੍ਰੋਜ਼ਡ ਵੱਲੋਂ ਸਜ਼ਾ ਸੁਣਾਈ ਜਾਵੇਗੀ।
ਉਨ੍ਹਾਂ ਨੂੰ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਲਈ ਵੱਧ ਤੋਂ ਵੱਧ 5 ਸਾਲ ਦੀ ਕੈਦ ਅਤੇ 250,000 ਅਮਰੀਕੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਮਸ਼ੀਨ ਗਨ ਰੱਖਣ ਦੇ ਇਲਜ਼ਾਮ ਵਿੱਚ ਵੀ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਅਤੇ 250,000 ਅਮਰੀਕੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਕੇਸ ਦੀ ਜਾਂਚ ਵਿੱਚ ਯੂਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਸਮੇਤ ਕਈ ਏਜੰਸੀਆਂ ਨੇ ਸਹਿਯੋਗ ਦਿੱਤਾ ਹੈ।
ਇਹ ਕੇਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ), ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰਆਰਮਜ਼ ਐਂਡ ਐਕਸਪਲੋਸਿਵਜ਼ (ਏਟੀਐੱਫ), ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ), ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ (ਈਆਰਓ), ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐੱਚਐਸਆਈ), ਸਣੇ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਦਾ ਨਤੀਜਾ ਹੈ।
ਅਸਿਸਟੈਂਟ ਯੂ.ਐੱਸ. ਅਟਾਰਨੀ ਐਲੇਕਸ ਕਾਰਡੇਨਾਸ ਅਤੇ ਐਡਰੀਅਨ ਕਿਨਸੇਲਾ ਇਸ ਕੇਸ ਦੀ ਪੈਰਵੀ ਕਰ ਰਹੇ ਹਨ।
ਇਹ ਜਾਂਚ ਆਪ੍ਰੇਸ਼ਨ ਟੇਕ ਬੈਕ ਅਮੈਰਿਕਾ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਅਪਰਾਧਿਕ ਸੰਗਠਨਾਂ ਨੂੰ ਖਤਮ ਕਰਨਾ ਅਤੇ ਭਾਈਚਾਰਿਆਂ ਨੂੰ ਹਿੰਸਕ ਅਪਰਾਧਾਂ ਤੋਂ ਬਚਾਉਣਾ ਹੈ।
ਆਪ੍ਰੇਸ਼ਨ ਟੇਕ ਬੈਕ ਅਮੈਰਿਕਾ ਇੱਕ ਦੇਸ ਵਿਆਪੀ ਮੁਹਿੰਮ ਹੈ। ਇਹ ਮੁਹਿੰਮ ਗੈਰ-ਕਾਨੂੰਨੀ ਪਰਵਾਸ ਦੇ ਹਮਲੇ ਨੂੰ ਰੋਕਣ, ਨਸ਼ਾ ਤਸਕਰਾਂ ਅਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਦੇ ਮੁਕੰਮਲ ਖਾਤਮੇ ਲਈ ਅਤੇ ਭਾਈਚਾਰਿਆਂ ਨੂੰ ਹਿੰਸਕ ਅਪਰਾਧੀਆਂ ਤੋਂ ਬਚਾਉਣ ਲਈ ਨਿਆਂ ਵਿਭਾਗ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ