You’re viewing a text-only version of this website that uses less data. View the main version of the website including all images and videos.
'ਬੱਸ ਬਹੁਤ ਹੋ ਗਿਆ, ਹੁਣ ਬਖ਼ਸ਼ਾਂਗੇ ਨਹੀਂ', ਕੈਨੇਡਾ 'ਚ ਫਿਰੌਤੀ ਤੇ ਗੋਲੀਬਾਰੀ ਦੇ ਕੇਸਾਂ ਤੋਂ ਤੰਗ ਆਈ ਕਾਰਨੀ ਸਰਕਾਰ ਨੇ ਉਲੀਕੀ ਨਵੀਂ ਰਣਨੀਤੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
"ਕੈਨੇਡਾ ਦੇ ਬਹੁਤ ਸਾਰੇ ਨਾਗਰਿਕਾਂ ਅਤੇ ਕਾਰੋਬਾਰਾਂ ਲਈ ਫਿਰੌਤੀ ਮੰਗੇ ਜਾਣਾ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਹ ਸਮੱਸਿਆ ਡਰ ਦੀ ਭਾਵਨਾ ਫੈਲਾ ਰਹੀ ਹੈ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਸਮੱਸਿਆ ਕੈਨੇਡੀਅਨ ਨਾਗਰਿਕਾਂ ਦੇ ਮਨ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਕਮਜ਼ੋਰ ਕਰਦੀ ਹੈ।"
ਕੈਨੇਡਾ ਵਿੱਚ ਫਿਰੌਤੀ ਦੇ ਵਧਦੇ ਕੇਸਾਂ ਬਾਰੇ ਇਹ ਫਿਕਰ ਖੁਦ ਕੈਨੇਡਾ ਦੀ ਸਰਕਾਰ ਵੱਲੋਂ ਜ਼ਾਹਿਰ ਕੀਤੀ ਗਈ ਹੈ। 19 ਫਰਵਰੀ ਦੇ ਇਸ ਬਿਆਨ ਵਿੱਚ ਉਨ੍ਹਾਂ ਵੱਲੋਂ ਫਿਰੌਤੀ ਖਿਲਾਫ਼ ਇੱਕ ਰਣਨੀਤੀ ਦਾ ਵੀ ਐਲਾਨ ਕੀਤਾ ਗਿਆ ਹੈ।
ਸਰੀ ਤੋਂ ਬਾਅਦ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਦੇ ਕਈ ਸ਼ਹਿਰਾਂ ਦੇ ਆਗੂਆਂ ਨੇ ਫ਼ਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਵਿੱਚ ਆਪਣੀ ਅਸਮਰੱਥਤਾ ਪ੍ਰਗਟਾਉਂਦੇ ਹੋਏ ਫੈਡਰਲ ਸਰਕਾਰ ਤੋਂ ਮਦਦ ਮੰਗੀ ਸੀ।
ਅਜਿਹੇ ਮਾਮਲਿਆਂ ਦੀ ਜਾਂਚ ਵਿੱਚ ਫਾਈਨੈਸ਼ੀਅਲ ਟਰਾਂਜੈਕਸ਼ਨਜ਼ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਆਫ ਕੈਨੇਡਾ (FINTRAC) ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਇਸ ਗੱਲ ਦਾ ਐਲਾਨ ਕੈਨੇਡਾ ਦੇ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਫਰਾਂਸਿਸ-ਫਿਲਿਪ ਸ਼ੈਂਪੇਨ ਨੇ ਕੀਤਾ ਹੈ। ਉਨ੍ਹਾਂ ਮੁਤਾਬਕ "ਸਾਡੀ ਰਣਨੀਤੀ ਪੈਸੇ ਦਾ ਪਿੱਛਾ ਕਰਨ ਦੀ ਹੈ, ਅਪਰਾਧੀਆਂ ਲਈ ਸਾਡਾ ਸੰਦੇਸ਼ ਬਹੁਤ ਸਖ਼ਤ ਅਤੇ ਸਿੱਧਾ ਹੈ, ਬੱਸ ਬਹੁਤ ਹੋ ਗਿਆ ਅਸੀਂ ਹੁਣ ਉਨ੍ਹਾਂ ਨੂੰ ਬਖ਼ਸ਼ਾਂਗੇ ਨਹੀਂ।"
ਇਹ ਏਜੰਸੀ ਕੈਨੇਡੀਅਨ ਕਾਰੋਬਾਰੀਆਂ ਅਤੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਜਬਰਨ ਵਸੂਲੀ ਦੇ ਅਪਰਾਧ 'ਤੇ ਧਿਆਨ ਕੇਂਦਰਿਤ ਕਰੇਗੀ।
ਕੈਨੇਡਾ ਸਰਕਾਰ ਮੁਤਾਬਕ ਜਬਰੀ ਵਸੂਲੀ ਦੀਆਂ ਵਾਰਦਾਤਾਂ ਕਰਕੇ ਇਸ ਸਮੇਂ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬੇ ਦੇ ਕਾਰੋਬਾਰੀ ਅਤੇ ਆਮ ਲੋਕ ਪੀੜਤ ਹਨ ਅਤੇ ਇਸ ਨਾਲ ਖ਼ਾਸ ਤੌਰ ਉੱਤੇ ਇੱਥੇ ਰਹਿਣ ਵਾਲੇ ਸਾਊਥ ਏਸ਼ੀਅਨ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ।
ਫਿਰੌਤੀ ਦੀ ਸਮੱਸਿਆ ਬਾਰੇ ਅੰਕੜੇ ਕੀ ਦੱਸਦੇ ਹਨ
ਪੀਲ ਪੁਲਿਸ (ਬ੍ਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੀ ਸਾਂਝੀ ਪੁਲਿਸ) ਮੁਤਾਬਕ ਫਿਰੌਤੀਆਂ ਦਾ ਮਸਲਾ ਹੁਣ ਪੀਲ਼ ਖੇਤਰ ਦਾ ਨਹੀਂ ਰਹਿ ਗਿਆ ਸਗੋਂ ਇਹ ਪੂਰੇ ਕੈਨੇਡਾ ਦਾ ਕੌਮੀ ਮਸਲਾ ਬਣ ਚੁੱਕਾ ਹੈ। ਪੀਲ ਪੁਲਿਸ ਮੁਤਾਬਕ 2025 ਵਿੱਚ ਫਿਰੌਤੀਆਂ ਦੇ 476 ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚੋਂ 190 ਕਾਰੋਬਾਰੀਆਂ ਤੋਂ ਫਿਰੌਤੀ ਮੰਗੀ ਗਈ, ਜਿਸ ਵਿੱਚ ਜ਼ਿਆਦਾਤਰ ਏਸ਼ੀਅਨ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀ ਸਨ।
ਇਸ ਤਰਾਂ ਸੀਬੀਸੀ ਚੈਨਲ ਦੀ ਇਕ ਰਿਪੋਰਟ ਦੇ ਮੁਤਾਬਕ ਬੀਤੇ ਸਾਲ 2025 ਵਿੱਚ ਬ੍ਰਿਟਿਸ਼ ਕੰਲੋਬੀਆ ਪ੍ਰਾਂਤ ਦੇ ਇਕੱਲੇ ਸਰੀ ਸ਼ਹਿਰ ਵਿੱਚ ਫਿਰੌਤੀ ਵਸੂਲਣ ਦੀਆਂ 132 ਕੋਸ਼ਿਸ਼ ਹੋਈਆਂ, ਜਿਸ ਵਿੱਚ 49 ਮਾਮਲਿਆਂ ਵਿੱਚ ਘਰਾਂ ਅਤੇ ਵਪਾਰਕ ਸਥਾਨਾਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ।
ਕੀ ਹੈ ਫਿਨਟਰੈਕ ਏਜੰਸੀ
ਫਿਨਟਰੈਕ (ਕੈਨੇਡਾ ਦਾ ਵਿੱਤੀ ਲੈਣ-ਦੇਣ ਅਤੇ ਰਿਪੋਰਟਾਂ ਵਿਸ਼ਲੇਸ਼ਣ ਏਜੰਸੀ) ਵਿੱਤੀ ਮਾਮਲਿਆਂ ਉੱਤੇ ਨਜ਼ਰ ਰੱਖਣ ਦੇ ਲਈ ਕੈਨੇਡਾ ਦੀ ਸੁਤੰਤਰ ਏਜੰਸੀ ਹੈ, ਜੋ ਵਿੱਤੀ ਅਪਰਾਧਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਇਸ ਏਜੰਸੀ ਦਾ ਮੁੱਖ ਕੰਮ ਕੈਨੇਡਾ ਦੇ ਵਿੱਤੀ ਸਿਸਟਮ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਇਸ ਦੀ ਦੁਰਵਰਤੋ ਤੋਂ ਅਪਰਾਧੀਆਂ ਨੂੰ ਰੋਕਣਾ ਹੈ।
ਇਹ ਏਜੰਸੀ ਮਨੀ ਲਾਂਡਰਿੰਗ ਅਤੇ ਅੱਤਵਾਦੀ ਗਤੀਵਿਧੀਆਂ ਲਈ ਹੁੰਦੀ ਫੰਡਿੰਗ ਉੱਤੇ ਨਾ ਸਿਰਫ਼ ਨਜ਼ਰ ਰੱਖਦੀ ਹੈ, ਸਗੋਂ ਉਸ ਨੂੰ ਰੋਕਦੀ ਵੀ ਹੈ।
ਅਸਲ ਵਿੱਚ ਫਿਰੌਤੀ ਦੇ ਅਪਰਾਧ ਤਹਿਤ ਕਾਰੋਬਾਰੀਆਂ ਤੋਂ ਵੱਡੀ ਰਕਮ ਵਸੂਲੀ ਜਾਂਦੀ ਹੈ ਅਤੇ ਇਹ ਏਜੰਸੀ ਇਸ ਗੱਲ ਦਾ ਪਤਾ ਲਗਾਏਗੀ ਕਿ ਇਹ ਰਕਮ ਆਖ਼ਿਰ ਜਾਂਦੀ ਕਿੱਥੇ ਹੈ।
ਫਿਰੌਤੀਆਂ ਖਿਲਾਫ਼ ਐਲਾਨੀ ਨੀਤੀ ਦੇ ਮੁੱਖ ਐਲਾਨ ਕੀ ਰਹੇ
ਸਰਕਾਰ ਨੇ ਫਿਰੌਤੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਮੁੱਖ ਤੌਰ ਉੱਤੇ ਫਿਨਟਰੈਕ ਏਜੰਸੀ ਰਾਹੀਂ ਇਨ੍ਹਾਂ ਬਿੰਦੂਆਂ 'ਤੇ ਕੰਮ ਕਰਨ ਦੀ ਗੱਲ ਆਖੀ ਹੈ।
- ਫਿਰੌਤੀ ਦੀ ਸਮੱਸਿਆ ਨਾਲ ਨਜਿੱਠਣ ਲਈ ਵਿੱਤੀ ਖੁਫ਼ੀਆ ਸਰੋਤਾਂ ਨੂੰ ਤਰਜੀਹ ਦੇਣਾ: FINTRAC ਫਿਰੌਤੀ ਦੇ ਕੇਸਾਂ ਨਾਲ ਨਜਿੱਠਣ ਲਈ ਸਰੋਤਾਂ ਨੂੰ ਵਧਾਏਗਾ। ਇਹ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਅਪਰਾਧਿਕ ਨੈਟਵਰਕਾਂ ਦੀ ਪਛਾਣ ਕਰਨ ਅਤੇ ਜਾਂਚਾਂ ਦਾ ਸਮਰਥਨ ਕਰਨ ਲਈ ਵਧੇਰੇ ਸਮੇਂ ਸਿਰ ਅਤੇ ਸੰਬੰਧਿਤ ਵਿੱਤੀ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਬਣਾਏਗਾ।
- ਵਿੱਤੀ ਸੰਸਥਾਵਾਂ, ਸਰਕਾਰ ਦੇ ਅਦਾਰਿਆਂ ਵਿਚਾਲੇ ਭਾਈਵਾਲੀ ਵਧਾਉਣਾ: FINTRAC ਕੈਨੇਡੀਅਨ ਬੈਂਕਾਂ, ਕ੍ਰੈਡਿਟ ਯੂਨੀਅਨਾਂ, ਅਤੇ ਕ੍ਰਿਪਟੋਕਰੰਸੀਆਂ ਸਮੇਤ ਵਰਚੁਅਲ ਸੰਪਤੀਆਂ ਦੀਆਂ ਵਿੱਤੀ ਸੇਵਾ ਨਾਲ ਜੁੜੀਆਂ ਸੰਸਥਾਵਾਂ ਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗਾ ਤੇ ਅਹਿਮ ਜਾਣਕਾਰੀਆਂ ਸਾਂਝੀਆਂ ਕਰੇਗਾ ਤਾਂ ਜੋ ਫਿਰੌਤੀ ਦੇ ਕੇਸਾਂ ਉੱਤੇ ਨਕੇਲ ਲਗਾਈ ਜਾ ਸਕੇ।
- ਪੁਲਿਸ ਦੀ ਸਹਾਇਤਾ ਲਈ ਵਿੱਤੀ ਖੁਫ਼ੀਆ ਮਾਹਿਰਾਂ ਨੂੰ ਨਿਯੁਕਤ ਕਰਨਾ: FINTRAC ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ, ਜਿਵੇਂ ਕਿ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸਿੱਧੇ ਕੰਮ ਕਰਨ ਲਈ ਸਮਰਪਿਤ ਸੰਪਰਕ ਅਧਿਕਾਰੀਆਂ ਨੂੰ ਨਿਯੁਕਤ ਕਰੇਗਾ।
- ਫਿਰੌਤੀ ਨਾਲ ਸਬੰਧਿਤ ਲੈਣ-ਦੇਣ ਦਾ ਪਤਾ ਲਗਾਉਣ 'ਚ ਮਦਦ ਕਰਨਾ: FINTRAC ਇੱਕ ਟਾਰਗੇਟਡ ਇੰਡੀਕੇਟਰ ਪ੍ਰੋਫਾਈਲ ਭਾਵ 'TIP' ਜਾਰੀ ਕਰੇਗਾ, ਜੋ ਵਿੱਤੀ ਸੰਸਥਾਵਾਂ ਨੂੰ ਜਬਰਦਸਤੀ ਨਾਲ ਜੁੜੇ ਪੈਟਰਨਾਂ ਅਤੇ ਵਿਵਹਾਰਾਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਵਿਹਾਰਕ ਮਾਰਗਦਰਸ਼ਨ ਦੇਵੇਗਾ।
- ਅਪਰਾਧੀ ਜਬਰਨ ਵਸੂਲੀ ਦੇ ਪੈਸੇ ਕਿਵੇਂ ਭੇਜਦੇ ਅਤੇ ਲੁਕਾਉਂਦੇ ਹਨ, ਇਸ ਬਾਰੇ ਖੁਫੀਆ ਜਾਣਕਾਰੀ ਪ੍ਰਕਾਸ਼ਿਤ ਕਰਨਾ: FINTRAC ਰਣਨੀਤਕ ਖੁਫ਼ੀਆ ਜਾਣਕਾਰੀ ਪ੍ਰਕਾਸ਼ਿਤ ਕਰੇਗਾ ਜਿਸ ਵਿੱਚ ਅਪਰਾਧੀ ਜਬਰਨ ਵਸੂਲੀ ਦੀ ਰਕਮ ਨੂੰ ਕਿਵੇਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਹਨ, ਇਸ ਦਾ ਪਤਾ ਲਗਾਉਣ ਵਿੱਚ ਸਹਾਇਤਾ ਲਈ ਸੰਕੇਤਕ ਅਤੇ ਟਾਈਪੋਲੋਜੀ ਸ਼ਾਮਲ ਹਨ।
ਕੈਨੇਡਾ ਦੇ ਵਿੱਤ ਮੰਤਰੀ ਵੱਲੋਂ ਇਹ ਬਿਆਨ ਉਸ ਸਮੇਂ ਆਇਆ, ਜਦੋਂ ਮਿਸੀਸਾਗਾ, ਕੈਲੇਡਨ ਦੇ ਮੇਅਰ ਨੇ ਜ਼ਬਰਦਸਤੀ ਉਗਰਾਹੀਂ ਦੇ ਵਧਦੇ ਮਾਮਲਿਆਂ ਨੂੰ ਰੋਕਣ ਵਿੱਚ ਆਪਣੀ ਅਸਮਰਥਤਾ ਦਰਸਾਉਂਦੇ ਹੋਏ ਫੈਡਰਲ ਸਰਕਾਰ ਤੋਂ ਇਸ ਬਾਬਤ ਮਦਦ ਮੰਗੀ ਸੀ।
ਅਜਿਹਾ ਕੁਝ ਹੀ ਕੁਝ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਇੱਥੋਂ ਦੀ ਮੇਅਰ ਨੇ ਤੰਗ ਆ ਕੇ ਸਿਟੀ ਵਿੱਚ ਐਮਰਜੈਂਸੀ ਐਲਾਨ ਕਰਦੇ ਹੋਏ ਫਿਰੌਤੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਫੈਡਰਲ ਸਰਕਾਰ ਤੋ ਮਦਦ ਮੰਗੀ ਸੀ, ਜਿਸ ਤੋਂ ਬਾਅਦ ਆਰਸੀਐੱਮਪੀ ਅਤੇ ਸਥਾਨਕ ਪੁਲਿਸ ਨੇ ਇਸ ਅਪਰਾਧ ਨੂੰ ਰੋਕਣ ਦੇ ਲਈ ਕਾਰਵਾਈ ਤੇਜ਼ ਕੀਤੀ ਹੋਈ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਵਿੱਚ ਕੌਮਾਂਤਰੀ ਟਰੇਡ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ, "ਬ੍ਰੈਂਪਟਨ ਵਿੱਚ ਫਿਰੌਤੀ ਦੀਆਂ ਵਧਦੀਆਂ ਵਾਰਦਾਤਾਂ ਕਾਰਨ ਭਾਰਤੀ ਭਾਈਚਾਰੇ ਅਤੇ ਕਾਰੋਬਾਰੀਆਂ ਵਿਚਾਲੇ ਸਹਿਮ ਦਾ ਮਾਹੌਲ ਹੈ, ਪਰ ਮੈ ਯਕੀਨ ਨਾਲ ਕਹਿ ਸਕਦਾ ਹਾਂ ਕਿਸੇ ਨੂੰ ਵੀ ਆਪਣੇ ਇਲਾਕੇ ਜਾਂ ਕੰਮ ਵਾਲੀ ਥਾਂ 'ਤੇ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਸਾਡੀ ਸਰਕਾਰ ਇਸ ਉੱਤੇ ਕੰਮ ਉੱਤੇ ਕੰਮ ਕਰ ਰਹੀ ਹੈ ਅਤੇ ਆਰਸੀਐੱਮਪੀ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮਿਲ ਕੇ ਇਸ ਅਪਰਾਧ ਨੂੰ ਖ਼ਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ।"
ਫੈਡਰਲ ਮੰਤਰੀ ਐੱਫ-ਫਿਲਿਪ ਸ਼ੈਂਪੇਨ ਮੁਤਾਬਕ "ਐਕਸਟੌਰਸ਼ਨ ਇੱਕ ਗੰਭੀਰ ਅਪਰਾਧ ਹੈ ਜੋ ਕੈਨੇਡੀਅਨ, ਕਾਰੋਬਾਰਾਂ ਅਤੇ ਇੱਥੇ ਰਹਿਣ ਵਾਲੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸਾਡੀ ਸਰਕਾਰ ਵਿੱਤੀ ਖ਼ੁਫ਼ੀਆ ਤੰਤਰ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਵਿੱਤੀ ਸੰਸਥਾਵਾਂ ਨਾਲ ਇਸ ਮਸਲੇ ਉੱਤੇ ਨੇੜਿਉਂ ਕੰਮ ਕਰ ਰਹੀ ਹੈ ਤਾਂ ਜੋ ਜਬਰੀ ਵਸੂਲੀ ਦੇ ਮਾਮਲਿਆਂ ਦੀ ਜਾਂਚ ਕਰ ਕੇ ਉਸ ਨੂੰ ਰੋਕਿਆ ਜਾਵੇ ਤਾਂ ਜੋ ਕੈਨੇਡੀਅਨ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।"
ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ
ਆਮ ਲੋਕਾਂ ਤੋਂ ਇਲਾਵਾ ਕੈਨੇਡਾ ਦੀਆਂ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਸਰਕਾਰ ਉੱਤੇ ਸਵਾਲ ਚੁੱਕ ਰਹੀਆਂ ਹਨ।
ਕੈਨੇਡਾ ਦੀਆਂ ਸਿਆਸੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਇਸ ਮੁੱਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ।
ਕੈਨੇਡਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਕੰਜ਼ਰਵਿਟੇਵ ਪਾਰਟੀ ਦੇ ਆਗੂ ਪੀਅਰ ਪੋਲੀਏਵ ਦਾ ਕਹਿਣਾ ਹੈ "ਕੈਨੇਡਾ ਆਓ, ਕ੍ਰਾਈਮ ਕਰੋ ਅਤੇ ਰਾਜਸੀ ਸ਼ਰਨ ਅਪਲਾਈ ਕਰੋ"। ਭਾਵ ਕੈਨੇਡਾ ਵਿੱਚ ਲਿਬਰਲ ਪਾਰਟੀ ਗੈਂਗਸਟਰਾਂ ਉੱਤੇ ਕਾਬੂ ਪਾਉਣ ਵਿੱਚ ਨਾਕਾਮਯਾਬ ਹੋਈ ਸਿੱਧ ਹੋ ਰਹੀ ਹੈ।"
'ਸਰਕਾਰ ਨੇ ਇਹ ਸਰਗਰਮੀ ਪਹਿਲਾਂ ਕਿਉਂ ਨਹੀਂ ਦਿਖਾਈ'
ਕੈਨੇਡਾ ਵਿੱਚ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਅਮਰ ਸਿੰਘ ਭੁੱਲਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੌਜੂਦਾ ਹਾਲਤ ਠੀਕ ਨਹੀਂ ਹਨ। ਉਨ੍ਹਾਂ ਦੱਸਿਆ, "ਮਾਰਕ ਕਾਰਨੀ ਨੇ ਅਜੇ ਪ੍ਰਧਾਨ ਮੰਤਰੀ ਵਜੋਂ ਆਪਣਾ ਇੱਕ ਸਾਲ ਪੂਰਾ ਨਹੀਂ ਕੀਤਾ, ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਤੰਗ ਆਏ ਲੋਕਾਂ ਦਾ ਗ਼ੁੱਸਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਲੋਕ ਸਵਾਲ ਕਰ ਰਹੇ ਹਨ, ਜੋ ਸਖ਼ਤੀ ਹੁਣ ਕੀਤੀ ਜਾ ਰਹੀ ਹੈ, ਪਹਿਲਾਂ ਕਿਉਂ ਨਹੀਂ ਕੀਤੀ।"
ਉਨ੍ਹਾਂ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਈ ਕੈਨੇਡਾ ਦੇ ਲਚਕੀਲੇ ਕਾਨੂੰਨੀ ਸਿਸਟਮ ਨੂੰ ਜ਼ਿੰਮੇਵਾਰ ਦੱਸਿਆ।
ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਇਮੀਗ੍ਰੇਸ਼ਨ ਵਕੀਲ ਵਜੋਂ ਕੰਮ ਕਰ ਰਹੇ ਕੰਵਰ ਸਰੀਹਾ ਅਨੁਸਾਰ ਪਹਿਲਾਂ ਹੀ ਆਰਥਿਕ ਮੰਦੀ ਕਾਰਨ ਕਾਰੋਬਾਰੀ ਪ੍ਰੇਸ਼ਾਨ ਸਨ, ਉਸ ਤੋਂ ਬਾਅਦ ਫਿਰੌਤੀਆਂ ਕਰਕੇ ਕਾਰੋਬਾਰੀਆਂ ਵਿੱਚ ਡਰ ਦਾ ਮਾਹੌਲ ਹੈ।
ਕੰਵਰ ਸਰੀਹਾ ਨੇ ਕਿਹਾ, "ਨਵੰਬਰ 2023 ਵਿੱਚ ਫਿਰੌਤੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਅਤੇ ਹੁਣ 2026 ਹੋ ਗਿਆ, ਇੰਨੀ ਦੇਰ ਬਾਅਦ ਕੈਨੇਡਾ ਸਰਕਾਰ ਇਸ ਨੂੰ ਰੋਕਣ ਲਈ ਸਰਗਰਮ ਹੋਈ ਹੈ। ਉਨ੍ਹਾਂ ਮੁਤਾਬਕ ਇਹ ਦੇਰ ਨਾਲ ਚੁੱਕਿਆ ਗਿਆ ਕਦਮ ਹੈ,ਇਸ ਦੇ ਰਿਜਲਟ ਆਉਣ ਨੂੰ ਵਕਤ ਲੱਗੇਗਾ।"
ਕੈਨੇਡਾ ਦੀ ਸਰਕਾਰ ਨੇ ਹੁਣ ਤੱਕ ਕੀ ਉਪਰਾਲੇ ਕੀਤੇ
ਸਰਕਾਰ ਮੁਤਾਬਕ ਉਸ ਨੇ ਹਾਲ ਦੇ ਵਿੱਚ ਸਰੀ ਅਤੇ ਬ੍ਰੈਂਪਟਨ ਵਿੱਚ ਐਕਸਟੌਰਸ਼ਨ ਦੇ ਮੁੱਦੇ ਉੱਤੇ ਸੰਮੇਲਨ ਕਰਵਾਏ, ਜਿਸ ਵਿੱਚ ਫੈਡਰਲ (ਕੇਂਦਰ), ਸੂਬਾਈ ਅਤੇ ਨਗਰ ਨਿਗਮ ਦੇ ਆਗੂਆਂ ਨੂੰ ਇਕੱਠਾ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਜਿਵੇਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰਸੀਐੱਮਪੀ ਦੇ ਅਧਿਕਾਰੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਤਾਂ ਜੋ ਇਸ ਸੰਗਠਿਤ ਅਪਰਾਧ ਦੇ ਮੁੱਦੇ ਉੱਤੇ ਵੱਖ-ਵੱਖ ਏਜੰਸੀਆਂ ਦੇ ਤਾਲਮੇਲ ਵਿੱਚ ਵਾਧਾ ਕੀਤਾ ਜਾਵੇ।
ਕੈਨੇਡਾ ਸਰਕਾਰ ਨੇ ਇਸ ਸੰਗਠਿਤ ਅਪਰਾਧ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਵੱਖ-ਵੱਖ ਅਪਰਾਧਾਂ ਨੂੰ ਰੋਕਣ ਲਈ ਆਰਸੀਐੱਮਪੀ ਨੂੰ ਮਜ਼ਬੂਤ ਕਰਨ ਦੇ ਲਈ 1.7 ਬਿਲੀਅਨ ਡਾਲਰ ਦੀ ਫੰਡਿੰਗ ਐਲਾਨ 2025 ਵਿੱਚ ਕੀਤਾ ਸੀ। ਇਸ ਦੇ ਨਾਲ ਹੀ ਆਰਸੀਐੱਮਪੀ ਵਿੱਚ ਇੱਕ ਹਜ਼ਾਰ ਮੁਲਾਜ਼ਮ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ।
ਕੈਨੇਡਾ ਸਰਕਾਰ ਨੇ ਨਵੀਂ ਫਾਈਨੈਂਸ਼ੀਅਲ ਕ੍ਰਾਈਮਜ਼ ਏਜੰਸੀ ਸਥਾਪਤ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਹੈ, ਜੋ ਵਿੱਤੀ ਅਪਰਾਧਾਂ ਵਿਰੁੱਧ ਦੇਸ਼ ਦੀ ਮੁੱਖ ਲਾਗੂ ਕਰਨ ਵਾਲੀ ਏਜੰਸੀ ਹੈ।
ਫ਼ਿਰੌਤੀ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼
ਦੂਜੇ ਪਾਸੇ ਪੀਲ ਪੁਲਿਸ ਨੇ ਫ਼ਿਰੌਤੀ ਦੇ ਕੇਸਾਂ ਦੇ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਨਵੰਬਰ 2025 ਦੇ ਫ਼ਿਰੌਤੀ ਅਤੇ ਅਗਵਾ ਦੇ ਇੱਕ ਮਾਮਲੇ ਵਿੱਚ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਚਾਰਜ ਕੀਤਾ ਹੈ।
ਮਾਮਲੇ ਨੂੰ ਹੱਲ ਕਰਦਿਆਂ 20 ਫਰਵਰੀ 2026 ਨੂੰ ਪੀਲ ਪੁਲਿਸ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਇਸ ਮਾਮਲੇ ਵਿੱਚ ਹਰਕੀਰਤ ਸਿੰਘ (27 ਸਾਲ), ਅੰਮ੍ਰਿਤਪਾਲ ਸਿੰਘ (27 ਸਾਲ)ਅਤੇ ਹਸਨਪ੍ਰੀਤ ਸਿੰਘ ਇਸ ਅਪਰਾਧ ਵਿੱਚ ਚਾਰਜ ਕੀਤਾ ਹੈ। ਤਿੰਨਾਂ ਦਾ ਸਬੰਧ ਪੰਜਾਬੀ ਭਾਈਚਾਰੇ ਨਾਲ ਹੈ।
ਹਰਕੀਰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਪੀਲ ਪੁਲਿਸ ਨੇ ਗ਼ੈਰਕਾਨੂੰਨੀ ਹਥਿਆਰ ਰੱਖਣ, ਅਗਵਾ ਅਤੇ ਹੋਰ ਦੋਸ਼ਾਂ ਤਹਿਤ ਚਾਰਜ ਕੀਤਾ ਹੈ ਜਦੋਂਕਿ ਹਸਨਪ੍ਰੀਤ ਸਿੰਘ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਨ੍ਹਾਂ ਤਿੰਨਾਂ ਉੱਤੇ ਇੱਕ ਵਿਅਕਤੀ ਨੂੰ ਅਗਵਾ ਕਰਨਾ ਅਤੇ ਉਸ ਦੀ ਰਿਹਾਈ ਲਈ ਦੋ ਲੱਖ ਕੈਨੇਡੀਅਨ ਡਾਲਰ ਦੀ ਮੰਗ ਕਰਨ ਦਾ ਚਾਰਜ ਲਾਇਆ ਗਿਆ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਨਾ ਸਿਰਫ਼ ਪੀੜਤ ਨੂੰ ਸੁਰੱਖਿਅਤਆ ਰਿਹਾਅ ਕਰਵਾਇਆ ਬਲਕਿ ਮੌਕੇ ਉੱਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਉਸ ਕੋਲ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ