ਰਾਮਪਾਲ 11 ਸਾਲ ਬਾਅਦ ਪਹਿਲੀ ਵਾਰ ਜੇਲ੍ਹ ਤੋਂ ਬਾਹਰ, ਜਾਣੋ ਕਿਸ ਆਧਾਰ 'ਤੇ ਮਿਲੀ ਜ਼ਮਾਨਤ ਤੇ ਕੀ ਹਨ ਉਨ੍ਹਾਂ ਨਾਲ ਜੁੜੇ ਵਿਵਾਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਮਪਾਲ 11 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਸਨ ਅਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ, ਜੇਲ੍ਹ ਤੋਂ ਬਾਹਰ ਆ ਗਏ ਹਨ (ਫਾਈਲ ਫੋਟੋ)
ਪੜ੍ਹਨ ਦਾ ਸਮਾਂ: 5 ਮਿੰਟ

ਹਰਿਆਣਾ ਦੇ ਬਰਵਾਲਾ ਦੇ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ, ਸਾਲ 2014 ਦੇ ਹਿੰਸਾ ਦੇ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ, ਜੇਲ੍ਹ ਤੋਂ ਬਾਹਰ ਆ ਗਏ ਹਨ।

ਰਾਮਪਾਲ 11 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਸਨ। ਜ਼ਮਾਨਤ ਦੇਣ ਵੇਲੇ ਅਦਾਲਤ ਨੇ ਰਾਮਪਾਲ ਨੂੰ ਕੁਝ ਹਦਾਇਤਾਂ ਵੀ ਦਿੱਤੀਆਂ ਹਨ।

ਰਾਮਪਾਲ ਦੇ ਵਕੀਲ ਅਰਜੁਨ ਸ਼ੈਰੋਨ ਮੁਤਾਬਕ, ਅਦਾਲਤ ਨੇ ਕਿਹਾ ਹੈ ਕਿ ਰਾਮਪਾਲ ਕਿਸੇ ਵੀ ਤਰੀਕੇ ਦੀ ਭੀੜ ਨੂੰ ਹੁੰਗਾਰਾ ਨਾ ਦੇਣ। ਇਸ ਦੇ ਨਾਲ ਹੀ ਅਜਿਹੇ ਇਕੱਠ ਕਰਨ ਤੋਂ ਬਚਣ ਜਿੱਥੇ ਲੋਕਾਂ ਵੱਲੋਂ ਸ਼ਾਂਤੀ ਤੇ ਕਾਨੂੰਨ ਵਿਵਸਥਾ ਵਿਗਾੜੇ ਜਾਣ ਦਾ ਖਦਸ਼ਾ ਹੋਵੇ।

ਹਾਲਾਂਕਿ ਵਕੀਲ ਨੇ ਸਪੱਸ਼ਟ ਕੀਤਾ ਹੈ ਕਿ ਰਾਮਪਾਲ ਵੱਲੋਂ ਸਤਿਸੰਗ ਕਰਨ ਜਾਂ ਆਪਣੇ ਸ਼ਰਧਾਲੂਆਂ ਨਾਲ ਮਿਲਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ।

ਰਾਮਪਾਲ ਨੂੰ ਸਾਲ 2014 ਦੇ ਕੇਸ ਵਿੱਚ ਜ਼ਮਾਨਤ ਮਿਲੀ ਹੈ ਜਿਸ ਵਿੱਚ ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਦੇ ਸਤਲੋਕ ਆਸ਼ਰਮ ਵਿਖੇ ਰਾਮਪਾਲ ਅਤੇ ਉਨ੍ਹਾਂ ਦੇ ਸਮਰਥਕਾਂ, ਜਿਨ੍ਹਾਂ ਵਿੱਚ ਕੁਝ ਹਥਿਆਬੰਦ ਵੀ ਸਨ, ਨੇ ਵੱਡੀ ਗਿਣਤੀ ਵਿੱਚ ਇਕੱਠਾ ਹੋ ਕੇ ਰਾਮਪਾਲ ਦੀ ਗ੍ਰਿਫ਼ਤਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਦੌਰਾਨ ਹਿੰਸਾ ਵੀ ਭੜਕੀ ਸੀ।

ਇਸ ਮਾਮਲੇ ਵਿੱਚ ਉਨ੍ਹਾਂ ਉੱਤੇ ਯੂਏਪੀਏ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Sorry, we can’t display this part of the story on this lightweight mobile page.

ਤਸਵੀਰ ਸਰੋਤ, Manoj Dhaka/Hindustan Times via Getty Images

ਤਸਵੀਰ ਕੈਪਸ਼ਨ, 18 ਨਵੰਬਰ 2014 ਨੂੰ ਬਰਵਾਲਾ ਵਿਖੇ ਜਦੋਂ ਪੁਲਿਸ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਰਾਹ ਰੋਕ ਲਿਆ ਸੀ

ਰਾਮਪਾਲ ਵੱਲੋਂ ਅਦਾਲਤ ਵਿੱਚ ਪੇਸ਼ ਵਕੀਲਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਉਮਰ 75 ਸਾਲ ਦੀ ਹੋ ਗਈ ਹੈ ਤੇ ਇਸ ਮਾਮਲੇ ਵਿੱਚ 900 ਮੁਲਜ਼ਮਾਂ ਨੂੰ ਪਹਿਲਾਂ ਹੀ ਰੈਗੁਲਰ ਜ਼ਮਾਨਤ ਮਿਲ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਪੱਖ ਦੇ 425 ਗਵਾਹਾਂ ਵਿੱਚੋਂ ਸਿਰਫ਼ 58 ਗਵਾਹਾਂ ਦੀ ਗਵਾਹੀ ਹੋਈ ਹੈ ਤੇ ਨੇੜਲੇ ਭਵਿੱਖ ਵਿੱਚ ਟ੍ਰਾਇਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

ਅਦਾਲਤ ਨੇ ਰਾਮਪਾਲ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਮੰਨਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।

ਕੇਸ ਵਿੱਚ ਸਰਕਾਰੀ ਪੱਖ ਦਾ ਕਹਿਣਾ ਸੀ ਕਿ ਰਾਮਪਾਲ ਉੱਤੇ ਗੰਭੀਰ ਇਲਜ਼ਾਮ ਲੱਗੇ ਹਨ ਅਤੇ ਰਾਮਪਾਲ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਸੈਂਕੜੇ ਸਮਰਥਕਾਂ ਨੂੰ ਇਕੱਠਾ ਕਰ ਲਿਆ ਸੀ, ਜਿਨ੍ਹਾਂ ਨੇ ਪੁਲਿਸ ਉੱਤੇ ਪੱਥਰਬਾਜ਼ੀ ਕੀਤੀ ਤੇ ਗੋਲੀਆਂ ਵੀ ਚਲਾਈਆਂ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਰੈਗੁਲਰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਹੈ।

ਰਾਮਪਾਲ ਦੇ ਵਕੀਲ ਅਰਜੁਨ ਸ਼ੈਰੋਨ ਨੇ ਦੱਸਿਆ ਕਿ ਰਾਮਪਾਲ ਦੇ ਖਿਲਾਫ ਪੰਜ ਐਫਆਈਆਰ (426, 427, 428, 429, 430) ਦਰਜ ਹੋਈਆਂ ਸਨ। ਇਨ੍ਹਾਂ 'ਚੋਂ ਐਫਆਈਆਰ ਨੰਬਰ 426 ਅਤੇ 427 'ਚ ਦਰਜ ਇਲਜ਼ਾਮਾਂ ਤੋਂ ਉਹ ਬਰੀ ਹੋ ਗਏ ਸਨ ਜਦੋਂਕਿ ਐਫਆਈਆਰ ਨੰਬਰ 429 ਅਤੇ 430 ਦੇ ਮਾਮਲੇ 'ਚ ਉਨ੍ਹਾਂ ਨੂੰ ਸਜ਼ਾ ਹੋਈ ਸੀ। ਹਾਲਾਂਕਿ ਸਤੰਬਰ 2025 'ਚ ਉਨ੍ਹਾਂ ਉਮਰਕੈਦ ਦੀ ਸਜ਼ਾ ਸਸਪੈਂਡ ਕਰ ਦਿੱਤੀ ਗਈ ਸੀ। ਹੁਣ ਐਫਆਈਆਰ ਨੰਬਰ 428 'ਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ।

ਇਸ ਵਿਚਕਾਰ, ਰਾਮਪਾਲ ਨੇ ਆਪਣੇ ਸ਼ਰਧਾਲੂਆਂ ਅਤੇ ਸੇਵਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਿਸਾਰ ਜੇਲ੍ਹ ਦੇ ਬਾਹਰ ਕੋਈ ਇਕੱਠ ਨਾ ਕੀਤਾ ਜਾਵੇ ਅਤੇ ਸ਼ਰਧਾਲੂ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ।

ਕੌਣ ਹਨ ਰਾਮਪਾਲ?

ਡੇਰੇ ਦੇ ਅਧਿਕਾਰੀਆਂ ਮੁਤਾਬਕ, ਰਾਮਪਾਲ ਦਾਸ ਦਾ ਜਨਮ ਸੋਨੀਪਤ ਦੀ ਗੋਹਾਨਾ ਤਹਿਸੀਲ 'ਚ ਪੈਂਦੇ ਧਨਾਨਾ ਪਿੰਡ 'ਚ 1970 ਦੇ ਦਹਾਕੇ 'ਚ ਹੋਇਆ।

ਪੜ੍ਹਾਈ ਪੂਰੀ ਕਰਕੇ ਉਹ ਹਰਿਆਣਾ ਦੇ ਸਿੰਚਾਈ ਵਿਭਾਗ 'ਚ ਜੂਨੀਅਰ ਇੰਜੀਨਿਅਰ ਵਜੋਂ ਨੌਕਰੀ ਕਰਨ ਲੱਗੇ।

ਇਸੇ ਦੌਰਾਨ, ਉਨ੍ਹਾਂ ਦੀ ਮੁਲਾਕਾਤ ਕਬੀਰਪੰਥੀ ਧਾਰਮਿਕ ਪ੍ਰਚਾਰਕ ਰਾਮਦੇਵਾਨੰਦ ਨਾਲ ਹੋਈ ਜਿਸ ਦੇ ਉਹ ਚੇਲੇ ਬਣ ਗਏ।

21 ਮਈ, 1995 ਨੂੰ ਰਾਮਪਾਲ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਪੂਰੀ ਤਰ੍ਹਾਂ ਸਤਿਸੰਗ 'ਚ ਲੱਗ ਗਏ।

ਉਨ੍ਹਾਂ ਦੇ ਸ਼ਰਧਾਲੂ ਵਧਦੇ ਗਏ ਅਤੇ ਕਮਲਾ ਦੇਵੀ ਨਾਂ ਦੀ ਮਹਿਲਾ ਨੇ ਉਨ੍ਹਾਂ ਨੂੰ ਕਰੌਂਥਾ ਪਿੰਡ 'ਚ ਆਸ਼ਰਮ ਬਣਾਉਣ ਲਈ ਜ਼ਮੀਨ ਦੇ ਦਿੱਤੀ।

ਸਾਲ 1999 'ਚ ਬੰਦੀ ਛੋੜ ਟਰੱਸਟ ਨਾਂ ਦੇ ਸਮਾਜਿਕ ਸੰਗਠਨ ਦੀ ਮਦਦ ਨਾਲ ਰਾਮਪਾਲ ਨੇ ਸਤਲੋਕ ਆਸ਼ਰਮ ਦੀ ਨੀਂਹ ਰੱਖੀ।

ਰਾਮਪਾਲ ਨਾਲ ਜੁੜਿਆ ਵਿਵਾਦ ਸ਼ੁਰੂ ਕਿਵੇਂ ਹੋਇਆ

ਤਸਵੀਰ ਸਰੋਤ, Manoj Dhaka/Hindustan Times via Getty Images

ਤਸਵੀਰ ਕੈਪਸ਼ਨ, ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਵੱਡਾ ਬੰਦੋਬਸਤ ਕਰਨ ਪਿਆ ਅਤੇ ਹਿੰਸਾ ਵੀ ਹੋਈ

ਰਾਮਪਾਲ ਨੇ 2006 'ਚ ਆਰੀਆ ਸਮਾਜ ਦੇ ਮੋਢੀ ਸਵਾਮੀ ਦਿਆਨੰਦ ਦੀ ਇੱਕ ਕਿਤਾਬ ਉੱਪਰ ਇੱਕ ਟਿੱਪਣੀ ਕਰ ਦਿੱਤੀ। ਇਸ ਨਾਲ ਆਰੀਆ ਸਮਾਜ ਨੂੰ ਮੰਨਣ ਵਾਲਿਆਂ 'ਚ ਭਾਰੀ ਰੋਸ ਪੈਦਾ ਹੋਇਆ।

ਰਾਮਪਾਲ ਦੇ ਸ਼ਰਧਾਲੂਆਂ ਅਤੇ ਆਰੀਆ ਸਮਾਜੀਆਂ ਵਿਚਕਾਰ ਕੁੱਟਮਾਰ ਵੀ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਸਥਾਨਕ ਐੱਸਡੀਐੱਮ ਨੇ 13 ਜੁਲਾਈ 2006 ਨੂੰ ਆਸ਼ਰਮ ਆਪਣੇ ਕਬਜ਼ੇ 'ਚ ਲੈ ਲਿਆ।

ਰਾਮਪਾਲ ਅਤੇ ਉਸ ਦੇ 24 ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਤਿੰਨ ਸਾਲਾਂ ਬਾਅਦ ਆਸ਼ਰਮ ਵਾਪਸ ਮਿਲ ਗਿਆ।

ਕੁਝ ਆਰੀਆ ਸਮਾਜੀ ਸੁਪਰੀਮ ਕੋਰਟ ਗਏ ਪਰ ਉਨ੍ਹਾਂ ਦੀ ਪਟੀਸ਼ਨ ਮਨਜ਼ੂਰ ਨਹੀਂ ਹੋਈ।

ਮਾਮਲਾ ਭਖਦਾ ਰਿਹਾ ਅਤੇ ਰਾਮਪਾਲ ਦੇ ਭਗਤਾਂ ਅਤੇ ਆਰੀਆ ਸਮਾਜੀਆਂ ਵਿਚਾਲੇ 12 ਮਈ 2014 ਨੂੰ ਮੁੜ ਹਿੰਸਕ ਝੜਪ ਹੋਈ। ਜਿਸ 'ਚ ਤਿੰਨ ਮੌਤਾਂ ਹੋਈਆਂ ਅਤੇ 100 ਲੋਕ ਜ਼ਖਮੀ ਹੋ ਗਏ।

ਤਸਵੀਰ ਸਰੋਤ, Sant Arora/Hindustan Times via Getty Images

ਤਸਵੀਰ ਕੈਪਸ਼ਨ, ਆਖ਼ਿਰ ਪੁਲਿਸ 19 ਨਵੰਬਰ, 2013 ਨੂੰ ਆਸ਼ਰਮ ਅੰਦਰ ਪਹੁੰਚੀ ਅਤੇ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ, ਇਸ ਕਾਰਵਾਈ ਦੌਰਾਨ 4 ਸ਼ਰਧਾਲੂਆਂ ਦੀ ਮੌਤ ਹੋਈ ਸੀ

5 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਰਾਮਪਾਲ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। 10 ਨਵੰਬਰ ਨੂੰ ਉਨ੍ਹਾਂ ਨੇ ਪੇਸ਼ ਹੋਣਾ ਸੀ ਪਰ ਉਨ੍ਹਾਂ ਨੂੰ ਬਿਮਾਰ ਦੱਸ ਕੇ ਸਮਰਥਕਾਂ ਨੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਅਗਲਾ ਵਾਰੰਟ 17 ਨਵੰਬਰ ਲਈ ਜਾਰੀ ਹੋਇਆ ਅਤੇ ਕੋਰਟ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਕਾਫੀ ਫਟਕਾਰਿਆ।

ਪੁਲਿਸ ਨੇ 16 ਨਵੰਬਰ ਨੂੰ ਉਨ੍ਹਾਂ ਨੂੰ ਆਸ਼ਰਮ ਤੋਂ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸ਼ਰਧਾਲੂਆਂ ਨੇ ਰਾਹ ਰੋਕ ਲਿਆ। ਪੁਲਿਸ ਨੂੰ ਵੱਡਾ ਬੰਦੋਬਸਤ ਕਰਨ ਪਿਆ ਅਤੇ ਹਿੰਸਾ ਵੀ ਹੋਈ।

ਤਿੰਨ ਦਿਨਾਂ ਤੱਕ ਆਸ਼ਰਮ ਤੋਂ ਪੁਲਿਸ ਉੱਪਰ ਹਮਲਾ ਹੁੰਦਾ ਰਿਹਾ।

ਆਖ਼ਿਰ ਪੁਲਿਸ 19 ਨਵੰਬਰ, 2014 ਨੂੰ ਆਸ਼ਰਮ ਅੰਦਰ ਪਹੁੰਚੀ ਅਤੇ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ।

ਆਸ਼ਰਮ ਦੇ ਅੰਦਰੋਂ 15 ਹਾਜ਼ਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਆਸ਼ਰਮ ਸੀਲ ਕਰ ਦਿੱਤਾ ਗਿਆ।

ਇਸ ਕਾਰਵਾਈ ਦੌਰਾਨ ਆਸ਼ਰਮ ਦੇ ਅੰਦਰ 4 ਸ਼ਰਧਾਲੂਆਂ ਦੀ ਮੌਤ ਹੋਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)