ਈਰਾਨ ਵਿੱਚ ਪੈ ਰਿਹਾ 'ਕਾਲਾ ਮੀਂਹ' ਕੀ ਹੈ ਅਤੇ ਇਹ ਸਿਹਤ ਲਈ ਕਿੰਨਾ ਖ਼ਤਰਨਾਕ ਹੈ

ਤਸਵੀਰ ਕੈਪਸ਼ਨ, ਐਤਵਾਰ ਨੂੰ ਤੇਹਰਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਕਾਲਾ ਮੀਂਹ ਪੈਣ ਦੀ ਗੱਲ ਕਹੀ
    • ਲੇਖਕ, ਮਾਰਕ ਪੋਇੰਟਿੰਗ, ਐਲੇਕਸ ਮਰੇ, ਕੈਲਿਨ ਡੈਵਲਿਨ ਅਤੇ ਬਾਰਬਰਾ ਮੈਟਜ਼ਲ
    • ਰੋਲ, ਬੀਬੀਸੀ ਵੈਰੀਫਾਈ
  • ਪੜ੍ਹਨ ਦਾ ਸਮਾਂ: 5 ਮਿੰਟ

ਕੀ ਤੁਸੀਂ ਕਦੇ 'ਕਾਲੇ ਮੀਂਹ' ਬਾਰੇ ਸੁਣਿਆ ਹੈ?

ਪਿਛਲੇ ਦਿਨਾਂ ਵਿੱਚ ਈਰਾਨ ਵਿੱਚ ਕੁਝ ਲੋਕਾਂ ਨੇ ਅਜਿਹੇ ਹੀ ਮੀਂਹ ਦਾ ਜ਼ਿਕਰ ਕੀਤਾ ਅਤੇ ਇਸ ਤੋਂ ਬਾਅਦ ਇਸ ਕਾਲੇ ਮੀਂਹ 'ਤੇ ਚਰਚਾ ਤੇਜ਼ ਹੋ ਗਈ।

ਆਖ਼ਿਰ ਇਹ ਕਾਲਾ ਮੀਂਹ ਹੁੰਦਾ ਕੀ ਹੈ ਅਤੇ ਕਿੰਨਾ ਖ਼ਤਰਨਾਕ ਹੈ?

28 ਫ਼ਰਵਰੀ ਤੋਂ ਈਰਾਨ 'ਤੇ ਸ਼ੁਰੂ ਹੋਏ ਅਮਰੀਕਾ–ਇਜ਼ਰਾਇਲ ਦੇ ਹਮਲਿਆਂ ਤੋਂ ਬਾਅਦ ਉੱਥੋਂ ਦੀ ਰਾਜਧਾਨੀ ਤੇਹਰਾਨ ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਆਇਲ ਫੈਸਿਲਿਟੀਜ਼ 'ਤੇ ਹਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਧੁੰਦ ਅਤੇ ਪ੍ਰਦੂਸ਼ਣ ਕਾਰਨ ਸੂਰਜ ਤੱਕ ਨਹੀਂ ਦਿਖਿਆ ਅਤੇ ਸੜਨ ਦੀ ਤਿੱਖੀ ਗੰਧ ਮਹਿਸੂਸ ਹੋਈ ਹੈ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਵਾਲੇ ਤੱਤ ਬਹੁਤ ਜ਼ਿਆਦਾ ਵਧ ਗਏ ਹਨ।

ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਇਲ ਫੈਸਿਲਿਟੀਜ਼ 'ਤੇ ਹਮਲੇ ਸਥਾਨਕ ਲੋਕਾਂ ਲਈ ਸਿਹਤ ਸੰਬੰਧੀ ਵੱਡਾ ਖ਼ਤਰਾ ਪੈਦਾ ਕਰ ਸਕਦੇ ਹਨ।

Sorry, we can’t display this part of the story on this lightweight mobile page.

ਤੇਹਰਾਨ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ। ਸ਼ਹਿਰ ਦੀ ਆਬਾਦੀ ਲਗਭਗ ਇੱਕ ਕਰੋੜ ਹੈ ਅਤੇ ਲੱਖਾਂ ਲੋਕ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ।

9 ਮਾਰਚ ਨੂੰ ਲਈਆਂ ਗਈਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਨੂੰ ਬੀਬੀਸੀ ਵੈਰੀਫਾਈ ਨੇ ਰੀਵਿਊ ਕੀਤਾ, ਜਿਨ੍ਹਾਂ ਵਿੱਚ ਤੇਹਰਾਨ ਵਿੱਚ ਮੌਜੂਦ ਦੋ ਵੱਡੀਆਂ ਆਇਲ ਫੈਸਿਲਿਟੀਜ਼ ਵਿੱਚ ਅਜੇ ਵੀ ਅੱਗ ਲੱਗੀ ਹੋਈ ਦੇਖੀ ਜਾ ਸਕਦੀ ਸੀ।

ਨਾਲ ਹੀ ਇਨ੍ਹਾਂ ਤਸਵੀਰਾਂ ਵਿੱਚ ਈਰਾਨ ਦੀ ਰਾਜਧਾਨੀ ਦੇ ਉੱਤਰ-ਪੱਛਮ ਵਿੱਚ ਮੌਜੂਦ ਸ਼ਹਿਰਾਨ ਡਿਪੋ ਅਤੇ ਦੱਖਣ-ਪੂਰਬ ਵਿੱਚ ਮੌਜੂਦ ਤੇਹਰਾਨ ਆਇਲ ਰਿਫਾਇਨਰੀ ਤੋਂ ਵੀ ਧੂੰਆ ਨਿਕਲਦਾ ਦਿਖ ਰਿਹਾ ਹੈ।

ਕਿੰਨਾ ਖ਼ਤਰਨਾਕ ਹੈ ਇਹ ਮੀਂਹ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, 28 ਫ਼ਰਵਰੀ ਤੋਂ ਈਰਾਨ 'ਤੇ ਸ਼ੁਰੂ ਹੋਏ ਅਮਰੀਕਾ–ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਉੱਥੋਂ ਦੀ ਰਾਜਧਾਨੀ ਤੇਹਰਾਨ ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਆਇਲ ਫੈਸਿਲਿਟੀਜ਼ 'ਤੇ ਹਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ

ਤੇਲ ਰਿਫਾਇਨਰੀਆਂ 'ਤੇ ਹੋਏ ਹਮਲਿਆਂ ਕਾਰਨ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਵਿੱਚ ਵੱਖ-ਵੱਖ ਕਿਸਮ ਦੇ ਰਸਾਇਣ (ਕੈਮੀਕਲ) ਹੁੰਦੇ ਹਨ।

ਜਦੋਂ ਤੇਲ ਪੂਰੀ ਤਰ੍ਹਾਂ ਸੜ ਨਹੀਂ ਪਾਉਂਦਾ, ਮਤਲਬ ਜਦੋਂ ਲੋੜੀਂਦੀ ਆਕਸੀਜਨ ਨਹੀਂ ਹੁੰਦੀ ਤਾਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੀ ਥਾਂ ਕਾਰਬਨ ਮੋਨੋਆਕਸਾਈਡ ਅਤੇ ਕਾਲੇ ਰੰਗ ਦੇ ਕਣ ਨਿਕਲ ਸਕਦੇ ਹਨ।

ਤੇਲ 'ਚ ਲੱਗੀ ਅੱਗ ਤੋਂ ਸਲਫ਼ਰ ਅਤੇ ਨਾਈਟ੍ਰੋਜਨ ਆਕਸਾਈਡ ਵੀ ਨਿਕਲ ਸਕਦੇ ਹਨ। ਜੇ ਇਹ ਮੀਂਹ ਦੇ ਪਾਣੀ ਵਿੱਚ ਘੁਲ ਜਾਣ ਤਾਂ ਐਸਿਡ ਬਣਾ ਸਕਦੇ ਹਨ।

ਇਸ ਦੇ ਨਾਲ ਹੀ ਹਾਨੀਕਾਰਕ ਹਾਈਡ੍ਰੋਕਾਰਬਨ, ਮੇਟੈਲਿਕ ਕੰਪਾਊਂਡ ਅਤੇ ਤੇਲ ਦੀਆਂ ਬੂੰਦਾਂ ਵੀ ਨਿਕਲ ਸਕਦੀਆਂ ਹਨ।

ਤੇਹਰਾਨ ਵਿੱਚ 20 ਸਾਲ ਦੀ ਇੱਕ ਕੁੜੀ ਨੇ ਕਿਹਾ ਕਿ ਆਇਲ ਫੈਸਿਲਿਟੀਜ਼ 'ਤੇ ਹੋਏ ਹਮਲਿਆਂ ਕਾਰਨ ਉਹ "ਸੜਨ ਦੀ ਗੰਧ" ਮਹਿਸੂਸ ਕਰ ਸਕਦੇ ਹਨ।

ਉਨ੍ਹਾਂ ਨੇ ਸ਼ਨੀਵਾਰ ਨੂੰ ਬੀਬੀਸੀ ਪਰਸ਼ੀਅਨ ਨਾਲ ਗੱਲ ਕਰਦਿਆਂ ਕਿਹਾ, "ਮੈਨੂੰ ਸੂਰਜ ਦਿਖਾਈ ਨਹੀਂ ਦੇ ਰਿਹਾ। ਹਰ ਪਾਸੇ ਭਿਆਨਕ ਧੂੰਆ ਹੈ। ਇਹ ਅਜੇ ਵੀ ਬਣਿਆ ਹੋਇਆ ਹੈ।"

ਹਵਾ ਪ੍ਰਦੂਸ਼ਣ ਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਕਿਉਂਕਿ ਜ਼ਮੀਨ 'ਤੇ ਇਸ ਨੂੰ ਮਾਪਣ ਵਾਲੇ ਜਿਹੜੇ ਯੰਤਰ ਹਨ, ਉਨ੍ਹਾਂ ਦਾ ਕੋਈ ਡੇਟਾ ਉਪਲੱਭਧ ਨਹੀਂ ਹੈ।

ਇਸ ਦੇ ਨਾਲ ਹੀ ਹਵਾ, ਬੱਦਲ ਅਤੇ ਹੋਰ ਕਾਰਨਾਂ ਕਰਕੇ ਸੈਟੇਲਾਈਟ ਡੇਟਾ ਨੂੰ ਸਮਝਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਪਰ ਜਿਨ੍ਹਾਂ ਆਇਲ ਸਾਈਟਾਂ ਨੂੰ ਨੁਕਸਾਨ ਪਹੁੰਚਿਆ ਹੈ, ਉੱਥੋਂ ਨਿਕਲਣ ਵਾਲੇ ਕਈ ਰਸਾਇਣਾਂ (ਕੈਮੀਕਲਜ਼) ਦੇ ਮਿਸ਼ਰਣ ਨੂੰ ਦੇਖਦੇ ਹੋਏ ਵਿਗਿਆਨੀਆਂ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਪ੍ਰਦੂਸ਼ਣ ਨੁਕਸਾਨਦਾਇਕ ਅਤੇ ਬਹੁਤ ਗੰਭੀਰ ਹੈ।

ਇਹ ਬੀਜਿੰਗ ਜਾਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਨਜ਼ਰ ਆਉਣ ਵਾਲੇ ਸਮੋਗ (ਧੂੰਏਂ) ਤੋਂ ਕਾਫ਼ੀ ਵੱਖਰਾ ਹੈ।

ਰੀਡਿੰਗ ਯੂਨੀਵਰਸਿਟੀ ਦੇ ਰਿਸਰਚ ਸਾਇੰਟਿਸਟ ਡਾਕਟਰ ਅਕਸ਼ੈ ਦੇਓਰਾਸ ਕਹਿੰਦੇ ਹਨ, "ਈਰਾਨ ਵਿੱਚ ਜੋ ਹੋਇਆ ਹੈ, ਉਹ ਨਿਸ਼ਚਤ ਤੌਰ 'ਤੇ ਬਹੁਤ ਵੱਖਰਾ ਹੈ, ਕਿਉਂਕਿ ਇਹ ਸਭ ਮਿਜ਼ਾਇਲਾਂ ਡਿੱਗਣ ਅਤੇ ਤੇਲ ਰਿਫਾਇਨਰੀਆਂ 'ਤੇ ਹਵਾਈ ਹਮਲਿਆਂ ਦੇ ਕਾਰਨ ਹੋ ਰਿਹਾ ਹੈ। ਕਈ ਸੰਘਰਸ਼ਾਂ ਵਿੱਚ ਧੂੜ ਅਤੇ ਕਣਾਂ ਦਾ ਪ੍ਰਦੂਸ਼ਣ ਵਧ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਵੱਖ-ਵੱਖ ਰਸਾਇਣਾਂ ਦਾ 'ਮਿਸ਼ਰਣ' ਨਿਸ਼ਚਤ ਤੌਰ 'ਤੇ ਅਸਧਾਰਣ ਹੈ।"

ਜਲ ਸਰੋਤ ਹੋ ਸਕਦੇ ਹਨ ਪ੍ਰਦੂਸ਼ਿਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਇਲ ਫੈਸਿਲਿਟੀਜ਼ 'ਤੇ ਹਮਲੇ ਸਥਾਨਕ ਲੋਕਾਂ ਲਈ ਸਿਹਤ ਸੰਬੰਧੀ ਵੱਡਾ ਖ਼ਤਰਾ ਪੈਦਾ ਕਰ ਸਕਦੇ ਹਨ

ਐਤਵਾਰ ਨੂੰ ਤੇਹਰਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਕਾਲਾ ਮੀਂਹ ਪੈਣ ਦੀ ਗੱਲ ਕਹੀ।

ਕਾਲਾ ਮੀਂਹ ਅਸਲ ਵਿੱਚ ਅਜਿਹੀ ਬਾਰਿਸ਼ ਜਾਂ ਮੀਂਹ ਲਈ ਇੱਕ ਗੈਰ-ਰਸਮੀ ਸ਼ਬਦ ਹੈ, ਜਿਸ ਵਿੱਚ ਪ੍ਰਦੂਸ਼ਿਤ ਚੀਜ਼ਾਂ ਮਿਲੀਆਂ ਹੁੰਦੀਆਂ ਹਨ ਅਤੇ ਮੀਂਹ ਦੀਆਂ ਬੂੰਦਾਂ ਦਾ ਵੀ ਰੰਗ ਕਾਲਾ ਹੋ ਜਾਂਦਾ ਹੈ।

ਮੀਂਹ ਦੇ ਜ਼ਰੀਏ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਵਾਲੇ ਤੱਤਾਂ ਦਾ ਹੇਠਾਂ ਵਰ੍ਹ ਕੇ ਆਉਣਾ ਆਮ ਗੱਲ ਹੈ।

ਪਰ ਵਿਗਿਆਨੀਆਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਕਾਲਾ ਮੀਂਹ ਬਹੁਤ ਹੀ ਦੁਰਲੱਭ ਹੁੰਦਾ ਹੈ ਅਤੇ ਆਮ ਤੌਰ 'ਤੇ ਇਹ ਕਾਲਖ ਅਤੇ ਹੋਰ ਹਵਾ ਪ੍ਰਦੂਸ਼ਕ ਤੱਤਾਂ ਦੇ ਉੱਚ ਪੱਧਰ ਕਾਰਨ ਹੁੰਦਾ ਹੈ।

ਡਾਕਟਰ ਅਕਸ਼ੈ ਦੇਓਰਾਸ ਸਮਝਾਉਂਦੇ ਹਨ, "ਮੀਂਹ ਦੀਆਂ ਬੂੰਦਾਂ ਛੋਟੇ ਸਪੰਜ ਜਾਂ ਚੁੰਬਕ ਵਾਂਗ ਕੰਮ ਕਰਦੀਆਂ ਹਨ। ਉਹ ਡਿੱਗਦੇ ਸਮੇਂ ਹਵਾ ਵਿੱਚ ਮੌਜੂਦ ਕਣਾਂ ਨੂੰ ਆਪਣੇ ਨਾਲ ਇਕੱਠਾ ਕਰ ਲੈਂਦੀਆਂ ਹਨ। ਇਹੀ ਕਾਰਨ ਹੈ ਕਿ ਲੋਕਾਂ ਨੇ ਇਸਨੂੰ 'ਕਲਾ ਮੀਂਹ' ਕਿਹਾ।"

ਇਹ ਵੀ ਸੰਭਵ ਹੈ ਕਿ ਕੁਝ ਵੱਡੇ ਪ੍ਰਦੂਸ਼ਿਤ ਕਣ ਬਿਨਾਂ ਬਾਰਿਸ਼ ਦੇ ਹੀ ਹਵਾ ਤੋਂ ਹੇਠਾਂ ਡਿੱਗ ਗਏ ਹੋਣ।

ਬੀਬੀਸੀ ਵੈਦਰ ਦੇ ਅਨੁਮਾਨ ਮੁਤਾਬਕ, ਤੇਹਰਾਨ ਵਿੱਚ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਬਾਰਿਸ਼ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ।

ਇਸ ਨਾਲ ਪ੍ਰਦੂਸ਼ਕ ਤੱਤਾਂ ਦੇ ਫੈਲਣ ਅਤੇ ਹਵਾ ਤੋਂ ਧੁਲ ਕੇ ਹੇਠਾਂ ਆਉਣ ਵਿੱਚ ਮਦਦ ਮਿਲ ਸਕਦੀ ਹੈ।

ਪਰ ਇਸਦਾ ਇਹ ਮਤਲਬ ਨਹੀਂ ਕਿ ਤੇਹਰਾਨ ਵਿੱਚ ਪ੍ਰਦੂਸ਼ਣ ਦਾ ਖ਼ਤਰਾ ਖਤਮ ਹੋ ਜਾਵੇਗਾ।

ਇਹ ਕਣ ਦਰਿਆਵਾਂ ਅਤੇ ਹੋਰ ਜਲ ਸਰੋਤਾਂ ਵਿੱਚ ਮਿਲ ਸਕਦੇ ਹਨ। ਜੇ ਇਹ ਜ਼ਮੀਨ 'ਤੇ ਜੰਮ ਜਾਣ ਅਤੇ ਬਾਅਦ ਵਿੱਚ ਜ਼ਮੀਨ ਸੁੱਕ ਜਾਵੇ, ਤਾਂ ਹਵਾ ਉਨ੍ਹਾਂ ਨੂੰ ਮੁੜ ਉਡਾ ਸਕਦੀ ਹੈ ਅਤੇ ਉਹ ਫਿਰ ਤੋਂ ਹਵਾ ਵਿੱਚ ਫੈਲ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)