You’re viewing a text-only version of this website that uses less data. View the main version of the website including all images and videos.
ਰਿਸ਼ਭ ਪੰਤ ਆਪਣੀ ਸੱਟ ਠੀਕ ਕਰਨ ਲਈ ਕਿਹੜੀ ਥੈਰੇਪੀ ਲੈ ਰਹੇ ਹਨ, ਜਿਸ ਰਾਹੀਂ ਸੱਟ ਛੇਤੀ ਠੀਕ ਹੋ ਜਾਂਦੀ ਹੈ
ਮਾਰਚ ਦੇ ਅਖ਼ੀਰ ਵਿੱਚ ਸ਼ੁਰੂ ਹੋਣ ਜਾ ਰਹੇ ਆਈਪੀਐੱਲ 2026 ਤੋਂ ਪਹਿਲਾਂ ਭਾਰਤੀ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਹਾਇਪਰਬੇਰਿਕ ਆਕਸੀਜਨ ਥੈਰੇਪੀ ਲੈ ਰਹੇ ਹਨ।
ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਭਾਰਤ-ਇੰਗਲੈਂਡ ਟੈਸਟ ਸਿਰੀਜ਼ ਦੌਰਾਨ ਰਿਸ਼ਭ ਪੰਤ ਨੂੰ ਪੈਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਇਸ ਦੌਰਾਨ ਫਿਜਿਓ ਦੇ ਮੋਢੇ ਤੇ ਹੱਥ ਰੱਖ ਕੇ ਇੱਕ ਪੈਰ ਦੇ ਸਹਾਰੇ ਮੈਦਾਨ ਤੋਂ ਬਾਹਰ ਜਾਂਦੇ ਹੋਏ ਉਨ੍ਹਾਂ ਦਾ ਵੀਡੀਓ ਕਾਫੀ ਚਰਚਾ ਵਿੱਚ ਰਿਹਾ ਸੀ।
ਉਸ ਤੋਂ ਪਹਿਲਾਂ ਲਾਰਡਜ਼ ਟੈਸਟ ਦੀ ਪਹਿਲੀ ਪਾਰੀ ਵਿੱਚ ਵਿਕਟਕੀਪਿੰਗ ਕਰਦੇ ਹੋਏ ਉਨ੍ਹਾਂ ਦੀ ਖੱਬੇ ਹੱਥ ਦੀ ਉਂਗਲੀ ਤੇ ਸੱਟ ਲੱਗ ਗਈ ਸੀ।
ਇੰਡਿਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ ਮੈਚ ਦੌਰਾਨ ਲਗਾਤਾਰ ਲੱਗੀਆਂ ਇਨ੍ਹਾਂ ਸੱਟਾ ਅਤੇ ਆਈਪੀਐੱਲ ਵਿੱਚ ਮੁਸ਼ਕਲ ਨਾਲ ਇੱਕ ਮਹੀਨਾ ਬਚੇ ਹੋਣ ਕਰਕੇ ਰਿਸ਼ਭ ਪੰਤ ਨੇ ਹਾਇਪਰਬੇਰਿਕ ਆਕਸੀਜਨ ਥੈਰੇਪੀ ਲੈਣੀ ਸ਼ੁਰੂ ਕੀਤੀ ਹੈ।
ਪਰ ਆਈਪੀਐੱਲ ਵਿੱਚ ਵਾਪਸੀ ਲਈ ਪੰਤ ਜਿਸ ਥੈਰੇਪੀ ਦਾ ਸਹਾਰਾ ਲੈ ਰਹੇ ਹਨ, ਉਹ ਕੀ ਹੈ? ਇਹ ਕਿੰਨੀ ਕਾਰਗਰ ਹੈ ਅਤੇ ਕਿਹੜੇ ਹਾਲਤਾਂ ਵਿੱਚ ਲਈ ਜਾਂਦੀ ਹੈ? ਇਹ ਸਮਝਣ ਲਈ ਅਸੀਂ ਬੀਐੱਚਯੂ ਦੇ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿੱਚ ਟ੍ਰੌਮਾ ਸੈਂਟਰ ਦੇ ਪ੍ਰੋਫੈਸਰ ਡਾ. ਸੌਰਭ ਸਿੰਘ ਨਾਲ ਗੱਲ ਕੀਤੀ।
ਹਾਇਪਰਬੇਰਿਕ ਆਕਸੀਜਨ ਥੈਰੇਪੀ ਕੀ ਹੈ?
ਹਾਇਪਰਬੇਰਿਕ ਦੋ ਸ਼ਬਦਾਂ ਤੋਂ ਬਣਿਆ ਹੈ ਹਾਇਪਰ ਅਤੇ ਬੇਰਿਕ।
ਹਾਇਪਰ ਦਾ ਮਤਲਬ ਹੈ ਆਮ ਤੋਂ ਵੱਧ ਅਤੇ ਬੇਰਿਕ ਦਾ ਮਤਲਬ ਹੈ ਦਬਾਅ। ਦੋਵਾਂ ਨੂੰ ਜੋੜ ਕੇ ਬਣਦਾ ਹੈ ਹਾਇਪਰਬੇਰਿਕ, ਜਿਸ ਦਾ ਅਰਥ ਹੈ ਅਜਿਹਾ ਮਾਹੌਲ ਜਿੱਥੇ ਹਵਾ ਦਾ ਦਬਾਅ ਆਮ ਤੋਂ ਵੱਧ ਹੁੰਦਾ ਹੈ।
ਹਾਇਪਰਬੇਰਿਕ ਆਕਸੀਜਨ ਥੈਰੇਪੀ ਇੱਕ ਅਜਿਹਾ ਇਲਾਜ ਹੈ ਜਿਸ ਵਿੱਚ ਮਰੀਜ਼ ਨੂੰ ਆਮ ਤੋਂ ਵੱਧ ਮਾਤਰਾ ਵਿੱਚ ਆਕਸੀਜਨ ਦਿੱਤੀ ਜਾਂਦੀ ਹੈ ਤਾਂ ਜੋ ਸਿਹਤਯਾਬੀ ਜਲਦੀ ਹੋ ਸਕੇ।
ਵਿਗਿਆਨ ਅਨੁਸਾਰ ਸਾਡੇ ਵਾਤਾਵਰਣ ਵਿੱਚ ਕਰੀਬ 78 ਫੀਸਦੀ ਨਾਈਟਰੋਜਨ ਅਤੇ 21 ਫੀਸਦੀ ਆਕਸੀਜਨ ਹੁੰਦੀ ਹੈ।
ਪਰ ਇਸ ਥੈਰੇਪੀ ਵਿੱਚ ਮਰੀਜ਼ ਨੂੰ 100 ਫੀਸਦੀ ਖ਼ਾਲਿਸ ਆਕਸੀਜਨ ਦਿੱਤੀ ਜਾਂਦੀ ਹੈ ਅਤੇ ਇਹ ਆਕਸੀਜਨ ਇੱਕ ਖ਼ਾਸ ਦਬਾਅ ਵਾਲੇ ਚੈਂਬਰ ਵਿੱਚ ਦਿੱਤੀ ਜਾਂਦੀ ਹੈ ਜਿੱਥੇ ਹਵਾ ਦਾ ਦਬਾਅ ਆਮ ਤੋਂ 2 ਤੋਂ 3 ਗੁਣਾ ਵੱਧ ਹੁੰਦਾ ਹੈ। ਜਦੋਂ ਦਬਾਅ ਵੱਧ ਹੁੰਦਾ ਹੈ ਤਾਂ ਤੁਹਾਡੇ ਫੇਫੜੇ ਆਮ ਨਾਲੋਂ ਕਈ ਗੁਣਾ ਵੱਧ ਆਕਸੀਜਨ ਆਪਣੇ ਅੰਦਰ ਲੈ ਸਕਦੇ ਹਨ।
ਇਹ ਵਾਧੂ ਆਕਸੀਜਨ ਖੂਨ ਰਾਹੀਂ ਸਰੀਰ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਦੀ ਹੈ ਜਿੱਥੇ ਸੱਟ, ਜਖ਼ਮ ਜਾਂ ਸੰਕਰਮਣ ਹੁੰਦਾ ਹੈ।
ਡਾ. ਸੌਰਭ ਦੱਸਦੇ ਹਨ ਕਿ ਇਸ ਨਾਲ ਸਰੀਰ ਦੇ ਟਿਸ਼ੂ ਜਾਂ ਉਹ ਹਿੱਸੇ ਜਿੱਥੇ ਸੱਟ ਲੱਗੀ ਹੈ ਜਲਦੀ ਠੀਕ ਹੁੰਦੇ ਹਨ ਕਿਉਂਕਿ ਉੱਥੇ ਆਕਸੀਜਨ ਦੀ ਸਪਲਾਈ ਵੱਧ ਜਾਂਦੀ ਹੈ। ਸਰੀਰ ਵਿੱਚ ਨਵੀਆਂ ਕੋਸ਼ਿਕਾਵਾਂ ਬਣਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।
ਪੱਛਮੀ ਦੇਸ਼ਾਂ ਵਿੱਚ ਇਸ ਦਾ ਪਹਿਲਾਂ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ।
ਉਹ ਕਹਿੰਦੇ ਹਨ, "ਹਾਇਪਰਬੇਰਿਕ ਆਕਸੀਜਨ ਥੈਰੇਪੀ ਇੱਕ ਵਿਕਸਿਤ ਹੋ ਰਹੀ ਸਾਇੰਸ ਹੈ ਜਿਸ ਵਿੱਚ ਲਗਾਤਾਰ ਖੋਜ ਹੋ ਰਹੀ ਹੈ। ਹੁਣ ਤੱਕ ਇਸ ਦਾ ਇਸਤੇਮਾਲ ਸੀਮਤ ਖੇਤਰਾਂ ਵਿੱਚ ਹੀ ਕੀਤਾ ਜਾ ਸਕਦਾ ਸੀ, ਜਿਵੇਂ ਪੱਛਮੀ ਦੇਸ਼ਾਂ ਵਿੱਚ ਪਹਿਲਾਂ ਇਸ ਦੀ ਮਦਦ ਸਿਰਫ਼ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਲਈ ਜਾਂਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਹੋਰ ਕਈ ਸਮੱਸਿਆਵਾਂ ਵਿੱਚ ਵੀ ਡਾਕਟਰ ਜਾਂ ਮਰੀਜ਼ ਇਸ ਥੈਰੇਪੀ ਨੂੰ ਅਪਣਾ ਰਹੇ ਹਨ।"
ਕਿੰਨੀ ਕਾਰਗਰ?
ਡਾ. ਸੌਰਭ ਦੇ ਮੁਤਾਬਕ, ਇਹ ਥੈਰੇਪੀ ਕਾਫੀ ਸਕਾਰਾਤਮਕ ਨਤੀਜੇ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰੀਰ ਦੇ ਜਿਨ੍ਹਾਂ ਹਿੱਸਿਆਂ ਵਿੱਚ ਕੋਸ਼ਿਕਾਵਾਂ ਤੇਜ਼ੀ ਨਾਲ ਬਣਦੀਆਂ ਅਤੇ ਟੁੱਟਦੀਆਂ ਹਨ... ਜਿਸਨੂੰ ਹਾਈ ਟਿਸ਼ੂ ਟਰਨਓਵਰ ਕਿਹਾ ਜਾਂਦਾ ਹੈ ਅਤੇ ਜਿੱਥੇ ਠੀਕ ਹੋਣ ਲਈ ਵੱਧ ਆਕਸੀਜਨ ਦੀ ਲੋੜ ਹੁੰਦੀ ਹੈ, ਉੱਥੇ ਇਹ ਇਲਾਜ ਖ਼ਾਸ ਤੌਰ ਤੇ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ ਹੈ।
ਉਹ ਕਹਿੰਦੇ ਹਨ, "ਜੇ ਕਿਸੇ ਨੂੰ ਦਿਖਾਈ ਦੇਣਾ ਬੰਦ ਹੋ ਜਾਵੇ, ਰੇਡੀਏਸ਼ਨ ਨਾਲ ਟਿਸ਼ੂ ਨੂੰ ਨੁਕਸਾਨ ਹੋ ਗਿਆ ਹੋਵੇ, ਖੂਨ ਦੀ ਬਹੁਤ ਵੱਧ ਕਮੀ ਦੇ ਮਾਮਲੇ ਵਿੱਚ ਸਕਿਨ ਗ੍ਰਾਫਟਿੰਗ ਲਈ (ਸਰੀਰ ਦੇ ਕਿਸੇ ਹਿੱਸੇ ਦੀ ਖ਼ਰਾਬ ਚਮੜੀ ਹਟਾ ਕੇ ਦੂਜੇ ਹਿੱਸੇ ਦੀ ਚਮੜੀ ਲਗਾਉਣ ਦੀ ਪ੍ਰਕਿਰਿਆ) ਸਰੀਰ ਦੇ ਕਿਸੇ ਹਿੱਸੇ ’ਤੇ ਗੰਭੀਰ ਸੱਟ ਜਾਂ ਹੱਡੀਆਂ ਜਾਂ ਚਮੜੀ ਵਿੱਚ ਗੰਭੀਰ ਸੰਕਰਮਣ ਦੇ ਮਾਮਲੇ ਵਿੱਚ ਇਸ ਥੈਰੇਪੀ ਦੀ ਮਦਦ ਲਈ ਜਾ ਸਕਦੀ ਹੈ।"
"ਇਸ ਦੇ ਨਾਲ ਹੀ ਸੜਨ ਕਾਰਨ ਚਮੜੀ ਜਾਂ ਟਿਸ਼ੂ ਨੂੰ ਹੋਏ ਨੁਕਸਾਨ ਵਿੱਚ, ਆਸਟਿਓਮਾਇਲਾਈਟਿਸ ਭਾਵ ਹੱਡੀ ਦੇ ਗੰਭੀਰ ਸੰਕਰਮਣ ਵਿੱਚ ਇੱਥੋਂ ਤੱਕ ਕਿ ਸੁਣਨ ਦੀ ਸਮਰੱਥਾ ਘਟਣ ਤੇ ਵੀ ਇਸ ਦਾ ਇਸਤੇਮਾਲ ਹੋ ਰਿਹਾ ਹੈ।"
ਥੈਰੇਪੀ ਕਿੰਨੀ ਕਿਫਾਇਤੀ?
ਡਾ. ਸੌਰਭ ਨਾਲ ਗੱਲਬਾਤ ਅਨੁਸਾਰ ਭਾਰਤ ਵਿੱਚ ਅਜਿਹੇ ਸੈਂਟਰ ਜਾਂ ਮਾਹਿਰ ਬਹੁਤ ਘੱਟ ਹਨ ਜੋ ਇਸ ਥੈਰੇਪੀ ਦੀ ਸਹੂਲਤ ਦਿੰਦੇ ਹਨ। ਕਿਫਾਇਤੀ ਹੋਣ ਦੀ ਗੱਲ ਕਰੀਏ ਤਾਂ ਸਰਕਾਰੀ ਸੈਂਟਰਾਂ ਵਿੱਚ ਇਹ ਫ੍ਰੀ ਆਫ ਕਾਸਟ ਭਾਵ ਮੁਫਤ ਹੈ। ਪਰ ਮੰਗ ਬਹੁਤ ਵੱਧ ਜਾਣ ਕਰਕੇ ਬੀਐੱਚਯੂ ਸੈਂਟਰ ਵਿੱਚ ਪ੍ਰਤੀ ਸੈਸ਼ਨ ਮਰੀਜ਼ ਤੋਂ 100 ਰੁਪਏ ਲਏ ਜਾਂਦੇ ਹਨ।
ਜਦਕਿ ਨਿੱਜੀ ਸੈਂਟਰਾਂ ਵਿੱਚ ਪ੍ਰਤੀ ਸੈਸ਼ਨ ਢਾਈ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਲਏ ਜਾਂਦੇ ਹਨ।
ਸੈਸ਼ਨ ਕਿੰਨਾ ਲੰਬਾ ਚੱਲੇਗਾ ਇਹ ਤੁਹਾਡੀ ਸੱਟ ਜਾਂ ਸਮੱਸਿਆ ਉੱਤੇ ਨਿਰਭਰ ਕਰਦਾ ਹੈ, ਪਰ ਔਸਤ ਤੌਰ ਉੱਤੇ ਹਰ ਸੈਸ਼ਨ 45 ਮਿੰਟ ਤੋਂ ਲੈ ਕੇ ਡੇਢ ਘੰਟੇ ਤੱਕ ਦਾ ਹੁੰਦਾ ਹੈ।
ਹਰ ਸੈਸ਼ਨ ਤੋਂ ਪਹਿਲਾਂ ਡਾਕਟਰ ਮਰੀਜ਼ ਦਾ ਬੀਪੀ ਚੈਕ ਕਰਦੇ ਹਨ। ਇਹ ਯਕੀਨੀ ਬਣਾਉਣਾ ਲਾਜ਼ਮੀ ਹੁੰਦਾ ਹੈ ਕਿ ਮਰੀਜ਼ ਨੂੰ ਹਾਇਪਰਟੈਂਸ਼ਨ ਜਾਂ ਕਲਾਸਟਰੋਫੋਬੀਆ (ਭਾਵ ਬੰਦ ਜਾਂ ਤੰਗ ਥਾਵਾਂ ਵਿੱਚ ਘੁੱਟਣ ਮਹਿਸੂਸ ਹੋਣ ਦੀ ਸਮੱਸਿਆ) ਤਾਂ ਨਹੀਂ ਹੈ।
ਕੌਸਮੇਟੋਲੋਜੀ ਵਿੱਚ ਵੀ ਇਸਤੇਮਾਲ
ਇੰਟਰਨੈੱਟ ਤੇ ਅਜਿਹੀਆਂ ਕਈ ਰਿਪੋਰਟਾਂ ਮੌਜੂਦ ਹਨ ਜਿੱਥੇ ਵਧਦੀ ਉਮਰ ਕਾਰਨ ਚਿਹਰੇ ਉੱਤੇ ਨਜ਼ਰ ਆਉਣ ਵਾਲੇ ਨਿਸ਼ਾਨ ਘਟਾਉਣ ਲਈ ਵੀ ਲੋਕ ਇਸ ਥੈਰੇਪੀ ਦਾ ਇਸਤੇਮਾਲ ਕਰਦੇ ਨਜ਼ਰ ਆਉਂਦੇ ਹਨ। ਕਈ ਬਿਊਟੀ ਜਾਂ ਵੈਲਨੈੱਸ ਸੈਂਟਰ ਵੀ ਇਹ ਸਹੂਲਤ ਮੁਹੱਈਆ ਕਰਵਾਉਂਦੇ ਹਨ, ਪਰ ਕੀ ਇਹ ਵਾਕਈ ਸੁਰੱਖਿਅਤ ਤਰੀਕਾ ਹੈ?
ਇਸ ਸਵਾਲ ਦੇ ਜਵਾਬ ਵਿੱਚ ਡਾ. ਸੌਰਭ ਕਹਿੰਦੇ ਹਨ, "ਅਸਲ ਵਿੱਚ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਥੈਰੇਪੀ ਲੈਣ ਤੋਂ ਬਾਅਦ ਤੁਹਾਡੀ ਚਮੜੀ ਜਵਾਨ ਦਿਖਣ ਲੱਗਦੀ ਹੈ। ਹਾਇਪਰਬੇਰਿਕ ਆਕਸੀਜਨ ਥੈਰੇਪੀ ਦੇ ਕੁਝ ਅਜਿਹੇ ਇਸਤੇਮਾਲ ਵੀ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਧਿਕਾਰਿਕ ਮਨਜ਼ੂਰੀ ਨਹੀਂ ਮਿਲੀ ਹੈ।"
"ਕਈ ਮੈਡੀਕਲ ਸਪਾ ਜਾਂ ਬਦਲਵੇਂ ਮੈਡੀਕਲ ਕੇਂਦਰ ਦਾਅਵਾ ਕਰਦੇ ਹਨ ਕਿ ਇਹ ਥੈਰੇਪੀ ਵਧਦੀ ਉਮਰ ਨਾਲ ਜੁੜੇ ਲੱਛਣਾਂ ਅਤੇ ਹੋਰ ਕਈ ਸਮੱਸਿਆਵਾਂ ਦੇ ਇਲਾਜ ਵਿੱਚ ਮਦਦ ਕਰਦੀ ਹੈ, ਪਰ ਇਨ੍ਹਾਂ ਤਰੀਕਿਆਂ ਨੂੰ ਅਧਿਕਾਰਿਕ ਤੌਰ ’ਤੇ ਮਨਜ਼ੂਰੀ ਨਹੀਂ ਮਿਲੀ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਥੈਰੇਪੀ ਤੋਂ ਬਾਅਦ ਉਨ੍ਹਾਂ ਦੇ ਚਿਹਰੇ ’ਤੇ ਨਿਖਾਰ ਜਾਂ ਚਮਕ ਦਿਖੀ, ਪਰ ਇਹ ਸਿਰਫ਼ ਨਿੱਜੀ ਅਨੁਭਵ ਅਤੇ ਆਬਜ਼ਰਵੇਸ਼ਨ ਹਨ। ਇਨ੍ਹਾਂ ਦਾਵਿਆਂ ਨੂੰ ਲੈ ਕੇ ਲੋੜੀਂਦੇ ਵਿਗਿਆਨਕ ਸਬੂਤ ਉਪਲਬਧ ਨਹੀਂ ਹਨ।"
ਬਹਰਾਲ, ਰਿਸ਼ਭ ਪੰਤ ਅਤੇ ਉਨ੍ਹਾਂ ਵਰਗੇ ਹੋਰ ਖਿਡਾਰੀ ਸੱਟ ਤੋਂ ਜਲਦੀ ਠੀਕ ਹੋਣ ਲਈ ਇਸ ਥੈਰੇਪੀ ਦਾ ਸਹਾਰਾ ਲੈ ਰਹੇ ਹਨ।
ਸਾਲ 2022 ਵਿੱਚ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਰਿਸ਼ਭ ਪੰਤ ਇਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸੱਟਾਂ ਇੰਨੀਆਂ ਗੰਭੀਰ ਸਨ ਕਿ ਅਨੁਮਾਨ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ ਦੋ ਤੋਂ ਤਿੰਨ ਸਾਲ ਤੱਕ ਮੈਦਾਨ ਵਿੱਚ ਵਾਪਸੀ ਮੁਸ਼ਕਲ ਹੋ ਸਕਦੀ ਹੈ।
ਪਰ ਪੰਤ ਨੇ ਸਾਲ 2024 ਵਿੱਚ ਨਾ ਸਿਰਫ਼ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ, ਸਗੋਂ ਧਮਾਕੇਦਾਰ ਵਾਪਸੀ ਕੀਤੀ।
ਪਰ ਖੇਡ ਦੌਰਾਨ ਚੋਟ ਲੱਗਣ ਦਾ ਸਿਲਸਿਲਾ ਰੁਕਿਆ ਨਹੀਂ। ਇਹੀ ਕਾਰਨ ਹੈ ਕਿ ਹੁਣ ਹਾਇਪਰਬੇਰਿਕ ਆਕਸੀਜਨ ਥੈਰੇਪੀ ਦੀ ਮਦਦ ਨਾਲ ਉਹ ਜਲਦੀ ਤੋਂ ਜਲਦੀ ਮੈਦਾਨ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ