2026 ਦਾ ਪਹਿਲਾ ਚੰਦ ਗ੍ਰਹਿਣ ਭਾਰਤ ਸਮੇਤ ਦੁਨੀਆਂ ਦੇ ਕਿਹੜੇ ਹਿੱਸਿਆਂ ਵਿੱਚ ਆਇਆ ਨਜ਼ਰ

ਪੜ੍ਹਨ ਦਾ ਸਮਾਂ: 5 ਮਿੰਟ

ਅੱਜ ਭਾਰਤ ਸਣੇ ਦੁਨੀਆਂ ਦੇ ਕਈ ਹੋਰ ਹਿੱਸਿਆਂ ਵਿੱਚ ਚੰਦ ਗ੍ਰਹਿਣ ਨਜ਼ਰ ਆਇਆ। ਇਸ ਤੋਂ ਇਲਾਵਾ ਮੌਸਮ ਵਿਭਾਗ ਮੁਤਾਬਕ ਇਹ ਭਾਰਤ ਤੋਂ ਇਲਾਵਾ- ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਦਿਖਾਈ ਦਿੱਤਾ।

ਇਸਦੀ ਤੀਬਰਤਾ ਜਾਂ ਮੈਗਨੀਟਿਊਡ 1.155 ਰਹੇਗਾ ਜੋ ਕਿ ਇੱਕ ਡੂੰਘਾ, ਪੂਰਨ ਗ੍ਰਹਿਣ ਦਾ ਹੁੰਦਾ ਹੈ।

ਮੌਸਮ ਵਿਭਾਗ ਮੁਤਾਬਕ ਉੱਤਰ-ਪੂਰਬੀ ਭਾਰਤ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਕੁਝ ਥਾਵਾਂ ਨੂੰ ਛੱਡ ਕੇ, ਜਿੱਥੇ ਗ੍ਰਹਿਣ ਦੇ ਪੂਰਨ ਪੜਾਅ ਦਾ ਅੰਤ ਵੀ ਦਿਖਾਈ ਦਿੱਤਾ, ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਚੰਦਰਮਾ ਦੇ ਚੜ੍ਹਨ ਵੇਲੇ ਚੰਦਰ ਗ੍ਰਹਿਣ ਦਾ ਸਿਰਫ਼ ਅੰਤਿਮ ਪੜਾਅ ਹੀ ਦੇਖਿਆ ਗਿਆ।

ਭਾਰਤੀ ਸਮੇਂ ਅਨੁਸਾਰ: ਦੁਪਹਿਰ 3:20 ਵਜੇ ਗ੍ਰਹਿਣ ਸ਼ੁਰੂ ਹੋਇਆ; ਸ਼ਾਮ 5:33 ਵਜੇ ਪੂਰਨ ਗ੍ਰਹਿਣ ਸਮਾਪਤ ਹੋ ਗਿਆ; ਜਦਕਿ ਸ਼ਾਮ 6:48 ਵਜੇ ਗ੍ਰਹਿਣ ਖ਼ਤਮ ਹੋ ਗਿਆ।

ਚੰਦਰਮਾ ਗ੍ਰਹਿਣ ਦੀਆਂ ਕਿਸਮਾਂ

ਚੰਦਰ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ।

ਪੂਰਨ ਚੰਦਰਮਾ ਗ੍ਰਹਿਣ

ਅੰਸ਼ਕ ਚੰਦਰਮਾ ਗ੍ਰਹਿਣ

ਪਿਨੰਮਰਬਲ ਚੰਦਰ ਗ੍ਰਹਿਣ

ਪੂਰਨ ਚੰਦਰਮਾ ਗ੍ਰਹਿਣ

ਨਾਸਾ ਦੇ ਅਨੁਸਾਰ, ਪੂਰਨ ਚੰਦਰ ਗ੍ਰਹਿਣ ਦੇ ਦੌਰਾਨ ਚੰਦਰਮਾ ਅਤੇ ਸੂਰਜ ਧਰਤੀ ਦੇ ਬਿਲਕੁਲ ਉਲਟ ਪਾਸੇ ਹੁੰਦੇ ਹਨ।

ਨਾਸਾ ਕਹਿੰਦਾ ਹੈ, "ਹਾਲਾਂਕਿ ਚੰਦਰਮਾ ਧਰਤੀ ਦੇ ਪਰਛਾਵੇਂ ਹੇਠਾਂ ਹੈ ਅਤੇ ਸੂਰਜ ਦੀ ਰੌਸ਼ਨੀ ਦਾ ਕੁਝ ਹਿੱਸਾ ਹੀ ਚੰਦਰਮਾ ਤੱਕ ਪਹੁੰਚਦਾ ਹੈ।"

ਇਹ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਯੂਮੰਡਲ ਵਿਚੋਂ ਲੰਘਦੀ ਹੈ ਜੋ ਕਿ ਜ਼ਿਆਦਾਤਰ ਨੀਲੀ ਰੌਸ਼ਨੀ ਨੂੰ ਛਾਣ ਲੈਂਦੀ (ਫਿਲਟਰ ਕਰਦੀ) ਹੈ।

ਇਸੇ ਲਈ, ਇਸ ਵਰਤਾਰੇ ਦੇ ਦੌਰਾਨ, ਚੰਦਰਮਾ ਲਾਲ ਦਿਖਦਾ ਹੈ ਅਤੇ ਉਸਨੂੰ "ਬਲੱਡ ਮੂਨ" ਵੀ ਕਿਹਾ ਜਾਂਦਾ ਹੈ।

ਅੰਸ਼ਕ ਚੰਦਰ ਗ੍ਰਹਿਣ

ਅੰਸ਼ਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਸਿਰਫ਼ ਇਕ ਹਿੱਸਾ ਧਰਤੀ ਦੇ ਪਰਛਾਵੇਂ ਹੇਠਾਂ ਹੁੰਦਾ ਹੈ।

ਗ੍ਰਹਿਣ ਦੀ ਗਹਿਰਾਈ 'ਤੇ ਨਿਰਭਰ ਕਰਦਿਆਂ, ਚੰਦਰਮਾ ਦੀ ਸਤਹ ਦੇ ਪਰਛਾਵੇਂ ਵਾਲੇ ਹਿੱਸੇ 'ਤੇ, ਇੱਕ ਗੂੜਾ ਲਾਲ, ਧੁੰਦਲਾ ਜਾਂ ਸਲੇਟੀ ਰੰਗ ਦਿਖਾਈ ਦੇ ਸਕਦਾ ਹੈ।

ਇਹ ਇਸ ਹਿੱਸੇ ਅਤੇ ਚੰਦਰਮਾ ਦੇ ਦੂਜੇ ਚਮਕਦਾਰ ਹਿੱਸੇ ਦੇ ਅੰਤਰ ਦੇ ਕਾਰਨ ਹੈ ਜੋ ਪਰਛਾਵੇਂ ਤੋਂ ਬਾਹਰ ਰਹਿੰਦਾ ਹੈ।

ਨਾਸਾ ਦੇ ਅਨੁਸਾਰ, ਜਦੋਂ ਕਿ ਪੂਰਨ ਚੰਦਰ ਗ੍ਰਹਿਣ ਇਕ ਦੁਰਲੱਭ ਵਰਤਾਰਾ ਹੈ, ਅੰਸ਼ਕ ਤੌਰ 'ਤੇ ਇਹ ਗ੍ਰਹਿਣ ਸਾਲ ਵਿੱਚ ਘੱਟੋ ਘੱਟ ਦੋ ਵਾਰ ਲੱਗਦਾ ਹੈ।

ਪਿਨੰਮਰਬਲ ਚੰਦਰ ਗ੍ਰਹਿਣ

ਇਹ ਉਦੋਂ ਹੁੰਦਾ ਹੈ ਜਦੋਂ ਚੰਨ ਧਰਤੀ ਦੇ ਅਜਿਹੇ ਪਰਛਾਵੇਂ ਤੋਂ ਲੰਘਦਾ ਹੈ ਜੋ ਬਹੁਤ ਜ਼ਿਆਦਾ ਧੁੰਦਲਾ ਹੁੰਦਾ ਹੈ।

ਇਸ ਲਈ, ਇਹ ਗ੍ਰਹਿਣ ਇੰਨੇ ਸੂਖਮ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖਣਾ ਚੰਦ ਦੇ ਉਸ ਹਿੱਸੇ 'ਤੇ ਨਿਰਭਰ ਕਰਦਾ ਹੈ ਜੋ ਹਲਕੇ ਧੁੰਦਲੇ ਪਰਛਾਵੇਂ ਵਾਲੇ ਖੇਤਰ ਵਿੱਚ ਦਾਖਲ ਹੁੰਦੀ ਹੈ।

ਇਹ ਜਿੰਨਾ ਛੋਟਾ ਹੁੰਦਾ ਹੈ, ਉਨ੍ਹਾਂ ਹੀ ਇਸ ਨੂੰ ਵੇਖਣਾ ਮੁਸ਼ਕਲ ਹੁੰਦਾ ਹੈ।

ਇਸ ਕਾਰਨ ਕਰਕੇ, ਇਹ ਗ੍ਰਹਿਣ ਅਕਸਰ ਵਿਗਿਆਨੀਆਂ ਤੋਂ ਇਲਾਵਾ ਕਿਸੇ ਹੋਰ ਲਈ ਅਹਿਮ ਨਹੀਂ ਹੁੰਦਾ।

ਇਸ ਤੋਂ ਇਲਾਵਾ ਅਕਸਰ ਬਲੱਡ ਮੂਨ, ਸੁਪਰਮੂਨ ਵਰਗੇ ਸ਼ਬਦ ਵੀ ਚਰਚਾ ਦਾ ਵਿਸ਼ਾ ਬਣਦੇ ਹਨ। ਅਸੀਂ ਇਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਬਲੱਡ ਮੂਨ

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਦਰਮਾ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਇਸ ਸਦੀ ਦਾ ਸਭ ਤੋਂ ਵੱਡਾ ਚੰਦਰ ਗ੍ਰਹਿਣ 27 ਜੁਲਾਈ 2018 ਨੂੰ ਦੇਖਿਆ ਗਿਆ ਸੀ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਸੀ।

ਸੁਪਰਮੂਨ

ਜਦੋਂ ਚੰਦਰਮਾ ਧਰਤੀ ਦੇ ਨੇੜੇ ਆਕਾਸ਼ ਵਿੱਚ ਵੱਡਾ ਅਤੇ ਚਮਕਦਾ ਦਿਖਾਈ ਦਿੰਦਾ ਹੈ ਤਾਂ ਇਹ ਸੁਪਰਮੂਨ ਕਹਾਉਂਦਾ ਹੈ।

ਦਸੰਬਰ ਦਾ ਪੂਰਾ ਚੰਨ ਰਵਾਇਤੀ ਤੌਰ ’ਤੇ ਠੰਢੇ ਚੰਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

"ਸੁਪਰ" ਦਾ ਅਰਥ ਹੈ ਕਿ ਇਹ ਅਸਮਾਨ ਵਿੱਚ ਵੱਡਾ ਦਿਖਾਈ ਦੇਵੇਗਾ।

'ਸੁਪਰਮੂਨ' ਉਹ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਸਭ ਤੋਂ ਨਜ਼ਦੀਕ ਬਿੰਦੂ 'ਤੇ (ਜਾਂ 90 ਪ੍ਰਤੀਸ਼ਤ ਦੇ ਅੰਦਰ) ਹੁੰਦਾ ਹੈ ਕਿਉਂਕਿ ਇਹ ਸਾਡੇ ਆਲੇ ਦੁਆਲੇ ਦੇ ਅੰਡਾਕਾਰ ਦਾ ਚੱਕਰ ਲਗਾਉਂਦਾ ਹੈ।

ਦੂਜੇ ਸ਼ਬਦਾਂ ਵਿੱਚ ਚੰਨ ਇੱਕ ਪੂਰੇ ਚੱਕਰ ਵਿੱਚ ਧਰਤੀ ਦੇ ਚੱਕਰ ਨਹੀਂ ਲਗਾਉਂਦਾ। ਕਈ ਵਾਰ ਇਹ ਥੋੜ੍ਹਾ ਨੇੜੇ ਹੁੰਦਾ ਹੈ ਅਤੇ ਕਈ ਵਾਰੀ ਦੂਰ।

ਸੁਪਰ ਪਿੰਕ ਮੂਨ

ਅਮਰੀਕੀ ਕਬੀਲਿਆਂ ਸਣੇ ਬਹੁਤ ਸਾਰੇ ਸਭਿਆਚਾਰਾਂ ਵਿੱਚ ਲੋਕਾਂ ਨੇ ਸਮੇਂ ਦੀ ਜਾਣਕਾਰੀ ਰੱਖਣ ਲਈ ਪੂਰਨਮਾਸ਼ੀ ਦੇ ਚੰਦ ਦੇ ਨਾਮ ਰੱਖੇ।

ਇਸ ਲਈ ਹਾਲਾਂਕਿ ਅਪ੍ਰੈਲ ਦੇ ਪੂਰਨਮਾਸ਼ੀ ਦੇ ਚੰਦਰਮਾ ਨੂੰ ਪਿੰਕ ਮੂਨ ਵਜੋਂ ਜਾਣਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਗੁਲਾਬੀ ਨਹੀਂ ਹੁੰਦਾ।

ਇਸ ਦਾ ਨਾਮ ਗੁਲਾਬੀ ਫੁੱਲਾਂ ਦੇ ਨਾਮ 'ਤੇ ਰੱਖਿਆ ਗਿਆ ਹੈ ਜਿਸ ਨੂੰ 'ਵਾਈਲਡ ਗਰਾਊਂਡ ਫਲੋਕਸ' ਕਿਹਾ ਜਾਂਦਾ ਹੈ।

ਇਹ ਬਸੰਤ ਦੀ ਸ਼ੁਰੂਆਤ ਵਿੱਚ ਖਿੜਦਾ ਹੈ ਅਤੇ ਸਾਰੇ ਯੂਐੱਨ ਅਤੇ ਕੈਨੇਡਾ ਵਿੱਚ ਦਿਖਾਈ ਦਿੰਦਾ ਹੈ।

ਇਸ ਨੂੰ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ 'ਸਪਰਾਊਟਿੰਗ ਗਰਾਸ ਮੂਨ', 'ਐੱਗ ਮੂਨ' ਅਤੇ 'ਫਿਸ਼ ਮੂਨ' ਵੀ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਜੁਲਾਈ ਜੇ ਪੂਰਨਮਾਸ਼ੀ ਦੇ ਚੰਦ ਨੂੰ ਬੱਕ ਮੂਨ ਆਖਿਆ ਜਾਂਦਾ ਹੈ।ਦਰਅਸਲ ਅਮਰੀਕਾ ਵਿੱਚ ਪਾਏ ਜਾਂਦੇ ਬੱਕ ਹਿਰਨ ਦੀ ਇਸ ਸਮੇਂ ਦੌਰਾਨ ਨਵੇਂ ਸਿੰਗ ਨਿਕਲਦੇ ਹਨ।

ਚੰਨ ਗ੍ਰਹਿਣ ਕਿਵੇਂ ਦੇਖਿਆ ਜਾਵੇ

ਸੂਰਜ ਗ੍ਰਹਿਣ ਦੇ ਉਲਟ ਚੰਨ ਗ੍ਰਹਿਣ ਦੇਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ ਅਤੇ ਇਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ।

ਚੰਨ ਗ੍ਰਹਿਣ ਦੇਖਣ ਲਈ ਕਿਸੇ ਨੂੰ ਕੋਈ ਖਾਸ ਕਿਸਮ ਦੇ ਯੰਤਰ ਜਾਂ ਚਸ਼ਮੇ ਦੀ ਲੋੜ ਨਹੀਂ ਪੈਂਦੀ।

ਭਾਵੇਂ ਕਿ ਦੂਰਬੀਨ ਨਾਲ ਇਸ ਦਾ ਨਜਾਰਾ ਹੋਰ ਬਿਹਤਰ ਦੇਖਿਆ ਜਾ ਸਕਦਾ ਹੈ। ਕਈ ਮੀਡੀਆ ਅਦਾਰੇ ਇਸ ਦਾ ਵੱਖ ਵੱਖ ਤਰੀਕਿਆਂ ਨਾਲ ਪ੍ਰਸਾਰਣ ਕਰਦੇ ਹਨ

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)