ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿੱਚ ਸਾਹਿਤ ਅਕਾਦਮੀ ਐਵਾਰਡ ਜਿੱਤਣ ਵਾਲੇ 'ਪੰਜਾਬੀ' ਲੇਖਕ ਕੌਣ ਹਨ ?

ਤਸਵੀਰ ਸਰੋਤ, BBC/Jinder/Pripal Betaab

ਤਸਵੀਰ ਕੈਪਸ਼ਨ, ਸਾਹਿਤ ਅਕਾਦਮੀ ਐਵਾਰਡ ਜੇਤੂ ਹਰਜਿੰਦਰ, ਪ੍ਰਿਤਪਾਲ ਬੇਤਾਬ ਅਤੇ ਨਵਤੇਜ ਸਰਨਾ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਸਾਲ 2025 ਦੇ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ ਵਿੱਚ ਪੰਜਾਬੀ ਕਹਾਣੀਕਾਰ ਹਰਜਿੰਦਰ, ਸਾਬਕਾ ਭਾਰਤੀ ਰਾਜਦੂਤ ਨਵਤੇਜ ਸਰਨਾ ਅਤੇ ਜੰਮੂ ਦੇ ਰਹਿਣ ਵਾਲੇ ਪ੍ਰਿਤਪਾਲ ਬੇਤਾਬ ਸ਼ਾਮਲ ਹਨ।

ਪੰਜਾਬੀ ਭਾਸ਼ਾ ਵਿੱਚ ਇਨਾਮ ਲਈ ਹਰਜਿੰਦਰ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ 'ਸੇਫਟੀ ਕਿੱਟ' ਲਈ ਚੁਣਿਆ ਗਿਆ ਹੈ।

ਨਵਤੇਜ ਸਰਨਾ ਨੂੰ ਆਪਣੀ ਅੰਗਰੇਜ਼ੀ ਕਿਤਾਬ 'ਕ੍ਰਿਮਸਨ ਸਪ੍ਰਿੰਗ' ਲਈ ਅਤੇ ਪ੍ਰਿਤਪਾਲ ਬੇਤਾਬ ਨੂੰ ਉਨ੍ਹਾਂ ਦੇ ਉਰਦੂ ਕਾਵਿ-ਸੰਗ੍ਰਹਿ 'ਸਫ਼ਰ ਜਾਰੀ ਹੈ' ਲਈ ਇਨਾਮ ਐਲਾਨਿਆ ਗਿਆ ਹੈ।

ਸਾਹਿਤ ਅਕਾਦਮੀ ਐਵਾਰਡ 24 ਭਾਸ਼ਾਵਾਂ ਦੇ ਲੇਖਕਾਂ ਨੂੰ ਦਿੱਤੇ ਜਾਂਦੇ ਹਨ।

ਪਹਿਲੀ ਵਾਰ ਇਹ ਇਨਾਮ ਸਾਲ 1955 ਵਿੱਚ ਦਿੱਤੇ ਗਏ ਸਨ। ਜੇਤੂ ਲੇਖਕਾਂ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਹਨ।

Sorry, we can’t display this part of the story on this lightweight mobile page.

ਹਰਜਿੰਦਰ 'ਜਿੰਦਰ' ਕੌਣ ਹਨ ?

'ਜਿੰਦਰ' ਨੇ ਬੀਬੀਸੀ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਆਪਣੇ ਪਿਛੋਕੜ ਅਤੇ ਸਨਮਾਨ ਮਿਲਣ ਦੀ ਖੁਸ਼ੀ ਬਾਰੇ ਦੱਸਿਆ।

ਉਨ੍ਹਾਂ ਨੇ ਦੱਸਿਆ, "ਜਿਸ ਦਿਨ ਮੈਨੂੰ ਇਹ ਸਨਮਾਨ ਮਿਲਣ ਦਾ ਐਲਾਨ ਹੋਇਆ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ, ਇਹ ਸਨਮਾਨ ਮੈਂ ਆਪਣੀ ਪਤਨੀ ਨੂੰ ਸਮਰਪਿਤ ਕਰਦਾ ਹਾਂ।"

ਉਨ੍ਹਾਂ ਦੀ ਕਿਤਾਬ 'ਸੇਫ਼ਟੀ ਕਿੱਟ ਨੂੰ ਨਵਯੁਗ ਪਬਲਿਸ਼ਰਜ਼ ਵੱਲੋਂ ਸਾਲ 2023 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ, ਇਸ ਵਿੱਚ 10 ਵੱਖ-ਵੱਖ ਕਹਾਣੀਆਂ ਹਨ। ਜਿਨ੍ਹਾਂ ਵਿਚੋਂ ਚਾਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਉੱਤੇ ਅਧਾਰਤ ਹਨ।

ਉਨ੍ਹਾਂ ਦੀ ਕਿਤਾਬ 'ਸੇਫਟੀ ਕਿੱਟ' ਨੂੰ ਸਾਲ 2024 ਵਿੱਚ ਢਾਹਾਂ ਇਨਾਮ ਵੀ ਮਿਲ ਚੁੱਕਾ ਹੈ, ਉਨ੍ਹਾਂ ਦੀ ਕਿਤਾਬ ਨੇ ਪਹਿਲਾ ਥਾਂ (25,000 ਕੈਨੇਡੀਆਈ ਡਾਲਰ) ਹਾਸਲ ਕੀਤਾ ਸੀ।

ਢਾਹਾਂ ਸਾਹਿਤ ਇਨਾਮ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਲੀ ਕੈਨੇਡਾ-ਇੰਡੀਆ ਐਜੂਕੇਸ਼ਨ ਸੋਸਾਇਟੀ ਵੱਲੋਂ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਵਿੱਚ ਛਪੇ ਪੰਜਾਬੀ ਸਾਹਿਤ ਲਈ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Harjinder Jinder

ਤਸਵੀਰ ਕੈਪਸ਼ਨ, ਹਰਜਿੰਦਰ ਜਿੰਦਰ ਦੀ ਕਿਤਾਬ 'ਸੇਫਟੀ ਕਿੱਟ' ਨੂੰ ਐਵਾਰਡ ਮਿਲਿਆ ਹੈ

ਹਰਜਿੰਦਰ ਦਾ ਜਨਮ 2 ਫਰਵਰੀ 1954 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਲੱਧੜਾ ਵਿੱਚ ਹੋਇਆ, ਉਹ ਇੱਕ ਸਧਾਰਣ ਪਿੰਡ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਉਨ੍ਹਾਂ ਨੇ ਸ਼ੁਰੂਆਤੀ ਪੜ੍ਹਾਈ ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਅਤੇ ਨਕੋਦਰ ਤੋਂ ਕੀਤੀ। ਉਨ੍ਹਾਂ ਨੇ ਡੀਏਵੀ ਕਾਲਜ, ਨਕੋਦਰ ਤੋਂ 1977 ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।

ਉਨ੍ਹਾਂ ਨੇ ਦੱਸਿਆ, "ਮੈਂ ਜ਼ਿੰਦਗੀ ਦੇ ਕਈ ਸਾਲ ਵੱਖ-ਵੱਖ ਦੇਸ਼ਾਂ ਵਿੱਚ ਘੁੰਮਿਆ ਹਾਂ, ਜਿਸ ਕਰਕੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਸਮਝ ਸਕਿਆ ਅਤੇ ਉਨ੍ਹਾਂ ਨੂੰ ਕਿਤਾਬ ਦਾ ਰੂਪ ਦੇ ਸਕਿਆ।"

ਇਸ ਮਗਰੋਂ ਉਨ੍ਹਾਂ ਨੇ ਕੁਝ ਸਾਲ ਐੱਮਬੀਡੀ ਪ੍ਰੈੱਸ, ਜਲੰਧਰ 'ਚ ਪਰੂਫ ਰੀਡਰ ਵਜੋਂ ਕੰਮ ਕੀਤਾ ਅਤੇ ਉਹ ਸਾਲ 2012 ਵਿੱਚ ਪੰਜਾਬ ਸਟੇਟ ਟ੍ਰਾਂਸਪੋਰਟ, ਚੰਡੀਗੜ੍ਹ ਤੋਂ ਰਿਟਾਇਰ ਹੋਏ ਹਨ।

ਜਿੰਦਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਮੇਰਾ ਸਾਹਿਤ ਨਾਲ ਪਿਆਰ ਜਲੰਧਰ ਰੇਡੀਓ ਸਟੇਸ਼ਨ 'ਚ ਪਿਆ ਤੇ ਮੇਰੇ ਹਰਮਨ ਪਿਆਰੇ ਸਾਹਿਤਕਾਰ ਸ਼ਿਵ ਕੁਮਾਰ ਬਟਾਲਵੀ ਹਨ।"

ਪੰਜਾਬੀ ਦੇ ਨਾਲ ਉਨ੍ਹਾਂ ਦੀਆਂ ਕਹਾਣੀਆਂ ਮਰਾਠੀ, ਹਿੰਦੀ, ਅੰਗਰੇਜ਼ੀ, ਸ਼ਾਹਮੁਖੀ ਸਮੇਤ ਹੋਰ ਕਈ ਭਾਸ਼ਾਵਾਂ ਵਿੱਚ ਛਪ ਚੁੱਕੀਆਂ ਹਨ।

ਉਨ੍ਹਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ, ਮੈਂ, ਕਹਾਣੀ ਤੇ ਉਹ, ਤੁਸੀਂ ਨਹੀਂ ਸਮਝ ਸਕਦੇ, ਨਹੀਂ, ਮੈਂ ਨਹੀਂ, ਬਿਨਾਂ ਵਜ੍ਹਾ ਤਾਂ ਨਹੀਂ, ਜ਼ਖ਼ਮ, ਤਹਿਜ਼ੀਬ (ਸਾਰੀਆਂ ਕਹਾਣੀਆਂ), ਵੇਦਨਾ (ਮਰਾਠੀ), ਜ਼ਖ਼ਮ (ਮਰਾਠੀ), ਮੇਰੀਆਂ ਚੋਣਵੀਆਂ ਕਹਾਣੀਆਂ, ਆਵਾਜ਼ਾਂ, ਕੱਚੇ ਪੱਕੇ ਨਕਸ਼ੇ।

ਹਰਜਿੰਦਰ ਆਪਣੀ ਸਵੈ-ਜੀਵਨੀ 'ਇੱਕ ਸੀ ਜਿੰਦਰ' ਵੀ ਲਿਖ ਚੁੱਕੇ ਹਨ।

ਤਸਵੀਰ ਸਰੋਤ, Pritpal Singh Betaab

ਤਸਵੀਰ ਕੈਪਸ਼ਨ, ਪ੍ਰਿਤਪਾਲ ਸਿੰਘ ਨੂੰ ਉਰਦੂ ਕਾਵਿ ਸੰਗ੍ਰਹਿ 'ਸਫ਼ਰ ਜਾਰੀ ਹੈ' ਲਈ ਐਵਾਰਡ ਮਿਲਿਆ ਹੈ

ਪ੍ਰਿਤਪਾਲ ਸਿੰਘ ਬੇਤਾਬ

ਉਰਦੂ ਭਾਸ਼ਾ ਵਿੱਚ ਇਨਾਮ ਦੇ ਲਈ ਜੰਮੂ ਦੇ ਪੂੰਛ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਬੇਤਾਬ ਨੂੰ ਉਨ੍ਹਾਂ ਦੀ ਕਿਤਾਬ 'ਸਫ਼ਰ ਜਾਰੀ ਹੈ' (ਕਾਵਿ ਸੰਗ੍ਰਹਿ) ਲਈ ਚੁਣਿਆ ਗਿਆ ਹੈ।

ਪ੍ਰਿਤਪਾਲ ਸਿੰਘ ਆਈਏਐੱਸ ਅਫ਼ਸਰ ਰਹਿ ਚੁੱਕੇ ਹਨ। ਪ੍ਰਿਤਪਾਲ ਸਿੰਘ ਦਾ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਤੋਂ ਜੰਮੂ-ਕਸ਼ਮੀਰ ਵਿੱਚ ਆਇਆ ਸੀ।

ਉਨ੍ਹਾਂ ਨੇ ਦੱਸਿਆ, "ਅਸੀਂ ਬਚਪਨ ਤੋਂ ਪੜ੍ਹਾਈ ਵੀ ਉਰਦੂ ਵਿੱਚ ਹੀ ਕੀਤੀ ਤੇ ਤਕਰੀਬਨ ਸਕੂਲ-ਕਾਲਜ ਦੇ ਸਮੇਂ ਤੋਂ ਹੀ ਸ਼ਾਇਰੀ ਦਾ, ਉਰਦੂ ਸ਼ਾਇਰੀ ਦਾ ਸ਼ੌਕ ਪੈ ਗਿਆ। 1980 ਵਿੱਚ ਪਹਿਲੀ ਕਿਤਾਬ ਛਪੀ ਸੀ 'ਪੇਸ਼ ਖ਼ੇਮਾ' ਤੇ ਹੁਣ ਤੱਕ ਤਕਰੀਬਨ ਮੇਰੀਆਂ 12-13 ਕਿਤਾਬਾਂ ਆ ਚੁੱਕੀਆਂ ਹਨ।"

ਉਨ੍ਹਾਂ ਨੇ 'ਮੇਰੇ ਹਿੱਸੇ ਕੀ ਦੁਨੀਆ' ਸਿਰਲੇਖ ਹੇਠ ਆਪਣੀ ਆਤਮ-ਕਥਾ ਵੀ ਲਿਖੀ ਹੈ।

ਆਪਣੀ ਇਸ ਉਪਲਬਧੀ ਨੂੰ ਇੱਕ ਸ਼ਿਅਰ ਰਾਹੀਂ ਬਿਆਨ ਕਰਦਿਆਂ ਉਹ ਕਹਿੰਦੇ ਹਨ,

'ਦੁਨੀਆ-ਏ-ਰੰਗ-ਓ-ਬੂ ਸੇ ਕਿਨਾਰਾ ਨਹੀਂ ਕੀਆ,

ਅੱਛਾ ਕੀਆ ਜੋ ਹਮਨੇ ਦਿਖਾਵਾ ਨਹੀਂ ਕੀਆ।'

ਪ੍ਰਿਤਪਾਲ ਸਿੰਘ ਨੇ 32 ਸਾਲ ਆਈ.ਏ.ਐੱਸ ਦੇ ਅਹੁਦੇ ਉੱਤੇ ਕੰਮ ਕੀਤਾ ਹੈ।

ਉਹ ਦੱਸਦੇ ਹਨ, "ਮੈਂ ਸ਼ਾਇਰੀ ਉਰਦੂ ਵਿੱਚ ਸ਼ੁਰੂ ਕੀਤੀ ਪਰ ਮੇਰੀ ਸ਼ਾਇਰੀ ਦਾ ਜੇਕਰ ਬੈਕਗਰਾਊਂਡ ਦੇਖਿਆ ਜਾਵੇ ਤਾਂ ਮੈਂ ਗੁਰੂਆਂ ਅਤੇ ਭਗਤਾਂ ਦੀ ਬਾਣੀ ਤੋਂ ਪ੍ਰਭਾਵਿਤ ਰਿਹਾ ਹਾਂ, ਉਸੇ ਦਾ ਅਸਰ ਸੀ ਤੇ ਸ਼ਾਇਦ ਜਿਸ ਵਜ੍ਹਾ ਨਾਲ ਮੈਂ ਸ਼ਾਇਰੀ ਵੱਲ ਪ੍ਰੇਰਿਤ ਹੋ ਗਿਆ। "

ਪ੍ਰਿਤਪਾਲ ਸਿੰਘ ਦੀਆਂ ਕਿਤਾਬਾਂ ਦੇਵਨਾਗਿਰੀ ਅਤੇ ਗੁਰਮੁਖੀ ਲਿਪੀ ਵਿੱਚ ਵੀ ਛਪ ਚੁੱਕੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਤੇਜ ਸਰਨਾ ਅਮਰੀਕਾ ਵਿੱਚ ਭਾਰਤੀ ਅੰਬੈਸਡਰ ਵੀ ਰਹਿ ਚੁੱਕੇ ਹਨ

ਨਵਤੇਜ ਸਰਨਾ

ਸਾਬਕਾ ਭਾਰਤੀ ਰਾਜਦੂਤ ਅਤੇ ਲੇਖਕ ਨਵਤੇਜ ਸਰਨਾ ਦਾ ਨਾਵਲ 'ਕ੍ਰਿਮਸਨ ਸਪ੍ਰਿੰਗ' ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਉੱਤੇ ਅਧਾਰਤ ਹੈ।

ਨਵਤੇਜ ਸਰਨਾ ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹਿ ਚੁੱਕੇ ਹਨ। ਉਹ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਇਜ਼ਰਾਈਲ ਵਿੱਚ ਵੀ ਭਾਰਤੀ ਰਾਜਦੂਤ ਰਹੇ ਹਨ।

ਇਸ ਤੋਂ ਇਲਾਵਾ ਉਹ ਪੋਲੈਂਡ, ਈਰਾਨ ਅਤੇ ਜੀਨੀਵਾ ਵਿੱਚ ਵੀ ਕੂਟਨੀਤਕ ਅਹੁਦਿਆਂ ਉੱਤੇ ਰਹਿ ਚੁੱਕੇ ਹਨ।

ਨਵਤੇਜ ਸਰਨਾ ਕਈ 'ਫਿਕਸ਼ਨ ਅਤੇ ਨੌਨ ਫਿਕਸ਼ਨ' ਕਿਤਾਬਾਂ ਲਿਖ ਚੁੱਕੇ ਹਨ।

ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਉੱਤੇ ਅਧਾਰਤ 'ਦਿ ਐਗਜ਼ਾਈਲ' ਨਾਵਲ ਲਿਖਣ ਦੇ ਨਾਲ-ਨਾਲ 'ਵੀ ਵਰ ਨਾਟ ਲਵਰਜ਼ ਲਾਈਕ ਦੈਟ',' ਦਿ ਬੁੱਕ ਆਫ ਨਾਨਕ' ਸਣੇ ਕਿਤਾਬਾਂ ਲਿਖੀਆਂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ 'ਜ਼ਫ਼ਰਨਾਮਾ' ਦਾ ਅੰਗਰੇਜ਼ੀ ਤਰਜਮਾ ਵੀ ਕੀਤਾ ਹੈ।

ਉਹ ਅਖ਼ਬਾਰਾਂ ਵਿੱਚ ਵਿਦੇਸ਼ ਮਾਮਲਿਆਂ ਬਾਰੇ ਲਿਖਣ ਦੇ ਨਾਲ-ਨਾਲ ਟੀਵੀ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਹੁੰਦੇ ਹਨ।

ਨਵਤੇਜ ਸਰਨਾ ਦੇ ਪਿਤਾ ਮਹਿੰਦਰ ਸਿੰਘ ਸਰਨਾ ਇੱਕ ਆਈ.ਏ.ਐੱਸ ਅਧਿਕਾਰੀ ਹੋਣ ਦੇ ਨਾਲ-ਨਾਲ ਲੇਖਕ ਸਨ।

ਉਨ੍ਹਾਂ ਦੇ ਕਹਾਣੀ-ਸੰਗ੍ਰਹਿ 'ਨਵੇਂ ਯੁੱਗ ਦੇ ਵਾਰਿਸ' ਲਈ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਾਲ 1994 ਵਿੱਚ ਸਾਹਿਤ ਅਕਾਦਮੀ ਐਵਾਰਡ ਮਿਲਿਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਤੇਜ ਸਰਨਾ ਕਈ 'ਫਿਕਸ਼ਨ ਅਤੇ ਨੌਨ ਫਿਕਸ਼ਨ' ਕਿਤਾਬਾਂ ਲਿਖ ਚੁੱਕੇ ਹਨ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਨਵਤੇਜ ਸਰਨਾ ਨੇ ਆਪਣੇ ਨਾਵਲ ਬਾਰੇ ਦੱਸਦਿਆਂ ਕਿਹਾ, "ਜਲ੍ਹਿਆਂਵਾਲਾ ਬਾਗ ਕਤਲ ਕਾਂਡ ਇਤਿਹਾਸ ਦੀ ਇੱਕ ਅਹਿਮ ਤੇ ਸਭ ਤੋਂ ਦਰਦਨਾਕ ਘਟਨਾਵਾਂ ਵਿੱਚੋਂ ਇੱਕ ਘਟਨਾ ਹੈ। ਮੇਰਾ ਮਕਸਦ ਸੀ ਕਿ ਮੈਂ ਇਹ ਸਮਝ ਸਕਾਂ ਕਿ ਅਜਿਹੀਆਂ ਘਟਨਾਵਾਂ ਕਰਕੇ ਆਖਿਰ ਕਿਵੇਂ ਆਮ ਲੋਕਾਂ ਦੀ ਜ਼ਿੰਦਗੀ ਅਣਚਾਹੇ ਮੋੜ ਲੈ ਲੈਂਦੀ ਹੈ ਅਤੇ ਇਹ ਖੌਫ਼ ਇੱਥੋਂ ਤੱਕ ਸੀਮਿਤ ਨਹੀਂ ਰਹਿੰਦਾ ਸਗੋਂ ਇਨਸਾਨਾਂ ਦੀਆਂ ਤਕਦੀਰਾਂ ਵਿੱਚ ਵਸ ਜਾਂਦਾ ਹੈ।”

ਉਨ੍ਹਾਂ ਨੇ ਅੱਗੇ ਕਿਹਾ, "ਇਹ ਦਿਖਾਉਣ ਲਈ ਕਿ ਜ਼ਿੰਦਗੀ ਵਿੱਚ ਤੁਹਾਡੇ ਰੁਤਬੇ ਦੇ ਆਧਾਰ 'ਤੇ ਕਿਸੇ ਘਟਨਾ ਨੂੰ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਦੇਖਿਆ ਜਾ ਸਕਦਾ ਹੈ, ਮੈਂ ਨੌਂ ਮੁੱਖ ਪਾਤਰਾਂ ਦੀ ਕਹਾਣੀ ਸੁਣਾਉਣ ਵਾਲੀ ਤਕਨੀਕ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਦੇ ਪਿਛੋਕੜ ਅਤੇ ਪਿਛਲੀਆਂ ਕਹਾਣੀਆਂ ਵੱਖੋ-ਵੱਖਰੀਆਂ ਹਨ, ਜਿਨ੍ਹਾਂ ਵਿੱਚ ਗੋਰੇ ਅਤੇ ਹੋਰ ਨਸਲਾਂ ਦੇ ਲੋਕ ਸ਼ਾਮਲ ਹਨ।”

“ਪਰ ਅੰਤ ਵਿੱਚ ਅਸੀਂ ਸਾਰੇ ਇਨਸਾਨ ਹਾਂ, ਸਾਡੀਆਂ ਭਾਵਨਾਵਾਂ ਇਨਸਾਨੀ ਤਾਕਤਾਂ ਅਤੇ ਕਮਜ਼ੋਰੀਆਂ ਵਿੱਚੋਂ ਹੀ ਪੈਦਾ ਹੁੰਦੀਆਂ ਹਨ। ਮੈਨੂੰ ਲੱਗਦਾ ਹੈ ਕਿ ਲਗਭਗ ਚਾਰ ਦਹਾਕਿਆਂ ਤੱਕ ਇੱਕ ਡਿਪਲੋਮੈਟ ਵਜੋਂ ਕੰਮ ਕਰਨ ਨੇ ਮੈਨੂੰ ਇਹ ਸਮਝ ਦਿੱਤੀ ਹੈ ਕਿ ਵੱਖ-ਵੱਖ ਸੱਭਿਆਚਾਰਾਂ ਵਿੱਚ ਜੀਵਨ ਕਿਹੋ ਜਿਹਾ ਹੈ, ਕਿਹੜੀਆਂ ਚੀਜ਼ਾਂ ਮਨੁੱਖਾਂ ਨੂੰ ਜੋੜਦੀਆਂ ਹਨ ਅਤੇ ਕਿਹੜੀਆਂ ਉਨ੍ਹਾਂ ਨੂੰ ਵੰਡਦੀਆਂ ਹਨ।"

ਇੱਕ ਸਾਬਕਾ ਰਾਜਦੂਤ ਅਤੇ ਹੁਣ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਹੋਣ ਦੇ ਨਾਤੇ, ਤੁਸੀਂ ਜਲ੍ਹਿਆਂਵਾਲਾ ਬਾਗ਼ ਵਰਗੀਆਂ ਦਰਦਨਾਕ ਇਤਿਹਾਸਕ ਘਟਨਾਵਾਂ ਨੂੰ ਸੰਭਾਲ ਕੇ ਰੱਖਣ ਵਿੱਚ ਸਾਹਿਤ ਦੀ ਕੀ ਭੂਮਿਕਾ ਦੇਖਦੇ ਹੋ

ਇਸ ਸਵਾਲ ਦੇ ਜਵਾਬ ਵਿੱਚ ਸਰਨਾ ਨੇ ਦੱਸਿਆ, ""ਮੇਰਾ ਪੂਰਾ ਵਿਸ਼ਵਾਸ ਹੈ ਕਿ ਅਤੀਤ ਨੂੰ ਸਮਝਣਾ ਵਰਤਮਾਨ ਨੂੰ ਸਮਝਣ ਅਤੇ ਭਵਿੱਖ ਨੂੰ ਘੜਨ ਲਈ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਆਲੇ-ਦੁਆਲੇ ਕਈ ਦੁਖਾਂਤ ਵਾਪਰਦੇ ਵੇਖਦੇ ਹਾਂ ਕਿਉਂਕਿ ਅਸੀਂ ਪੁਰਾਣੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਿਆ।”

“ਸਾਹਿਤ ਅਕਸਰ ਇਤਿਹਾਸ ਨੂੰ ਮਾਨਵੀ ਰੂਪ ਦੇਣ ਵਿੱਚ ਮਦਦ ਕਰਦਾ ਹੈ। ਇਹ ਇਸ ਨੂੰ ਪੁਰਾਣੀਆਂ ਕਿਤਾਬਾਂ ਅਤੇ ਸੁੱਕੇ ਤੱਥਾਂ ਦੀ ਦੁਨੀਆ ਵਿੱਚੋਂ ਕੱਢ ਕੇ ਹੱਡ-ਮਾਸ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਇਹ ਸਾਨੂੰ ਬੀਤੇ ਕੱਲ੍ਹ ਨੂੰ ਚੰਗੀ ਤਰ੍ਹਾਂ ਯਾਦ ਰੱਖਣ ਅਤੇ ਉਸ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)