You’re viewing a text-only version of this website that uses less data. View the main version of the website including all images and videos.
ਐਪਸਟੀਨ ਨੇ ਆਪਣੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਕਿਹੜਾ ਆਲੀਸ਼ਾਨ ਮਹਿਲ ਖਰੀਦਣ ਦੀ ਕੋਸ਼ਿਸ਼ ਕੀਤੀ ਸੀ
- ਲੇਖਕ, ਏਮਿਰ ਨਾਦਰ ਅਤੇ ਸੈਮੂਅਲ ਓਵਰਜ਼
- ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼
- ਪੜ੍ਹਨ ਦਾ ਸਮਾਂ: 6 ਮਿੰਟ
ਅਮਰੀਕੀ ਨਿਆਂ ਵਿਭਾਗ ਵੱਲੋਂ ਪਿਛਲੇ ਮਹੀਨੇ ਜਾਰੀ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜੈਫ਼ਰੀ ਐਪਸਟੀਨ ਨੇ ਸਾਲ 2019 ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ ਮੋਰੱਕੋ ਵਿੱਚ ਇੱਕ ਮਲਟੀਮਿਲੀਅਨ ਡਾਲਰ ਦਾ ਮਹਿਲ ਖਰੀਦਣ ਦੀ ਕੋਸ਼ਿਸ਼ ਕੀਤੀ ਸੀ।
ਐਪਸਟਿਨ ਸਾਲ 2011 ਤੋਂ ਬਿਨ ਐਨਾਖਿਲ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕੀਮਤ ਅਤੇ ਖਰੀਦ ਦੇ ਇੰਤਜ਼ਾਮਾਂ ਨੂੰ ਲੈ ਕੇ ਵੇਚਣ ਵਾਲੀ ਪਾਰਟੀ ਨਾਲ ਵਿਵਾਦ ਸਾਲਾਂ ਤੱਕ ਚੱਲਦਾ ਰਿਹਾ।
ਮੋਰੱਕੋ ਦੇ ਸ਼ਹਿਰ ਮਾਰਾਕੇਸ਼ ਦੇ ਲਗਜ਼ਰੀ ਪਾਲਮੇਰਾਈ ਇਲਾਕੇ ਵਿੱਚ ਬਣੇ ਇਸ ਵੱਡੇ ਮਹਿਲ ਨੂੰ ਭਵਨ ਨਿਰਮਾਣ ਕਲਾ ਦਾ ਇੱਕ ਮਾਸਟਰਪੀਸ ਦੱਸਿਆ ਗਿਆ ਹੈ, ਜਿਸ ਨੂੰ 1,300 ਕਾਰੀਗਰਾਂ ਨੇ ਤਿਆਰ ਕੀਤਾ ਹੈ ਅਤੇ ਇਸ ਵਿੱਚ ਸੁੰਦਰ ਨੱਕਾਸ਼ੀ ਅਤੇ ਮੋਜ਼ਾਇਕ ਹਨ।
ਐਪਸਟੀਨ ਨੇ ਆਪਣੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ, 5 ਜੁਲਾਈ 2019 ਨੂੰ 14.95 ਮਿਲੀਅਨ ਡਾਲਰ ਦੇ ਵਾਇਰ ਟ੍ਰਾਂਸਫਰ 'ਤੇ ਦਸਤਖ਼ਤ ਕੀਤੇ ਸਨ ਅਤੇ ਜਾਇਦਾਦ ਦੀ ਮਾਲਕੀ ਰੱਖਣ ਵਾਲੀ ਆਫ਼ਸ਼ੋਰ ਕੰਪਨੀ ਨੂੰ 18 ਮਿਲੀਅਨ ਯੂਰੋ ਵਿੱਚ ਖਰੀਦਣ ਦਾ ਸਮਝੌਤਾ ਹੋਇਆ ਸੀ।
ਜਾਰੀ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ, ਨਿਊਯਾਰਕ ਵਾਪਸ ਆਉਣ 'ਤੇ ਸੈਕਸ ਟ੍ਰੈਫਿਕਿੰਗ ਦੇ ਇਲਜ਼ਾਮਾਂ ਤਹਿਤ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ, ਇਹ ਟ੍ਰਾਂਸਫਰ ਐਪਸਟਿਨ ਦਾ ਆਖ਼ਰੀ ਵੱਡਾ ਵਿੱਤੀ ਲੈਣ-ਦੇਣ ਸੀ।
ਗ੍ਰਿਫ਼ਤਾਰੀ ਤੋਂ ਤਿੰਨ ਦਿਨ ਬਾਅਦ, ਐਪਸਟਿਨ ਦੇ ਅਕਾਉਂਟੈਂਟ ਰਿਚਰਡ ਕਾਨ ਨੇ ਵਾਇਰ ਟ੍ਰਾਂਸਫਰ ਰੱਦ ਕਰ ਦਿੱਤਾ ਅਤੇ ਆਖ਼ਰਕਾਰ ਇਹ ਖਰੀਦ ਫਿਰ ਕਦੇ ਪੂਰੀ ਨਹੀਂ ਹੋਈ।
ਮੋਰੱਕੋ ਵਿੱਚ ਮਹਿਲ ਕਿਉਂ?
ਮੋਰੱਕੋ ਦੀ ਅਮਰੀਕਾ ਨਾਲ ਕੋਈ ਐਕਸਟ੍ਰੈਡੀਸ਼ਨ ਸੰਧੀ ਨਹੀਂ ਹੈ ਅਤੇ ਸਥਾਨਕ ਮੀਡੀਆ ਦਾ ਅਨੁਮਾਨ ਹੈ ਕਿ ਜਾਇਦਾਦ ਖਰੀਦਣ ਪਿੱਛੇ ਐਪਸਟੀਨ ਦਾ ਇੱਕ ਮਕਸਦ ਇਹ ਵੀ ਹੋ ਸਕਦਾ ਹੈ ਕਿ ਜੇ ਉਨ੍ਹਾਂ 'ਤੇ ਨਵੇਂ ਇਲਜ਼ਾਮ ਲੱਗਦੇ ਹਨ ਤਾਂ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਮੋਰੱਕੋ ਚਲੇ ਜਾਣਗੇ।
ਹਾਲਾਂਕਿ, ਐਪਸਟੀਨ ਦੇ ਇੱਕ ਪੁਰਾਣੇ ਸਾਥੀ, ਜਿਨ੍ਹਾਂ ਨੇ ਆਪਣਾ ਨਾਮ ਨਹੀਂ ਦੱਸਿਆ, ਨੇ ਕਿਹਾ ਕਿ ਇਸ ਲੈਣ-ਦੇਣ ਤੋਂ ਇਹ ਪਤਾ ਲੱਗਦਾ ਹੈ ਕਿ ਐਪਸਟਿਨ ਨੂੰ ਆਪਣੀ ਹੋਣ ਵਾਲੀ ਗ੍ਰਿਫ਼ਤਾਰੀ ਬਾਰੇ "ਕੋਈ ਅੰਦਾਜ਼ਾ ਨਹੀਂ ਸੀ''।
ਉਨ੍ਹਾਂ ਅੱਗੇ ਕਿਹਾ ਕਿ "ਜੇ ਉਹ ਕਿਸੇ ਅਜਿਹੀ ਸੰਭਾਵੀ ਪਨਾਹਗਾਹ ਬਾਰੇ ਸੋਚ ਰਿਹਾ ਹੁੰਦਾ, ਜਿੱਥੇ ਉਹ ਅਜੇ ਵੀ ਰਾਜੇ ਵਾਂਗ ਰਹਿ ਸਕੇ ਤਾਂ ਇਹ ਗੱਲ ਸਮਝ ਵਿੱਚ ਆਉਂਦੀ।"
ਹਾਲਾਂਕਿ, ਜਾਰੀ ਕੀਤੀਆਂ ਫ਼ਾਈਲਾਂ ਵਿੱਚ ਐਪਸਟੀਨ ਵੱਲੋਂ ਅਮਰੀਕੀ ਅਧਿਕਾਰੀਆਂ ਨਾਲ ਸੰਭਾਵੀ ਪਨਾਹਗਾਹ ਵਜੋਂ ਕਿਸੇ ਦੇਸ਼ ਬਾਰੇ ਗੱਲਬਾਤ ਕਰਨ ਦਾ ਕੋਈ ਜ਼ਿਕਰ ਨਹੀਂ ਹੈ।
ਐਪਸਟੀਨ ਦੇ ਮੋਰੱਕੋ ਨਾਲ ਸੰਬੰਧ ਘੱਟੋ-ਘੱਟ 2000 ਦੇ ਸ਼ੁਰੂਆਤੀ ਦਹਾਕੇ ਤੋਂ ਹਨ। ਵਰਜੀਨੀਆ ਗਿਫ਼ਰੇ, ਜੋ ਉਨ੍ਹਾਂ 'ਤੇ ਸਭ ਤੋਂ ਵੱਧ ਇਲਜ਼ਾਮ ਲਗਾਉਣ ਵਾਲਿਆਂ ਵਿੱਚੋਂ ਇੱਕ ਸਨ, ਨੇ ਆਪਣੇ ਮੈਮਿਓਰ ਵਿੱਚ ਦੱਸਿਆ ਹੈ ਕਿ ਐਪਸਟੀਨ ਅਤੇ ਗਿਲੇਨ ਮੈਕਸਵੈਲ ਉਨ੍ਹਾਂ ਨੂੰ ਕਈ ਲਗਜ਼ਰੀ ਜਾਇਦਾਦਾਂ ਦੇ ਇੰਟੀਰੀਅਰ ਡਿਜ਼ਾਈਨ ਵੇਖਣ ਲਈ ਟੈਂਜੀਅਰ ਲੈ ਗਏ ਸਨ।
ਉਸ ਸਮੇਂ, ਐਪਸਟੀਨ ਆਪਣੇ ਟਾਪੂ ਵਾਲੇ ਘਰ ਦੇ ਕੁਝ ਹਿੱਸਿਆਂ ਨੂੰ ਮੋਰੱਕਨ ਅੰਦਾਜ਼ ਵਿੱਚ ਦੁਬਾਰਾ ਡਿਜ਼ਾਈਨ ਕਰਨਾ ਚਾਹੁੰਦੇ ਸਨ।
ਸਾਲ 2002 ਵਿੱਚ, ਐਪਸਟੀਨ ਅਤੇ ਮੈਕਸਵੈਲ ਮੋਰੱਕੋ ਦੇ ਰਾਜਾ ਮੋਹੰਮਦ ਦੇ ਵਿਆਹ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਇਸ ਦੇ ਲਈ ਸੱਦਾ ਦਿੱਤਾ ਸੀ।
ਐਪਸਟੀਨ ਦੇ ਸੰਬੰਧ
ਐਪਸਟੀਨ ਨੂੰ ਸਾਲ 2008 ਵਿੱਚ ਅਮਰੀਕਾ ਵਿੱਚ ਨਾਬਾਲਿਗ ਨੂੰ ਸੈਕਸ ਲਈ ਉਕਸਾਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਅਤੇ ਸਾਲ 2010 ਵਿੱਚ ਹਾਊਸ ਅਰੈਸਟ ਤੋਂ ਰਿਹਾਈ ਮਿਲਣ ਤੋਂ ਬਾਅਦ ਮੋਰੱਕੋ ਵਿੱਚ ਉਨ੍ਹਾਂ ਦੀ ਦਿਲਚਸਪੀ ਵਧਦੀ ਹੋਈ ਨਜ਼ਰ ਆਉਂਦੀ ਹੈ।
ਜਾਰੀ ਕੀਤੀਆਂ ਫ਼ਾਈਲਾਂ ਤੋਂ ਪਤਾ ਲੱਗਦਾ ਹੈ ਕਿ ਉਸੇ ਸਾਲ ਐਪਸਟੀਨ ਨੇ ਲੇਬਰ ਪਾਰਟੀ ਦੇ ਸਾਬਕਾ ਕੈਬਿਨੇਟ ਮੰਤਰੀ ਪੀਟਰ ਮੈਂਡਲਸਨ ਨੂੰ ਆਪਣੇ ਲਈ ਇੱਕ ਅਸਿਸਟੈਂਟ ਲੱਭਣ ਲਈ ਕਿਹਾ ਸੀ, ਜੋ ਉਨ੍ਹਾਂ ਨੂੰ "ਮਾਰਾਕੇਸ਼ ਵਿੱਚ ਇੱਕ ਘਰ ਲੱਭ ਕੇ ਦੇ ਸਕੇ"।
ਦਸਤਾਵੇਜ਼ਾਂ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਸਾਲ 2012 ਤੋਂ ਐਪਸਟੀਨ ਸਮੇਂ-ਸਮੇਂ 'ਤੇ ਮੋਰੱਕੋ ਆਉਂਦੇ-ਜਾਂਦੇ ਰਹੇ, ਉਹ ਖ਼ਾਸ ਤੌਰ 'ਤੇ ਪਾਲਮੇਰਾਈ ਜ਼ਿਲ੍ਹੇ ਵਿੱਚ ਰੁਕਦੇ ਸਨ, ਜੋ ਅਮੀਰ ਲੋਕਾਂ ਦਾ ਇਲਾਕਾ ਹੈ, ਜਿਸ ਵਿੱਚ ਕਤਰ ਦੇ ਸ਼ਾਹੀ ਪਰਿਵਾਰ ਦੇ ਜਾਬੋਰ ਅਲ ਥਾਨੀ ਵੀ ਸ਼ਾਮਲ ਹਨ, ਜੋ ਐਪਸਟੀਨ ਦੇ ਕਰੀਬੀ ਸਾਥੀ ਸਨ ਅਤੇ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣਾ "ਅਰਬੀ ਭਰਾ" ਕਿਹਾ ਸੀ।
ਐਪਸਟੀਨ ਦੀਆਂ ਫ਼ਾਈਲਾਂ ਵਿੱਚ ਕਿਸੇ ਦਾ ਨਾਮ ਹੋਣਾ ਜਾਂ ਉਨ੍ਹਾਂ ਦੀ ਤਸਵੀਰ ਹੋਣਾ ਆਪਣੇ ਆਪ ਵਿੱਚ ਗਲਤ ਕੰਮ ਦੀ ਨਿਸ਼ਾਨੀ ਨਹੀਂ ਹੈ।
ਬਿਨ ਐਨਾਖਿਲ ਅਤੇ 'ਮਿਸਟਰ ਕਿਸ'
ਐਪਸਟੀਨ ਦੇ ਲੰਬੇ ਸਮੇਂ ਤੱਕ ਗਰਲਫ੍ਰੈਂਡ ਰਹੇ ਕਰੀਨਾ ਸ਼ੁਲਿਆਕ ਨੇ ਮਾਰਾਕੇਸ਼ ਵਿੱਚ ਇੱਕ ਜਾਇਦਾਦ ਦੀ ਤਲਾਸ਼ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਨਾਮ ਵਾਲੀਆਂ ਈਮੇਲਾਂ ਵਿੱਚ ਕਈ ਦੌਰਿਆਂ ਅਤੇ ਗੱਲਬਾਤਾਂ ਦੇ ਦਸਤਾਵੇਜ਼ੀ ਰਿਕਾਰਡ ਮਿਲਦੇ ਹਨ।
ਕੇਨਸਿੰਗਟਨ ਲਗਜ਼ਰੀ ਪ੍ਰਾਪਰਟੀ ਦੇ ਹਿੱਸੇਦਾਰ ਮਾਰਕ ਲਿਓਨ ਨੇ ਬੀਬੀਸੀ ਨੂੰ ਦੱਸਿਆ ਕਿ ਸਾਲ 2011 ਦੀ ਸ਼ੁਰੂਆਤ ਵਿੱਚ ਹੀ ਐਪਸਟੀਨ ਦਾ ਧਿਆਨ ਉਨ੍ਹਾਂ ਦੀ ਜਾਇਦਾਦ ਬਿਨ ਐਨਾਖਿਲ - ਜਿਸਦਾ ਅਰਬੀ ਵਿੱਚ ਅਰਥ ਹੈ "ਖਜੂਰ ਦੇ ਦਰੱਖ਼ਤਾਂ ਦਰਮਿਆਨ" - 'ਤੇ ਪੈ ਗਿਆ ਸੀ।
ਐਪਸਟੀਨ ਦੇ ਇੱਕ ਕਰੀਬੀ ਸਰੋਤ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਵੇਲੇ ਐਪਸਟੀਨ ਨੂੰ ਲੱਗਦਾ ਸੀ ਕਿ ਜਰਮਨ ਵੈਸਟ ਮੈਗਨੇਟ ਗੁੰਟਰ ਕਿਸ ਦੀ ਮਾਲਕੀ ਵਾਲਾ ਇਹ ਮਹਿਲ 55 ਮਿਲੀਅਨ ਯੂਰੋ ਜ਼ਿਆਦਾ ਕੀਮਤ 'ਤੇ ਵਿਕ ਰਿਹਾ ਹੈ ਅਤੇ ਉਨ੍ਹਾਂ ਦੀ ਸ਼ੁਰੂਆਤੀ ਪੇਸ਼ਕਸ਼ ਇੰਨੀ ਘੱਟ ਸੀ ਕਿ ਕਿਸ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਐਪਸਟੀਨ ਨਾਲ ਦੁਬਾਰਾ ਸੌਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ, ਐਪਸਟੀਨ ਨੇ ਆਪਣੀ ਗਰਲਫ੍ਰੈਂਡ ਸ਼ੁਲਿਆਕ ਅਤੇ ਮੋਰੱਕੋ ਵਿੱਚ ਆਪਣੇ ਜਾਣਕਾਰ ਲੋਕਾਂ ਦਾ ਇਸਤੇਮਾਲ ਕਰਕੇ ਜਾਇਦਾਦ ਬਾਰੇ ਹੋਰ ਪਤਾ ਲਗਵਾਇਆ। ਸਾਲ 2018 ਵਿੱਚ ਸ਼ੁਲਿਆਕ ਵੱਲੋਂ ਆਖ਼ਰੀ ਬੋਲੀ ਲਗਾਉਣ ਤੋਂ ਪਹਿਲਾਂ, ਐਪਸਟੀਨ ਨੇ ਖੁਦ ਜਾਇਦਾਦ ਦਾ ਦੌਰਾ ਕੀਤਾ, ਹਾਲਾਂਕਿ ਇਸ ਦੌਰਾਨ ਐਪਸਟੀਨ ਨੇ ਨਾਟਕ ਕੀਤਾ ਕਿ ਉਹ ਤਾਂ ਆਪਣੇ ਅਰਬਪਤੀ ਨਿਵੇਸ਼ਕ ਦੋਸਤ ਲਿਓਨ ਬਲੈਕ ਦੀ ਤਰਫ਼ੋਂ ਕੰਮ ਕਰਨ ਆਏ ਹਨ।
ਦਸਤਾਵੇਜ਼ਾਂ ਅਤੇ ਐਪਸਟੀਨ ਦੇ ਕਰੀਬੀ ਸਰੋਤ ਮੁਤਾਬਕ, ਆਖ਼ਿਰਕਾਰ ਇਹ ਸਪਸ਼ਟ ਹੋ ਗਿਆ ਕਿ ਐਪਸਟਿਨ ਹੀ ਅਸਲੀ ਸੰਭਾਵੀ ਖਰੀਦਦਾਰ ਸਨ, ਹਾਲਾਂਕਿ ਵੇਚਣ ਵਾਲੇ "ਮਿਸਟਰ ਕਿਸ" - ਜਿਵੇਂ ਉਨ੍ਹਾਂ ਨੂੰ ਈਮੇਲਾਂ ਵਿੱਚ ਕਿਹਾ ਜਾਂਦਾ ਸੀ - ਨੇ ਗੱਲਬਾਤ ਜਾਰੀ ਰੱਖਣ 'ਤੇ ਸਹਿਮਤੀ ਦੇ ਦਿੱਤੀ।
ਗ੍ਰਿਫ਼ਤਾਰੀ ਸਮੇਂ ਉਹ ਸੋਚ ਰਹੇ ਸਨ ਕਿ ਮਹਿਲ ਨੂੰ ਰਜਿਸਟਰ ਕਿਵੇਂ ਕੀਤਾ ਜਾਵੇ
ਫ਼ਾਈਲਾਂ ਤੋਂ ਪਤਾ ਲੱਗਦਾ ਹੈ ਕਿ ਇੱਕ ਸਮੇਂ 'ਤੇ, ਕੇਨਸਿੰਗਟਨ ਲਗਜ਼ਰੀ ਪ੍ਰਾਪਰਟੀਜ਼ ਨੇ ਐਪਸਟੀਨ ਨੂੰ ਇੱਕ "ਸੇਲ ਅਤੇ ਟੈਕਸ ਸਟ੍ਰੈਟੇਜੀ" ਦਾ ਪ੍ਰਸਤਾਵ ਦਿੱਤਾ ਸੀ, ਜਿਸ ਦੇ ਤਹਿਤ ਪ੍ਰਾਪਰਟੀ/ਜਾਇਦਾਦ ਨੂੰ ਮੋਰੱਕੋ ਦੇ ਅਧਿਕਾਰੀਆਂ ਕੋਲ ਇਸ ਤਰ੍ਹਾਂ ਰਜਿਸਟਰ ਕੀਤਾ ਜਾਣਾ ਸੀ ਕਿ ਉਹ ਜਾਇਦਾਦ 10 ਮਿਲੀਅਨ ਯੂਰੋ ਵਿੱਚ ਵੇਚੀ ਗਈ ਹੈ, ਜਦਕਿ 20 ਮਿਲੀਅਨ ਯੂਰੋ ਦਾ ਲੈਣ-ਦੇਣ ਪ੍ਰਾਪਰਟੀ ਦੀ ਮਾਲਕੀ ਰੱਖਣ ਵਾਲੀ ਇੱਕ ਆਫ਼ਸ਼ੋਰ ਕੰਪਨੀ ਦੇ ਸ਼ੇਅਰਾਂ ਵਜੋਂ ਕੀਤਾ ਜਾਣਾ ਸੀ।
ਇਸ ਤਰ੍ਹਾਂ ਨਾਲ ਐਪਸਟੀਨ ਨੂੰ ਜਾਇਦਾਦ ਦੀ ਟਾਈਟਲ ਡੀਡ 'ਤੇ ਆਪਣਾ ਨਾਮ ਰਜਿਸਟਰ ਕਰਨ ਦੀ ਇਜਾਜ਼ਤ ਮਿਲ ਜਾਂਦੀ, ਅਤੇ ਉਨ੍ਹਾਂ ਨੂੰ ਮੋਰੱਕੋ ਦੇ ਅਧਿਕਾਰੀਆਂ ਨੂੰ ਟੈਕਸ ਵੀ ਘੱਟ ਦੇਣਾ ਪੈਂਦਾ।
ਹਾਲਾਂਕਿ, ਕੇਨਸਿੰਗਟਨ ਲਗਜ਼ਰੀ ਪ੍ਰਾਪਰਟੀਜ਼ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਗੱਲ ਤੋਂ ਇਨਕਾਰ ਕੀਤਾ ਕਿ ਟੈਕਸ ਘਟਾਉਣ ਦੀ ਕੋਈ ਗਲਤ ਜਾਂ ਗੈਰ-ਕਾਨੂੰਨੀ ਕੋਸ਼ਿਸ਼ ਕੀਤੀ ਗਈ ਸੀ।
ਮਿਸਟਰ ਲਿਓਨ ਨੇ ਬੀਬੀਸੀ ਨੂੰ ਦੱਸਿਆ, "ਇਸ ਲੈਣ-ਦੇਣ ਵਿੱਚ ਕਿਸੇ ਵੀ ਟੈਕਸ ਨਿਯਮ ਦੀ ਉਲੰਘਣਾ ਨਹੀਂ ਹੋਈ।" "ਮਿਸਟਰ ਐਪਸਟੀਨ ਮੋਰੱਕੋ ਵਿੱਚ ਰਜਿਸਟ੍ਰੇਸ਼ਨ ਫੀਸ ਦੇਣਾ ਚਾਹੁੰਦੇ ਸਨ ਤਾਂ ਜੋ ਉਹ ਪ੍ਰਾਪਰਟੀ ਆਪਣੇ ਨਾਮ ਕਰ ਸਕਣ, ਭਾਵੇਂ ਉਨ੍ਹਾਂ 'ਤੇ ਅਜਿਹਾ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ।"
ਉਸ ਸਮੇਂ ਜਾਇਦਾਦ ਵਾਲੀ ਕੰਪਨੀ ਯੂਕੇ ਦੇ ਮਸ਼ਹੂਰ ਆਕਸ਼ਨ ਹਾਊਸ ਕ੍ਰਿਸਟੀਜ਼ ਦੀ ਲੋਕਲ ਰੀਅਲ ਅਸਟੇਟ ਰਿਪ੍ਰੀਜ਼ੈਂਟੇਟਿਵ ਸੀ।
ਆਖ਼ਿਰਕਾਰ, ਐਪਸਟਿਨ ਨੇ ਸਿਰਫ਼ ਆਫ਼ਸ਼ੋਰ ਕੰਪਨੀ ਦੇ ਸ਼ੇਅਰ ਖਰੀਦ ਕੇ ਜਾਇਦਾਦ ਖਰੀਦਣ ਦਾ ਫੈਸਲਾ ਕੀਤਾ ਅਤੇ ਸਾਲ 2019 ਵਿੱਚ ਆਪਣੀ ਗ੍ਰਿਫ਼ਤਾਰੀ ਦੇ ਸਮੇਂ ਉਹ ਇਹ ਤੈਅ ਕਰ ਰਹੇ ਸਨ ਕਿ ਇਸ ਨੂੰ ਮੋਰੱਕੋ ਵਿੱਚ ਕਿਵੇਂ ਰਜਿਸਟਰ ਕੀਤਾ ਜਾਵੇ।
ਮੋਰੱਕਨ ਮਹਲ ਦੇ ਅੰਦਰ ਦੀਆਂ ਖੂਬਸੂਰਤ ਤਸਵੀਰਾਂ ਦੇਖੋ:
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ