ਸਮੁੰਦਰ ਵਿੱਚ ਜਲਡਮਰੂ, ਖਾੜੀ, ਗਲਫ਼ ਕੀ ਹੁੰਦੇ ਹਨ? ਇਨ੍ਹਾਂ ਵਿੱਚ ਫ਼ਰਕ ਕੀ ਹੁੰਦਾ ਹੈ ?
ਤਸਵੀਰ ਸਰੋਤ, Getty Images
- ਲੇਖਕ, ਲਾਕੋਜੂ ਸ੍ਰੀਨਿਵਾਸ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਤੁਸੀਂ ਸਟ੍ਰੇਟ ਆਫ ਹਾਰਮੁਜ਼ (ਹਾਰਮੁਜ਼ ਦਾ ਜਲਡਮਰੂ), ਬੇ ਆਫ ਬੰਗਾਲ(ਬੰਗਾਲ ਦੀ ਖਾੜੀ) ਅਤੇ ਪਰਸ਼ੀਅਨ ਗਲਫ਼ ਜਿਹੇ ਨਾਮ ਸੁਣੇ ਹੋਣਗੇ ਅਤੇ ਦੁਨੀਆਂ ਦੇ ਨਕਸ਼ੇ 'ਤੇ ਦੇਖੇ ਹੋਣਗੇ।
ਇਨ੍ਹੀਂ ਦਿਨੀ ਖ਼ਬਰਾਂ ਵਿੱਚ ਇੱਕ ਨਾਮ ਦੀ ਬਹੁਤ ਚਰਚਾ ਹੈ, ਉਹ ਹੈ ਸਟ੍ਰੇਟ ਆਫ ਹਾਰਮੁਜ਼।
ਜਦੋਂ ਵੀ ਇੱਥੇ ਤਣਾਅ ਵਧਦਾ ਹੈ, ਆਲਮੀ ਤੇਲ ਸਪਲਾਈ ਬਾਰੇ ਚਰਚਾਵਾਂ ਹੋਣ ਲਗਦੀਆਂ ਹਨ। ਗਲਫ਼ ਅਤੇ ਖਾੜੀ ਦਾ ਵੀ ਅਕਸਰ ਜ਼ਿਕਰ ਹੁੰਦਾ ਹੈ।
ਸਟ੍ਰੇਟ ਯਾਨੀ ਜਲਡਮਰੂ ਆਖ਼ਿਰ ਹੈ ਕੀ ? ਗਲਫ਼ ਕਿਸ ਨੂੰ ਕਹਿੰਦੇ ਹਨ? ਇੱਕ ਖਾੜੀ ਤੋਂ ਕੀ ਭਾਵ ਹੈ? ਇਨ੍ਹਾਂ ਸਾਰਿਆਂ ਵਿਚਕਾਰ ਕੀ ਅੰਤਰ ਹੈ? ਇਹ ਨਾਮ ਕਿਵੇਂ ਪਏ?
ਜੇ ਤੁਸੀਂ ਦੁਨੀਆਂ ਦੇ ਨਕਸ਼ੇ 'ਤੇ ਦੇਖੋ, ਇੱਕ ਸਮੁੰਦਰ, ਇੱਕ ਖਾੜੀ, ਇੱਕ ਗਲਫ਼ ਅਤੇ ਇੱਕ ਜਲਡਮਰੂ ਇੱਕੋ ਜਿਹੇ ਜਾਪਦੇ ਹਨ।
ਪਰ, ਭੂਗੋਲਿਕ ਪੱਖੋਂ ਇਹ ਇੱਕੋ ਜਿਹੇ ਨਹੀਂ ਹਨ। ਪਾਣੀ ਦੇ ਭੰਡਾਰ ਦੇ ਅਕਾਰ, ਇਸ ਨੂੰ ਕਿੰਨੀ ਜ਼ਮੀਨ ਨੇ ਘੇਰਿਆ ਹੈ, ਇਹ ਸਮੁੰਦਰ ਨਾਲ ਕਿਵੇ ਜੁੜਦਾ ਹੈ, ਜਿਹੀਆਂ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਨਾਮ ਬਦਲਦਾ ਹੈ।
ਨੈਸ਼ਨਲ ਇੰਸਟਿਟਿਊਟ ਆਫ ਓਸ਼ਨੋਗ੍ਰਾਫੀ ਦੇ ਸਾਬਕਾ ਡਾਇਰੈਕਟਰ ਡਾ. ਕੇਐਸਆਰ ਮੂਰਥੀ ਕਹਿੰਦੇ ਹਨ ਕਿ ਇਸੇ ਲਈ ਕਿਤੇ ਖਾੜੀ, ਕਿਤੇ ਗਲਫ਼ ਅਤੇ ਕਿਤੇ ਜਲਡਮਰੂ ਕਿਹਾ ਜਾਂਦਾ ਹੈ।
ਡਾ. ਮੂਰਥੀ ਨੇ ਇਸ ਬਾਰੇ ਬੀਬੀਸੀ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, "ਇਨ੍ਹਾਂ ਨਾਵਾਂ ਪਿੱਛੇ ਲੱਖਾਂ ਸਾਲਾਂ ਦੇ ਭੂ-ਵਿਗਿਆਨ ਦਾ ਇਤਿਹਾਸ ਹੈ। ਕਿਸੇ ਵੇਲੇ, ਧਰਤੀ ਦੇ ਸਾਰੇ ਮਹਾਂਦੀਪ ਜ਼ਮੀਨ ਦੇ ਇੱਕ ਟੁਕੜੇ ਵਜੋਂ ਜੁੜੇ ਹੋਏ ਸਨ। ਬਾਅਦ ਵਿੱਚ, ਧਰਤੀ ਦੇ ਅੰਦਰੂਨੀ ਹਿੱਸਿਆਂ ਵਿੱਚ ਆਈਆਂ ਤਬਦੀਲੀਆਂ ਕਾਰਨ ਤਰੇੜਾਂ ਪੈ ਗਈਆਂ। ਧਰਤੀ ਦੀ ਪਪੜੀ ਵੱਡੀਆਂ ਪਲੇਟਾਂ ਨਾਲ ਬਣੀ ਹੋਈ ਹੈ। ਇਨ੍ਹਾਂ ਪਲੇਟਾਂ ਵਿੱਚ ਹਿਲਜੁਲ ਨੂੰ ਟੈਕਟੋਨਿਕਸ ਕਿਹਾ ਜਾਂਦਾ ਹੈ। ਪਲੇਟਾਂ ਦੀ ਇਸੇ ਹਿਲਜੁਲ ਨੇ ਮਹਾਂਦੀਪਾਂ ਨੂੰ ਤੋੜਿਆ।"
ਉਨ੍ਹਾਂ ਨੇ ਦੱਸਿਆ, "ਜਦੋਂ ਧਰਤੀ ਅੰਦਰ ਦਬਾਅ ਵਧਦਾ ਹੈ, ਪਪੜੀ ਉੱਤੇ ਤਰੇੜਾਂ ਬਣਦੀਆਂ ਹਨ। ਇਨ੍ਹਾਂ ਨੂੰ 'ਫਾਲਟ ਜ਼ੋਨ' ਕਿਹਾ ਜਾਂਦਾ ਹੈ। ਸਮੁੰਦਰ ਦਾ ਪਾਣੀ ਇਨ੍ਹਾਂ ਤਰੇੜਾਂ ਅੰਦਰ ਰਿਸ ਕੇ ਗਲਫ਼, ਖਾੜੀਆਂ ਅਤੇ ਜਲਡਮਰੂ ਬਣਾਉਂਦਾ ਹੈ।"
ਸਟ੍ਰੇਟ ਜਾਂ ਜਲਡਮਰੂ ਕੀ ਹੈ ?
ਸਟ੍ਰੇਟ ਆਫ ਹਾਰਮੁਜ਼ ਜਾਂ ਹਾਰਮੁਜ਼ ਦਾ ਜਲਡਮਰੂ, ਜੋ ਕਿ ਇਨ੍ਹੀਂ ਦਿਨੀ ਸੁਰਖ਼ੀਆਂ ਵਿੱਚ ਹੈ, ਵੀ ਇਸੇ ਤਰ੍ਹਾਂ ਬਣਿਆ ਸੀ।
ਹਾਰਮੁਜ਼ ਦਾ ਜਲਡਮਰੂ ਇੱਕ ਭੀੜਾ ਸੁਮੁੰਦਰੀ ਰਸਤਾ ਹੈ ਜੋ ਕਿ ਤੇਲ ਦੀ ਗਲੋਬਲ ਢੋਆ-ਢੁਆਈ ਲਈ ਬੇਹਦ ਅਹਿਮ ਹੈ। ਜਦੋਂ ਵੀ ਇੱਥੇ ਤਣਾਅ ਪੈਦਾ ਹੁੰਦਾ ਹੈ, ਗਲੋਬਲ ਮਾਰਕਿਟ ਪ੍ਰਭਾਵਿਤ ਹੁੰਦੀ ਹੈ।
ਇਹ ਇਰਾਨ, ਯੂਏਈ ਅਤੇ ਓਮਾਨ ਦਰਮਿਆਨ ਇੱਕ ਭੀੜਾ ਸਮੁੰਦਰੀ ਰਸਤਾ ਹੈ। ਇਸ ਦੇ ਇੱਕ ਪਾਸੇ ਪਰਸ਼ੀਅਨ ਗਲਫ਼ ਹੈ ਅਤੇ ਇੱਕ ਪਾਸੇ ਗਲਫ਼ ਆਫ ਓਮਾਨ ਹੈ।
ਇਹ ਇੱਕ ਭੀੜਾ ਰਸਤਾ ਹੈ ਜੋ ਦੋਹਾਂ ਨੂੰ ਜੋੜਦਾ ਹੈ, ਇਸੇ ਲਈ ਇਸ ਨੂੰ 'ਸਟ੍ਰੇਟ' ਕਿਹਾ ਜਾਂਦਾ ਹੈ।
ਡਾ. ਮੂਰਥੀ ਨੇ ਕਿਹਾ ਕਿ ਸਟ੍ਰੇਟ ਇੱਕ ਭੀੜਾ ਕੁਦਰਤੀ ਜਲ-ਮਾਰਗ ਹੈ ਜੋ ਦੋ ਵੱਡੀਆਂ 'ਵਾਟਰ-ਬਾਡੀਜ਼' ਨੂੰ ਆਪਸ ਵਿੱਚ ਜੋੜਦਾ ਹੈ।
ਖਾੜੀ ਤੋਂ ਕੀ ਭਾਵ ਹੈ?
ਤਸਵੀਰ ਸਰੋਤ, Getty Images
ਖਾੜੀ ਪਾਣੀ ਦੇ ਉਸ ਹਿੱਸੇ ਨੂੰ ਕਿਹਾ ਜਾਂਦਾ ਹੈ, ਜੋ ਤਿੰਨ ਪਾਸਿਆਂ ਤੋਂ ਅੰਸ਼ਕ ਰੂਪ ਵਿੱਚ ਜ਼ਮੀਨ ਨਾਲ ਘਿਰਿਆ ਹੋਵੇ ਅਤੇ ਇੱਕ ਪਾਸਿਓਂ ਸਮੁੰਦਰ ਵੱਲ ਖੁੱਲ੍ਹਾ ਹੋਵੇ। ਇਸ ਦਾ ਅਕਾਰ ਇੰਝ ਜਾਪਦਾ ਹੈ ਜਿਵੇਂ ਸਮੁੰਦਰ ਕਿਤੇ ਅੰਦਰ ਵੱਲ ਨੂੰ ਆ ਗਿਆ ਹੋਵੇ।
ਬੰਗਾਲ ਦੀ ਖਾੜੀ ਅਤੇ ਯੂਐਸ ਵਿੱਚ ਸਨ-ਫ੍ਰਾਂਸਿਸਕੋ ਖਾੜੀ ਇਸ ਦੀਆਂ ਉਦਾਹਰਨਾਂ ਹਨ।
ਖਾੜੀਆਂ ਆਮ ਤੌਰ 'ਤੇ ਚੌੜੀਆਂ ਹੁੰਦੀਆਂ ਹਨ। ਇਹ ਭੀੜੀਆਂ ਨਹੀਂ ਹੁੰਦੀਆਂ। ਕੁਝ ਖਾੜੀਆਂ ਵਿੱਚ ਵੱਡੀਆਂ ਨਦੀਆਂ ਦੀ ਨਿਕਾਸੀ ਹੁੰਦੀ ਹੈ ਜਿਸ ਕਾਰਨ ਉੱਥੇ ਕਾਫ਼ੀ ਤਲਛਟ ਇਕੱਠਾ ਹੁੰਦਾ ਹੈ। ਉਦਾਹਰਨ ਵਜੋਂ ਗੋਦਾਵਰੀ ਅਤੇ ਕ੍ਰਿਸ਼ਨਾ ਦੀ ਨਿਕਾਸੀ ਬੰਗਾਲ ਦੀ ਖਾੜੀ ਵਿੱਚ ਹੁੰਦੀ ਹੈ।
ਖਾੜੀ ਵੀ ਸਮੁੰਦਰ ਦਾ ਹੀ ਇੱਕ ਹਿੱਸਾ ਹੁੰਦਾ ਹੈ। ਉਦਾਹਰਨ ਵਜੋਂ ਬੰਗਾਲ ਦੀ ਖਾੜੀ ਪਾਣੀ ਦਾ ਵੱਡਾ ਹਿੱਸਾ ਹੈ ਜੋ ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਦਰਮਿਆਨ ਫੈਲਿਆ ਹੈ।
ਗਲਫ਼ ਕੀ ਹੁੰਦਾ ਹੈ?
ਇੱਕ ਗਲਫ਼ ਆਮ ਤੌਰ 'ਤੇ ਖਾੜੀ ਤੋਂ ਡੂੰਘਾ ਹੁੰਦਾ ਹੈ। ਇਹ ਜ਼ਮੀਨ ਦੇ ਵੱਡੇ ਹਿੱਸੇ ਨਾਲ ਘਿਰਿਆ ਹੁੰਦਾ ਹੈ ਅਤੇ ਬਹੁਤ ਛੋਟੇ ਪ੍ਰਵੇਸ਼ ਰਸਤੇ ਤੋਂ ਸਮੁੰਦਰ ਨਾਲ ਜੁੜਿਆ ਹੁੰਦਾ ਹੈ। ਪਰਸ਼ੀਅਨ ਗਲਫ਼ ਇਸ ਦਾ ਇੱਕ ਉਦਾਹਰਨ ਹੈ।
ਕੁਝ ਗਲਫ਼ ਲੰਬੇ ਜਾਪਦੇ ਹਨ ਕਿਉਂਕਿ ਇਹ 'ਫਾਲਟ ਲਾਈਨਾਂ' ਦੇ ਨਾਲ-ਨਾਲ ਬਣੇ ਹੁੰਦੇ ਹਨ।
ਆਮ ਤੌਰ 'ਤੇ, ਇੱਕ ਖਾੜੀ ਵਿੱਚ ਸੁਮੰਦਰ ਜ਼ਮੀਨ 'ਚ ਆਉਂਦਾ ਦਿਸਦਾ ਹੈ ਅਤੇ ਗਲਫ਼ ਇੰਝ ਜਾਪਦਾ ਹੈ ਜਿਵੇਂ ਜ਼ਮੀਨ ਸੁਮੰਦਰ ਨੂੰ ਸੋਖ ਰਹੀ ਹੋਵੇ।
ਤਸਵੀਰ ਸਰੋਤ, Getty Images
ਚੈਨਲ ਅਤੇ ਕਨਾਲ ਵਿੱਚ ਕੀ ਫ਼ਰਕ ਹੁੰਦਾ ਹੈ?
ਇੱਕ ਚੈਨਲ, ਕੁਦਰਤੀ ਜਾਂ ਮਨੁੱਖਾਂ ਦੁਆਰਾ ਪਾਣੀ ਦੇ ਵਹਾਅ ਲਈ ਬਣਾਇਆ ਰਸਤਾ ਹੁੰਦਾ ਹੈ ਜੋ ਸਮੁੰਦਰੀ ਬੇੜਿਆਂ ਨੂੰ ਅਸਾਨੀ ਨਾਲ ਲੰਘਣ ਵਿੱਚ ਮਦਦ ਕਰਦਾ ਹੈ।
ਕਈ ਚੈਨਲ ਕੁਦਰਤੀ ਤੌਰ 'ਤੇ ਨਦੀਆਂ, ਸਮੁੰਦਰਾਂ ਅਤੇ ਟਾਪੂਆਂ ਵਿਚਕਾਰ ਬਣੇ ਹੁੰਦੇ ਹਨ। ਕਈਆਂ ਨੂੰ ਲਾਂਘੇ ਲਈ ਢੁਕਵਾਂ ਬਣਾਉਣ ਵਾਸਤੇ ਗਹਿਰਾ ਅਤੇ ਚੌੜਾ ਕੀਤਾ ਜਾਂਦਾ ਹੈ।
ਉਦਾਹਰਨ ਵਜੋਂ, ਇੰਗਲਿਸ਼ ਚੈਨਲ ਇੱਕ ਕੁਦਰਤੀ ਚੈਨਲ ਹੈ।
ਸੁਏਜ਼ ਕਨਾਲ਼ ਪੂਰੀ ਤਰ੍ਹਾਂ ਮਨੁੱਖ ਦੁਆਰਾ ਬਣਾਇਆ ਗਿਆ ਜਲ-ਮਾਰਗ ਹੈ ਜੋ ਲਾਲ ਸਮੁੰਦਰ ਨੂੰ ਮੈਡੀਟੇਰੀਅਨ ਸਮੁੰਦਰ ਨਾਲ ਜੋੜਦਾ ਹੈ। ਇਹ ਯੂਰਪ ਅਤੇ ਏਸ਼ੀਆ ਦਰਮਿਆਨ ਢੋਆ-ਢੁਆਈ ਨੂੰ ਅਫ਼ਰੀਕਾ ਮਹਾਂਦੀਪ ਦੇ ਆਲੇ-ਦੁਆਲੇ ਘੁੰਮਣ ਨਾਲੋਂ ਕਿਤੇ ਜ਼ਿਆਦਾ ਤੇਜ਼ ਬਣਾਉਂਦਾ ਹੈ। ਇਸ ਦੀ ਵਿਸ਼ੇਸ਼ ਵਪਾਰ ਵਿੱਚ ਖਾਸ ਮਹੱਤਤਾ ਹੈ।
ਇੱਕ ਲੈਗੂਨ, ਉਹ ਵਾਟਰ-ਬਾਡੀ ਹੁੰਦੀ ਹੈ ਜੋ ਮਾਮੂਲੀ ਰੂਪ ਵਿੱਚ ਸਮੁੰਦਰ ਨਾਲ ਜੁੜਿਆ ਹੁੰਦਾ ਹੈ, ਜ਼ਿਆਦਾਤਰ ਜ਼ਮੀਨ ਜਾਂ ਰੇਤ ਦੇ ਟਿੱਬਿਆਂ ਦੁਆਰਾ ਵੱਖ ਕੀਤਾ ਹੋਇਆ ਹੁੰਦਾ ਹੈ। ਇਹ ਨਾ ਤਾਂ ਪੂਰੀ ਤਰ੍ਹਾਂ ਸਮੁੰਦਰ ਹੁੰਦਾ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਝੀਲ।
ਆਮ ਤੌਰ 'ਤੇ ਸੁਮੰਦਰ ਦੀਆਂ ਲਹਿਰਾਂ ਦੁਆਰਾ ਬਣੇ 'ਸੈਂਡ-ਬਾਰਜ਼' ਜਾਂ ਤੱਟਵਰਤੀ ਖੇਤਰ ਕਿਸੇ ਖੇਤਰ ਵਿੱਚ ਪਾਣੀ ਦੇ ਰੁਕਣ ਦਾ ਕਾਰਨ ਬਣਦੇ ਹਨ। ਓਡੀਸਾ ਦੀ ਸ਼ਿਲਕਾ ਝੀਲ ਇਸ ਦੀ ਉਦਾਹਰਨ ਹੈ।
ਸਮੁੰਦਰ ਨਾਲ ਇਸ ਦੇ ਸੌੜੇ ਸੰਪਰਕ ਕਾਰਨ, ਇਸ ਦੇ ਪਾਣੀ ਦਾ ਖਾਰਾਪਣ ਮੌਸਮ ਮੁਤਾਬਕ ਬਦਲਦਾ ਰਹਿੰਦਾ ਹੈ।
ਕੀ ਸਾਗਰ ਅਤੇ ਸੁਮੰਦਰ ਇੱਕੋ ਹੁੰਦੇ ਹਨ ?
ਭਾਵੇਂ ਕਿ ਦੋਹੇਂ ਹੀ ਖਾਰੇ ਪਾਣੀ ਦੇ ਵੱਡੇ ਭੰਡਾਰ ਹੁੰਦੇ ਹਨ, ਪਰ ਦੋਹਾਂ ਵਿੱਚ ਅਕਾਰ, ਖੇਤਰ ਅਤੇ ਇਸ ਨੂੰ ਘੇਰਨ ਵਾਲੀ ਜ਼ਮੀਨ ਦੇ ਅਧਾਰ 'ਤੇ ਵਖਰੇਵਾਂ ਕੀਤਾ ਜਾ ਸਕਦਾ ਹੈ।
ਆਮ ਤੌਰ 'ਤੇ, ਸਾਗਰ ਧਰਤੀ 'ਤੇ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹੈ। ਇਹ ਮਹਾਂਦੀਪਾਂ ਵਿਚਕਾਰ ਫੈਲਿਆ ਹੋਇਆ ਹੈ ਅਤੇ ਇਸ ਦਾ ਆਲਮੀ ਜਲਵਾਯੂ, ਓਸ਼ਨ ਕਰੰਟਸ ਅਤੇ ਤਾਪਮਾਨਾਂ 'ਤੇ ਵੱਡਾ ਪ੍ਰਭਾਵ ਹੁੰਦਾ ਹੈ।
ਉਦਾਹਰਨ ਵਜੋਂ, ਪੈਸਿਫਿਕ, ਦੁਨੀਆਂ ਦਾ ਸਭ ਤੋਂ ਵੱਡਾ ਸਾਗਰ ਹੈ। ਹਿੰਦ ਮਹਾਂਸਾਗਰ ਅਤੇ ਅਟਲਾਂਟਿਕ ਓਸ਼ਨ ਵੀ ਪਾਣੀ ਦੇ ਵੱਡੇ ਭੰਡਾਰ ਹਨ ਜੋ ਮਹਾਂਦੀਪਾਂ ਨੂੰ ਵੱਖ ਕਰਦੇ ਹਨ।
ਸਮੁੰਦਰ, ਆਮ ਤੌਰ 'ਤੇ ਸਾਗਰਾਂ ਤੋਂ ਛੋਟੇ ਹੁੰਦੇ ਹਨ। ਇਹ ਅਕਸਰ ਮਹਾਂਦੀਪਾਂ ਦੇ ਨੇੜੇ ਹੁੰਦੇ ਹਨ ਅਤੇ ਅੰਸ਼ਕ ਰੂਪ ਵਿੱਚ ਜ਼ਮੀਨ ਨਾਲ ਘਿਰੇ ਹੁੰਦੇ ਹਨ।
ਉਦਾਹਰਨ ਵਜੋਂ, ਅਰੇਬੀਅਨ ਸੀ ਅਤੇ ਬੰਗਾਲ ਦੀ ਖਾੜੀ ਦੋਹੇਂ ਹਿੰਦ ਮਹਾਂਸਾਗਰ ਦੇ ਹਿੱਸੇ ਹਨ।
ਇਸੇ ਤਰ੍ਹਾਂ, ਲਾਲ ਸਮੁੰਦਰ(ਰੈਡ ਸੀ) ਅਤੇ ਕਾਲਾ ਸਮੁੰਦਰ(ਬਲੈਕ ਸੀ) ਦੇ ਨਾਮ ਭਾਵੇਂ ਵੱਖਰੇ ਹਨ, ਪਰ ਅੰਤ ਸਾਗਰਾਂ ਨਾਲ ਜੁੜੇ ਹੋਏ ਹਨ।
ਨਾਵਾਂ ਪਿਛਲਾ ਇਤਿਹਾਸ
"ਭਾਵੇਂ ਪਾਣੀ ਦੇ ਸਾਰੇ ਹੀ ਭੰਡਾਰ ਦੁਨੀਆ ਦੇ ਨਕਸ਼ੇ ਵਿੱਚ ਨੀਲੇ ਰੰਗ ਦੇ ਦਿਸਦੇ ਹਨ, ਪਰ ਹਰ ਇੱਕ ਪਿੱਛੇ ਧਰਤੀ ਦੇ ਅਰਬਾਂ ਸਾਲਾਂ ਦਾ ਇਤਿਹਾਸ ਹੈ।"
ਇਹ ਲੱਖਾਂ ਸਾਲਾਂ ਦੌਰਾਨ ਸੁਮੰਦਰ ਦੇ ਭੂਮੀ ਰੂਪਾਂ, ਦਬਾਵਾਂ ਅਤੇ ਟੈਕਟੋਨਿਕ ਤਬਦੀਲੀਆਂ ਦੇ ਸੁਮੇਲ ਨਾਲ ਧਰਤੀ ਦੇ ਬਦਲਣ ਨਾਲ ਬਣੇ ਸਨ। ਪਾਣੀ ਦੇ ਭੰਡਾਰ ਜਿਵੇਂ ਕਿ ਖਾੜੀਆਂ, ਗਲਫ਼ ਅਤੇ ਜਲਡਮਰੂ ਲੱਖਾਂ-ਅਰਬਾਂ ਸਾਲਾਂ ਤੋਂ ਵਾਪਰੀਆਂ ਕੁਦਰਤੀ ਭੂ-ਵਿਗਿਆਨਕ ਤਬਦੀਲੀਆਂ ਦੇ ਨਤੀਜੇ ਹਨ।
ਧਰਤੀ ਦੀ ਪੇਪੜੀ ਦੀ ਹਿਲਜੁਲ, ਮਹਾਂਦੀਪਾਂ ਦਾ ਟੁੱਟਣਾ, ਸਮੁੰਦਰ ਦੇ ਪੱਧਰ ਵਿੱਚ ਬਦਲਾਅ ਅਤੇ ਨਦੀਆਂ ਦੁਆਰਾ ਰੇਤ ਜਮ੍ਹਾ ਕਰਨਾ, ਇਹ ਸਭ ਕੁਝ ਮਿਲ ਕੇ ਉਨ੍ਹਾਂ ਨੂੰ ਅਕਾਰ ਦਿੰਦਾ ਹੈ।
ਇਸੇ ਲਈ ਮਨੁੱਖ ਕੋਈ ਨਵੀਂ ਕੁਦਰਤੀ ਖਾੜੀ ਜਾਂ ਗਲਫ਼ ਨਹੀਂ ਬਣਾ ਸਕਦਾ।
ਡਾ. ਕੇਐਸਆਰ ਮੂਰਥੀ ਕਹਿੰਦੇ ਹਨ, "ਜੇ ਲਾਜ਼ਮੀ ਹੋਵੇ ਤਾਂ ਇਨਸਾਨਾਂ ਦੁਆਰਾ ਵਾਟਰ ਚੈਨਲ ਬਣਾਏ ਜਾ ਸਕਦੇ ਹਨ। ਇਨ੍ਹਾਂ ਨੂੰ ਕਨਾਲ ਕਿਹਾ ਜਾਂਦਾ ਹੈ। ਜਿਵੇਂ ਕਿ ਸੁਏਜ਼ ਕਨਾਲ਼ ਅਤੇ ਪਨਾਮਾ ਕਨਾਲ। ਇਹ ਵਿਸ਼ਵ ਵਪਾਰ ਵਿੱਚ ਖਾਸ ਭੂਮਿਕਾ ਨਿਭਾਉਂਦੇ ਹਨ।"
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਇੱਥੋਂ ਤੱਕ ਕਿ ਪਾਣੀ ਦੇ ਕੁਦਰਤੀ ਭੰਡਾਰ ਵੀ ਸਦਾ ਲਈ ਇੱਕੋ ਜਿਹੇ ਨਹੀਂ ਰਹਿੰਦੇ। ਉਨ੍ਹਾਂ ਦਾ ਅਕਾਰ, ਹਵਾ, ਤੱਟਵਰਤੀ ਖੋਰੇ, ਸਮੁੰਦਰ ਦੇ ਵਧਦੇ ਪੱਧਰ ਅਤੇ ਨਦੀਆਂ ਦੁਆਰਾ ਇਕੱਠੀ ਕੀਤੀ ਗਈ ਤਲਛੱਟ ਨਾਲ ਬਦਲਦਾ ਰਹਿੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ