ਟਰੰਪ ਨੇ 'ਸਟੇਟ ਆਫ ਦਿ ਯੂਨੀਅਨ' ਭਾਸ਼ਨ ਵਿੱਚ ਕੀ ਕਿਹਾ, ਕਿਹੜੇ ਮੁੱਦਿਆਂ ਬਾਰੇ ਟਰੰਪ ਕੁਝ ਨਹੀਂ ਬੋਲੇ

ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਵਾਪਸੀ ਦੇ ਪਹਿਲੇ ਸਾਲ ਦੀ ਸ਼ਲਾਘਾ ਕੀਤੀ। ਇਹ ਉਨ੍ਹਾਂ ਦਾ ਕਾਂਗਰਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ 'ਸਟੇਟ ਆਫ ਦਿ ਯੂਨੀਅਨ' ਭਾਸ਼ਣ ਸੀ।

ਲਗਭਗ ਇੱਕ ਘੰਟਾ ਅਤੇ 50 ਮਿੰਟ ਤੱਕ ਚੱਲੇ ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਵਾਰ-ਵਾਰ ਆਪਣੇ ਆਰਥਿਕ ਏਜੰਡੇ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਇੱਕ ਇਤਿਹਾਸਕ "ਕਾਇਆ-ਕਲਪ" (ਟਰਨਅਰਾਊਂਡ) ਦੀ ਨਿਗਰਾਨੀ ਕੀਤੀ ਹੈ।

ਟਰੰਪ ਨੇ ਕਿਹਾ ਕਿ ਉਨ੍ਹਾਂ ਦੀ "ਤਰਜੀਹ ਇਸ ਸਮੱਸਿਆ ਨੂੰ ਕੂਟਨੀਤੀ ਰਾਹੀਂ ਹੱਲ ਕਰਨ ਦੀ ਹੈ" ਪਰ ਉਨ੍ਹਾਂ ਨੇ ਦੇਸ਼ ਨੂੰ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਿਰੁੱਧ ਚੇਤਾਵਨੀ ਦਿੱਤੀ।

ਹਾਜ਼ਰ ਕਈ ਸੁਪਰੀਮ ਕੋਰਟ ਦੇ ਜੱਜਾਂ ਨਾਲ ਸੰਖੇਪ ਰੂਪ ਵਿੱਚ ਹੱਥ ਮਿਲਾਉਣ ਤੋਂ ਬਾਅਦ, ਉਨ੍ਹਾਂ ਨੇ ਟੈਰਿਫ ਬਾਰੇ ਉਨ੍ਹਾਂ ਦੇ ਹਾਲੀਆ ਫੈਸਲੇ ਨੂੰ "ਬਹੁਤ ਮੰਦਭਾਗਾ" ਕਰਾਰ ਦਿੱਤਾ।

ਉਨ੍ਹਾਂ ਦੇ ਸੰਬੋਧਨ ਸਮੇਂ ਕਾਂਗਰਸ ਵਿੱਚ ਸੁਪਰੀਮ ਕੋਰਟ ਦੇ ਨੌਂ ਵਿੱਚੋਂ ਚਾਰ ਜੱਜ ਮੌਜੂਦ ਸਨ।

ਫੈਸਲੇ ਦੇ ਬਾਵਜੂਦ, ਟਰੰਪ ਨੇ ਕਿਹਾ ਕਿ ਟੈਰਿਫ "ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਅਤੇ ਪਰਖੇ ਹੋਏ ਬਦਲਵੇਂ ਕਾਨੂੰਨੀ ਰੁਤਬੇ ਦੇ ਤਹਿਤ ਲਾਗੂ ਰਹਿਣਗੇ", ਅਤੇ ਅੱਗੇ ਕਿਹਾ ਕਿ ਇਹ ਕਿਸੇ ਦਿਨ "ਇਨਕਮ ਟੈਕਸ ਦੀ ਥਾਂ ਪੂਰੀ ਤਰ੍ਹਾਂ ਲੈ ਲੈਣਗੇ।"

ਟਰੰਪ ਨੇ ਦੁਨੀਆ ਦੇ ਸਭ ਤੋਂ ਵੱਧ ਲੋੜੀਂਦੇ ਨਸ਼ਾ ਤਸਕਰਾਂ ਵਿੱਚੋਂ ਇੱਕ, ਐਲ ਮੈਂਚੋ ਦੀ ਮੌਤ ਦਾ ਜ਼ਿਕਰ ਕੀਤਾ, ਜੋ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੈਕਸੀਕੋ ਵਿੱਚ ਉਸਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਇੱਕ ਕਾਰਵਾਈ ਦੌਰਾਨ ਮਾਰਿਆ ਗਿਆ ਸੀ।

ਉਨ੍ਹਾਂ ਨੇ ਦੱਖਣੀ ਅਮਰੀਕਾ ਦੇ ਸਮੁੰਦਰੀ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀਆਂ ਕਥਿਤ ਕਿਸ਼ਤੀਆਂ 'ਤੇ ਕੀਤੇ ਗਏ ਹਮਲਿਆਂ ਦੀ ਵੀ ਸ਼ਲਾਘਾ ਕੀਤੀ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਵਿੱਚ ਨਸ਼ਿਆਂ ਨੂੰ ਆਉਣ ਤੋਂ ਰੋਕਣ ਵਿੱਚ ਮਦਦ ਮਿਲੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਮਹੀਨੇ ਵੈਨੇਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿਹਾ ਕਿ ਇਸ ਕਾਰਵਾਈ ਨੇ ਇੱਕ "ਬਾਗੀ ਤਾਨਾਸ਼ਾਹ" ਦੇ ਰਾਜ ਦਾ ਅੰਤ ਕਰ ਦਿੱਤਾ ਹੈ।

ਉਨ੍ਹਾਂ ਨੇ ਪਰਵਾਸੀਆਂ ਉੱਤੇ ਆਪਣੀ ਸਖ਼ਤ ਨੀਤੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਸਾਡੇ ਕੋਲ ਹੁਣ ਅਮਰੀਕੀ ਇਤਿਹਾਸ ਦੀ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਸਰਹੱਦ ਹੈ।"

ਉਨ੍ਹਾਂ ਨੇ ਮਿਨੀਸੋਟਾ ਵਿੱਚ ਇਮੀਗ੍ਰੇਸ਼ਨ ਲਾਗੂ ਕਰਨ ਸਬੰਧੀ ਆਪਣੀ ਸਖ਼ਤ ਕਾਰਵਾਈ (ਕਰੈਕਡਾਊਨ) ਦਾ ਕੋਈ ਜ਼ਿਕਰ ਨਹੀਂ ਕੀਤਾ ਜਿੱਥੇ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੇ ਏਜੰਟਾਂ ਨੇ 7 ਜਨਵਰੀ, 2026 ਨੂੰ ਅਮਰੀਕਾ ਦੇ ਮਿਨੀਐਪੋਲਿਸ, ਮਿਨੀਸੋਟਾ ਵਿੱਚ ਦਿਨ-ਦਿਹਾੜੇ 37 ਸਾਲਾ ਰੇਨੀ ਨਿਕੋਲ ਗੁੱਡ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਰਾਸ਼ਟਰਪਤੀ ਨੇ ਐਪਸਟੀਨ ਫਾਈਲਾਂ ਦਾ ਵੀ ਆਪਣੇ ਸੰਬੋਧਨ ਵਿੱਚ ਕੋਈ ਜ਼ਿਕਰ ਨਹੀਂ ਕੀਤਾ।

'ਟਰੰਪ ਨੇ ਕੋਈ ਅਸਲ ਹੱਲ ਪੇਸ਼ ਨਹੀਂ ਕੀਤੇ'

ਵਿਰੋਧੀ ਧਿਰ ਡੇਮੋਕਰੇਟਸ ਵੱਲੋਂ ਰਾਸ਼ਟਰਪਤੀ ਦੇ ਸੰਬੋਧਨ ਦੇ ਖੰਡਨ ਭਾਸ਼ਨ ਵਿੱਚ ਵਰਜੀਨੀਆ ਦੀ ਗਵਰਨਰ ਐਬੀਗੇਲ ਸਪੈਨਬਰਗਰ ਨੇ ਕਿਹਾ ਕਿ ਰਾਸ਼ਟਰਪਤੀ ਨੇ "ਸਾਡੇ ਦੇਸ਼ ਦੀਆਂ ਗੰਭੀਰ ਚੁਣੌਤੀਆਂ ਦਾ ਕੋਈ ਅਸਲ ਹੱਲ ਪੇਸ਼ ਨਹੀਂ ਕੀਤਾ।"

ਵਿਰੋਧੀ ਧਿਰ ਡੇਮੋਕਰੇਟਸ ਵੱਲੋਂ ਰਾਸ਼ਟਰਪਤੀ ਦੇ ਸੰਬੋਧਨ ਦੇ ਖੰਡਨ ਭਾਸ਼ਨ ਦੌਰਾਨ ਵਰਜੀਨੀਆ ਦੀ ਗਵਰਨਰ ਐਬੀਗੇਲ ਸਪੈਨਬਰਗਰ ਨੇ ਇਹ ਕਹਿ ਕੇ ਸ਼ੁਰੂਆਤ ਕੀਤੀ ਕਿ ਟਰੰਪ ਆਪਣੇ ਭਾਸ਼ਣ ਵਿੱਚ ਇਮਾਨਦਾਰ ਨਹੀਂ ਸਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਵੋਟਰਾਂ ਲਈ ਤਿੰਨ ਸਵਾਲ ਹਨ, ਜੋ ਕਿ ਹਨ: "ਕੀ ਰਾਸ਼ਟਰਪਤੀ ਜ਼ਿੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਕੰਮ ਕਰ ਰਹੇ ਹਨ? ਕੀ ਉਹ ਅਮਰੀਕੀਆਂ ਨੂੰ ਦੇਸ ਅਤੇ ਵਿਦੇਸ਼ ਵਿੱਚ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ? ਕੀ ਰਾਸ਼ਟਰਪਤੀ ਤੁਹਾਡੇ ਲਈ ਕੰਮ ਕਰ ਰਹੇ ਹਨ?"

ਉਸਨੇ ਕਿਹਾ ਕਿ ਇਨ੍ਹਾਂ ਤਿੰਨਾਂ ਦਾ ਜਵਾਬ ਇਹ ਹੈ ਕਿ ਉਹ ਅਜਿਹਾ ਨਹੀਂ ਕਰ ਰਹੇ ਸਨ।

ਉਸਨੇ ਕਿਹਾ, "ਅੱਜ ਰਾਤ ਰਾਸ਼ਟਰਪਤੀ ਨੇ ਉਹੀ ਕੀਤਾ ਜੋ ਉਹ ਹਮੇਸ਼ਾ ਕਰਦੇ ਹਨ।"

ਗਵਰਨਰ ਨੇ ਅੱਗੇ ਕਿਹਾ,"ਉਨ੍ਹਾਂ ਨੇ ਝੂਠ ਬੋਲਿਆ, ਦੂਜਿਆਂ ਨੂੰ ਬਲੀ ਦਾ ਬੱਕਰਾ ਬਣਾਇਆ, ਅਤੇ ਧਿਆਨ ਭਟਕਾਇਆ ਅਤੇ ਸਾਡੇ ਦੇਸ ਦੀਆਂ ਗੰਭੀਰ ਚੁਣੌਤੀਆਂ ਦਾ ਕੋਈ ਅਸਲ ਹੱਲ ਪੇਸ਼ ਨਹੀਂ ਕੀਤਾ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੂੰ ਉਹ ਖੁਦ ਸਰਗਰਮੀ ਨਾਲ ਹੋਰ ਵਿਗਾੜ ਰਹੇ ਹਨ।"

ਸੰਬੋਧਨ ਦੌਰਾਨ ਤਿੰਨ ਦਿਲਚਸਪ ਮੌਕੇ

ਪਹਿਲਾ ਮੌਕਾ: ਟਰੰਪ ਵੱਲੋਂ ਆਪਣੇ ਵਿਸ਼ਵਵਿਆਪੀ ਟੈਰਿਫਾਂ ਨੂੰ ਰੱਦ ਕਰਨ ਦੇ ਫੈਸਲੇ ਲਈ ਸੁਪਰੀਮ ਕੋਰਟ ਦੀ ਸਖ਼ਤ ਆਲੋਚਨਾ ਕੀਤੇ ਜਾਣ ਤੋਂ ਬਾਅਦ, ਇਹ ਪਹਿਲੀ ਵਾਰ ਸੀ ਜਦੋਂ ਉਹ ਜਨਤਕ ਤੌਰ 'ਤੇ ਅਦਾਲਤ ਦੇ ਮੈਂਬਰਾਂ ਦੇ ਸੰਪਰਕ ਵਿੱਚ ਆਏ। ਉਸ ਵੇਲੇ ਨੌਂ ਵਿੱਚੋਂ ਸਿਰਫ਼ ਚਾਰ ਜੱਜ ਹੀ ਹਾਜ਼ਰ ਸਨ।

ਜਦੋਂ ਟਰੰਪ ਨੇ ਸੰਬੋਧਨ ਦੌਰਾਨ ਜੱਜਾਂ ਦੀ ਨਿਖੇਧੀ ਕੀਤੀ, ਤਾਂ ਕੈਮਰੇ ਐਮੀ ਕੋਨੀ ਬੈਰੇਟ ਵੱਲ ਮੁੜ ਗਏ - ਜਿਨ੍ਹਾਂ ਨੇ ਉਨ੍ਹਾਂ ਦੇ ਟੈਰਿਫਾਂ ਦੇ ਵਿਰੁੱਧ ਫੈਸਲਾ ਸੁਣਾਇਆ ਸੀ - ਜਦੋਂ ਕਿ ਟਰੰਪ ਨੇ ਫੈਸਲੇ ਨੂੰ "ਨਿਰਾਸ਼ਾਜਨਕ" ਅਤੇ "ਮੰਦਭਾਗਾ" ਕਿਹਾ, ਉਹ ਬਿਨਾਂ ਕਿਸੇ ਹਾਵ-ਭਾਵ (ਭਾਵਹੀਣ) ਦੇ ਬੈਠੀ ਰਹੀ।

ਦੂਜਾ ਮੌਕਾ: ਟੈਕਸਾਸ ਦੇ ਕਾਂਗਰਸਮੈਨ ਅਲ ਗ੍ਰੀਨ ਨੂੰ ਲਗਾਤਾਰ ਦੂਜੇ ਸਾਲ ਸਦਨ ਵਿੱਚੋਂ ਬਾਹਰ ਲਿਜਾਇਆ ਗਿਆ। ਜਿਵੇਂ ਹੀ ਟਰੰਪ ਨੇ ਸਦਨ ਵਿੱਚ ਪ੍ਰਵੇਸ਼ ਕੀਤਾ, ਗ੍ਰੀਨ ਨੇ ਕਾਲੇ ਅੱਖਰਾਂ ਵਾਲਾ ਇੱਕ ਚਿੱਟਾ ਸਾਈਨ ਬੋਰਡ ਉੱਚਾ ਕੀਤਾ ਜਿਸ ਉੱਤੇ ਲਿਖਿਆ ਸੀ, "ਕਾਲੇ ਲੋਕ ਬਾਂਦਰ (ਏਪਸ) ਨਹੀਂ ਹਨ!"

ਇਹ ਸਾਈਨ ਬੋਰਡ ਟਰੰਪ ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਅਤੇ ਬਾਅਦ ਵਿੱਚ ਹਟਾ ਦਿੱਤੀ ਗਈ ਇੱਕ ਵੀਡੀਓ ਦੇ ਹਵਾਲੇ ਨਾਲ ਪ੍ਰਤੀਤ ਹੁੰਦਾ ਸੀ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਨੂੰ ਬਾਂਦਰਾਂ ਵਜੋਂ ਦਿਖਾਇਆ ਗਿਆ ਸੀ।

ਤੀਜਾ ਮੌਕਾ: 'ਯੂ-ਐਸ-ਏ, ਯੂ-ਐਸ-ਏ' - ਦੇਸ਼ ਭਗਤੀ ਦਾ ਪ੍ਰਦਰਸ਼ਨ

ਕਿਸੇ ਫਿਲਮੀ ਦ੍ਰਿਸ਼ ਵਾਂਗ, ਅਮਰੀਕੀ ਪੁਰਸ਼ ਆਈਸ ਹਾਕੀ ਟੀਮ ਹਾਊਸ ਚੈਂਬਰ ਵਿੱਚ ਉੱਪਰਲੇ ਹਿੱਸੇ (ਓਵਰਹੈਂਗ) ਤੋਂ ਹੇਠਾਂ ਉਤਰੀ, ਜਿੱਥੇ ਟਰੰਪ ਦੇ ਉੱਪਰ ਪ੍ਰੈੱਸ ਦੇ ਮੈਂਬਰ ਬੈਠੇ ਸਨ। ਦਰਸ਼ਕਾਂ ਵਿੱਚ ਮੌਜੂਦ ਲੋਕਾਂ ਨੇ ਤਾੜੀਆਂ ਦੀ ਗੂੰਜ ਅਤੇ 'ਯੂ-ਐਸ-ਏ' ਦੇ ਨਾਅਰਿਆਂ ਨਾਲ ਉਤਸ਼ਾਹ ਦਿਖਾਇਆ।

ਸਟੇਟ ਆਫ ਦਿ ਯੂਨੀਅਨ ਕੀ ਹੈ?

ਅਮਰੀਕੀ ਪੱਤਰਕਾਰ ਸਾਕਸ਼ੀ ਵੈਂਕਟਰਮਨ ਮੁਤਾਬਕ ਇਹ ਸਾਲਾਨਾ ਸਮਾਗਮ ਰਾਸ਼ਟਰਪਤੀ ਦੁਆਰਾ ਕਾਂਗਰਸ ਨੂੰ ਦਿੱਤਾ ਜਾਣ ਵਾਲਾ ਮੁੱਖ ਭਾਸ਼ਣ ਹੁੰਦਾ ਹੈ ਜਿਸ ਵਿੱਚ ਉਹ ਅਗਲੇ ਸਾਲ ਲਈ ਆਪਣਾ ਏਜੰਡਾ ਤੈਅ ਕਰਦੇ ਹਨ, ਅਮਰੀਕੀ ਲੋਕਾਂ ਦੇ ਸਾਹਮਣੇ ਆਪਣੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹਨ, ਅਤੇ ਇੱਕ ਸਿਆਸੀ ਸੰਦੇਸ਼ ਨੂੰ ਰੂਪ ਦਿੰਦੇ ਹਨ।

ਇਹ ਅਮਰੀਕੀ ਸੰਵਿਧਾਨ ਦੀ ਇੱਕ ਲੋੜ ਹੈ ਕਿ ਰਾਸ਼ਟਰਪਤੀ "ਸਮੇਂ-ਸਮੇਂ 'ਤੇ ਕਾਂਗਰਸ ਨੂੰ 'ਸਟੇਟ ਆਫ ਦਿ ਯੂਨੀਅਨ' (ਦੇਸ ਦੀ ਸਥਿਤੀ) ਬਾਰੇ ਜਾਣਕਾਰੀ ਦੇਣਗੇ, ਅਤੇ ਉਨ੍ਹਾਂ ਦੇ ਵਿਚਾਰ ਲਈ ਅਜਿਹੇ ਉਪਾਵਾਂ ਦੀ ਸਿਫ਼ਾਰਸ਼ ਕਰਨਗੇ ਜੋ ਉਹ ਜ਼ਰੂਰੀ ਅਤੇ ਉਚਿਤ ਸਮਝਦੇ ਹਨ।"

ਸਟੇਟ ਆਫ ਦਿ ਯੂਨੀਅਨ ਭਾਸ਼ਣ ਸਭ ਤੋਂ ਪਹਿਲਾਂ 1790 ਵਿੱਚ ਨਿਊਯਾਰਕ (ਜੋ ਉਸ ਸਮੇਂ ਅਮਰੀਕਾ ਦੀ ਰਾਜਧਾਨੀ ਸੀ) ਵਿਖੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਦਿੱਤਾ ਸੀ।

ਹਾਲੀਆ ਦਹਾਕਿਆਂ ਵਿੱਚ, 'ਸਟੇਟ ਆਫ ਦਿ ਯੂਨੀਅਨ' ਅਮਰੀਕੀ ਸਿਆਸੀ ਕੈਲੰਡਰ ਦੀਆਂ ਪ੍ਰਮੁੱਖ ਮੀਡੀਆ ਘਟਨਾਵਾਂ ਵਿੱਚੋਂ ਇੱਕ ਬਣ ਗਈ ਹੈ। ਇਹ ਬੜੀ ਬਾਰੀਕੀ ਨਾਲ ਦੇਖੀ ਜਾਣ ਵਾਲੀ ਗਤੀਵਿਧੀ ਹੈ, ਜਿਸ ਦੇ ਜਵਾਬ ਵਿੱਚ ਵਿਰੋਧੀ ਧਿਰ ਵੱਲੋਂ ਇੱਕ ਖੰਡਨ ਭਾਸ਼ਣ (ਰੀਬਟਲ ਭਾਸ਼ਣ) ਦਿੱਤਾ ਜਾਂਦਾ ਹੈ।

ਪਿਛਲੀ ਸਦੀ ਵਿੱਚ ਜਿਵੇਂ-ਜਿਵੇਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਵਧੀਆਂ ਹਨ, 'ਸਟੇਟ ਆਫ ਦਿ ਯੂਨੀਅਨ' ਭਾਸ਼ਣ ਦੀ ਮਹੱਤਤਾ ਵੀ ਵਧੀ ਹੈ। ਟੈਲੀਵਿਜ਼ਨ ਤੇ ਰੇਡੀਓ ਦੀ ਭੂਮਿਕਾ ਨੇ ਇਸ ਸ਼ਕਤੀ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਨੇ ਰਾਸ਼ਟਰਪਤੀ ਨੂੰ ਸਿੱਧੇ ਤੌਰ 'ਤੇ ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨ ਦੇ ਯੋਗ ਬਣਾਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)