You’re viewing a text-only version of this website that uses less data. View the main version of the website including all images and videos.
ਜਲੰਧਰ ਵਿੱਚ ‘ਆਪ’ ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ
ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸਤਵਿੰਦਰ ਪਾਲ ਸਿੰਘ ਲੱਕੀ ਓਬਰਾਏ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਘਟਨਾ ਜਲੰਧਰ ਦੇ ਮਾਡਲ ਟਾਊਨ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਸ਼ੁੱਕਰਵਾਰ ਸਵੇਰ ਵੇਲੇ ਵਾਪਰੀ ਜਿੱਥੇ ਅਣਪਛਾਤੇ ਹਮਲਾਵਰਾਂ ਨੇ ਲੱਕੀ ਓਬਰਾਏ ਉੱਤੇ ਹਮਲਾ ਕੀਤਾ।
ਇਸ ਬਾਰੇ 7 ਫਰਵਰੀ ਨੂੰ ਪੰਜਾਬ ਪੁਲਿਸ ਮੁਤਾਬਕ ਲੱਕੀ ਓਬਰੋਏ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਦੇ ਖ਼ਾਸਾ ਇਲਾਕੇ ਵਿੱਚ ਛੋਟੀ ਮੁਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਸ਼ਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ, "ਘਟਨਾ ਤੋਂ ਤੁਰੰਤ ਬਾਅਦ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਸਾਂਝੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਭਰੋਸੇਯੋਗ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਛੋਟੀ ਮੁਠਭੇੜ ਤੋਂ ਬਾਅਦ ਕਾਬੂ ਕਰ ਲਿਆ, ਜਿਸ ਕੋਲੋਂ ਬਰੇਟਾ .30 ਬੋਰ ਪਿਸਤੌਲ ਵੀ ਬਰਾਮਦ ਹੋਇਆ ਹੈ।"
ਇਸ ਸਬੰਧੀ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅੰਮ੍ਰਿਤਸਰ ਰੂਰਲ ਸੁਹੈਲ ਕਾਸਿਮ ਮੀਰ ਨੇ ਦੱਸਿਆ, "ਨਾਕਾਬੰਦੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ 'ਤੇ ਗੋਲੀਆਂ ਚਲਾਈਆਂ, ਜਿਸ 'ਤੇ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ ਗਈ, ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ।"
ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇੱਕ ਹੋਰ ਵਿਅਕਤੀ ਦੀ ਸ਼ਮੂਲੀਅਤ ਬਾਰੇ ਮਹੱਤਵਪੂਰਨ ਖੁਲਾਸੇ ਕੀਤੇ ਹਨ ਅਤੇ "ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।"
ਘਟਨਾ ਤੋਂ ਬਾਅਦ ਪੁਲਿਸ ਨੇ ਕੀ ਦੱਸਿਆ ਸੀ
ਪੁਲਿਸ ਮੁਤਾਬਕ ਲੱਕੀ ਓਬਰਾਏ ਆਪਣੀ ਥਾਰ ਗੱਡੀ ਵਿੱਚ ਗੁਰਦੁਆਰੇ ਪਹੁੰਚੇ ਸਨ ਜਦੋਂ ਦੋਪਹੀਆ ਵਾਹਨ 'ਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਲੱਕੀ ਓਬਰਾਏ ਨੂੰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ, ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ਉੱਪਰ ਪਹੁੰਚ ਗਈਆਂ ਹਨ ਅਤੇ ਮੁਲਜ਼ਮ ਜਲਦ ਹੀ ਜੇਲ੍ਹ ਵਿੱਚ ਹੋਣਗੇ।
ਜਲੰਧਰ ਪੁਲਿਸ ਦੇ ਏਡੀਸੀਪੀ-2 ਹਰਿੰਦਰ ਸਿੰਘ ਗਿੱਲ ਨੇ ਦੱਸਿਆ, "ਸ਼ੁੱਕਰਵਾਰ ਸਵੇਰੇ ਗੁਰੁਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਬਾਹਰ ਦੋ ਹਮਲਾਵਰ ਸਕੂਟੀ ਉੱਤੇ ਆਏ ਤੇ ਉਨ੍ਹਾਂ ਨੇ ਲੱਕੀ ਓਬਰਾਏ ਨਾਂ ਦੇ ਨੌਜਵਾਨ ਉੱਤੇ ਗੋਲੀਆਂ ਚਲਾਈਆਂ। ਲੱਕੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਕੇ ਆਪਣੀ ਗੱਡੀ ਵਿੱਚ ਬੈਠੇ ਸੀ ਤੇ ਉਸੇ ਵੇਲੇ ਹਮਲਾ ਹੋਇਆ। ਅਸੀਂ ਸੀਸੀਟੀਵੀ ਦੀ ਜਾਂਚ ਕਰ ਰਹੇ ਹਾਂ ਤੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਹਨ ਤੇ ਅਸੀਂ ਛੇਤੀ ਹੀ ਦੋਸ਼ੀਆਂ ਨੂੰ ਫੜ ਲਵਾਂਗੇ।"
ਘਟਨਾ ਵਾਲੀ ਥਾਂ ਤੇ ਪਹੁੰਚੇ ਡੀਜੀਪੀ ਨੇ ਕੀ ਦੱਸਿਆ
ਡੀਜੀਪੀ ਗੌਰਵ ਯਾਦਵ ਵੀ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਸਨ ਅਤੇ ਉੱਥੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਦੀ ਸਥਿਤੀ ਦਾ ਰਿਵੀਊ ਕੀਤਾ ਹੈ। ਘਟਨਾ ਦੀ ਜਾਂਚ ਪੇਸ਼ੇਵਰ ਅਤੇ ਤਕਨੀਕੀ ਸਾਰੇ ਪੱਖਾਂ ਤੋਂ ਕੀਤੀ ਜਾ ਰਹੀ ਹੈ।
ਜਿੱਥੇ ਵੀ ਮੋਬਾਈਲ ਫੋਨ ਦੀ ਵਰਤੋਂ ਕੀਤੀ ਗਈ ਹੈ ਉੱਥੋਂ ਮੋਬਾਈਲ ਟਾਵਰਾਂ ਦੀ ਲੋਕੇਸ਼ਨ ਚੁੱਕੀ ਗਈ ਹੈ।
ਉਨ੍ਹਾਂ ਨੇ ਕਿਹਾ, "ਮੁੱਖ ਮੰਤਰੀ ਨੇ ਆਪ ਇਸ ਮਾਮਲੇ ਦੀ ਜਾਣਕਾਰੀ ਲਈ ਹੈ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਲਈ ਵਚਨਬੱਧ ਹੈ ਕਿ ਅਸੀਂ ਇਸ ਕੇਸ ਨੂੰ ਛੇਤੀ ਤੋਂ ਛੇਤੀ ਟਰੇਸ ਕਰਾਂਗੇ ਮੁਲਜ਼ਮਾਂ ਨੂੰ ਮਿਸਾਲੀ ਸਜਾ ਕਨੂੰਨ ਮੁਤਾਬਕ ਦਵਾਈ ਜਾਵੇਗੀ।"
ਉਨ੍ਹਾਂ ਨੇ ਦੱਸਿਆ,"ਇਸ ਸੰਬੰਧ ਵਿੱਚ ਅਪਰਾਧ ਦੇ ਸਾਰੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।"
ਉਨ੍ਹਾਂ ਨੇ ਕਤਲ ਦੇ ਕਾਰਨਾਂ ਪਿੱਛੇ ਵਿਦਿਆਰਥੀ ਸਿਆਸਤ ਜਾਂ ਨਿੱਜੀ ਲਾਗਡਾਟ ਦੇ ਐਂਗਲ ਨੂੰ ਰੱਦ ਨਹੀਂ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਕਤਲ ਲਈ ਵਰਤੇ ਗਏ ਹਥਿਆਰ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ।
ਚਸ਼ਮਦੀਦਾਂ ਨੇ ਕੀ ਦੱਸਿਆ
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਜਾਣਕਾਰੀ ਮੁਤਾਬਕ ਇੱਕ ਚਸ਼ਮਦੀਦ ਨੇ ਦੱਸਿਆ ਕਿ ਲੱਕੀ ਓਬਰਾਏ ਪਾਠ ਕਰਕੇ ਬਾਹਰ ਆ ਗਏ ਸਨ।
ਜਲੰਧਰ ਦੇ ਹੀ ਰਹਿਣ ਵਾਲੇ ਇਸ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਗੋਲੀਆਂ ਦੇ ਧਰਤੀ ਉੱਪਰ ਪਏ 7-8 ਖੋਲ ਦੇਖੇ ਹਨ।
ਇੱਕ ਹੋਰ ਸਥਾਨਕ ਵਾਸੀ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਸਨ ਅਤੇ ਲੱਕੀ ਓਬਰਾਏ ਵੀ ਉਨ੍ਹਾਂ ਦੀ ਪਾਰਟੀ ਵਿੱਚ ਸਨ।
ਡਾਕਟਰ ਨੇ ਕੀ ਦੱਸਿਆ
ਸ਼੍ਰੀ ਰਾਮ ਹਸਪਤਾਲ, ਜਲੰਧਰ ਦੇ ਡਾਕਟਰ ਵਿਸ਼ਾਲ ਮੁਤਾਬਕ ਸਤਵਿੰਦਰ ਪਾਲ ਸਿੰਘ 'ਤੇ ਅੱਠ ਤੋਂ ਨੌ ਰਾਉਂਡ ਫਾਇਰ ਹੋਏ ਹਨ।
ਉਹਨਾਂ ਕਿਹਾ, "ਉਹਨਾਂ ਦੇ ਪੰਜ ਤੋਂ ਛੇ ਰਾਉਂਡ ਛਾਤੀ ਦੇ ਨੀਚੇ ਸਨ, ਦੋ ਛਾਤੀ ਦੀ ਵਾਲ ਨੂੰ ਛੂਹ ਕੇ ਲੰਘ ਗਏ, ਇੱਕ ਰਾਉਂਡ ਫਾਇਰ ਉਹਨਾਂ ਦੀ ਠੋਡੀ ਤੋਂ ਨਿਕਲਿਆ ਹੈ। ਜਦੋਂ ਮਰੀਜ਼ ਨੂੰ ਸਾਡੇ ਕੋਲ ਲੈ ਕੇ ਆਏ ਤਾਂ ਉਹਨਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਫੈਲੀਆਂ ਹੋਈਆਂ ਸਨ ਅਤੇ ਬੀਪੀ ਰਿਕਾਰਡ ਕਰਨਯੋਗ ਨਹੀਂ ਸੀ। ਉਸ ਸਮੇਂ ਮਰੀਜ਼ ਬੇਹੋਸ਼ ਸੀ। ਅਸੀਂ ਕੋਸ਼ਿਸ ਕੀਤੀ ਪਰ ਮਰੀਜ਼ ਨੂੰ ਬਚਾ ਨਹੀਂ ਸਕੇ।"
ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਹਨ।
ਬਾਜਵਾ ਨੇ ਐਕਸ 'ਤੇ ਲਿਖਿਆ, "ਭਗਵੰਤ ਮਾਨ ਦੀ ਨਿਗਰਾਨੀ ਹੇਠ ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਜਲੰਧਰ ਦੇ ਇੱਕ ਗੁਰਦੁਆਰੇ ਦੇ ਬਾਹਰ 'ਆਪ' ਦੇ ਆਗੂ ਲੱਕੀ ਓਬਰਾਏ ਦਾ ਦਿਨ-ਦਿਹਾੜੇ ਹੈਰਾਨ ਕਰਨ ਵਾਲਾ ਹੋਇਆ ਕਤਲ, ਇਸ ਭਿਆਨਕ ਹਕੀਕਤ ਨੂੰ ਉਜਾਗਰ ਕਰਦਾ ਹੈ। ਜੇਕਰ ਸੱਤਾਧਾਰੀ ਪਾਰਟੀ ਦੇ ਆਗੂ ਵੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕਾਂ ਲਈ ਕੀ ਉਮੀਦ ਬਚੀ ਹੈ?"
ਉਹਨਾਂ ਅੱਗੇ ਲਿਖਿਆ, "ਪੰਜਾਬ ਅੱਜ ਡਰ, ਗੈਂਗ ਹਿੰਸਾ ਅਤੇ ਪ੍ਰਸ਼ਾਸਨਿਕ ਸਮੱਸਿਆਵਾਂ ਨਾਲ ਗ੍ਰਸਤ ਹੈ ਜਦੋਂ ਕਿ 'ਆਪ' ਸਰਕਾਰ ਪੀਆਰ ਅਤੇ ਬਹਾਨਿਆਂ ਵਿੱਚ ਰੁੱਝੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ?"
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਕਸ 'ਤੇ ਲਿਖਿਆ, "ਇੱਕ ਹੋਰ ਦਿਨ ਦਿਹਾੜੇ ਕਤਲ। 'ਆਪ' ਦੇ ਆਗੂ ਲੱਕੀ ਓਬਰਾਏ ਨੂੰ ਜਲੰਧਰ ਦੇ ਮਾਡਲ ਟਾਊਨ ਵਿੱਚ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰਾਂ ਨੇ ਉਸ 'ਤੇ 8 ਤੋਂ 10 ਗੋਲੀਆਂ ਚਲਾਈਆਂ। ਇਹ ਹੁਣ ਪੰਜਾਬ ਵਿੱਚ ਇੱਕ ਨਵਾਂ ਰੁਝਾਨ ਬਣ ਗਿਆ ਹੈ। ਕਿਸੇ ਨੂੰ ਵੀ, ਕਿਤੇ ਵੀ, ਆਪਣੀ ਮਰਜ਼ੀ ਨਾਲ ਮਾਰ ਦਿੱਤਾ ਜਾਂਦਾ ਹੈ…"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ