ਅਮਰੀਕਾ ਦਾ ਉਹ ਰੈਸਕਿਊ ਮਿਸ਼ਨ ਜੋ ਈਰਾਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ ਸੀ

ਤਸਵੀਰ ਸਰੋਤ, US Department Of War

ਤਸਵੀਰ ਕੈਪਸ਼ਨ, ਸਾਲ 1980 ਵਿੱਚ ਅਮਰੀਕਾ ਨੇ ਤੇਹਰਾਨ ਵਿੱਚ ਆਪਣੇ ਦੂਤਾਵਾਸ ਵਿੱਚ ਫਸੇ ਨਾਗਰਿਕਾਂ ਨੂੰ ਕੱਢਣ ਲਈ "ਆਪਰੇਸ਼ਨ ਈਗਲ ਕਲੌ" ਨਾਮ ਦਾ ਇੱਕ ਰੈਸਕਿਊ ਆਪਰੇਸ਼ਨ ਚਲਾਇਆ ਸੀ,
ਪੜ੍ਹਨ ਦਾ ਸਮਾਂ: 8 ਮਿੰਟ

ਈਰਾਨ ਵਿੱਚ ਇੱਕ ਅਮਰੀਕੀ ਫ਼ਾਈਟਰ ਜੈੱਟ ਦੇ ਡੇਗੇ ਜਾਣ ਤੋਂ ਬਾਅਦ ਲਾਪਤਾ ਕ੍ਰੂ ਮੈਂਬਰ ਨੂੰ ਅਮਰੀਕੀ ਫੌਜ ਨੇ ਇੱਕ ਗੁੰਝਲਦਾਰ ਆਪਰੇਸ਼ਨ ਵਿੱਚ ਬਚਾ ਲਿਆ ਹੈ।

ਅਮਰੀਕੀ ਮੀਡੀਆ ਦੇ ਮੁਤਾਬਕ ਇਸ ਮਿਸ਼ਨ ਵਿੱਚ ਅਮਰੀਕੀ ਫੌਜ ਦੇ ਸਪੈਸ਼ਲ ਫ਼ੋਰਸਜ਼ ਦੇ ਕਈ ਅਮਰੀਕੀ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਵੀ ਸ਼ਾਮਲ ਸਨ।

ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕੀ ਏਅਰ ਫੋਰਸ ਦੇ ਇੱਕ ਅਫ਼ਸਰ ਨੂੰ ਅਮਰੀਕੀ ਸਪੈਸ਼ਲ ਆਪਰੇਸ਼ਨਸ ਫ਼ੋਰਸਜ਼ ਨੇ ਬਚਾ ਲਿਆ ਹੈ।

ਡੌਨਲਡ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਸੀਂ ਈਰਾਨ ਦੇ ਪਹਾੜਾਂ ਦੇ ਕਾਫ਼ੀ ਅੰਦਰੋਂ ਗੰਭੀਰ ਤੌਰ 'ਤੇ ਜ਼ਖ਼ਮੀ ਅਤੇ ਬਹੁਤ ਬਹਾਦੁਰ ਏਫ਼-15 ਕ੍ਰੂ ਮੈਂਬਰ ਨੂੰ ਬਚਾ ਲਿਆ ਹੈ।"

ਲਾਪਤਾ ਏਅਰਮੈਨ ਨੂੰ ਲੱਭਣ ਲਈ ਅਮਰੀਕੀ ਅਤੇ ਈਰਾਨੀ ਸੈਨਿਕ ਬਲਾਂ ਵਿਚਕਾਰ ਸਰਚ ਐਂਡ ਰੈਸਕਿਊ ਮਿਸ਼ਨ ਦੀ ਦੋ ਦਿਨਾਂ ਤੱਕ ਹੋੜ ਲੱਗੀ ਰਹੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ

ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਖ਼ਬਰ ਆਈ ਕਿ ਦੱਖਣੀ ਈਰਾਨ ਦੇ ਉੱਪਰ ਉੱਡ ਰਹੇ ਇੱਕ ਏਫ਼-15 ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਗਿਆ।

ਇਸ ਜਹਾਜ਼ ਵਿੱਚ ਇੱਕ ਵੇਪਨਜ਼ ਸਿਸਟਮਜ਼ ਅਫ਼ਸਰ ਅਤੇ ਇੱਕ ਪਾਇਲਟ ਸਵਾਰ ਸਨ। ਇਸ ਐੱਫ਼-15ਈ ਸਟ੍ਰਾਈਕ ਈਗਲ ਵਿੱਚ ਸਵਾਰ ਅਮਰੀਕੀ ਫੌਜ ਦੇ ਇਹ ਦੋਵੇਂ ਅਧਿਕਾਰੀ ਜਹਾਜ਼ ਤੋਂ ਇਜੈਕਟ ਕਰਨ ਵਿੱਚ ਸਫ਼ਲ ਰਹੇ। ਪਾਇਲਟ ਨੂੰ ਉਸੇ ਦਿਨ ਬਚਾ ਲਿਆ ਗਿਆ ਸੀ, ਪਰ ਦੂਜਾ ਕ੍ਰੂ ਮੈਂਬਰ ਲਾਪਤਾ ਸੀ। ਅਤੇ ਈਰਾਨ ਨੇ ਇਸ ਕ੍ਰੂ ਮੈਂਬਰ ਨੂੰ ਜ਼ਿੰਦਾ ਫੜ੍ਹਨ ਲਈ 66 ਹਜ਼ਾਰ ਡਾਲਰ (ਕਰੀਬ 62 ਲੱਖ ਰੁਪਏ) ਦਾ ਇਨਾਮ ਵੀ ਐਲਾਨ ਕੀਤਾ ਸੀ।

ਕ੍ਰੂ ਮੈਂਬਰ ਨੂੰ ਤਾਂ ਬਚਾ ਲਿਆ ਗਿਆ, ਪਰ ਇਸ ਵਿੱਚ ਅਮਰੀਕੀ ਫੌਜ ਨੂੰ ਸੈਨਿਕ ਸਾਜੋ-ਸਮਾਨ ਦੇ ਮਾਮਲੇ ਵਿੱਚ ਨੁਕਸਾਨ ਝੱਲਣਾ ਪਿਆ। ਈਰਾਨ ਦੀ ਫੌਜ ਦਾ ਦਾਅਵਾ ਹੈ ਕਿ ਇਸ ਆਪਰੇਸ਼ਨ ਦੌਰਾਨ ਅਮਰੀਕਾ ਦੇ ਦੋ ਸੀ-130 ਸੈਨਿਕ ਟਰਾਂਸਪੋਰਟ ਜਹਾਜ਼ ਅਤੇ ਦੋ ਬਲੈਕ ਹਾਕ ਹੈਲੀਕਾਪਟਰ ਨਸ਼ਟ ਕਰ ਦਿੱਤੇ ਗਏ।

ਇਹ ਰੈਸਕਿਊ ਆਪਰੇਸ਼ਨ ਬਹੁਤ ਮਹੱਤਵਪੂਰਨ ਮੰਨਿਆ ਗਿਆ, ਕਿਉਂਕਿ ਇਸਲਾਮੀ ਕ੍ਰਾਂਤੀ ਦੇ ਦੌਰ ਵਿੱਚ ਈਰਾਨ ਵਿੱਚ ਅਮਰੀਕੀ ਨਾਗਰਿਕਾਂ ਦੇ ਬੰਦੀ ਬਣਾਏ ਜਾਣ ਦਾ ਇੱਕ ਇਤਿਹਾਸ ਰਿਹਾ ਹੈ।

ਸਾਲ 1980 ਵਿੱਚ ਅਮਰੀਕਾ ਨੇ ਤੇਹਰਾਨ ਵਿੱਚ ਆਪਣੇ ਦੂਤਾਵਾਸ ਵਿੱਚ ਫਸੇ ਨਾਗਰਿਕਾਂ ਨੂੰ ਕੱਢਣ ਲਈ "ਆਪਰੇਸ਼ਨ ਈਗਲ ਕਲੌ" ਨਾਮ ਦਾ ਇੱਕ ਰੈਸਕਿਊ ਆਪਰੇਸ਼ਨ ਚਲਾਇਆ ਸੀ, ਹਾਲਾਂਕਿ ਇਸ ਨੂੰ ਨਾਕਾਮੀ ਦਾ ਸਾਹਮਣਾ ਕਰਨਾ ਪਿਆ।

ਈਗਲ ਕਲੌ ਮਿਸ਼ਨ ਤਿੰਨ ਹੈਲੀਕਾਪਟਰਾਂ ਵਿੱਚ ਖ਼ਰਾਬੀ ਆ ਜਾਣ ਕਾਰਨ ਬੁਰੀ ਤਰ੍ਹਾਂ ਅਸਫ਼ਲ ਹੋ ਗਿਆ ਸੀ।

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਪੰਜ ਅਪ੍ਰੈਲ, 2026 ਨੂੰ ਈਰਾਨ ਵਿੱਚ ਇੱਕ ਅਣਜਾਣ ਸਥਾਨ ਦੀ ਜਾਰੀ ਕੀਤੀ ਗਈ ਇੱਕ ਤਸਵੀਰ ਵਿੱਚ ਈਰਾਨੀ ਅਧਿਕਾਰੀਆਂ ਦੇ ਮੁਤਾਬਕ, ਇੱਕ ਅਮਰੀਕੀ ਸੈਨਿਕ ਹੈਲੀਕਾਪਟਰ ਦਾ ਮਲਬਾ ਦਿਖਾਈ ਦੇ ਰਿਹਾ ਹੈ

ਈਰਾਨ ਬੰਧਕ ਸੰਕਟ

ਫ਼ਰਵਰੀ 1979 ਵਿੱਚ ਈਰਾਨ ਵਿੱਚ ਹੋਈ ਇਸਲਾਮਿਕ ਕ੍ਰਾਂਤੀ ਦੌਰਾਨ ਰਜ਼ਾ ਸ਼ਾਹ ਪਹਿਲਵੀ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਅਤੇ ਆਯਤੁੱਲ੍ਹਾ ਖੁਮੈਨੀ ਦੀ ਅਗਵਾਈ ਵਿੱਚ ਧਾਰਮਿਕ ਨਿਜ਼ਾਮ ਨੇ ਸੱਤਾ ਸੰਭਾਲੀ।

ਉਸ ਸਮੇਂ ਰਜ਼ਾ ਸ਼ਾਹ ਪਹਿਲਵੀ ਦੇ ਖ਼ਿਲਾਫ਼ ਈਰਾਨ ਵਿੱਚ ਕਾਫ਼ੀ ਗੁੱਸਾ ਸੀ ਕਿਉਂਕਿ ਉਹ ਅਮਰੀਕਾ ਦੇ ਸਹਿਯੋਗੀ ਸਨ ਅਤੇ ਉਨ੍ਹਾਂ ਦੀ ਮਦਦ ਨਾਲ ਹੀ ਈਰਾਨ ਦੀ ਗੱਦੀ 'ਤੇ ਬੈਠੇ ਸਨ।

ਮਾਰਚ ਤੱਕ ਅਮਰੀਕਾ ਨੇ ਤੇਹਰਾਨ ਸਥਿਤ ਆਪਣੇ ਦੂਤਾਵਾਸ ਅਤੇ ਕੁਝ ਕਾਰਪੋਰੇਟ ਦਫ਼ਤਰਾਂ ਵਿੱਚ ਘੱਟ ਤੋਂ ਘੱਟ ਸਟਾਫ਼ ਛੱਡ ਕੇ ਜ਼ਿਆਦਾਤਰ ਅਮਰੀਕੀਆਂ ਨੂੰ ਦੇਸ਼ ਤੋਂ ਬਾਹਰ ਕੱਢ ਲਿਆ ਸੀ।

ਯੂਐੱਸ ਡਿਪਾਰਟਮੈਂਟ ਆਫ਼ ਵਾਰ ਦੇ ਇੱਕ ਲੇਖ ਦੇ ਮੁਤਾਬਕ, ਇਸਲਾਮੀ ਕ੍ਰਾਂਤੀ ਤੋਂ ਬਾਅਦ ਕਈ ਹਫ਼ਤਿਆਂ ਦੌਰਾਨ ਅਮਰੀਕਾ ਨੇ ਆਪਣੇ 54,000 ਸੈਨਿਕਾਂ ਅਤੇ ਨਾਗਰਿਕਾਂ ਨੂੰ ਈਰਾਨ ਤੋਂ ਬਾਹਰ ਕੱਢਿਆ ਸੀ।

ਜਲਾਵਤਨੀ ਝੱਲ ਰਹੇ ਈਰਾਨ ਦੇ ਸ਼ਾਹ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਿਮੀ ਕਾਰਟਰ ਨੇ 22 ਅਕਤੂਬਰ, 1979 ਨੂੰ ਕੈਂਸਰ ਦਾ ਇਲਾਜ ਕਰਵਾਉਣ ਲਈ ਅਮਰੀਕਾ ਆਉਣ ਦੀ ਇਜਾਜ਼ਤ ਦੇ ਦਿੱਤੀ, ਇਸ ਨਾਲ ਅਮਰੀਕਾ ਦੇ ਖ਼ਿਲਾਫ਼ ਗੁੱਸਾ ਹੋਰ ਭੜਕ ਗਿਆ ਅਤੇ ਚਾਰ ਨਵੰਬਰ ਨੂੰ ਹਜ਼ਾਰਾਂ ਲੋਕਾਂ ਦੀ ਭੀੜ ਨੇ ਅਮਰੀਕੀ ਦੂਤਾਵਾਸ ਅਤੇ ਹੋਰ ਦਫ਼ਤਰਾਂ 'ਤੇ ਹਮਲਾ ਕਰ ਦਿੱਤਾ ਅਤੇ 66 ਅਮਰੀਕੀਆਂ ਨੂੰ ਬੰਦੀ ਬਣਾ ਲਿਆ।

ਨਵੰਬਰ ਦੇ ਮੱਧ ਤੱਕ 13 ਅਮਰੀਕੀਆਂ ਨੂੰ ਛੱਡ ਦਿੱਤਾ ਗਿਆ, ਪਰ 53 ਨੂੰ ਬੰਦੀ ਰੱਖਿਆ ਗਿਆ।

ਉਸ ਸਮੇਂ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਦੇ ਪ੍ਰਸ਼ਾਸਨ ਨੇ ਇਸ ਬੰਧਕ ਸੰਕਟ ਦਾ ਕੂਟਨੀਤਿਕ ਹੱਲ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਜਦੋਂ ਕੋਈ ਸਫਲਤਾ ਨਹੀਂ ਮਿਲੀ ਤਾਂ ਅਪ੍ਰੈਲ 1980 ਵਿੱਚ ਇੱਕ ਸੈਨਿਕ ਰੈਸਕਿਊ ਆਪਰੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਜਿਸਦਾ ਨਾਮ ਸੀ ਆਪਰੇਸ਼ਨ ਈਗਲ ਕਲੌ।

ਤਸਵੀਰ ਸਰੋਤ, Universal History Archive/Universal Images Group via Getty Images

ਤਸਵੀਰ ਕੈਪਸ਼ਨ, ਨਵੰਬਰ 1979 ਵਿੱਚ ਹਜ਼ਾਰਾਂ ਦੀ ਭੀੜ ਨੇ ਤੇਹਰਾਨ ਵਿੱਚ ਅਮਰੀਕੀ ਦੂਤਾਵਾਸ 'ਤੇ ਹਮਲਾ ਕਰ ਦਿੱਤਾ ਸੀ

ਆਪਰੇਸ਼ਨ ਈਗਲ ਕਲੌ ਕੀ ਸੀ

ਹਾਲਾਂਕਿ ਬੰਧਕਾਂ ਦੀ ਰਿਹਾਈ ਲਈ ਗੱਲਬਾਤ ਦੇ ਨਾਲ-ਨਾਲ ਸੈਨਿਕ ਬਦਲ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਸੀ ਅਤੇ ਇੱਕ ਸਮੇਂ ਤਾਂ ਰਾਸ਼ਟਰਪਤੀ ਕਾਰਟਰ ਨੇ ਇਹ ਵੀ ਧਮਕੀ ਦਿੱਤੀ ਸੀ ਕਿ 'ਜੇਕਰ ਈਰਾਨ ਨੇ ਕਿਸੇ ਬੰਧਕ ਨੂੰ ਮਾਰਨ ਦੀ ਹਿੰਮਤ ਕੀਤੀ ਤਾਂ ਅਮਰੀਕਾ ਈਰਾਨ 'ਤੇ ਹਮਲਾ ਕਰ ਦੇਵੇਗਾ।'

ਯੂਐੱਸ ਡਿਪਾਰਟਮੈਂਟ ਆਫ਼ ਵਾਰ ਦੇ ਮੁਤਾਬਕ, ਆਪਰੇਸ਼ਨ ਈਗਲ ਕਲੌ ਦੀ ਸ਼ੁਰੂਆਤ 24 ਅਪ੍ਰੈਲ, 1980 ਨੂੰ ਹੋਈ ਜਿਸਦੀ ਯੋਜਨਾ ਪੈਂਟਾਗਨ ਅਤੇ ਸੀਆਈਏ ਨੇ ਮਿਲ ਕੇ ਬਣਾਈ ਸੀ।

ਹਾਲਾਂਕਿ ਅਮਰੀਕੀ ਫੌਜ ਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਇਹ ਆਪਰੇਸ਼ਨ ਬਹੁਤ ਜਟਿਲ ਸਾਬਤ ਹੋਵੇਗਾ ਅਤੇ ਛੋਟੀ ਜਿਹੀ ਗ਼ਲਤੀ ਨਾਲ ਪੂਰਾ ਆਪਰੇਸ਼ਨ ਇੱਕ ਦੁਖਦਾਈ ਘਟਨਾ ਵਿੱਚ ਬਦਲ ਸਕਦਾ ਹੈ।

ਰਾਸ਼ਟਰਪਤੀ ਜਿਮੀ ਕਾਰਟਰ ਨੇ ਇਸ ਅਭਿਆਨ ਨੂੰ ਅੰਜਾਮ ਦੇਣ ਦੀ ਇਜਾਜ਼ਤ ਦਿੱਤੀ। ਵਿਦੇਸ਼ ਮੰਤਰੀ ਸਾਇਰਸ ਵੈਂਸ ਨੂੰ ਲੱਗਾ ਕਿ ਇਹ ਅਭਿਆਨ ਅਸਫ਼ਲ ਹੋ ਜਾਵੇਗਾ, ਇਸ ਲਈ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਅਸਤੀਫ਼ਾ ਦੇ ਦਿੱਤਾ।

ਯੋਜਨਾ ਦੇ ਮੁਤਾਬਕ, ਹਵਾਈ ਫੌਜ ਦੇ ਤਿੰਨ ਐੱਮਸੀ-130 ਟਰਾਂਸਪੋਰਟ ਜਹਾਜ਼ਾਂ ਵਿੱਚ 132 ਆਰਮੀ ਰੇਂਜਰਜ਼ ਅਤੇ ਡੈਲਟਾ ਫੋਰਸ ਦੇ ਸੈਨਿਕ ਸਵਾਰ ਹੋਣੇ ਸਨ ਅਤੇ ਹਵਾਈ ਫੌਜ ਦੇ ਤਿੰਨ ਈਸੀ-130 ਜਹਾਜ਼ਾਂ ਵਿੱਚ ਸਪਲਾਈ ਅਤੇ ਈਂਧਨ ਲੈ ਕੇ ਜਾਣਾ ਸੀ।

ਇਹ ਜਹਾਜ਼ ਓਮਾਨ ਦੇ ਮਸੀਰਾਹ ਟਾਪੂ ਤੋਂ ਉਡਾਣ ਭਰ ਕੇ ਤੇਹਰਾਨ ਤੋਂ 200 ਮੀਲ ਦੱਖਣ-ਪੂਰਬ ਵਿੱਚ ਸਥਿਤ ਇੱਕ ਦੂਰ-ਦੁਰਾਢੇ ਲੂਣ ਦੇ ਮੈਦਾਨ, ਜਿਸਨੂੰ ਡੇਜ਼ਰਟ ਵਨ ਨਾਮ ਦਿੱਤਾ ਗਿਆ ਸੀ, ਉੱਤੇ ਉਤਰਣ ਵਾਲੇ ਸਨ।

ਹਮਲਾਵਰ ਦਸਤੇ ਵਿੱਚ 120 ਡੈਲਟਾ ਫੋਰਸ ਓਪਰੇਟਰ, 12 ਰੇਂਜਰਜ਼ ਅਤੇ 15 ਈਰਾਨੀ ਅਤੇ ਅਮਰੀਕੀ ਫਾਰਸੀ ਬੋਲਣ ਵਾਲੇ ਸ਼ਾਮਲ ਸਨ।

ਇਸ ਦਸਤੇ ਨੂੰ ਅਰਬ ਸਾਗਰ ਵਿੱਚ ਤੈਨਾਤ ਯੂਐੱਸਐੱਸ ਨਿਮਿਟਜ਼ ਏਅਰਕ੍ਰਾਫ਼ਟ ਕੈਰੀਅਰ ਤੋਂ ਆ ਰਹੇ ਅੱਠ ਆਰਐੱਚ-53ਡੀ ਹੈਲੀਕਾਪਟਰਾਂ ਨਾਲ ਮਿਲਣਾ ਸੀ। ਈਂਧਨ ਭਰਨ ਤੋਂ ਬਾਅਦ, ਇਹ ਹੈਲੀਕਾਪਟਰ ਡੈਲਟਾ ਫੋਰਸ ਨੂੰ ਤੇਹਰਾਨ ਤੋਂ 65 ਮੀਲ (104.6 ਕਿਲੋਮੀਟਰ) ਦੂਰ ਇੱਕ ਪਹਾੜੀ ਥਾਂ, ਡੇਜ਼ਰਟ ਟੂ, ਤੱਕ ਲੈ ਕੇ ਜਾਣੇ ਸਨ ਜਿੱਥੇ ਉਨ੍ਹਾਂ ਨੂੰ ਛੁਪਣਾ ਸੀ।

ਅਗਲੀ ਰਾਤ, ਸੀਆਈਏ ਏਜੰਟ ਟਰੱਕਾਂ ਨਾਲ ਡੇਜ਼ਰਟ ਪਹੁੰਚਣੇ ਸਨ ਅਤੇ ਉੱਥੋਂ ਅਮਰੀਕੀ ਦੂਤਾਵਾਸ ਵੱਲ ਕੂਚ ਕਰਨਾ ਸੀ। ਮੁੱਖ ਹਮਲਾ ਦਸਤਾ ਦੂਤਾਵਾਸ 'ਤੇ ਧਾਵਾ ਬੋਲ ਕੇ ਬੰਧਕਾਂ ਨੂੰ ਛੁਡਾਉਂਦਾ, ਜਦਕਿ ਹੋਰ ਸੈਨਿਕ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰਦੇ ਤਾਂ ਜੋ ਈਰਾਨਵੱਲੋਂ ਕਾਰਵਾਈ ਹੌਲੀ ਹੋ ਜਾਵੇ।

ਬਚਾਏ ਗਏ ਬੰਧਕਾਂ ਨੂੰ ਨੇੜਲੇ ਇੱਕ ਫੁੱਟਬਾਲ ਸਟੇਡੀਅਮ, ਸ਼ਹੀਦ ਸ਼ਿਰੂਦੀ ਸਟੇਡੀਅਮ ਵਿੱਚ ਲੈ ਕੇ ਜਾਣਾ ਸੀ, ਜਿੱਥੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਦੱਖਣ ਵੱਲ 35 ਮੀਲ (56.3 ਕਿਲੋਮੀਟਰ) ਦੂਰ ਸਥਿਤ ਮੰਜ਼ਰੀਏਹ ਏਅਰਫੀਲਡ ਤੱਕ ਪਹੁੰਚਾਉਣਾ ਸੀ।

ਅੰਤ ਵਿੱਚ, ਅਮਰੀਕੀ ਫੌਜ ਦੇ ਰੇਂਜਰਜ਼ ਏਅਰਫੀਲਡ 'ਤੇ ਕਬਜ਼ਾ ਕਰ ਲੈਂਦੇ ਅਤੇ ਸੀ-141 ਟਰਾਂਸਪੋਰਟ ਜਹਾਜ਼ਾਂ ਦਾ ਇੰਤਜ਼ਾਰ ਕਰਦੇ, ਜੋ ਬੰਧਕਾਂ ਨੂੰ ਸੁਰੱਖਿਅਤ ਇਲਾਕੇ ਵਿੱਚ ਲੈ ਕੇ ਜਾਂਦੇ।

ਤਸਵੀਰ ਸਰੋਤ, US Department Of War

ਤਸਵੀਰ ਕੈਪਸ਼ਨ, ਆਪਰੇਸ਼ਨ ਈਗਲ ਕਲੌ ਦੌਰਾਨ ਈਰਾਨ ਦੇ ਰੇਗਿਸਤਾਨ ਵਿੱਚ ਅਮਰੀਕੀ ਨੌਸੈਨਾ ਦੇ ਇੱਕ ਆਰਐੱਚ-53ਡੀ ਹੈਲੀਕਾਪਟਰ ਦਾ ਮਲਬਾ, ਜਦਕਿ ਦੂਜੇ ਨੂੰ ਛੱਡ ਦਿੱਤਾ ਗਿਆ ਸੀ

ਗੜਬੜ ਕਿੱਥੇ ਹੋਈ?

ਯੂਐੱਸ ਡਿਪਾਰਟਮੈਂਟ ਆਫ ਵਾਰ ਦੀ ਵੈੱਬਸਾਈਟ 'ਤੇ ਛਪੇ ਲੇਖ 'ਫੇਲਡ ਈਰਾਨ ਹੋਸਟੇਜ ਰੈਸਕਿਊ ਕੰਟੀਨਿਊਜ਼ ਟੂ ਟੀਚ ਲੈਸਨਜ਼ 45 ਈਅਰਜ਼ ਆਫਟਰ' ਵਿੱਚ ਲਿਖਿਆ ਹੈ ਕਿ ਇਹ ਆਪਰੇਸ਼ਨ ਬਹੁਤ ਜਟਿਲ ਸੀ ਅਤੇ ਹਰ ਪੜਾਅ ਦਾ ਸਹੀ ਤਰੀਕੇ ਨਾਲ ਪੂਰਾ ਹੋਣਾ ਜ਼ਰੂਰੀ ਸੀ। ਕਿਸੇ ਵੀ ਗ਼ਲਤੀ ਨਾਲ ਪੂਰਾ ਮਿਸ਼ਨ ਅਸਫ਼ਲ ਹੋ ਸਕਦਾ ਸੀ।

ਆਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਐੱਮਸੀ-130 ਜਹਾਜ਼ ਡੇਜ਼ਰਟ ਵਨ ਵਿੱਚ ਸਹੀ ਸਲਾਮਤ ਪਹੁੰਚ ਗਿਆ। ਪਰ ਇਸ ਤੋਂ ਬਾਅਦ ਹਾਲਾਤ ਕਾਬੂ ਤੋਂ ਬਾਹਰ ਹੋਣ ਲੱਗੇ।

ਡੇਜ਼ਰਟ ਵਨ ਦੇ ਨੇੜਿਓਂ ਲੰਘ ਰਹੀ ਇੱਕ ਬੱਸ ਨੂੰ ਰੋਕਿਆ ਗਿਆ ਅਤੇ ਉਸ ਦੇ ਯਾਤਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਬਾਅਦ ਵਿੱਚ ਇੱਕ ਈਂਧਨ ਟੈਂਕਰ ਗੁਜ਼ਰਿਆ ਜੋ ਰੁਕਿਆ ਨਹੀਂ ਤਾਂ ਅਮਰੀਕੀ ਫੌਜੀ ਨੇ ਉਸਨੂੰ ਐਂਟੀ-ਟੈਂਕ ਹਥਿਆਰ ਨਾਲ ਉਡਾ ਦਿੱਤਾ, ਜਿਸ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਅੱਗ ਦੇ ਵੱਡੇ ਗੋਲੇ ਨਾਲ ਰੌਸ਼ਨੀ ਹੋ ਗਈ। ਇਨ੍ਹਾਂ ਹਾਲਾਤ ਵਿੱਚ ਇੱਕ ਪਿਕਅਪ ਟਰੱਕ ਨੇ ਦੂਰੋਂ ਹੀ ਆਪਣਾ ਰਸਤਾ ਬਦਲ ਲਿਆ।

ਉੱਧਰ, ਹੈਲੀਕਾਪਟਰ ਮਿੱਟੀ ਨਾਲ ਭਰੀ ਹਨੇਰੀ, ਜਿਸਨੂੰ ਹਬੂਬ ਕਿਹਾ ਜਾਂਦਾ ਹੈ, ਵਿੱਚ ਫਸ ਗਏ ਅਤੇ ਉਨ੍ਹਾਂ ਦੀ ਦੇਖਣ ਦੀ ਸਮਰਥਾ ਇੰਨੀ ਘੱਟ ਹੋ ਗਈ ਕਿ ਅੱਠ ਵਿੱਚੋਂ ਦੋ ਹੈਲੀਕਾਪਟਰ ਵਾਪਸ ਮੁੜ ਗਏ ਅਤੇ ਇੱਕ ਤਕਨੀਕੀ ਖ਼ਰਾਬੀ ਕਾਰਨ ਬੇਕਾਰ ਹੋ ਗਿਆ।

ਆਖ਼ਰਕਾਰ, ਸਿਰਫ਼ ਪੰਜ ਹੈਲੀਕਾਪਟਰ ਬਚੇ, ਜਿਸ ਨਾਲ ਕਮਾਂਡਰਾਂ ਵਿਚਕਾਰ ਮਤਭੇਦ ਹੋਇਆ ਅਤੇ ਕਰੀਬ ਢਾਈ ਘੰਟੇ ਦੀ ਚਰਚਾ ਤੋਂ ਬਾਅਦ ਮਿਸ਼ਨ ਰੱਦ ਕਰ ਦਿੱਤਾ ਗਿਆ ਅਤੇ ਹਿਰਾਸਤ ਵਿੱਚ ਲਏ ਗਏ ਬੱਸ ਯਾਤਰੀਆਂ ਨੂੰ ਛੱਡ ਦਿੱਤਾ ਗਿਆ।

ਹੁਣ ਹਮਲਾਵਰ ਦਸਤੇ ਨੂੰ ਐੱਮਸੀ-130 'ਤੇ ਵਾਪਸ ਲੈ ਕੇ ਜਾਣ ਦੀ ਚੁਣੌਤੀ ਸੀ, ਤਾਂ ਜੋ ਹੈਲੀਕਾਪਟਰਾਂ ਵਿੱਚ ਇੰਧਨ ਭਰਿਆ ਜਾ ਸਕੇ ਅਤੇ ਉਹ ਨਿਮਿਟਜ਼ 'ਤੇ ਵਾਪਸ ਜਾ ਸਕਣ।

ਪਰ ਸਭ ਤੋਂ ਵੱਡਾ ਹਾਦਸਾ ਉਦੋਂ ਹੋਇਆ ਜਦੋਂ ਇੱਕ ਹੈਲੀਕਾਪਟਰ ਸੀ-130 ਜਹਾਜ਼ ਨਾਲ ਟਕਰਾ ਗਿਆ, ਜਿਸ ਨਾਲ ਦੋਵਾਂ ਵਿੱਚ ਧਮਾਕਾ ਹੋ ਗਿਆ ਅਤੇ ਅੱਠ ਲੋਕਾਂ (ਸੀ-130 ਦੇ ਪੰਜ ਅਤੇ ਆਰਐੱਚ-53ਡੀ ਦੇ ਤਿੰਨ ਮਰੀਨ ਮੈਂਬਰਾਂ) ਦੀ ਮੌਤ ਹੋ ਗਈ।

ਕਮਾਂਡਰਾਂ ਨੇ ਬਾਕੀ ਹੈਲੀਕਾਪਟਰਾਂ ਨੂੰ ਉੱਥੇ ਹੀ ਛੱਡ ਦੇਣ ਅਤੇ ਸਾਰੇ ਲੋਕਾਂ ਨੂੰ ਈਸੀ-130 ਵਿੱਚ ਸਵਾਰ ਹੋ ਕੇ ਮਸੀਰਾਹ ਨੂੰ ਤੁਰੰਤ ਛੱਡਣ ਦਾ ਹੁਕਮ ਦਿੱਤਾ।

ਅਗਲੇ ਦਿਨ ਵ੍ਹਾਈਟ ਹਾਊਸ ਨੇ ਮਿਸ਼ਨ ਦੀ ਨਾਕਾਮੀ ਦਾ ਐਲਾਨ ਕੀਤਾ।

ਈਰਾਨੀ ਟੈਲੀਵਿਜ਼ਨ 'ਤੇ ਇਸ ਮਲਬੇ ਦੀਆਂ ਤਸਵੀਰਾਂ ਦੁਨੀਆਂ ਨੂੰ ਦਿਖਾਈਆਂ ਗਈਆਂ ਅਤੇ ਬੰਧਕਾਂ ਨੂੰ ਵੱਖ-ਵੱਖ ਥਾਵਾਂ 'ਤੇ ਵੰਡ ਦਿੱਤਾ ਗਿਆ ਤਾਂ ਜੋ ਭਵਿੱਖ ਵਿੱਚ ਅਜਿਹਾ ਆਪਰੇਸ਼ਨ ਨਾ ਹੋ ਸਕੇ।

ਤਸਵੀਰ ਸਰੋਤ, US Department Of War

ਤਸਵੀਰ ਕੈਪਸ਼ਨ, ਈਰਾਨ ਦੇ ਰੇਗਿਸਤਾਨ ਵਿੱਚ ਆਰਐੱਚ-53ਡੀ ਹੈਲੀਕਾਪਟਰ ਅਤੇ ਵਾਇੁ ਸੈਨਾ ਦੇ ਈਸੀ-130ਈ ਹਰਕਿਊਲਿਸ ਜਹਾਜ਼ ਦਾ ਮਲਬਾ

ਆਪਰੇਸ਼ਨ ਈਗਲ ਕਲੌ ਦੇ ਸਬਕ

ਹਾਲਾਂਕਿ ਆਪਰੇਸ਼ਨ ਈਗਲ ਕਲੌ ਨਾਕਾਮ ਰਿਹਾ, ਪਰ 24 ਅਪ੍ਰੈਲ 1980 ਦੀਆਂ ਘਟਨਾਵਾਂ ਨੇ ਅਮਰੀਕੀ ਸਪੈਸ਼ਲ ਆਪਰੇਸ਼ਨਜ਼ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।

ਪਿਛਲੇ ਸਾਲ ਇੱਕ ਸਮਾਗਮ ਵਿੱਚ, ਏਅਰ ਫੋਰਸ ਦੇ ਕਰਨਲ ਜੈਫ ਮੈਕਮਾਸਟਰ ਨੇ ਕਿਹਾ ਕਿ ਇਸ ਆਪਰੇਸ਼ਨ ਤੋਂ ਬਾਅਦ ਹੋਲੋਵੇ ਰਿਪੋਰਟ ਆਈ, ਜਿਸ ਵਿੱਚ ਮਿਸ਼ਨ ਦੀਆਂ ਕਮੀਆਂ ਦੀ ਜਾਂਚ ਕੀਤੀ ਗਈ। ਇਸ ਵਿੱਚ ਯੋਜਨਾ, ਕਮਾਂਡ ਅਤੇ ਵੱਖ-ਵੱਖ ਸੇਵਾਵਾਂ ਦੇ ਤਾਲਮੇਲ ਵਿੱਚ ਖਾਮੀਆਂ ਦਰਸਾਈਆਂ ਗਈਆਂ।

ਉਨ੍ਹਾਂ ਨੇ ਕਿਹਾ ਕਿ ਇਸ ਰਿਪੋਰਟ ਦਾ ਅਮਰੀਕੀ ਫੌਜ 'ਤੇ ਡੂੰਘਾ ਅਸਰ ਪਿਆ ਅਤੇ ਇਸ ਨਾਲ ਯੂਨਾਈਟੇਡ ਸਟੇਟਸ ਸਪੈਸ਼ਲ ਆਪਰੇਸ਼ਨਜ਼ ਕਮਾਂਡ ਦਾ ਗਠਨ ਹੋਇਆ।

ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਨਾਕਾਮ ਆਪਰੇਸ਼ਨ ਦਾ ਅਸਰ ਜਿਮੀ ਕਾਰਟਰ ਦੇ ਚੋਣ 'ਤੇ ਪਿਆ ਅਤੇ ਉਹ ਰੋਨਾਲਡ ਰੀਗਨ ਨਾਲ ਹਾਰ ਗਏ।

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਿਮੀ ਕਾਰਟਰ ਨੇ ਆਪਰੇਸ਼ਨ ਈਗਲ ਕਲੌ ਨੂੰ ਰੱਦ ਕਰਨ ਦਾ ਐਲਾਨ ਕੀਤਾ, ਇਸ ਘਟਨਾ ਦਾ ਉਨ੍ਹਾਂ ਦੇ ਰਾਜਨੀਤਿਕ ਕਰੀਅਰ 'ਤੇ ਬਹੁਤ ਅਸਰ ਪਿਆ

ਕਿਵੇਂ ਛੁਡਾਏ ਗਏ ਬੰਧਕ

ਬੀਬੀਸੀ ਨਾਰਥ ਅਮਰੀਕਾ ਸੰਵਾਦਦਾਤਾ ਸਿਮੀ ਜੋਲਾਸੋ ਦੀ ਇੱਕ ਰਿਪੋਰਟ ਦੇ ਮੁਤਾਬਕ, ਈਰਾਨ ਨੇ ਅਮਰੀਕੀ ਰਾਜਨਾਇਕਾਂ ਨੂੰ 444 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਸੀ।

ਬੰਧਕਾਂ ਨੂੰ ਛੁਡਾਉਣ ਦੇ ਬਦਲੇ ਅਮਰੀਕਾ ਨੇ ਉਸ ਸਮੇਂ ਈਰਾਨ 'ਤੇ ਲੱਗੀਆਂ ਕੁਝ ਪਾਬੰਦੀਆਂ ਹਟਾਈਆਂ। ਨਾਲ ਹੀ 8 ਅਰਬ ਡਾਲਰ ਦੀ ਈਰਾਨੀ ਜਾਇਦਾਦ ਨੂੰ ਅਨਫ੍ਰੀਜ਼ ਕੀਤਾ ਗਿਆ। ਇਹ ਘਟਨਾ ਅਮਰੀਕਾ 'ਤੇ ਇੱਕ ਡੂੰਘੀ ਰਾਜਨੀਤਿਕ ਸੱਟ ਛੱਡ ਗਈ ਸੀ।

ਇਸ ਤੋਂ ਬਾਅਦ ਵੀ ਅਜਿਹੇ ਕਈ ਵਾਕਿਏ ਹੋਏ, ਜਦੋਂ ਅਮਰੀਕਾ ਨੇ ਆਪਣੇ ਲੋਕਾਂ ਨੂੰ ਛੁਡਾਉਣ ਲਈ ਵੱਡੇ ਕਦਮ ਚੁੱਕੇ। ਕਈ ਵਾਰ ਤਾਂ ਅਮਰੀਕੀ ਕੈਦੀਆਂ ਦੀ ਰਿਹਾਈ ਲਈ ਕੀਤੇ ਗਏ ਫੈਸਲਿਆਂ 'ਤੇ ਵਿਵਾਦ ਵੀ ਹੋਇਆ।

ਸਾਲ 2014 ਵਿੱਚ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਨੇ ਆਪਣੇ ਸੈਨਿਕ ਬੋਵੇ ਬਰਗਡਾਹਲ ਨੂੰ ਛੁਡਾਉਣ ਲਈ ਪੰਜ ਤਾਲਿਬਾਨ ਕੈਦੀਆਂ ਨੂੰ ਛੱਡ ਦਿੱਤਾ ਸੀ। ਬਰਗਡਾਲ ਨੂੰ ਤਾਲਿਬਾਨ ਨੇ 2009 ਵਿੱਚ ਅਫਗਾਨਿਸਤਾਨ ਵਿੱਚ ਫੜ ਲਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)