You’re viewing a text-only version of this website that uses less data. View the main version of the website including all images and videos.
ਜਿਸ ਵਿਅਕਤੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਹੋ ਚੁੱਕੀ ਸੀ, ਉਹੀ 'ਜ਼ਿੰਦਾ' ਸਾਹਮਣੇ ਆ ਗਿਆ, ਪਰ ਅਜਿਹਾ ਕਿਵੇਂ ਹੋਇਆ
- ਲੇਖਕ, ਜ਼ੇਵਿਅਰ ਸੇਲਵਾਕੁਮਾਰ
- ਰੋਲ, ਬੀਬੀਸੀ ਤਮਿਲ
- ਪੜ੍ਹਨ ਦਾ ਸਮਾਂ: 7 ਮਿੰਟ
ਤਮਿਲ ਨਾਡੂ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਮਰਿਆ ਹੋਇਆ ਸਮਝ ਕੇ ਪਰਿਵਾਰ ਨੇ ਉਸ ਦੀ ਲਾਸ਼ ਦੀਆਂ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕਰ ਲਈਆਂ ਸਨ ਅਤੇ ਅੰਤਿਮ ਸੰਸਕਾਰ ਦੀ ਤਿਆਰੀ ਸੀ, ਕਿ ਉਸ ਤੋਂ ਪਹਿਲਾਂ ਹੀ ਉਹ ਵਿਅਕਤੀ ਜ਼ਿੰਦਾ ਪਰਿਵਾਰ ਦੇ ਸਾਹਮਣੇ ਆ ਖਲੋਤਾ।
ਦਰਅਸਲ ਤਮਿਲ ਨਾਡੂ ਸੂਬੇ ਦੇ ਕੋਇੰਬਟੂਰ ਜ਼ਿਲ੍ਹੇ ਦੇ ਪੋਲਾਚੀ ਦੇ ਰਹਿਣ ਵਾਲੇ ਕਾਲੀਦਾਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੰਤਿਮ ਰਸਮਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਫਿਰ ਉਹ ਅਚਾਨਕ ਜ਼ਿੰਦਾ ਸਾਹਮਣੇ ਆ ਗਏ।
ਸਾਰੇ ਘਟਨਾਕ੍ਰਮ ਤੋਂ ਬਾਅਦ, ਜਿਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਉਸਨੂੰ ਕੋਇੰਬਟੂਰ ਦੇ ਈਐਸਆਈ ਮੈਡੀਕਲ ਕਾਲਜ ਹਸਪਤਾਲ ਨੂੰ ਸੌਂਪ ਦਿੱਤਾ ਗਿਆ ਹੈ।
ਵਿਅਕਤੀ ਦੇ ਪਰਿਵਾਰ ਨੇ ਕਿਹਾ ਕਿ ਇਹ ਸਭ ਗਲਤਫਹਿਮੀ ਕਾਰਨ ਹੋਇਆ। ਉਨ੍ਹਾਂ ਦੱਸਿਆ ਕਿ ਅਜਿਹੀ ਗਲਤਫਹਮੀ ਇਸ ਕਰਕੇ ਹੋਈ ਕਿਉਂਕਿ ਦੋਵੇਂ (ਉਨ੍ਹਾਂ ਦੇ ਪਿਤਾ ਅਤੇ ਮ੍ਰਿਤਕ) ਇੱਕੋ-ਜਿਹੇ ਦਿਖਦੇ ਸਨ।
ਪਰਿਵਾਰ ਮੁਤਾਬਕ, ਉਨ੍ਹਾਂ ਨੇ ਤਾਂ ਅੰਤਿਮ ਸੰਸਕਾਰ 'ਤੇ ਕਈ ਹਜ਼ਾਰ ਰੁਪਏ ਵੀ ਖਰਚ ਕਰ ਦਿੱਤੇ ਸਨ।
ਪੁਲਿਸ ਨੇ ਕਿਹਾ ਕਿ ਜਿਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ, ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਕੋਟੂਰ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਜਗਤੀਸਨ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇਹ ਸਭ ਕੁਝ ਯੋਜਨਾ ਬਣਾ ਕੇ ਨਹੀਂ ਕੀਤਾ ਗਿਆ ਸੀ ਅਤੇ ਜੇਕਰ ਅਜਿਹਾ ਹੁੰਦਾ ਤਾਂ ਕਾਨੂੰਨੀ ਸਲਾਹ ਲਈ ਜਾਂਦੀ ਅਤੇ ਕਾਰਵਾਈ ਕੀਤੀ ਜਾਂਦੀ।
ਇੱਕੋ-ਜਿਹਾ ਦਿਖਣ ਕਰਕੇ ਹੋਈ ਗਲਤਫਹਮੀ!
ਪੋਲਾਚੀ ਦੇ ਪੇਟਾਨਾਯਾਕਨੂਰ ਦੇ ਰਹਿਣ ਵਾਲੇ ਕਾਲੀਦਾਸ ਦੇ ਪਿਤਾ ਮਰੁਦਾਮੁਥੁ ਪਿਛਲੇ ਸ਼ਨੀਵਾਰ ਅਚਾਨਕ ਲਾਪਤਾ ਹੋ ਗਏ ਸਨ। ਕਾਲੀਦਾਸ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਅਤੇ ਉਨ੍ਹਾਂ ਨੂੰ ਕਈ ਥਾਵਾਂ 'ਤੇ ਲੱਭਿਆ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੁਝ ਲੋਕਾਂ ਨੂੰ ਸੜਕ ਕਿਨਾਰੇ ਪਏ ਮਿਲੇ ਸਨ ਅਤੇ ਉਨ੍ਹਾਂ ਨੇ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਪਹੁੰਚ ਦਿੱਤਾ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਕਿੱਥੇ ਭੇਜਿਆ ਗਿਆ ਸੀ।
ਕਾਲੀਦਾਸ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ, ਮਰੁਦਾਮੁਥੁ ਦੇ ਤਿੰਨ ਪੁੱਤਰ ਹਨ, ਜਿਨ੍ਹਾਂ ਵਿੱਚੋਂ ਕਾਲੀਦਾਸ ਵੀ ਇੱਕ ਹਨ। ਪਰ ਉਹ ਆਪਣੇ ਪੁੱਤਰਾਂ ਵਿੱਚੋਂ ਕਿਸੇ ਕੋਲ ਵੀ ਲਗਾਤਾਰ ਨਹੀਂ ਰਹਿੰਦੇ ਸਨ ਅਤੇ ਕੇਂਗਮਪਲਯਮ ਵਿੱਚ ਇੱਕਲੇ ਰਹਿੰਦੇ ਸਨ।
ਪਰ ਉਹ ਅਕਸਰ ਕਾਲੀਦਾਸ ਦੇ ਘਰ ਆਉਂਦੇ ਸਨ। ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਜਦੋਂ ਕਾਲੀਦਾਸ ਉਨ੍ਹਾਂ ਨੂੰ ਲੱਭ ਰਹੇ ਸਨ, ਉਸੇ ਦੌਰਾਨ ਪਿਛਲੇ ਐਤਵਾਰ ਨੂੰ ਕੋਟੂਰ ਪੁਲਿਸ ਸਟੇਸ਼ਨ ਤੋਂ ਕਾਲੀਦਾਸ ਨੂੰ ਕਾਲ ਆਈ।
ਜਦੋਂ ਉਹ ਉੱਥੇ ਗਏ ਤਾਂ ਉਨ੍ਹਾਂ ਨੂੰ ਇੱਕ ਫੋਟੋ ਦਿਖਾਈ ਗਈ ਅਤੇ ਕਿਹਾ ਗਿਆ ਕਿ ਉਹ ਆਦਮੀ ਮਰ ਚੁੱਕਾ ਹੈ ਅਤੇ ਉਸ ਦੀ ਲਾਸ਼ ਕੋਇੰਬਟੂਰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਹੈ।
ਜਦੋਂ ਕੋਈ ਅਣਪਛਾਤਾ ਆਦਮੀ ਮਰ ਜਾਂਦਾ ਹੈ ਤਾਂ ਪੁਲਿਸ ਅਜਿਹੇ ਵਿਅਕਤੀ ਦੀ ਫੋਟੋ ਖਿੱਚ ਲੈਂਦੀ ਹੈ ਅਤੇ ਫਿਰ ਉਸ ਫੋਟੋ ਨੂੰ ਵੱਖ-ਵੱਖ ਪੁਲਿਸ ਸਟੇਸ਼ਨਾਂ ਨੂੰ ਭੇਜਿਆ ਜਾਂਦਾ ਹੈ ਅਤੇ ਪੁਲਿਸ ਸਟੇਸ਼ਨਾਂ ਦੇ ਨੋਟਿਸ ਬੋਰਡਾਂ 'ਤੇ ਲਗਾਇਆ ਜਾਂਦਾ ਹੈ, ਤਾਂ ਜੋ ਕੋਈ ਉਸ ਨੂੰ ਪਛਾਣ ਸਕੇ।
ਕੋਟੂਰ ਪੁਲਿਸ ਸਟੇਸ਼ਨ ਵਿੱਚ ਲੱਗੀ ਫੋਟੋ ਦੇਖ ਕੇ ਕੁਝ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਦਮੀ ਕੇਂਗਮਪਲਯਮ ਦਾ ਮਰੁਦਾਮੁਥੁ ਸੀ। ਫਿਰ ਪੁਲਿਸ ਨੇ ਕਾਲੀਦਾਸ ਨੂੰ ਫੋਨ ਕੀਤਾ।
ਕਾਲੀਦਾਸ ਦਾ ਪਰਿਵਾਰ ਸੋਮਵਾਰ ਨੂੰ ਕੋਇੰਬਟੂਰ ਸਰਕਾਰੀ ਹਸਪਤਾਲ ਗਿਆ ਅਤੇ ਪੁਲਿਸ ਤੋਂ ਲਾਸ਼ ਲੈਣ ਲਈ ਲੋੜੀਂਦੇ ਦਸਤਾਵੇਜ਼ ਲਏ।
ਉਨ੍ਹਾਂ ਨੇ ਉੱਥੇ ਰਸਮੀ ਕਾਰਵਾਈ ਮੁਤਾਬਕ ਸਾਰੇ ਦਸਤਾਵੇਜ਼ ਦਿੱਤੇ, ਲਾਸ਼ ਲਈ, ਉਸਨੂੰ ਪੇਟਟਾ ਨਾਇਕਨੂਰ ਲੈਕੇ ਆਏ ਅਤੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਕਾਲੀਦਾਸ ਦੇ ਪਤਨੀ ਵੈਦੇਗੀ ਨੇ ਦੱਸਿਆ, "ਇੱਕ ਰਿਸ਼ਤੇਦਾਰ ਜੋ ਮੌਤ ਦੀ ਖ਼ਬਰ ਸੁਣ ਕੇ ਪੋਲਾਚੀ ਤੋਂ ਸਾਡੇ ਘਰ ਆ ਰਹੇ ਸਨ, ਉਹ ਮੇਰੇ ਸਹੁਰੇ ਨੂੰ ਸਮਥੁਰ ਦੇ ਨੇੜੇ ਘੁੰਮਦੇ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੂੰ ਲੱਗਿਆ ਕਿ ਸਾਨੂੰ ਉਨ੍ਹਾਂ ਦੀ ਗੱਲ 'ਤੇ ਯਕੀਨ ਨਹੀਂ ਹੋਵੇਗਾ, ਇਸ ਲਈ ਉਸ ਨੇ ਉਨ੍ਹਾਂ ਦਾ (ਮੇਰੇ ਸਹੁਰੇ ਦਾ) ਇੱਕ ਵੀਡੀਓ ਬਣਾਇਆ ਅਤੇ ਸਾਨੂੰ ਭੇਜ ਦਿੱਤਾ। ਸਾਨੂੰ ਤਾਂ ਦੇਖ ਕੇ ਯਕੀਨ ਹੀ ਨਹੀਂ ਆਇਆ। ਪਰ ਫਿਰ ਉਹ ਆਟੋ ਰਾਹੀਂ ਮੇਰੇ ਸਹੁਰੇ ਨੂੰ ਘਰ ਲੈ ਆਏ।''
ਵੈਦੇਗੀ ਨੇ ਕਿਹਾ, "ਜਦੋਂ ਤੱਕ ਉਹ ਨਹੀਂ ਆਏ, ਸਾਨੂੰ ਇਸ 'ਤੇ ਯਕੀਨ ਹੀ ਨਹੀਂ ਹੋਇਆ। ਉਨ੍ਹਾਂ ਦੇ ਆਉਣ ਤੋਂ ਬਾਅਦ ਅਸੀਂ ਹੈਰਾਨ ਰਹਿ ਗਏ। ਦਰਅਸਲ, ਮੇਰੇ ਪਤੀ ਕੋਇੰਬਟੂਰ ਸਰਕਾਰੀ ਹਸਪਤਾਲ ਇਸ ਲਈ ਗਏ ਸਨ ਕਿਉਂਕਿ ਉਨ੍ਹਾਂ ਨੇ ਕੋਟੂਰ ਪੁਲਿਸ ਸਟੇਸ਼ਨ ਵਿੱਚ ਮੇਰੇ ਸਸੁਰ ਦੀ ਫੋਟੋ ਦਿਖਾ ਕੇ ਘਟਨਾ ਦੀ ਰਿਪੋਰਟ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਆਇਸਬਾਕਸ ਵਿੱਚ ਜੋ ਲਾਸ਼ ਦਿਖਾਈ ਗਈ ਸੀ, ਉਸਨੂੰ ਦੇਖ ਕੇ ਚਿਹਰਾ ਬਦਲਿਆ ਹੋਇਆ ਲੱਗ ਰਿਹਾ ਸੀ।''
''ਹਸਪਤਾਲ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਚਿਹਰਾ ਇਸ ਲਈ ਬਦਲ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਮਰੇ ਹੋਏ 3 ਦਿਨ ਹੋ ਚੁੱਕੇ ਸਨ। ਜਦੋਂ ਮੇਰੇ ਪਤੀ ਨੇ ਉਨ੍ਹਾਂ ਦੇ ਬਦਲੇ ਹੋਏ ਕੱਪੜਿਆਂ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿਸੇ ਨੇ ਉਨ੍ਹਾਂ ਨੂੰ ਕੱਪੜੇ ਦਿੱਤੇ ਹੋਣ ਕਿਉਂਕਿ ਉਹ ਬਹੁਤ ਗੰਦੇ ਸਨ। ਉਨ੍ਹਾਂ ਨੇ ਉਨ੍ਹਾਂ ਦੀ ਗੱਲ 'ਤੇ ਯਕੀਨ ਕਰ ਲਿਆ।"
ਦੂਜੇ ਪਾਸੇ, ਮਰੁਦਾਮੁਥੁ - ਜਿਨ੍ਹਾਂ ਨੂੰ ਸੜਕ 'ਤੇ ਡਿੱਗਣ ਤੋਂ ਬਾਅਦ ਐਂਬੂਲੈਂਸ ਰਾਹੀਂ ਪੋਲਾਚੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ - ਕੁਝ ਠੀਕ ਹੋਣ ਤੋਂ ਬਾਅਦ ਘਰ ਵਾਪਸ ਆਉਣ ਦੀ ਬਜਾਏ ਇੱਕ ਰਿਸ਼ਤੇਦਾਰ ਦੇ ਘਰ ਚਲੇ ਗਏ ਸਨ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਉਨ੍ਹਾਂ ਨੂੰ ਲੱਭ ਰਹੇ ਸਨ, ਪਰ ਉਨ੍ਹਾਂ ਨੂੰ ਪੱਕਾ ਨਹੀਂ ਪਤਾ ਸੀ ਕਿ ਉਹ ਕਿੱਥੇ ਹਨ, ਕਿਉਂਕਿ ਉਨ੍ਹਾਂ ਕੋਲ ਮੋਬਾਈਲ ਫ਼ੋਨ ਨਹੀਂ ਸੀ।
ਮਰੁਦਾਮੁਥੁ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਉਨ੍ਹਾਂ ਦੇ ਪੁੱਤਰ ਕਾਲੀਦਾਸ ਨੇ ਕਿਹਾ, "ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਹਾਂ।"
ਜੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੁੰਦਾ ਤਾਂ ਕੀ ਕਾਰਵਾਈ ਕੀਤੀ ਜਾਂਦੀ?
ਕਾਲੀਦਾਸ ਦੇ ਪਤਨੀ ਵੈਦੇਗੀ ਕਹਿੰਦੇ ਹਨ ਕਿ ਉਨ੍ਹਾਂ ਦੇ ਪਤੀ ਨਾਰੀਅਲ ਛਿੱਲਣ ਦਾ ਕੰਮ ਕਰਦੇ ਹਨ ਅਤੇ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਪਹਿਲਾਂ ਹੀ ਹਜ਼ਾਰਾਂ ਰੁਪਏ ਖਰਚ ਚੁੱਕੇ ਸਨ।
ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮ੍ਰਿਤਕ ਵਿਅਕਤੀ ਮਰੁਦਾਮੁਥੁ ਨਹੀਂ ਸਨ, ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲਾਸ਼ ਕੋਇੰਬਟੂਰ ਦੇ ਈਐਸਆਈ ਹਸਪਤਾਲ ਨੂੰ ਸੌਂਪ ਦਿੱਤੀ।
ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਕੋਟੂਰ ਪੁਲਿਸ ਇੰਸਪੈਕਟਰ ਜਗਤੀਸਨ ਨੇ ਕਿਹਾ, "ਇਸ ਵਿੱਚ ਪੁਲਿਸ ਦੀ ਕੋਈ ਗਲਤੀ ਨਹੀਂ ਹੈ। ਅਸੀਂ ਲਾਸ਼ ਹਵਾਲੇ ਕਰਨ ਲਈ ਕਾਨੂੰਨੀ ਦਸਤਾਵੇਜ਼ ਤਿਆਰ ਕੀਤੇ ਕਿਉਂਕਿ ਪੁੱਤਰਾਂ ਨੇ ਕਿਹਾ ਸੀ ਕਿ ਇਹ ਸਾਡੇ ਪਿਤਾ ਦੀ ਲਾਸ਼ ਹੈ। ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਉਨ੍ਹਾਂ ਦੇ ਪਿਤਾ ਦੀ ਨਹੀਂ ਹਨ, ਤਾਂ ਅਸੀਂ ਇਸਨੂੰ ਇੱਕ ਅਣਪਛਾਤੀ ਲਾਸ਼ ਵਜੋਂ ਦਰਜ ਕਰਕੇ ਹਸਪਤਾਲ ਨੂੰ ਵਾਪਸ ਸੌਂਪ ਦਿੱਤਾ।"
ਜਿਸ ਲਾਸ਼ ਨੂੰ ਉਹ ਮਰੁਦਾਮੁਥੁ ਦੀ ਸਮਝ ਕੇ ਲੈ ਗਏ ਸਨ, ਉਸਨੂੰ ਕੋਇੰਬਟੂਰ ਸਰਕਾਰੀ ਹਸਪਤਾਲ ਵਿੱਚ ਇੱਕ ਅਣਪਛਾਤੇ ਵਿਅਕਤੀ ਵਜੋਂ ਦਰਜ ਕੀਤਾ ਗਿਆ ਸੀ।
ਹੁਣ ਜਦੋਂ ਇਹ ਪਤਾ ਲੱਗ ਗਿਆ ਹੈ ਕਿ ਇਹ ਉਨ੍ਹਾਂ ਦੀ ਲਾਸ਼ ਨਹੀਂ ਹੈ, ਤਾਂ ਇਸਨੂੰ ਕੋਟੂਰ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਵਜੋਂ ਦਰਜ ਕੀਤਾ ਗਿਆ ਹੈ ਅਤੇ ਕੋਇੰਬਟੂਰ ਦੇ ਈਐਸਆਈ ਹਸਪਤਾਲ ਨੂੰ ਸੌਂਪ ਦਿੱਤਾ ਗਿਆ ਹੈ।
ਕੋਇੰਬਟੂਰ ਦੇ ਈਐਸਆਈ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫ਼ਸਰ ਮਣਿਵੰਨਨ ਨੇ ਕਿਹਾ, "9 ਮਾਰਚ ਨੂੰ ਸ਼ਾਮ 7 ਵਜੇ ਤੋਂ ਬਾਅਦ ਇਹ ਲਾਸ਼ ਕਿਸੇ ਅਣਪਛਾਤੇ ਵਿਅਕਤੀ ਦੀ ਦੱਸੀ ਗਈ ਸੀ ਅਤੇ ਇਸਨੂੰ ਕੋਟੂਰ ਪੁਲਿਸ ਸਟੇਸ਼ਨ ਤੋਂ ਇੱਥੇ ਭੇਜਿਆ ਗਿਆ ਸੀ। ਅੱਜ ਪੋਸਟਮਾਰਟਮ ਕੀਤਾ ਗਿਆ ਹੈ। ਅਸੀਂ ਅਜਿਹੀਆਂ ਅਣਪਛਾਤੀਆਂ ਲਾਸ਼ਾਂ ਨੂੰ ਇੱਕ ਜਾਂ ਦੋ ਹਫ਼ਤਿਆਂ ਤੱਕ ਸੰਭਾਲ ਕੇ ਰੱਖਦੇ ਹਾਂ। ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ।"
ਜਿਸ ਲਾਸ਼ ਦਾ ਲਗਭਗ ਅੰਤਿਮ ਸੰਸਕਾਰ ਕੀਤਾ ਗਿਆ, ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲਿਸ ਨੇ ਕਿਹਾ ਕਿ ਇਹ ਸੜਕ ਦੇ ਕਿਨਾਰੇ ਰਹਿਣ ਵਾਲੇ ਕਿਸੇ ਭਿਖਾਰੀ ਦੀ ਹੋ ਸਕਦੀ ਹੈ।
ਸਵਾਲ ਇਹ ਉੱਠਦਾ ਹੈ ਕਿ ਜੇ ਮਰੁਦਾਮੁਥੁ ਦੇ ਪਰਿਵਾਰ ਨੇ ਇਹ ਸੋਚ ਕੇ ਕਿ ਇਹ ਉਨ੍ਹਾਂ ਦੇ ਪਿਤਾ ਦੀ ਲਾਸ਼ ਹੈ, ਇਸਨੂੰ ਸਾੜ ਦਿੱਤਾ ਹੁੰਦਾ ਤਾਂ ਇਸ ਮਾਮਲੇ ਵਿੱਚ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ।
ਇਸ ਬਾਰੇ ਗੱਲ ਕਰਦਿਆਂ ਪੁਲਿਸ ਇੰਸਪੈਕਟਰ ਜਗਤੀਸਨ ਨੇ ਬੀਬੀਸੀ ਤਾਮਿਲ ਨੂੰ ਦੱਸਿਆ, "ਖੁਸ਼ਕਿਸਮਤੀ ਨਾਲ ਅਜਿਹਾ ਕੁਝ ਨਹੀਂ ਹੋਇਆ। ਜੇ ਅਜਿਹਾ ਹੁੰਦਾ ਤਾਂ ਪੁਲਿਸ ਕਾਨੂੰਨੀ ਸਲਾਹ ਲੈਂਦੀ ਅਤੇ ਉਸੇ ਮੁਤਾਬਕ ਕਾਰਵਾਈ ਕਰਦੀ। ਇਹ ਗਲਤਫਹਮੀ ਸਿਰਫ਼ ਇਸ ਲਈ ਹੋਈ ਕਿਉਂਕਿ ਲਾਸ਼ ਇੱਕੋ-ਜਿਹੀ ਦਿਖ ਰਹੀ ਸੀ, ਅਤੇ ਕਿਉਂਕਿ ਕਿਸੇ ਹੋਰ ਦੀ ਲਾਸ਼ ਲਿਆਉਣ ਅਤੇ ਅੰਤਿਮ ਸੰਸਕਾਰ ਕਰਨ ਪਿੱਛੇ ਉਨ੍ਹਾਂ ਦਾ ਕੋਈ ਗਲਤ ਇਰਾਦਾ ਨਹੀਂ ਸੀ, ਇਸ ਲਈ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ