You’re viewing a text-only version of this website that uses less data. View the main version of the website including all images and videos.
ਦਹਾਕਿਆਂ ਤੱਕ ਖੇਤਾਂ 'ਚੋਂ ਲੰਘ ਕਬਰਿਸਤਾਨ ਜਾਣ ਵਾਲੇ ਮੁਸਲਮਾਨ ਭਾਈਚਾਰੇ ਨੂੰ ਆਖ਼ਰ ਮਿਲਿਆ ਰਾਹ, ਸਿੱਖ ਪਰਿਵਾਰ ਨੇ ਜ਼ਮੀਨ ਕੀਤੀ ਦਾਨ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਮੋਗਾ ਜ਼ਿਲ੍ਹੇ ਦੇ ਮਹਿਣਾ ਪਿੰਡ ਦੇ ਸਿੱਖ ਪਰਿਵਾਰ ਨੇ ਪਿੰਡ 'ਚ ਕਬਰਿਸਤਾਨ ਵਾਸਤੇ ਜ਼ਮੀਨ ਦਾਨ ਕਰਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਪਿਛਲੇ ਲਗਭਗ ਸੱਤ ਦਹਾਕਿਆਂ ਤੋਂ ਪਿੰਡ ਦੇ ਕਬਰਿਸਤਾਨ ਨੂੰ ਜਾਣ ਦਾ ਕੋਈ ਰਾਹ ਨਹੀਂ ਸੀ।
ਰਾਹ ਨਾ ਹੋਣ ਕਰਕੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਨੂੰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਦਫ਼ਨਾਉਣ ਵਾਸਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਮ੍ਰਿਤਕਾਂ ਨੂੰ ਕਬਰਿਸਤਾਨ ਵਿੱਚ ਲੈਕੇ ਜਾਣ ਲਈ ਮੁਸਲਮਾਨ ਭਾਈਚਾਰੇ ਨੂੰ ਖੜ੍ਹੀਆਂ ਫਸਲਾਂ ਅਤੇ ਖੇਤਾਂ ਵਿੱਚ ਖੜ੍ਹੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ। ਖੇਤਾਂ ਵਿੱਚੋਂ ਲੰਘਣ ਤੋਂ ਪਹਿਲਾਂ ਜ਼ਮੀਨ ਮਾਲਕਾਂ ਦੀ ਆਗਿਆ ਵੀ ਲੈਣੀ ਪੈਂਦੀ ਸੀ।
ਬੀਬੀਸੀ ਨਿਊਜ਼ ਪੰਜਾਬੀ ਵੱਲੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਤੋਂ ਬਾਅਦ, ਇੱਕ ਸਿੱਖ ਪਰਿਵਾਰ ਨੇ ਕਬਰਿਸਤਾਨ ਦੇ ਰਾਹ ਵਾਸਤੇ ਲੋੜੀਂਦੀ ਜ਼ਮੀਨ ਦਾਨ ਕੀਤੀ ਹੈ।
ਇਸ ਸ਼ਲਾਘਾਯੋਗ ਕਦਮ ਲਈ ਮੁਸਲਿਮ ਭਾਈਚਾਰੇ ਵੱਲੋਂ ਸਿੱਖ ਪਰਿਵਾਰ, ਪਿੰਡ ਦੇ ਸਰਪੰਚ ਅਤੇ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ ਹੈ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਮੁਤਾਬਕ, ਉਹ ਕਬਰਿਸਤਾਨ ਨੂੰ ਜ਼ਮੀਨ ਦਾਨ ਕਰਨ ਸਬੰਧੀ ਜਲਦ ਹੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦੇਣਗੇ।
ਕਿਸ ਨੇ ਦਾਨ ਦਿੱਤੀ ਜ਼ਮੀਨ
ਕਬਰਿਸਤਾਨ ਦੇ ਨਾਲ ਲੱਗਦੀ ਜ਼ਮੀਨ ਦੀ ਮਾਲਕੀਅਤ ਜਗਦੀਸ਼ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਸ਼ਮਸ਼ੇਰ ਸਿੰਘ ਅਤੇ ਰਾਜਵਿੰਦਰ ਸਿੰਘ ਕੋਲ ਸੀ। ਇਹ ਸਿੱਖ ਪਰਿਵਾਰ ਇਸ ਜ਼ਮੀਨ ਵਿੱਚ ਖੇਤੀ ਕਰਦਾ ਹੈ।
ਜਗਦੀਸ਼ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਗਿੱਲ ਕਹਿੰਦੇ ਹਨ, "ਕਬਰਿਸਤਾਨ ਦੇ ਰਸਤੇ ਵਾਸਤੇ ਜਿੰਨੀ ਵੀ ਜ਼ਮੀਨ ਦੀ ਲੋੜ ਹੈ, ਉਹ ਅਸੀਂ ਦਾਨ ਕਰ ਦਿੱਤੀ ਹੈ।"
"ਜ਼ਮੀਨ ਦੇ ਮਾਲਕ ਮੇਰੇ ਪਿਤਾ ਅਤੇ ਮਸੇਰੇ ਭਰਾ ਨੇ ਪਿੰਡ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਵਾਸਤੇ ਜ਼ਮੀਨ ਦਾਨ ਦਿੱਤੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਵਿੱਚ ਵੱਸਦੇ ਸਾਰੇ ਭਾਈਚਾਰੇ ਅਮਨ-ਸ਼ਾਂਤੀ ਨਾਲ ਬਗੈਰ ਕਿਸੇ ਸਮੱਸਿਆ ਤੋਂ ਰਹਿਣ।"
ਜ਼ਮੀਨ ਦੀ ਕੀਮਤ ਦੀ ਪੇਸ਼ਕਸ਼ ਠੁਕਰਾਈ
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਕਹਿੰਦੇ ਹਨ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਸਲਾ ਬੀਬੀਸੀ ਪੰਜਾਬੀ ਦੀ ਖ਼ਬਰ ਜ਼ਰੀਏ ਆਇਆ ਸੀ।
"ਜਦੋਂ ਮੈਨੂੰ ਪਤਾ ਲੱਗਾ ਕਿ ਪਿੰਡ ਦੇ ਕਬਰਿਸਤਾਨ ਵਾਸਤੇ ਕੋਈ ਰਸਤਾ ਨਹੀਂ ਹੈ ਤਾਂ ਮੈਂ ਤੁਰੰਤ ਪਿੰਡ ਦਾ ਮਾਲੀਆ ਰਿਕਾਰਡ ਚੈੱਕ ਕੀਤਾ। ਰਿਕਾਰਡ ਮੁਤਾਬਕ ਕਬਰਿਸਤਾਨ ਵਾਸਤੇ ਕੋਈ ਰਸਤਾ ਨਹੀਂ ਸੀ।"
"ਮੈਂ ਕਬਰਿਸਤਾਨ ਨੂੰ ਰਸਤਾ ਦਿਵਾਉਣਾ ਚਾਹੁੰਦਾ ਸੀ। ਚਾਹੇ ਉਹ ਕਿਸਾਨਾਂ ਤੋਂ ਜ਼ਮੀਨ ਖ਼ਰੀਦਕੇ ਜਾ ਜ਼ਮੀਨ ਦਾ ਤਬਾਦਲਾ ਕਰਵਾਕੇ। ਇਸ ਲਈ ਪਹਿਲਾਂ ਮੈਂ ਮੁਸਲਿਮ ਭਾਈਚਾਰੇ ਨੂੰ ਆਪਣੇ ਨਾਲ ਲਿਆ।"
"ਅਸੀਂ ਰਲ਼ ਕੇ ਜ਼ਮੀਨ ਦੇ ਮਾਲਕ ਪਰਿਵਾਰ ਕੋਲ ਗਏ। ਪਿੰਡ ਦੀ ਪੰਚਾਇਤ ਅਤੇ ਮੁਸਲਿਮ ਭਾਈਚਾਰੇ ਨੇ ਜ਼ਮੀਨ ਦੇ ਮਾਲਕ ਸਿੱਖ ਪਰਿਵਾਰ ਨੂੰ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ। ਜ਼ਮੀਨ ਬਦਲੇ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ। ਪਰਿਵਾਰ ਪਹਿਲੇ ਬੋਲ ਉੱਤੇ ਹੀ ਜ਼ਮੀਨ ਦਾਨ ਕਰਨ ਲਈ ਤਿਆਰ ਹੋ ਗਿਆ। ਉਨ੍ਹਾਂ ਨੇ ਨਾ ਜ਼ਮੀਨ ਬਦਲੇ ਜ਼ਮੀਨ ਲਈ ਅਤੇ ਨਾ ਹੀ ਜ਼ਮੀਨ ਵੱਟੇ ਪੈਸੇ ਲਏ।"
ਮੌਲਵੀ ਆਸ ਮੁਹੰਮਦ ਕਹਿੰਦੇ ਹਨ, "ਜਗਦੀਸ਼ ਦੇ ਪਰਿਵਾਰ ਨੇ ਕਿਹਾ ਕਿ ਨਾ ਉਨ੍ਹਾਂ ਨੂੰ ਪੈਸੇ ਚਾਹੀਦੇ ਹਨ ਅਤੇ ਨਾ ਹੀ ਜ਼ਮੀਨ ਬਦਲੇ ਜ਼ਮੀਨ। ਉਹ ਬੱਸ ਸਾਡੀ ਮਦਦ ਲਈ ਕਬਰਿਸਤਾਨ ਦੇ ਰਸਤੇ ਲਈ ਜ਼ਮੀਨ ਦਾਨ ਕਰਨਾ ਚਾਹੁੰਦੇ ਹਨ।"
ਮਾਮਲਾ ਕਿਵੇਂ ਸਾਹਮਣੇ ਆਇਆ ਸੀ
ਲੰਘੀ 25 ਜਨਵਰੀ ਨੂੰ ਇੱਕ ਬਜ਼ੁਰਗ ਮੁਸਲਮਾਨ ਮਹਿਲਾ ਰੱਜੋ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਦਫਨਾਉਣ ਵਾਸਤੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਖੇਤਾਂ ਦੇ ਮਾਲਕਾਂ ਤੋਂ ਆਗਿਆ ਲੈਣੀ ਪਈ। ਆਗਿਆ ਮਿਲਣ ਮਗਰੋਂ ਉਹ ਖੜ੍ਹੀ ਕਣਕ ਵਿੱਚੋਂ ਲੰਘ ਕੇ ਕਬਰਸਤਾਨ ਤੱਕ ਪਹੁੰਚੇ।
ਰੱਜੋ ਇਸ ਪਿੰਡ ਦੇ ਹੀ ਵਸਨੀਕ ਬੂਟਾ ਖਾਨ ਦੇ ਭਰਜਾਈ ਸਨ। ਆਪਣੀ ਭਾਬੀ ਨੂੰ ਦਫਨਾਉਣ ਮਗਰੋਂ ਬੂਟਾ ਖਾਨ ਨੇ ਪਿੰਡ ਦੀ ਪੰਚਾਇਤ ਕੋਲ ਇੱਕ ਵਾਰ ਫਿਰ ਤੋਂ ਰਸਤਾ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਸੀ।
ਸਮੱਸਿਆ ਕਿੰਨੀ ਪੁਰਾਣੀ ਸੀ
ਪਿੰਡ ਦੇ ਵਸਨੀਕ ਅਤੇ ਮ੍ਰਿਤਕ ਰੱਜੋ ਦੇ ਰਿਸ਼ਤੇਦਾਰ ਰੂਪ ਦੀਨ ਮੁਤਾਬਕ, ਇੱਥੇ ਇਹ ਸਮੱਸਿਆ ਪਹਿਲੀ ਵਾਰੀ ਨਹੀਂ ਆਈ। ਉਹ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਨਾਲ ਦਫ਼ਨਾਉਣ ਵਾਸਤੇ ਸੰਘਰਸ਼ ਕਰ ਰਹੇ ਹਨ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਕਹਿੰਦੇ ਹਨ, "ਇਹ ਸਮੱਸਿਆ ਲਗਭਗ ਸੱਤ ਦਹਾਕੇ ਪੁਰਾਣੀ ਸੀ। ਇਸ ਸਮੇਂ ਦੌਰਾਨ ਸਮੱਸਿਆ ਦਾ ਹੱਲ ਨਹੀਂ ਨਿਕਲਿਆ।''
"ਹੁਣ ਮ੍ਰਿਤਕ ਰੱਜੋ ਨੂੰ ਦਫਨਾਉਣ ਵਾਸਤੇ ਜਦੋਂ ਪਰਿਵਾਰ ਨੇ ਰਸਤੇ ਦੀ ਮੰਗ ਕੀਤੀ ਤਾਂ ਮਾਮਲਾ ਮੇਰੇ ਧਿਆਨ ਵਿੱਚ ਆਇਆ।"
ਮੁਸਲਿਮ ਭਾਈਚਾਰੇ ਨੇ ਕੀ ਕਿਹਾ
ਬੂਟਾ ਖਾਨ ਕਹਿੰਦੇ ਹਨ, "ਪਿੰਡ ਦੇ ਸਰਪੰਚ, ਪੰਚਾਇਤ ਅਤੇ ਅਸੀਂ ਇੱਕਠੇ ਹੋ ਕੇ ਜ਼ਮੀਨ ਦੇ ਮਾਲਕ ਤੋਂ ਰਸਤੇ ਲਈ ਅਰਜ਼ ਕੀਤੀ ਸੀ ਅਤੇ ਜਗਦੀਸ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਿਨਾਂ ਕਿਸੇ ਝਿਜਕ ਦੇ ਰਸਤੇ ਵਾਸਤੇ ਜ਼ਮੀਨ ਦੇ ਦਿੱਤੀ। ਅਸੀਂ ਇਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ।"
ਮੌਲਵੀ ਆਸ ਮੁਹੰਮਦ ਕਹਿੰਦੇ ਹਨ, "ਮੁਸਲਿਮ ਭਾਈਚਾਰੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਗਦੀਸ਼ ਦੇ ਪਰਿਵਾਰ ਦੀ ਮਦਦ ਨੂੰ ਯਾਦ ਰੱਖਣਗੀਆਂ। ਸਾਡੇ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।"
ਪਿੰਡ ਵਿੱਚ ਕਿੰਨੇ ਮੁਸਲਮਾਨ ਵਸਨੀਕ
ਪਿੰਡ ਦੇ ਸਰਪੰਚ ਅਤੇ ਮੁਸਲਿਮ ਭਾਈਚਾਰੇ ਮੁਤਾਬਕ, ਪਿੰਡ ਵਿੱਚ ਉਨ੍ਹਾਂ ਦੀਆਂ 37 ਵੋਟਾਂ ਹਨ।
ਬੂਟਾ ਖਾਨ ਮੁਤਾਬਕ, ਉਨ੍ਹਾਂ ਦੇ ਬਜ਼ੁਰਗ ਇਸੇ ਪਿੰਡ ਦੇ ਵਸਨੀਕ ਹਨ। 1947 ਵਿੱਚ ਸਾਰਾ ਮੁਸਲਿਮ ਭਾਈਚਾਰਾ ਇੱਥੋਂ ਪਾਕਿਸਤਾਨ ਚਲਾ ਗਿਆ ਸੀ। ਇੱਕਲੇ ਬੂਟਾ ਖ਼ਾਨ ਦੇ ਪਿਤਾ ਇੱਥੇ ਰਹਿ ਗਏ ਸਨ।
ਹੌਲੀ-ਹੌਲੀ ਉਨ੍ਹਾਂ ਦਾ ਪਰਿਵਾਰ ਵਧਦਾ ਗਿਆ ਅਤੇ ਹੁਣ ਮੁਸਲਿਮ ਭਾਈਚਾਰੇ ਦੀਆਂ ਪਿੰਡ ਵਿੱਚ 37 ਵੋਟਾਂ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਕਈ ਪਰਵਾਸੀ ਮੁਸਲਮਾਨ ਵੀ ਹਨ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਨੇ ਦੱਸਿਆ ਕਿ ਪਿੰਡ ਵਿੱਚ ਵੋਟਾਂ ਦੀ ਕੁੱਲ ਗਿਣਤੀ 3500 ਦੇ ਕਰੀਬ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ