ਦੂਰਦਰਸ਼ੀ ਜਾਂ ਘਪਲੇਬਾਜ਼? ਇੱਕ ਅਮਰੀਕੀ ਜੋ 1980 ਵਿੱਚ 'ਚੰਦ 'ਤੇ ਪਲਾਟ' ਵੇਚ ਕੇ ਕਰੋੜਪਤੀ ਬਣਿਆ

ਤਸਵੀਰ ਕੈਪਸ਼ਨ, ਡੈਨਿਸ ਹੋਪ ਤਲਾਕ ਦੀ ਪ੍ਰਕਿਰਿਆ 'ਚੋਂ ਗੁਜ਼ਰ ਰਿਹਾ ਸੀ ਜਦੋ ਉਸ ਨੂੰ ਇਹ ਵਿਚਾਰ ਆਇਆ ਜਿਸ ਨਾਲ ਉਹ ਕਰੋੜਪਤੀ ਬਣ ਗਿਆ
    • ਲੇਖਕ, ਅਲੀਸੀਆ ਹਰਨਾਡੇਜ਼
    • ਰੋਲ, ਬੀਬੀਸੀ ਵਰਲਡ ਨਿਊਜ਼
  • ਪੜ੍ਹਨ ਦਾ ਸਮਾਂ: 6 ਮਿੰਟ

ਕਲਪਨਾ ਕਰੋ ਕਿ ਹਾਲ ਹੀ ਵਿੱਚ ਤੁਹਾਡਾ ਤਲਾਕ ਹੋਇਆ ਅਤੇ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈ। ਤੁਸੀਂ ਸੋਚਦੇ ਹੋ ਕਿ ਜੇ ਜਾਇਦਾਦ ਹੁੰਦੀ ਤਾਂ ਇਸ ਤੋਂ ਕਮਾਈ ਕਰ ਸਕਦੇ। ਫਿਰ, ਤੁਸੀਂ ਖਿੜਕੀ ਤੋਂ ਬਾਹਰ ਝਾਕਦੇ ਹੋ ਅਤੇ ਕਹਿੰਦੇ ਹੋ, "ਮੈਂ ਚੰਦਰਮਾ ਨੂੰ ਵੇਚਾਂਗਾ।"

ਹੈਰਾਨ ਕਰਨ ਵਾਲਾ ਲਗਦਾ ਹੈ ਨਾ ?

ਖ਼ੈਰ, ਇਹ ਉਹੀ ਅਮਰੀਕੀ ਡੈਨਿਸ ਹੋਪ ਕਹਿੰਦਾ ਹੈ ਜੋ 1980 ਵਿੱਚ ਪ੍ਰੇਰਨਾ ਦੇ ਉਸ ਪਲ ਬਾਅਦ, 'ਚੰਦਰਮਾ ਦੇ ਪਲਾਟ' ਵੇਚ ਕੇ ਕਰੋੜਪਤੀ ਬਣ ਗਿਆ।

ਉਸ ਨੇ ਇਹ ਕਿਵੇਂ ਕੀਤਾ? ਕੌਮਾਂਤਰੀ ਸੰਧੀਆਂ ਦੀਆਂ 'ਕਾਨੂੰਨੀ ਉਲਝਣਾ' ਦਾ ਫ਼ਾਇਦਾ ਚੁੱਕ ਕੇ।

ਅਤੇ ਬਿਨ੍ਹਾਂ ਸ਼ੱਕ, ਇੱਕ ਕਮਾਲ ਦੀ ਮੁਹਾਰਤ ਨਾਲ।

Sorry, we can’t display this part of the story on this lightweight mobile page.

ਲਾਈਬ੍ਰੇਰੀ ਵੱਲ ਰੁਖ਼

ਤਸਵੀਰ ਸਰੋਤ, JUAN BARRETO/AFP VIA GETTY IMAGES

ਤਸਵੀਰ ਕੈਪਸ਼ਨ, ਹੋਪ ਨੇ ਖਿੜਕੀ ਵੱਲ ਦੇਖਿਆ ਅਤੇ ਸੋਚਿਆ ਕਿ ਚੰਦਰਮਾ 'ਤੇ ਪਲਾਟ ਵੇਚਣ ਦਾ ਵਿਚਾਰ ਸਹੀ ਰਹੇਗਾ

ਇਸ ਵਿਚਾਰ ਤੋਂ ਬਾਅਦ, ਉਸ ਨੇ ਜਾਣਕਾਰੀ ਇਕੱਠੀ ਕਰਨ ਬਾਰੇ ਸੋਚਿਆ।

ਉਸ ਨੇ ਵਾਈਸ ਨੂੰ ਕਈ ਸਾਲ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਲਾਈਬ੍ਰੇਰੀ ਗਿਆ ਅਤੇ 1967 ਦੀ ਬਾਹਰੀ ਪੁਲਾੜ ਸੰਧੀ ਬਾਰੇ ਪੜ੍ਹਣਾ ਸ਼ੁਰੂ ਕੀਤਾ।

ਸੰਯੁਕਤ ਰਾਸ਼ਟਰ ਦਾ ਇਹ ਦਸਤਾਵੇਜ਼ ਕੀ ਕਹਿੰਦਾ ਹੈ ? ਕਿਉਂਕਿ ਬਾਹਰੀ ਪੁਲਾੜ ਇੱਕ ਸਾਂਝੀ ਕੌਮਾਂਤਰੀ ਥਾਂ ਹੈ, 'ਸਾਰੀ ਮਾਨਵਤਾ ਦਾ ਸੂਬਾ' , ਇਸ ਲਈ ਕਿਸੇ ਵੀ ਦੇਸ਼ ਨੂੰ ਉੱਥੇ ਖੇਤਰੀ ਪ੍ਰਭੂਸੱਤਾ ਦਾ ਦਾਅਵਾ ਕਰਨ ਤੋਂ ਮਨਾਹੀ ਹੈ।

ਖਾਸ ਕਰਕੇ ਆਰਟੀਕਲ ਨੰਬਰ 2 ਕਹਿੰਦਾ ਹੈ ਕਿ "ਚੰਦਰਮਾ ਅਤੇ ਹੋਰ ਅਕਾਸ਼ੀ ਪਿੰਡ, ਵਰਤੋਂ ਜਾਂ ਕਬਜ਼ਿਆਂ ਨਾਲ ਪ੍ਰਭੂਸੱਤਾ ਦੇ ਦਾਅਵਿਆਂ ਜ਼ਰੀਏ ਰਾਸ਼ਟਰੀ ਨਿਯੋਜਨ ਦੇ ਅਧੀਨ ਨਹੀਂ ਹਨ।"

ਡੋਨਿਸ ਹੋਪ ਨੇ ਇਸ ਦਾ ਵਿਖਿਆਣ ਇਸ ਤਰ੍ਹਾਂ ਕੀਤਾ ਇਹ ਸਾਰਿਆਂ ਦਾ ਹੈ, ਕਿਸੇ ਇੱਕ ਦਾ ਨਹੀਂ। ਜੇ ਕੋਈ ਦੇਸ਼ ਦੇਸ਼ ਇਸ 'ਤੇ ਦਾਅਵਾ ਨਹੀਂ ਕਰ ਸਕਦਾ, ਤਾਂ ਇੱਕ ਵਿਅਕਤੀ ਕਿਉਂ ਨਹੀਂ ?

ਉਸ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਕਿਹਾ, "ਇਹ ਜ਼ਮੀਨ ਬਿਨ੍ਹਾਂ ਕਿਸੇ ਮਾਲਕ ਦੀ ਸੀ। "

ਉਸ ਨੇ ਇਸ ਨੂੰ ਇੰਝ ਆਪਣਾ ਮੰਨ ਲਿਆ ਜਿਵੇਂ "ਜੋ ਸਾਡੇ ਪੁਰਖਿਆਂ ਨੇ ਕੀਤਾ ਸੀ ਜਦੋਂ ਉਹ ਯੂਰਪ ਤੋਂ ਨਵੀਂ ਦੁਨੀਆਂ ਵਿੱਚ ਆਏ ਸਨ।"

ਪਰ ਵੱਡਾ ਸਵਾਲ ਇਹ ਹੈ ਕਿ ਚੰਦਰਮਾ 'ਤੇ 'ਕਬਜ਼ਾ' ਕਿਵੇਂ ਲਿਆ ਜਾਵੇ?

ਫਿਰ ਤੋਂ, ਹੋਪ ਨੇ ਕਾਨੂੰਨੀ ਖ਼ਲਾਅ ਜਾਂ ਜਵਾਬ ਦੀ ਕਮੀ ਦਾ ਫ਼ਾਇਦਾ ਲਿਆ।

ਉਸ ਨੇ ਸੰਯੁਕਤ ਰਾਸ਼ਟਰ ਨੂੰ ਚੰਦਰਮਾ ਅਤੇ ਅੱਠ ਹੋਰ ਗ੍ਰਹਿਆਂ ਦੀ ਮਾਲਕੀ ਬਾਰੇ ਦਾਅਵਾ ਭੇਜਿਆ।

ਉਸ ਵਿੱਚ ਉਸ ਨੇ ਸਮਝਾਇਆ ਕਿ ਜੋ ਵੀ ਚਾਹੁੰਦਾ ਹੈ ਹਰ ਕਿਸੇ ਵਿੱਚ ਜਾਇਦਾਦ ਵੰਡੇ ਜਾਣ ਬਾਰੇ ਵਿਚਾਰ ਹੈ। ਉਸ ਨੇ ਇਹ ਵੀ ਲਿਖਿਆ ਕਿ ਜੇਕਰ ਕੋਈ ਕਾਨੂੰਨੀ ਸਮੱਸਿਆ ਹੈ ਤਾਂ ਉਸ ਨੂੰ ਸੂਚਿਤ ਕਰ ਦਿੱਤਾ ਜਾਵੇ।

ਕਦੇ ਕਿਸੇ ਨੇ ਉਸ ਨੂੰ ਜਵਾਬ ਨਹੀਂ ਭੇਜਿਆ।

ਉਸ ਨੂੰ ਚੰਦਰਮਾ ਦੇ ਦਿਓ

ਤਸਵੀਰ ਸਰੋਤ, VALENTINA PETROVA/AFP VIA GETTY IMAGES

ਤਸਵੀਰ ਕੈਪਸ਼ਨ, ਡੈਨਿਸ ਹੋਪ ਨੇ ਚੰਦਰਮਾ ਦੇ ਨਕਸ਼ੇ ਤੋਂ 'ਚੁਣ ਕੇ' ਪਲਾਟ ਵੇਚਣੇ ਸ਼ੁਰੂ ਕਰ ਦਿੱਤੇ।

ਉਦੋਂ ਤੋਂ ਉਸ ਨੇ ਚੰਦਰਮਾ 'ਤੇ ਹੈਕਟੇਅਰਜ਼ ਵਿੱਚ ਪਲਾਟ ਵੇਚੇ ਹਨ। ਸਿਰਫ਼ ਧਰਤੀ ਦੇ ਉਪਗ੍ਰਿਹ 'ਤੇ ਹੀ ਨਹੀਂ, ਉਸ ਨੇ ਮੰਗਲ, ਸ਼ੁੱਕਰ ਅਤੇ ਬੁੱਧ ਗ੍ਰਹਿ 'ਤੇ ਵੀ ਪਲਾਟ ਵੇਚੇ।

ਖਰੀਦਦਾਰਾਂ ਵਿੱਚ, ਹਾਲੀਵੁੱਡ ਸਿਤਾਰੇ, ਅਮਰੀਕਾ ਦੇ ਰਾਸ਼ਟਰਪਤੀ ਰਹੇ ਰੋਨਾਲਡ ਰੇਗਾਨ ਅਤੇ ਜਿਮੀ ਕਾਰਟਰ ਜਿਹੀਆਂ ਸ਼ਖਸੀਅਤਾਂ ਹਨ। ਇਸ ਤੋਂ ਇਲਾਵਾ ਵੱਡੀਆਂ ਹੋਟਲ ਲੜੀਆਂ ਜਿਵੇਂ ਕਿ ਹਿਲਟਨ ਅਤੇ ਮੈਰੀਏਟ।

ਇਹ ਵੀ ਕਿਹਾ ਜਾਂਦਾ ਹੈ ਕਿ ਜੌਰਜ ਬੁਸ਼ ਕੋਲ ਵੀ 'ਚੰਦਰਮਾ ਦੀ ਇੱਕ ਜ਼ਮੀਨ' ਹੈ।

ਹੋਪ ਨੇ ਸਾਲ 2007 ਵਿੱਚ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਇੱਕ ਦਿਨ ਵਿੱਚ ਔਸਤਨ 1500 ਜਾਇਦਾਦਾਂ ਵੇਚੀਆਂ ਹਨ ਅਤੇ ਕਿਹਾ ਕਿ ਪਲਾਟ ਚੁਨਣ ਦਾ ਤਰੀਕਾ ਅੱਖਾਂ ਬੰਦ ਕਰਕੇ ਪਹਿਲੀ ਉਂਗਲ ਨਾਲ ਚੰਦਰਮਾ ਦੇ ਨਕਸ਼ੇ 'ਤੇ ਕਿਸੇ ਬਿੰਦੂ ਵੱਲ ਇਸ਼ਾਰਾ ਕੀਤੇ ਜਾਣਾ ਸੀ।

ਉਸ ਨੇ ਕਿਹਾ, "ਇਹ ਵਿਗਿਆਨਕ ਨਹੀਂ, ਪਰ ਕਾਫ਼ੀ ਮਜ਼ੇਦਾਰ ਹੈ।"

ਇਹ ਜਿਨ੍ਹਾਂ ਮਹਿੰਗਾ ਹੈ ਓਨਾ ਹੀ ਮਜ਼ੇਦਾਰ ਜਾਪਦਾ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਉਸ ਨੇ ਇਸ 'ਕਾਰੋਬਾਰ' ਤੋਂ 12 ਮਿਲੀਅਨ ਅਮਰੀਕੀ ਡਾਲਰ ਕਮਾਏ ਹਨ।

ਉਸ ਨੇ ਵਾਈਸ ਨੂੰ ਦੱਸਿਆ, "ਸਭ ਤੋਂ ਛੋਟੀ ਜਾਇਦਾਦ ਜੋ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਉਹ ਹੈ ਇੱਕ ਏਕੜ। ਸਭ ਤੋਂ ਵੱਡੇ ਪਲਾਟ ਦਾ ਅਕਾਰ 5,332,740 ਏਕੜ ਹੈ ਜਿਸ ਨੂੰ 'ਕੌਂਟੀਨੈਂਟਲ ਸਾਈਜ਼' ਕਹਿੰਦੇ ਹਾਂ, ਉਸ ਦੀ ਕੀਮਤ 13,331,1000 ਅਮਰੀਕੀ ਡਾਲਰ ਹੈ।"

ਉਸ ਨੇ ਕਿਹਾ, "ਅਸੀਂ ਉਸ ਅਕਾਰ ਦਾ ਕੋਈ ਪਲਾਟ ਹਾਲੇ ਨਹੀਂ ਵੇਚਿਆ ਹੈ। ਪਰ 1800 ਅਤੇ 2000 ਏਕੜ ਦੇ ਕਈ ਪਲਾਟ ਵੇਚੇ ਹਨ। ਸਾਡੇ ਕੋਲ 1800 ਵੱਡੀਆਂ ਕਾਰਪੋਰੇਸ਼ਨਾਂ ਹਨ ਜਿਨ੍ਹਾਂ ਨੇ ਖਾਸ ਮਕਸਦ ਲਈ ਸਾਡੇ ਕੋਲੋਂ ਜਾਇਦਾਦਾਂ ਖਰੀਦੀਆਂ ਹਨ, ਇਨ੍ਹਾਂ ਵਿੱਚ ਹਿਲਟਨ ਅਤੇ ਮੈਰੀਏਟ ਹੋਟਲ ਲੜੀਆਂ ਸ਼ਾਮਲ ਹਨ।"

ਇੱਕ ਅੰਤਰ-ਗੈਲੇਕਟਿਕ ਸੰਵਿਧਾਨ

ਜੇ ਤੁਸੀਂ ਇੱਥੋਂ ਤੱਕ ਆ ਗਏ ਹੋ ਤਾਂ ਸ਼ਾਇਦ ਸੋਚ ਰਹੇ ਹੋਵੋ ਕਿ ਇਹ ਕਿਵੇਂ ਕੀਤਾ ਗਿਆ ਅਤੇ ਗਾਰੰਟੀ ਕਿਵੇਂ ਦਿੱਤੀ ਗਈ ਕਿ ਅਚਾਨਕ ਜ਼ਮੀਨ ਦੇ ਮਾਲਕ ਤੋਂ ਜ਼ਮੀਨ ਲੈ ਲਈ ਜਾਵੇਗੀ।

ਜ਼ਾਹਿਰ ਤੌਰ 'ਤੇ ਹੋਪ ਅਤੇ ਸਾਰੇ ਮਾਲਕਾਂ ਨੇ ਵੀ ਇਹੀ ਸੋਚਿਆ ਸੀ। ਅਤੇ ਉਨ੍ਹਾਂ ਨੇ ਹੱਲ ਲੱਭ ਲਿਆ।

ਜਿਵੇਂ ਕਿ ਹੋਪ ਖ਼ੁਦ ਸਮਝਾਉਂਦੇ ਹਨ, ਉਨ੍ਹਾਂ ਨੇ 'ਗਲੈਕਟਿਕ ਸਰਕਾਰ' ਨਾਮੀ ਲੋਕਤੰਤਰਿਕ ਗਣਰਾਜ ਸਥਾਪਿਤ ਕਰਨ ਦਾ ਫ਼ੈਸਲਾ ਲਿਆ।

ਉਸ ਨੇ ਕਿਹਾ, "ਸੰਵਿਧਾਨ ਡਰਾਫ਼ਟ ਕਰਨ ਲਈ ਸਾਨੂੰ ਤਿੰਨ ਸਾਲ ਦਾ ਸਮਾਂ ਲੱਗ ਗਿਆ ਅਤੇ ਮਾਰਚ 2004 ਵਿੱਚ ਇਸ ਨੂੰ ਆਨਲਾਈਨ ਪਬਲਿਸ਼ ਕੀਤਾ, ਜਦੋਂ ਸਾਡੇ ਕੋਲ 3.7 ਮਿਲੀਅਨ ਮਾਲਕ ਅਤੇ ਪ੍ਰਵਾਨਗੀ ਲਈ 173,562 ਵੋਟਾਂ ਸਨ। ਇਸ ਲਈ ਹੁਣ ਅਸੀਂ ਇੱਕ ਪ੍ਰਭੂਸੱਤਾ ਪੂਰਨ ਰਾਸ਼ਟਰ ਹਾਂ ਜਿਸ ਦਾ ਪ੍ਰਮਾਣਿਤ ਸੰਵਿਧਾਨ ਹੈ।"

"ਅਸੀਂ ਇਸ ਵੇਲੇ ਗ੍ਰਹਿ ਦੀਆਂ 30 ਸਰਕਾਰਾਂ ਨਾਲ ਕੂਟਨੀਤਿਕ ਸਬੰਧ ਬਣਾ ਕੇ ਰੱਖੇ ਹਨ ਅਤੇ ਕੋਸ਼ਿਸ਼ ਕਰ ਰਹੇ ਹਾਂ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਨੂੰ ਪਛਾਣਨ ਕਿਉਂਕਿ ਕੌਮਾਂਤਰੀ ਮੁਦਰਾ ਫੰਡ ਵਿੱਚ ਸ਼ਾਮਲ ਹੋਣਾ ਸਾਡਾ ਇਰਾਦਾ ਹੈ।"

ਬੀਬੀਸੀ ਹੋਪ ਦੇ ਇਸ ਬਿਆਨ ਦੀ ਵੱਖਰੇ ਤੌਰ 'ਤੇ ਜਾਂਚ ਨਹੀਂ ਕਰ ਸਕਿਆ ਹੈ।

ਇੱਕ ਚਿੱਲੀਅਨ ਜਿਸ ਨੇ ਚੰਦਰਮਾ 'ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ

ਇਨਸਾਨ ਵੱਲੋਂ ਚੰਦਰਮਾ 'ਤੇ ਪੈਰ ਧਰਨ ਦੇ ਵਿਚਾਰ ਦੀ ਅਸਲ ਸੰਭਾਵਨਾ ਤੋਂ ਪਹਿਲਾਂ ਹੀ, ਅਕਾਸ਼ੀ ਪਿੰਡਾਂ ਦੀ ਜਾਇਦਾਦ ਬਾਰੇ ਚਰਚਾਵਾਂ ਸੀ।

ਸਾਲ 1936 ਵਿੱਚ ਡੀਨ ਲਿੰਡਸੇ ਨੇ ਨਾ ਸਿਰਫ਼ ਚੰਦਰਮਾ ਬਲਕਿ ਸਾਰੀਆਂ ਬਾਹਰੀ ਵਸਤੂਆਂ 'ਤੇ ਆਪਣੀ ਮਾਲਕੀ ਦਾ ਦਾਅਵਾ ਕੀਤਾ। ਉਸ ਵੇਲੇ ਉਹਨੂੰ ਕਈ ਖਰੀਦ ਆਫਰਾਂ ਦੀ ਪੇਸ਼ਕਸ਼ ਵੀ ਹੋਈ।

ਅਤੇ ਜੇਨਾਰੋ ਗਜਾਰਡੋ ਨੇ ਵੀ ਇਹੀ ਕੀਤਾ ਸੀ।

ਇੱਕ ਵਕੀਲ ਜੋ ਸਾਲ 1919 ਵਿੱਚ ਚਿੱਲੀ 'ਚ ਪੈਦਾ ਹੋਇਆ, ਨੇ ਦਾਅਵਾ ਕੀਤਾ ਕਿ 25 ਦਸੰਬਰ,1954 ਨੂੰ ਨੋਟਰੀ ਸਾਹਮਣੇ ਦਸਤਖ਼ਤ ਕੀਤੇ ਦਸਤਾਵੇਜ਼ਾਂ ਮੁਤਾਬਕ ਉਹ "ਚੰਦਰਮਾ ਦਾ ਮਾਲਕ" ਹੈ।

ਇਸ ਜਾਇਦਾਦ ਦਾ ਵੇਰਵਾ ਦੇਸ਼ ਦੀ ਰਾਜਧਾਨੀ ਤੋਂ 255 ਕਿੱਲੋਮੀਟਰ ਦੂਰ ਟੈਲਕਾ ਨਾਮੀ ਖੇਤੀਬਾੜੀ ਸ਼ਹਿਰ ਦੇ ਨੋਟਰੀ ਵੱਲੋਂ ਸਾਈਨ ਹੋਏ ਕਾਗਜ਼ ਵਿੱਚ ਹੈ। ਜੋ ਕਿ ਹੁਣ ਸੈਂਟੀਆਗੋ ਦੇ ਨਿਆਂਇਕ ਪੁਰਾਲੇਖ ਵਿੱਚ ਰਜਿਸਟਰਡ ਹੈ।

ਇਸ ਵਿੱਚ ਲਿਖਿਆ ਗਿਆ ਹੈ:

"ਵਕੀਲ ਜੇਨਾਰੋ ਗਜਾਰਡੋ ਵੇਰਾ, ਆਪਣੇ ਪੁਰਖਿਆਂ ਦੇ ਕਬਜ਼ੇ ਨਾਲ ਜੁੜਦਿਆਂ 1857 ਤੋਂ ਪਹਿਲਾਂ, ਧਰਤੀ ਦੇ ਇਕੱਲੇ ਉਪਗ੍ਰਿਹ, ਤਾਰੇ ਦਾ ਮਾਲਕ ਹੈ ਜਿਸ ਦਾ ਵਿਆਸ 3,475.00 ਕਿਮੀ ਹੈ, ਜਿਸ ਨੂੰ ਲੂਨਾ ਕਿਹਾ ਜਾਂਦਾ ਹੈ, ਜਿਸ ਦੀਆਂ ਹੱਦਾਂ ਗੋਲਾਕਾਰ ਹਨ- ਉੱਤਰ, ਦੱਖਣ, ਪੂਰਬ, ਪੱਛਮ, ਸਾਈਡੀਰੀਅਲ ਸਪੇਸ। ਉਹ ਆਪਣਾ ਪਤਾ ਕੈਲੇ1, ਓਰੀਐਂਟ 1270 'ਤੇ ਆਪਣਾ ਪਤਾ ਪੱਕਾ ਕਰਦਾ ਹੈ।ਉਹ ਕੁਵਾਰਾ ਹੈ। ਜੇਨਾਰੋ ਗਨਾਰਡੋ ਵੇਰਾ ਕਾਰਡ 1.487.45-k. Nunoa. ਟੈਲਕਾ, ਸਤੰਬਰ 25,1954."

ਤਸਵੀਰ ਸਰੋਤ, JUDICIAL ARCHIVE OF CHILE/BBC

ਤਸਵੀਰ ਕੈਪਸ਼ਨ, ਇਹ ਉਹ ਨੋਟਰੀ ਦਸਤਾਵੇਜ਼ ਹੈ ਜਿਸ ਵਿੱਚ ਜੇਨਾਰੋ ਖ਼ੁਦ ਨੂੰ 'ਚੰਦਰਮਾ ਦਾ ਮਾਲਕ' ਦੱਸ ਰਿਹਾ ਹੈ। ਇਹ ਦਸਵਤਾਜ਼ੇ ਹੁਣ ਸੈਂਟੀਆਗੋ ਦੇ ਨਿਆਂਇਕ ਪੁਰਾਲੇਖ ਵਿੱਚ ਰਜਿਸਟਰਡ ਹੈ

ਹਾਲਾਂਕਿ ਜੇਨਾਰੋ ਦਾ ਕੇਸ ਇੱਕ ਮਜ਼ਾਕ ਦਾ ਨਤੀਜਾ ਹੈ।

ਉਸ ਨੇ ਅਮਰੀਕਾ ਦੇ ਅਖਬਾਰ ਦ ਈਵਨਿੰਗ ਇੰਡੀਪੈਂਡੈਂਟ ਨੂੰ 1969 ਵਿੱਚ ਕਿਹਾ, ਉਹ ਇੱਕ ਸਥਾਨਕ ਐਸੋਸੀਏਸ਼ਨ ਟੈਲਕਾ ਸੋਸ਼ਲ ਕਲੱਬ ਵਿੱਚ ਸ਼ਾਮਲ ਹੋਣ ਲਈ ਚੰਦਰਮਾ 'ਹਾਸਿਲ ਕਰਨਾ' ਚਾਹੁੰਦਾ ਸੀ।

ਉਸ ਦੇ ਬਿਆਨ ਮੁਤਾਬਕ, ਕਲੱਬ ਦੇ ਨਿਯਮ ਸਨ ਕਿ ਸੁਸਾਇਟੀ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਕੋਈ ਜਾਇਦਾਦ ਸਾਬਿਤ ਕਰਨੀ ਪਏਗੀ।

ਸ੍ਰੋਤਾਂ ਦੀ ਘਾਟ ਕਾਰਨ ਅਤੇ ਇਸ ਸੁਸਾਇਟੀ ਜਿਸ ਵਿੱਚ ਇਲਾਕੇ ਦੇ ਸਾਰੇ ਅਮੀਰ ਮੈਂਬਰ ਹੁੰਦੇ ਸਨ, ਦਾ ਹਿੱਸਾ ਬਣਨ ਦੀ ਇੱਛੁਕ ਹੋਣ ਕਾਰਨ ਉਸ ਨੇ ਚੰਦਰਮਾ ਖ਼ਰੀਦਣ ਬਾਰੇ ਸੋਚਿਆ।

ਅਮਰੀਕਾ ਦੇ ਅਖ਼ਬਾਰ ਮੁਤਾਬਕ, ਉਸ ਨੂੰ ਇੱਕ ਅਮਰੀਕੀ ਡਾਲਰ ਦੀ ਲਾਗਤ ਆਈ।

ਇੱਕ ਵਿਲੱਖਣ ਕਾਰੋਬਾਰ

ਡੈਨਿਸ ਹੋਪ ਆਪਣਾ ਅੰਤਰ-ਗਲੈਕਟਿਕ ਰੀਅਲ ਅਸਟੇਟ ਕਾਰੋਬਾਰ ਬਣਾ ਕੇ ਰਖਦਾ ਹੈ, ਪਰ ਇਸ ਦੇ ਬਾਵਜੂਦ ਮਾਹਿਰ ਕਹਿੰਦੇ ਹਨ ਕਿ ਚੰਦਰਮਾ ਕਿਸੇ ਦਾ ਵੀ ਨਹੀਂ ਹੈ। ਘੱਟੋ-ਘੱਟ ਕਾਨੂੰਨੀ ਤੌਰ 'ਤੇ ਤਾਂ ਨਹੀਂ।

1967 ਦੀ ਸੰਧੀ ਵੀ ਇਹੀ ਸਥਾਪਿਤ ਕਰਦੀ ਹੈ ਕਿ ਇਸ ਥਾਂ ਦੀ ਖੋਜ ਅਤੇ ਵਰਤੋਂ ਸਾਰੇ ਦੇਸ਼ਾਂ ਦਾ ਫ਼ਾਇਦਾ ਕਰਨ ਵਾਲੀ ਅਤੇ ਸਾਰਿਆਂ ਦੇ ਹਿਤ ਵਿਚ ਹੋਣੀ ਚਾਹੀਦੀ ਹੈ।

ਤਾਂ ਕੀ ਕੋਈ ਵਿਅਕਤੀਗਤ ਰੂਪ ਵਿੱਤ, ਖ਼ੁਦ ਨੂੰ ਚੰਦਰਮਾ ਦਾ ਮਾਲਕ ਐਲਾਨ ਸਕਦਾ ਹੈ ?

ਕੌਮਾਂਤਰੀ ਕਾਨੂੰਨ ਵਿੱਚ ਮਾਹਿਰ ਅਤੇ ਯੁਨੀਵਰਸਿਟੀ ਆਫ ਪੈਨਸਿਲਵਾਨੀਆ ਵਿੱਚ ਕਾਨੂੰਨ ਦੇ ਪ੍ਰੋਫੈਸਰ ਕਲੇਅਰ ਫਿੰਕਲਸਟੀਨ ਕਹਿੰਦੇ ਨੇ ਅਮਰੀਕਾ ਦੇ ਪਬਲਿਕ ਰੇਡੀਓ ਐਨਪੀਆਰ ਨੂੰ 2019 'ਚ ਸਪਸ਼ਟ ਰੂਪ ਵਿੱਚ ਦੱਸਿਆ, "ਨਹੀਂ,"

ਜਦੋਂ ਪੁਲਾੜ ਵਿੱਚ ਕਮਰਸ਼ੀਅਲ ਗਤੀਵਿਧੀਆਂ ਜਿਵੇਂ ਕਿ ਸ੍ਰੋਤਾਂ ਦੀ ਖੋਜ ਦੀ ਗੱਲ ਆਉਂਦੀ ਹੈ ਤਾਂ ਜਵਾਬ ਇੰਨਾ ਸਾਫ਼ ਨਹੀਂ ਹੈ।

ਬਰਮਿੰਘਮ ਕਾਲਜ ਲੰਡਨ ਵਿੱਚ ਪਲੈਨੇਟਰੀ ਸਾਇੰਸ(ਗ੍ਰਹਿ ਵਿਗਿਆਨ) ਦੇ ਪ੍ਰੋਫੈਸਰ ਈਆਨ ਕ੍ਰਾਫੋਰਡ ਨੇ 2016 ਵਿੱਚ ਪ੍ਰਕਾਸ਼ਿਤ ਲੇਖ ਲਈ ਬੀਬੀਸੀ ਨੂੰ ਦੱਸਿਆ, "ਕੌਮਾਂਤਰੀ ਕਾਨੂੰਨ ਉਨ੍ਹਾਂ ਨਿੱਜੀ ਕੰਪਨੀਆਂ ਬਾਰੇ ਸਪਸ਼ਟ ਨਹੀਂ ਹੈ ਜੋ ਪੁਲਾੜ ਵਿੱਚ ਮਾਈਨਿੰਗ ਦੇ ਕੰਮ ਕਰਦੀਆਂ ਹਨ।"

ਉਨ੍ਹਾਂ ਕਿਹਾ, "ਬਾਹਰੀ ਪੁਲਾੜ ਸੰਧੀ ਦੀ ਮੁੜ ਸਮੀਖਿਆ ਕਰਨ ਅਤੇ ਇਸ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ।"

ਪਰ ਉਦੋਂ ਤੱਕ, ਪੁਲਾੜ ਦੇ ਕਾਨੂੰਨ ਮੁਤਾਬਕ, ਚੰਦਰਮਾ ਕਿਸੇ ਦਾ ਨਹੀਂ ਅਤੇ ਉਸੇ ਵੇਲੇ ਹਰ ਕਿਸੇ ਦਾ ਹੈ ਵੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)