ਬੇਅਦਬੀ ਖ਼ਿਲਾਫ ਸਖ਼ਤ ਕਾਨੂੰਨ ਦੀ ਮੰਗ ਲਈ ਕਰੀਬ 400 ਫੁੱਟ ਉੱਚੇ ਟਾਵਰ 'ਤੇ 18 ਮਹੀਨੇ ਰਹਿਣ ਵਾਲੇ ਗੁਰਜੀਤ ਸਿੰਘ ਨੂੰ ਹੇਠਾਂ ਉਤਾਰਿਆ ਗਿਆ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਚੇਤਾਵਨੀ: ਇਸ ਖ਼ਬਰ ਵਿੱਚ ਦੱਸੀਆਂ ਗਈਆਂ ਕੁਝ ਘਟਨਾਵਾਂ ਦੇ ਵੇਰਵੇ ਖ਼ਤਰਨਾਕ ਹਨ
''ਮੈਂ 18 ਮਹੀਨੇ 12 ਦਿਨਾਂ ਬਾਅਦ ਧਰਤੀ 'ਤੇ ਸੁਰੱਖਿਅਤ ਹੇਠਾਂ ਆ ਗਿਆ ਹਾਂ।''
ਇਹ ਬੋਲ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਖੇੜੀ ਨਗਾਈਆਂ ਪਿੰਡ ਦੇ ਗੁਰਜੀਤ ਸਿੰਘ ਦੇ ਹਨ।
43 ਸਾਲ ਦੇ ਗੁਰਜੀਤ ਸਿੰਘ 12 ਅਕਤੂਬਰ 2024 ਤੋਂ ਸਮਾਣਾ ਸ਼ਹਿਰ ਦੇ ਵਿਚਕਾਰ ਸਥਾਪਤ ਮੋਬਾਈਲ ਫ਼ੋਨ ਟਾਵਰ ਉੱਤੇ ਬੈਠੇ ਹੋਏ ਸਨ। ਉਨ੍ਹਾਂ ਨੂੰ 24 ਅਪ੍ਰੈਲ ਸਵੇਰੇ ਪੌਣੇ 8 ਵਜੇ ਦੇ ਕਰੀਬ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ ਹੈ।ਉਹ ਬੇਅਦਬੀ ਦੀਆਂ ਘਟਨਾਵਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਇੱਕ ਸਖ਼ਤ ਕਾਨੂੰਨ ਦੀ ਮੰਗ ਕਰ ਰਹੇ ਸੀ।
ਲੰਘੇ ਕੱਲ੍ਹ ਉਨ੍ਹਾਂ ਨੇ ਦੱਸਿਆ ਸੀ, "12 ਅਕਤੂਬਰ 2024 ਤੋਂ ਲੈ ਕੇ 23 ਅਪ੍ਰੈਲ 2026 ਤੱਕ ਮੈਂ ਗਰਮੀ, ਬਰਸਾਤ, ਹਨੇਰੀ, ਹੱਡ ਚੀਰਵੀਂ ਠੰਢ ਅਤੇ ਹੋਰ ਦਿੱਕਤਾਂ ਦਾ ਸਾਹਮਣਾ ਕੀਤਾ ਪਰ ਅੱਜ ਮੈਂ ਖ਼ੁਸ਼ ਹਾਂ ਮੇਰੀ ਮੰਗ ਮੰਨੀ ਗਈ।"
ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 13 ਅਪ੍ਰੈਲ 2026 ਨੂੰ ਪੰਜਾਬ ਵਿਧਾਨ ਸਭਾ ਵਿਚ ਪਾਸ ਹੋਇਆ ਅਤੇ 17 ਅਪ੍ਰੈਲ ਨੂੰ ਰਾਜਪਾਲ ਵੱਲੋਂ ਇਸ ਉੱਤੇ ਦਸਤਖ਼ਤ ਹੋਣ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਧਾਰਨ ਕਰ ਗਿਆ ਹੈ।
ਹਾਲਾਂਕਿ ਇਸ ਐਕਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ। ਚੁਣੌਤੀ ਦੇਣ ਵਾਲੀ ਇਸ ਪਟੀਸ਼ਨ ਵਿੱਚ ਕਿਹਾ ਗਿਆ ਕਿ ਨਵਾਂ ਕਾਨੂੰਨ ਧਰਮ ਨਿਰਪੱਖਤਾ ਅਤੇ ਆਰਟੀਕਲ 14 ਦੀ ਉਲੰਘਣਾ ਹੈ।
ਗੁਰਜੀਤ ਸਿੰਘ ਹੁਣ ਥੱਲੇ ਲਿਆਉਣ ਦਾ ਕੰਮ ਪਟਿਆਲਾ ਪ੍ਰਸ਼ਾਸਨ, ਸਿਵਲ ਡਿਫੈਂਸ ਅਤੇ ਭਾਰਤੀ ਫੌਜ ਮਿਲ ਕੇ ਕੀਤਾ।
ਸਮਾਣਾ ਦੇ ਡੀਐੱਸਪੀ ਫ਼ਤਿਹ ਸਿੰਘ ਬਰਾੜ ਨੇ ਬੀਬੀਸੀ ਪੰਜਾਬੀ ਨੂੰ ਪੁਸ਼ਟੀ ਕਰਦਿਆਂ ਆਖਿਆ ਹੈ ਸੀ ਕਿ ਗੁਰਜੀਤ ਸਿੰਘ ਨੂੰ 24 ਤਰੀਕ ਨੂੰ ਸਵੇਰੇ ਥੱਲੇ ਲਿਆਂਦਾ ਜਾਵੇਗਾ। ਅਤੇ ਹੁਣ ਉਹ ਹੇਠਾਂ ਉਤਰ ਚੁੱਕੇ ਹਨ।
ਉਨ੍ਹਾਂ ਨੂੰ ਹੇਠਾਂ ਲਿਆਉਣ ਵਾਲੀ ਟੀਮ ਦੇ ਮੈਂਬਰ ਫਾਇਰਮੈਨ ਕ੍ਰਿਸ਼ਨ ਕੁਮਾਰ ਨੇ ਦੱਸਿਆ,"ਮੈਂ ਉਨ੍ਹਾਂ ਨੂੰ ਫੜ੍ਹ ਕੇ ਰੱਸੇ ਖੋਲ ਕੇ ਕੇਜ ਵਿੱਚ ਬਿਠਾਇਆ। ਇਸ ਲਈ ਅਸੀਂ ਕਈ ਦਿਨਾਂ ਤੋਂ ਅਭਿਆਸ ਵੀ ਕਰ ਰਹੇ ਸੀ।"
ਗੁਰਜੀਤ ਸਿੰਘ ਨੂੰ ਹੇਠਾਂ ਲਿਆਉਣ ਤੋਂ ਬਾਅਦ ਚੈਕਅਪ ਲਈ ਹਸਪਤਾਲ ਲੈ ਜਾਂਦਾ ਗਿਆ।
ਕੌਣ ਹਨ ਗੁਰਜੀਤ ਸਿੰਘ ਅਤੇ ਕਿਵੇਂ ਗੁਜ਼ਾਰੇ ਟਾਵਰ ਉੱਤੇ ਕਈ ਮਹੀਨੇ
ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਦੇ ਵਿਚਕਾਰ ਚਿਲਡਰਨ ਪਾਰਕ ਦੇ ਨੇੜੇ ਲੱਗਾ ਟਾਵਰ ਕਰੀਬ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਚਰਚਾ ਵਿੱਚ ਸੀ। ਪਹਿਲਾਂ ਲੋਕਾਂ ਦਾ ਇਕੱਠਾ ਇੱਥੇ ਹੀ ਹੁੰਦਾ ਸੀ ਪਰ 24 ਫਰਵਰੀ ਨੂੰ ਧਰਮ ਯੁੱਧ ਮੋਰਚੇ ਤਹਿਤ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਉੱਤੇ ਧਰਨਾ ਸ਼ੁਰੂ ਕੀਤਾ ਗਿਆ। ਮੋਰਚੇ ਤੋਂ ਟਾਵਰ ਦੀ ਦੂਰੀ ਕਰੀਬ ਇੱਕ ਕਿਲੋਮੀਟਰ ਹੈ।
ਸਮਾਣਾ ਦਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਨੂੰ ਹਰਿਆਣਾ ਨਾਲ ਜੋੜਨ ਵਾਲਾ ਮਹੱਤਵਪੂਰਨ ਹਾਈਵੇ ਹੈ।
ਸਮਾਣਾ ਦੀਆਂ ਕਚਹਿਰੀਆਂ ਦੇ ਨੇੜੇ ਚਿਲਡਰਨ ਪਾਰਕ ਦੇ ਬਿਲਕੁਲ ਕੋਲ ਟਾਵਰ ਉੱਤੇ ਬੈਠੇ ਗੁਰਜੀਤ ਸਿੰਘ ਨਾਲ ਵੀਰਵਾਰ ਨੂੰ ਦੁਪਹਿਰ ਕਰੀਬ 2 ਵਜੇ ਬੀਬੀਸੀ ਪੰਜਾਬੀ ਦੀ ਟੀਮ ਨੇ ਫ਼ੋਨ ਰਾਹੀਂ ਸੰਪਰਕ ਕੀਤਾਸੀ।
ਗੁਰਜੀਤ ਸਿੰਘ ਨੇ ਆਖਿਆ, "ਪਿਛਲੇ ਸਮੇਂ ਦੌਰਾਨ ਮੈਂ ਬਹੁਤ ਕਸ਼ਟ ਸਹਿਣ ਕੀਤੇ ਪਰ ਗੁਰਬਾਣੀ ਦੇ ਆਸਰੇ ਆਖ਼ਰ ਵਿੱਚ ਮੇਰੀ ਜਿੱਤ ਹੋਈ ਹੈ।"
ਗੁਰਜੀਤ ਸਿੰਘ ਸਾਬਕਾ ਫ਼ੌਜੀ ਅਤੇ ਕਿਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ 12 ਅਕਤੂਬਰ 2024 ਨੂੰ ਜਦੋਂ ਉਹ ਟਾਵਰ ਉੱਤੇ ਚੜ੍ਹੇ ਤਾਂ ਪਹਿਲਾਂ ਕਾਫ਼ੀ ਦਿੱਕਤ ਆਈ। ਖ਼ਾਸ ਤੌਰ ਉੱਤੇ ਕਬੂਤਰਾਂ ਅਤੇ ਹੋਰ ਪੰਛੀਆਂ ਨੇ ਬਹੁਤ ਪਰੇਸ਼ਾਨ ਕੀਤਾ।
ਉਨ੍ਹਾਂ ਦੱਸਿਆ, "100 ਫੁੱਟ ਦੀ ਉੱਚਾਈ ਉੱਤੇ ਚੜ੍ਹਨ ਤੋਂ ਬਾਅਦ ਮੈਂ ਕੁਝ ਸਮਾਂ ਅਰਾਮ ਕੀਤਾ। ਫਿਰ 200 ਫੁੱਟ ਅਤੇ ਅੰਤ ਵਿੱਚ ਕਰੀਬ 400 ਫੁੱਟ ਦੀ ਉਚਾਈ ਉੱਤੇ ਪਹੁੰਚ ਗਿਆ, ਕਿਉਂਕਿ ਇਹ ਥਾਂ ਸੁਰੱਖਿਅਤ ਲੱਗੀ।"
ਗੁਰਜੀਤ ਨੇ ਦੱਸਿਆ ਕਿ ਪਹਿਲਾਂ ਟਾਵਰ ਉੱਤੇ ਬਣੀ ਥਾਂ ਉੱਤੇ ਰਿਹਾ ਅਤੇ ਫਿਰ ਹੌਲੀ-ਹੌਲੀ ਥੱਲੇ ਤੋਂ ਸਮਾਨ ਪਹੁੰਚਦਾ ਗਿਆ ਅਤੇ ਮੌਜੂਦਾ ਰੂਪ ਵਿੱਚ ਟਾਵਰ ਉੱਤੇ ਉਨ੍ਹਾਂ ਨੇ ਕੱਪੜੇ ਦਾ ਟੈਂਟ ਸਥਾਪਤ ਕਰ ਲਿਆ ਸੀ।
ਉਨ੍ਹਾਂ ਨੇ ਦੱਸਿਆ, "ਸਾਬਕਾ ਫ਼ੌਜੀ ਹੋਣ ਕਾਰਨ ਮੈਂ ਪਾਣੀ ਦੀਆਂ ਛੋਟੀਆਂ ਬੋਤਲਾਂ, ਕੁਝ ਖੀਣ-ਪੀਣ ਅਤੇ ਹੋਰ ਛੋਟਾ ਸਮਾਨ ਨਾਲ ਲੈ ਕੇ ਆਇਆ ਸੀ ਪਰ ਇਹ ਛੇਤੀ ਹੀ ਖ਼ਤਮ ਹੋ ਗਿਆ ਅਤੇ ਪੰਜ ਦਿਨ ਬਾਅਦ ਫਿਰ ਪ੍ਰਸ਼ਾਸਨ ਨੇ ਕੁਝ ਸਮਾਨ ਉੱਤੇ ਪਹੁੰਚਾਇਆ। ਇਸ ਨਾਲ ਮੇਰਾ ਗੁਜ਼ਾਰਾ ਚੱਲ ਪਿਆ ਸੀ।"
ਉਨ੍ਹਾਂ ਦੱਸਿਆ ਉਹ ਰਾਤ ਸਮੇਂ ਜਾਗਦੇ ਰਹਿੰਦੇ ਸਨ ਅਤੇ ਸਵੇਰੇ ਦਿਨ ਚੜ੍ਹਨ ਸਮੇਂ ਆਪਣੀ ਨੀਂਦ ਪੂਰੀ ਕਰਦਾ ਸੀ।
ਇਸ ਦਾ ਕਾਰਨ ਦੱਸਦਿਆਂ ਗੁਰਜੀਤ ਸਿੰਘ ਨੇ ਦੱਸਿਆ, "ਰਾਤ ਸਮੇਂ ਸੁਰੱਖਿਆ ਸਬੰਧੀ ਖ਼ਤਰਾ ਮਹਿਸੂਸ ਹੁੰਦਾ ਸੀ ਅਤੇ ਇਸ ਕਰ ਕੇ ਇਹਿਤਆਤਨ ਮੈਂ ਰਾਤ ਨੂੰ ਜਾਗਦਾ ਸੀ ਅਤੇ ਦਿਨ ਸਮੇਂ ਸਵੇਰੇ 9 ਵਜੇ ਤੱਕ ਨੀਂਦ ਪੂਰੀ ਕਰਦਾ ਸੀ।"
ਉਨ੍ਹਾਂ ਦੱਸਿਆ ਪ੍ਰਸ਼ਾਸਨ ਨੇ ਉਸ ਨੂੰ ਹੇਠਾਂ ਉਤਾਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਚਾਈ ਜ਼ਿਆਦਾ ਹੋਣ ਕਰ ਕੇ ਉਨ੍ਹਾਂ ਤੱਕ ਪਹੁੰਚ ਨਹੀਂ ਹੋ ਸਕੀ ਅਤੇ ਉਹ ਆਪਣੀ ਮੰਗ ਉੱਤੇ ਅੜ੍ਹੇ ਰਹੇ।
ਉਸ ਨੇ ਦੱਸਿਆ, "ਮੇਰਾ ਇੱਕ ਜਾਣਕਾਰ ਰੋਜ਼ਾਨਾ ਖੀਣ ਪੀਣ, ਦਵਾਈਆਂ ਅਤੇ ਪਾਣੀ ਪਹੁੰਚਾ ਦਿੰਦਾ ਸੀ ਜਿਸ ਕਰ ਕੇ ਵਕਤ ਹੌਲੀ-ਹੌਲੀ ਕਰ ਕੇ ਲੰਘਦਾ ਗਿਆ।"
ਗੁਰਜੀਤ ਨੇ ਦੱਸਿਆ, "ਸਭ ਤੋਂ ਔਖਾ ਸਮਾਂ ਤੇਜ਼ ਹਵਾਵਾਂ ਅਤੇ ਹਨੇਰੀ ਸਮੇਂ ਹੁੰਦਾ ਸੀ ਕਿਉਂਕਿ ਉਸ ਸਮੇਂ ਟਾਵਰ ਹਿੱਲਦਾ ਸੀ, ਜਿਸ ਕਾਰਨ ਕਾਫ਼ੀ ਦਿੱਕਤ ਆਉਂਦੀ ਸੀ। ਇਸ ਤੋਂ ਇਲਾਵਾ ਸਰਦੀਆਂ ਵਿੱਚ ਧੁੰਦ ਕਾਰਨ ਬਹੁਤ ਘੱਟ ਦਿਖਾਈ ਦਿੰਦਾ ਸੀ ਅਤੇ ਠੰਢ ਵਿੱਚ ਵੀ ਕਾਫ਼ੀ ਦਿੱਕਤ ਆਉਂਦੀ ਸੀ।"
ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਕੱਪੜੇ ਗਿੱਲੇ ਹੋ ਜਾਂਦੇ ਸਨ ਅਤੇ ਹਵਾ ਦੇ ਨਾਲ ਹੀ ਸੁੱਕਦੇ ਸਨ।
ਉਹ ਕਹਿੰਦੇ ਹਨ ਕਿ ਰੋਟੀ ਉਹ ਇੱਕੋ ਵੇਲੇ ਹੀ ਖਾਂਦੇ ਸਨ ਅਤੇ ਜ਼ਿਆਦਾਤਰ ਤਰਲ ਪਦਾਰਥ ਨਾਲ ਹੀ ਗੁਜ਼ਾਰਾ ਕਰਦੇ ਸੀ ਅਤੇ ਰੋਜ਼ਾਨਾ ਦੀ ਕਿਰਿਆ ਲਈ ਉਨ੍ਹਾਂ ਨੂੰ ਕਾਫ਼ੀ ਦਿੱਕਤ ਆਉਂਦੀ ਸੀ।
ਗੁਰਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪੈਰ ਸੁੱਜ ਗਏ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਉਹ ਪੀੜਤ ਹੋ ਗਏ ਹਨ। ਪਰ ਫਿਰ ਵੀ ਉਹ ਖ਼ੁਸ਼ ਹਨ ਕਿ ਬੇਅਦਬੀ ਦੇ ਵਿਰੁੱਧ ਕਾਨੂੰਨ ਬਣ ਗਿਆ ਹੈ।
ਗੁਰਜੀਤ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਤਨੀ ਅਤੇ ਇੱਕ ਬੇਟਾ ਹੈ। ਉਹ ਉੱਥੇ ਆਪਣੀ ਮਾਂ ਨੂੰ ਚੇਤੇ ਕਰਦੇ ਹੋਏ ਦੱਸਦੇ ਹਨ ਕਿ ਮਾਂ ਦਿਲ ਦੇ ਸਭ ਤੋਂ ਨੇੜੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ।
ਗੁਰਜੀਤ ਸਿੰਘ ਤੱਕ ਰੋਜ਼ਾਨਾ ਸਮਾਨ ਕਿਵੇਂ ਪਹੁੰਚਦਾ ਹੈ
ਗੁਰਜੀਤ ਸਿੰਘ ਕਰੀਬ 400 ਫੁੱਟ ਉੱਚੇ ਟਾਵਰ ਉੱਤੇ ਸਨ ਅਤੇ ਉਨ੍ਹਾਂ ਤੱਕ ਰੋਜ਼ਾਨਾ ਖਾਣਾ ਅਤੇ ਹੋਰ ਸਮਾਨ ਪਹੁੰਚਾਉਣਾ ਸਭ ਤੋਂ ਵੱਡੀ ਚੁਣੌਤੀ ਸੀ।
ਗੁਰਜੀਤ ਸਿੰਘ ਤੱਕ ਸਮਾਨ ਰੋਜ਼ਾਨਾ ਪਹੁੰਚਾਉਣ ਦੀ ਜ਼ਿੰਮੇਵਾਰੀ ਗੁਰਜੰਟ ਸਿੰਘ ਨਾਮ ਦੇ ਨੌਜਵਾਨ ਦੀ ਸੀ। ਗੁਰਜੰਟ ਸਿੰਘ ਨਿੱਜੀ ਕੰਪਨੀ ਵਿੱਚ ਟਾਵਰ ਸਥਾਪਤ ਕਰਨ ਦਾ ਕੰਮ ਕਰ ਚੁੱਕੇ ਹਨ ਅਤੇ ਇਸ ਕਰ ਕੇ ਉਹ ਉੱਚਾਈ ਅਤੇ ਟਾਵਰ ਦੀਆਂ ਬਰੀਕੀਆਂ ਨੂੰ ਜਾਣਦੇ ਸੀ।
ਇਸੇ ਕਾਰਨ ਹੀ ਉਹ ਰੋਜ਼ਾਨਾ ਦੁਪਹਿਰ ਇੱਕ ਵਜੇ ਜ਼ਰੂਰੀ ਸਮਾਨ ਜਿਸ ਵਿੱਚ ਰੋਟੀ, ਕੱਪੜੇ, ਦਵਾਈਆਂ ਅਤੇ ਬੈਟਰੀਆਂ ਸ਼ਾਮਲ ਹੁੰਦੀਆਂ ਸਨ, ਲੈ ਕੇ ਟਾਵਰ ਉੱਤੇ ਚੜਦੇ ਹਨ।
ਗੁਰਜੰਟ ਸਿੰਘ ਮੁਤਾਬਕ, "ਟਾਵਰ ਉੱਤੇ ਗੁਰਜੀਤ ਸਿੰਘ ਤੱਕ ਪਹੁੰਚਣ ਦੇ ਲਈ ਮੈਨੂੰ ਰੋਜ਼ਾਨਾ ਕਰੀਬ 40 ਮਿੰਟ ਲੱਗਦੇ ਸਨ ਅਤੇ ਹਰ ਸੋ ਮੀਟਰ ਦੀ ਉਚਾਈ ਤੋਂ ਬਾਅਦ ਮੈਂ ਬੈਠਦਾ ਅਤੇ ਆਰਾਮ ਕਰ ਕੇ ਫਿਰ ਚੜ੍ਹਾਈ ਸ਼ੁਰੂ ਕਰਦਾ ਸੀ।"
"ਗੁਰਜੀਤ ਸਿੰਘ ਤੱਕ ਪਹੁੰਚ ਕੇ ਮੈਂ ਕੁਝ ਸਮਾਂ ਆਰਾਮ ਕਰਦਾ ਅਤੇ ਫਿਰ ਗੱਲਾਂ ਹੁੰਦੀਆਂ ਅਤੇ ਕਰੀਬ ਚਾਰ ਘੰਟੇ ਬਾਅਦ ਮੈਂ ਹੇਠਾਂ ਉਤਰ ਆਉਂਦਾ ਹਾਂ।"
ਗੁਰਜੰਟ ਸਿੰਘ ਨੇ ਦੱਸਿਆ ਉਨ੍ਹਾਂ ਦੇ ਹੱਥਾਂ ਦਾ ਮਾਸ ਉਤਰ ਚੁੱਕਾ ਹੈ ਕਿਉਂਕਿ ਟਾਵਰ ਦੀਆਂ ਪਾਈਪਾਂ ਮੌਸਮ ਦੇ ਹਿਸਾਬ ਨਾਲ ਕਦੇ ਠੰਢੀਆਂ ਅਤੇ ਕਦੇ ਗਰਮ ਹੁੰਦੀਆਂ ਹਨ।
ਉਨ੍ਹਾਂ ਕਹਿੰਦੇ ਹਨ ਕਿ ਬਰਸਾਤ ਅਤੇ ਧੁੰਦ ਦੇ ਦਿਨਾਂ ਵਿੱਚ ਟਾਵਰ ਉੱਤੇ ਚੜ੍ਹਨਾ ਕਾਫ਼ੀ ਮੁਸ਼ਕਿਲ ਹੁੰਦਾ ਸੀ।
ਗੁਰਜੀਤ ਸਿੰਘ ਨੇ ਜੇਕਰ ਟਾਵਰ ਉੱਤੇ ਬੈਠ ਕੇ ਆਪਣੀ ਮੰਗ ਮਨਵਾਈ ਤਾਂ ਹੇਠਾਂ ਕੁਝ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਤੱਕ ਇਹ ਗੱਲ ਪਹੁੰਚਾਈ ਇਸ ਵਿੱਚ ਕੁਝ ਟੀ ਵੀ ਪੱਤਰਕਾਰ, ਫ਼ਿਲਮ ਦੁਨੀਆ ਨਾਲ ਸਬੰਧਿਤ ਲੋਕ, ਮਨੋਵਿਗਿਆਨੀ, ਕਿਸਾਨ ਆਗੂ ਸ਼ਾਮਲ ਸਨ।
ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਤੋਂ ਤਾਲੁਕ ਰੱਖਣ ਵਾਲੇ 53 ਸਾਲਾ ਟੀਵੀ ਪੱਤਰਕਾਰ ਗੁਰਪ੍ਰੀਤ ਸਿੰਘ ਮੋਰਚੇ ਦਾ ਤਾਲਮੇਲ ਕਰ ਰਹੇ ਸਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "24 ਫਰਵਰੀ ਨੂੰ ਸੰਗਤ ਵੱਡੀ ਗਿਣਤੀ ਵਿੱਚ ਵਿਰੋਧ ਲਈ ਆਈ। ਸ਼ੁਰੂ ਵਿੱਚ ਪੰਜਾਬ ਸਰਕਾਰ ਨੇ ਸਾਨੂੰ ਦਬਾਉਣ ਦੀ ਹਰ ਤਰ੍ਹਾਂ ਕੋਸ਼ਿਸ਼ ਕੀਤੀ। ਪਰ ਅਸੀਂ ਹਾਰ ਨਹੀਂ ਮੰਨੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਉੱਤੇ ਧਰਨਾ ਲਗਾਉਣ ਵਿਚ ਕਾਮਯਾਬ ਹੋ ਗਏ।
ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਵਿਧਾਨ ਸਭਾ ਵਿੱਚ ਬਿੱਲ ਪਾਸ ਹੋਣ ਬਾਅਦ 14 ਅਪ੍ਰੈਲ ਨੂੰ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਧਰਮ ਯੁੱਧ ਮੋਰਚਾ ਵਾਲੀ ਥਾਂ ਪਹੁੰਚੇ ਸਨ ਅਤੇ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026' ਦੀ ਕਾਪੀ ਉੱਥੇ ਮੌਜੂਦ ਪ੍ਰਬੰਧਕਾਂ ਨੂੰ ਸੌਂਪ ਕੇ ਆਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ