ਕੁਝ ਜੋੜੇ ਵਿਆਹਾਂ ਦੇ ਕਈ ਸਾਲਾਂ ਮਗਰੋਂ ਖੁੱਲ੍ਹੇ ਵਿਆਹ ਵੱਲ ਕਿਉਂ ਮੁੜ ਰਹੇ ਹਨ, ਕੀ ਇਹ ਕਾਮਯਾਬ ਹੋ ਸਕਦੇ ਹਨ

ਤਸਵੀਰ ਸਰੋਤ, Ilana Eleá - Personal Archive

ਤਸਵੀਰ ਕੈਪਸ਼ਨ, ਕਾਮ-ਵਿਗਿਆਨੀ ਡਾ. ਇਲਾਨਾ ਐਲੀਆ ਨੇ ਆਪਣੇ ਪਤੀ ਨੂੰ ਆਪਣੇ ਰਿਸ਼ਤੇ ਨੂੰ ਖੋਲ੍ਹਣ ਦਾ ਸੁਝਾਅ ਦਿੱਤਾ
    • ਲੇਖਕ, ਮਰੀਨਾ ਰੋਸਜ਼ੀ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
    • ...ਤੋਂ, ਸਾਓ ਪੋਲੋ
  • ਪੜ੍ਹਨ ਦਾ ਸਮਾਂ: 6 ਮਿੰਟ

ਡਾ. ਇਲਾਨਾ ਐਲੀਆ, ਜੋ ਕਿ ਇੱਕ ਲੇਖਕ, ਸਿੱਖਿਆ ਸ਼ਾਸਤਰੀ ਅਤੇ ਸੈਕਸੋਲੋਜਿਸਟ (ਕਾਮ-ਵਿਗਿਆਨੀ) ਹਨ। ਆਪਣੇ ਵਿਆਹ ਦੀ ਦਸਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੇ ਆਪਣੇ ਪਤੀ ਸਾਹਮਣੇ- ਮੋਨੋਗੈਮੀ (ਇੱਕ-ਪਤਨੀ ਜਾਂ ਇੱਕ-ਪਤੀ ਰਿਵਾਜ) ਨੂੰ ਛੱਡ ਕੇ ਰਿਸ਼ਤੇ ਨੂੰ 'ਓਪਨ' (ਖੁੱਲ੍ਹਾ) ਕਰਨ ਦੀ, ਤਜਵੀਜ਼ ਰੱਖੀ ਜਿਸ ਨੇ ਉਨ੍ਹਾਂ ਦੇ ਵਿਆਹ ਦੀ ਬੁਨਿਆਦ ਹੀ ਬਦਲ ਦਿੱਤੀ।

ਕੰਟੈਂਪਰੇਰੀ ਇੰਸਟੀਚਿਊਟ ਆਫ਼ ਕਲੀਨਿਕਲ ਸੈਕਸੋਲੋਜੀ ਤੋਂ ਸੈਕਸ ਥੈਰੇਪੀ ਵਿੱਚ ਬ੍ਰਾਜ਼ੀਲੀਅਨ ਗ੍ਰੈਜੂਏਟ, ਐਲੀਆ 2011 ਤੋਂ ਸਵੀਡਨ ਵਿੱਚ ਰਹਿ ਰਹੇ ਹਨ।

ਉਹ ਕਾਫ਼ੀ ਸਮੇਂ ਤੋਂ ਖੁੱਲ੍ਹੇ ਰਿਸ਼ਤਿਆਂ ਬਾਰੇ ਅਧਿਐਨ ਕਰ ਰਹੇ ਸਨ, ਜਦੋਂ ਉਹ ਆਪਣੀ ਕਾਮੁਕ ਗਲਪ ਦੀ ਲੜੀ ਦੀ ਪਹਿਲੀ ਕਿਤਾਬ 'ਏਮਾ ਐਂਡ ਸੈਕਸ' (ਏਮਾ ਅਤੇ ਸੈਕਸ) ਲਿਖ ਰਹੇ ਸਨ। ਮੁੱਖ ਪਾਤਰ 'ਏਮਾ' ਰਾਹੀਂ, ਐਲੀਆ ਨੇ ਉਨ੍ਹਾਂ ਵਿਚਾਰਾਂ ਦੀ ਪੜਚੋਲ ਕੀਤੀ ਜੋ ਲੰਬੇ ਸਮੇਂ ਤੋਂ ਉਨ੍ਹਾਂ ਦੀ ਖੋਜ ਦਾ ਵਿਸ਼ਾ ਰਹੇ ਸਨ।

ਐਲੀਆ ਦੇ ਪਤੀ ਨੇ ਇਸ ਤਜਵੀਜ਼ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨੇ ਸ਼ੈਂਪੇਨ ਨਾਲ ਟੋਸਟ (ਜਾਮ ਟਕਰਾ ਕੇ) ਕਰਕੇ ਇਸਦਾ ਜਸ਼ਨ ਮਨਾਇਆ। ਪੰਜ ਸਾਲਾਂ ਬਾਅਦ, ਇਹ ਜੋੜਾ ਹੁਣ ਆਪਣੇ ਰਿਸ਼ਤੇ ਨੂੰ "ਮਿਸ਼ਰਿਤ" ਦੱਸਦਾ ਹੈ ਅਤੇ ਆਪਣੇ ਨਵੇਂ ਪ੍ਰਬੰਧ ਨੂੰ ਕਾਫ਼ੀ ਹੱਦ ਤੱਕ ਸਫ਼ਲ ਮੰਨਦਾ ਹੈ।

ਲੇਕਿਨ ਐਲੀਆ ਇਸ ਨੂੰ ਬਹੁਤ ਜ਼ਿਆਦਾ ਰੁਮਾਂਚਕ ਬਣਾ ਕੇ ਪੇਸ਼ ਨਹੀਂ ਕਰਦੇ।

ਉਨ੍ਹਾਂ ਮੁਤਾਬਕ, "ਖੁੱਲ੍ਹਣ ਵਾਲੇ ਇੱਕ ਤਿਹਾਈ ਰਿਸ਼ਤੇ ਬਾਅਦ ਵਿੱਚ ਖਤਮ ਹੋ ਜਾਂਦੇ ਹਨ। ਲੇਕਿਨ ਮੋਨੋਗੈਮਸ ਰਿਸ਼ਤਿਆਂ ਲਈ ਵੀ ਇਹੀ ਔਸਤ ਦਰ ਹੈ। ਦੂਜੇ ਸ਼ਬਦਾਂ ਵਿੱਚ, ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਇਸ ਲਈ ਉਹ ਤਰੀਕਾ ਚੁਣਨਾ ਸਭ ਤੋਂ ਵਧੀਆ ਹੈ ਜਿਸ ਨਾਲ ਤੁਸੀਂ ਸਭ ਤੋਂ ਵੱਧ ਜੁੜੇ ਮਹਿਸੂਸ ਕਰਦੇ ਹੋ।"

Sorry, we can’t display this part of the story on this lightweight mobile page.

ਆਪਸੀ ਸਹਿਮਤੀ ਨਾਲ ਬਣਾਏ ਖੁੱਲ੍ਹੇ ਰਿਸ਼ਤੇ

ਐਲੀਆ ਸਹਿਮਤੀ ਨਾਲ ਗੈਰ-ਇਕਸਾਥੀਵਾਦ" ਦੀ ਧਾਰਨਾ ਵਿੱਚ ਵਿਸ਼ਵਾਸ ਰੱਖਦੇ ਹਨ - ਇਹ ਇੱਕ ਅਜਿਹਾ ਵਿਆਪਕ ਸ਼ਬਦ ਹੈ ਜੋ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਰਿਸ਼ਤੇ ਜਾਂ ਜਿਨਸੀ ਸਾਥੀ ਹੁੰਦੇ ਹਨ। ਇਸ ਦੀ ਖ਼ਾਸੀਅਤ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ "ਸਪੱਸ਼ਟ ਖੁੱਲ੍ਹ" ਹੈ।

ਇਸ ਕਾਰਨ ਕਰਕੇ, ਮਾਹਿਰ ਕਈ ਵਾਰ ਇਸ ਨੂੰ ਬੇਵਫ਼ਾਈ ਦੇ ਉਲਟ "ਨੈਤਿਕ ਜਾਂ ਜ਼ਿੰਮੇਵਾਰ ਗੈਰ-ਇਕਸਾਥੀਵਾਦ" ਵਜੋਂ ਵੀ ਦੱਸਦੇ ਹਨ।

ਤਸਵੀਰ ਸਰੋਤ, Erdark via Getty Images

ਐਲੀਆ ਸਮਝਾਉਂਦੇ ਹਨ, "ਇਹ ਧਾਰਨਾ ਕਿਸੇ ਵੀ ਅਜਿਹੀ ਕਿਸਮ ਦੇ ਰਿਸ਼ਤੇ ਵੱਲ ਇਸ਼ਾਰਾ ਕਰਦੀ ਹੈ ਜੋ ਸ਼ਾਮਲ ਲੋਕਾਂ ਵਿਚਕਾਰ ਆਪਸੀ ਸਹਿਮਤੀ ਨਾਲ ਹੋਵੇ ਅਤੇ ਜੋ ਕਿਸੇ ਨਾ ਕਿਸੇ ਰੂਪ ਵਿੱਚ ਅਤੇ ਕਿਸੇ ਵੀ ਹੱਦ ਤੱਕ, ਸਿਰਫ਼ ਇੱਕ ਸਾਥੀ ਤੱਕ ਸੀਮਤ ਰਹਿਣ (ਸੀਮਤ-ਵਫ਼ਾਦਾਰੀ) ਦੇ ਵਿਚਾਰ ਨੂੰ ਲਚਕੀਲਾ ਬਣਾਉਂਦਾ ਹੋਵੇ, ਚਾਹੇ ਉਹ ਭਾਵਨਾਤਮਕ ਹੋਵੇ, ਕਾਮੁਕ ਹੋਵੇ ਜਾਂ ਰੁਮਾਂਚਕ।"

ਹਾਲਾਂਕਿ, ਉਹ 'ਓਪਨ ਰਿਲੇਸ਼ਨਸ਼ਿਪ' (ਖੁੱਲ੍ਹੇ ਰਿਸ਼ਤੇ) ਅਤੇ 'ਪੌਲੀਅਮਰੀ' (ਬਹੁ-ਪਿਆਰ) ਵਜੋਂ ਜਾਣੇ ਜਾਂਦੇ ਸੰਕਲਪ ਵਿੱਚ ਫਰਕ ਕਰਦੇ ਹਨ।

"ਓਪਨ ਰਿਲੇਸ਼ਨਸ਼ਿਪ ਵਿੱਚ ਆਮ ਤੌਰ 'ਤੇ ਬਿਨਾਂ ਕਿਸੇ ਰੁਮਾਂਸ ਦੇ ਜਿਨਸੀ ਆਜ਼ਾਦੀ ਹੁੰਦੀ ਹੈ - ਯਾਨੀ ਕਿ ਸਿਰਫ਼ ਆਰਜ਼ੀ ਮੁਲਾਕਾਤਾਂ, ਪਿਆਰ ਵਿੱਚ ਪੈਣਾ ਨਹੀਂ। ਦੂਜੇ ਪਾਸੇ, ਪੌਲੀਅਮਰੀ ਵਿੱਚ ਪਿਆਰ ਅਤੇ ਜਨੂੰਨ ਸ਼ਾਮਲ ਹੁੰਦਾ ਹੈ, ਜਿਸ ਵਿੱਚ 'ਨਵੇਂ ਰਿਸ਼ਤੇ ਦੀ ਊਰਜਾ' ਵੀ ਸ਼ਾਮਲ ਹੈ: ਯਾਨੀ ਕਿ ਦੁਬਾਰਾ ਪਿਆਰ ਵਿੱਚ ਪੈਣ ਦਾ ਉਤਸ਼ਾਹ।"

ਐਲੀਆ ਖੁਦ "ਮਿਸ਼ਰਿਤ, ਸੰਵੇਦਨਸ਼ੀਲ, ਪਿਆਰ ਭਰੇ ਅਤੇ ਹਮਦਰਦੀ ਵਾਲੇ ਸਮਝੌਤੇ" ਦਾ ਅਭਿਆਸ ਕਰਦੇ ਹਨ ਜਿਸ ਨੂੰ ਉਹ ਕਹਿੰਦੇ ਹਨ।

ਉਹ ਕਹਿੰਦੀ ਹੈ, "ਮੇਰਾ ਇੱਕ ਪੈਰ ਪੌਲੀਅਮਰੀ ਵਿੱਚ ਹੈ। ਪੂਰੀ ਤਰ੍ਹਾਂ ਨਹੀਂ, ਪਰ ਇਸ ਵਿਚਾਰ ਨਾਲ ਕਿ ਇੱਕ ਤੋਂ ਵੱਧ ਵਿਅਕਤੀਆਂ ਨਾਲ ਪਿਆਰ ਅਤੇ ਰੁਮਾਂਚਕ ਰਿਸ਼ਤੇ ਰੱਖਣਾ ਸੰਭਵ ਹੈ। ਮੇਰਾ ਪਤੀ ਸਿਰਫ਼ ਆਰਜ਼ੀ ਮੁਲਾਕਾਤਾਂ ਨੂੰ ਤਰਜੀਹ ਦਿੰਦਾ ਹੈ। ਅਸੀਂ ਇਸ ਬਾਰੇ ਗੱਲ ਕਰਦੇ ਰਹਿੰਦੇ ਹਾਂ।"

ਆਪਣੇ ਰਿਸ਼ਤੇ ਬਾਰੇ ਸੋਚੋ

ਐਲੀਆ ਦੇ ਤਜ਼ਰਬੇ ਮੁਤਾਬਕ, ਆਪਣੇ ਰਿਸ਼ਤੇ ਖੋਲ੍ਹਣ ਵਾਲੇ ਜੋੜਿਆਂ ਲਈ ਸਭ ਤੋਂ ਆਮ ਸ਼ੁਰੂਆਤੀ ਬਿੰਦੂ ਅਖੌਤੀ "ਨਾ-ਪੁੱਛੋ, ਨਾ-ਦੱਸੋ" ਵਾਲਾ ਤਰੀਕਾ ਹੈ।

"ਕੁਝ ਇਸ ਤਰ੍ਹਾਂ, 'ਮੈਨੂੰ ਲੱਗਦਾ ਹੈ ਕਿ ਸਾਡੇ ਵਿਚਕਾਰ ਸੀਮਤ ਵਫ਼ਾਦਾਰੀ ਸ਼ਾਇਦ ਸੰਭਵ ਜਾਂ ਲੋੜੀਂਦੀ ਨਾ ਹੋਵੇ। ਲੇਕਿਨ ਮੈਂ ਜਾਣਨਾ ਨਹੀਂ ਚਾਹੁੰਦੀ/ਚਾਹੁੰਦਾ। ਮੈਨੂੰ ਨਾ ਦੱਸੋ, ਅਤੇ ਮੈਂ ਨਹੀਂ ਪੁੱਛਾਂਗਾ/ਪੁੱਛਾਂਗੀ,'" ਐਲੀਆ ਸਮਝਾਉਂਦੇ ਹਨ।

ਉਹ ਚੇਤਾਵਨੀ ਦਿੰਦੇ ਹਨ ਕਿ ਇਹ ਮਾਡਲ ਅਕਸਰ ਅਸਫਲ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਇਮਾਨਦਾਰੀ ਅਤੇ ਗੱਲਬਾਤ ਦੀ ਕਮੀ ਹੁੰਦੀ ਹੈ। ਉਹ ਚੇਤੰਨ ਕਰਦੇ ਹਨ, "ਜਿਹੜੀ ਚੀਜ਼ ਲੋਕਾਂ ਨੂੰ ਨੇੜੇ ਲਿਆਉਣ ਲਈ ਸੀ, ਉਹ ਆਖਰਕਾਰ ਦੂਰੀ ਪੈਦਾ ਕਰ ਦਿੰਦੀ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਵੀ ਰਿਸ਼ਤੇ ਨੂੰ ਖੋਲ੍ਹਣ ਤੋਂ ਪਹਿਲਾਂ, ਮਾਹਿਰ ਦੀ ਸਲਾਹ ਹੈ ਕਿ ਚੰਗੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ

ਰਿਸ਼ਤੇ ਨੂੰ ਖੋਲ੍ਹਣ ਦੀ ਸੰਭਾਵਨਾ ਬਾਰੇ ਸਾਥੀ ਨਾਲ ਗੱਲ ਕਰਨ ਤੋਂ ਪਹਿਲਾਂ, ਐਲੀਆ ਇੱਕ "ਭਾਵਨਾਤਮਕ ਸੂਚੀ" ਬਣਾਉਣ ਦੀ ਸਿਫਾਰਸ਼ ਕਰਦੀ ਹੈ।

ਉਹ ਕਹਿੰਦੇ ਹਨ, "ਆਪਣੇ ਰਿਸ਼ਤੇ ਬਾਰੇ ਸੋਚੋ। ਕੀ ਕਮੀ ਹੈ? ਤੁਹਾਡੀਆਂ ਇੱਛਾਵਾਂ ਅਤੇ ਹੱਦਾਂ ਕੀ ਹਨ? ਆਪਣੀਆਂ ਕਲਪਨਾਵਾਂ ਨੂੰ ਇਮਾਨਦਾਰੀ ਨਾਲ ਲਿਖੋ। ਇਸਨੂੰ, ਅਜੇ ਕੋਈ ਨਹੀਂ ਦੇਖੇਗਾ — ਇਹ ਸਿਰਫ਼ ਤੁਹਾਡੇ ਲਈ ਹੈ।"

ਰਿਸ਼ਤੇ ਨੂੰ ਖੋਲ੍ਹਣ ਲਈ ਆਪਸੀ ਗੱਲਬਾਤ ਅਤੇ ਹਮਦਰਦੀ ਦੀ ਵੀ ਲੋੜ ਹੁੰਦੀ ਹੈ।

ਐਲੀਆ ਕਹਿੰਦੀ ਹੈ, "ਇਹ ਇੱਕ ਮੁਸ਼ਕਲ ਪਲ ਹੁੰਦਾ ਹੈ... ਖਾਸ ਕਰਕੇ ਉਨ੍ਹਾਂ ਲਈ ਜੋ ਇਸ ਵਿਚਾਰ ਨਾਲ ਵੱਡੇ ਹੋਏ ਹਨ ਕਿ ਇੱਕ-ਸਾਥੀ ਪ੍ਰਥਾ ਹੀ ਪਿਆਰ ਕਰਨ ਦਾ ਸਭ ਤੋਂ ਉੱਤਮ ਤਰੀਕਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਲੋਕਾਂ ਵਿਚਕਾਰ ਸਤਿਕਾਰ ਅਤੇ ਵਫ਼ਾਦਾਰੀ ਦਾ ਪ੍ਰਤੀਕ ਹੈ।"

ਉਹ ਕਹਿੰਦੇ ਹਨ, "ਸਮਝੌਤੇ ਗੱਲਬਾਤ ਰਾਹੀਂ ਕੀਤੇ ਜਾਂਦੇ ਹਨ: ਤੁਸੀਂ ਕਿਸ ਹੱਦ ਤੱਕ ਜਾਓਗੇ? ਕਿਸ ਦੇ ਨਾਲ? ਅਤੇ ਇਹ ਮਹੱਤਵਪੂਰਨ ਹੈ ਕਿ ਹੱਦਾਂ ਦਾ ਮਜ਼ਾਕ ਨਾ ਉਡਾਇਆ ਜਾਵੇ, ਸਗੋਂ ਉਨ੍ਹਾਂ ਨੂੰ ਸਮਝਿਆ ਜਾਵੇ।"

ਉਹ ਕਹਿੰਦੇ ਹਨ ਕਿ ਮਦਦਗਾਰ ਲੋਕਾਂ ਦਾ ਆਲੇ-ਦੁਆਲੇ ਹੋਣਾ ਵੀ ਬਹੁਤ ਮਹੱਤਵਪੂਰਨ ਹੈ। ਡਾ. ਐਲੀਆ ਮੁਤਾਬਕ, "ਇਸ ਵਿਸ਼ੇ ਬਾਰੇ ਪੜ੍ਹੋ, ਪੋਡਕਾਸਟ ਸੁਣੋ। ਆਪਣੀਆਂ ਰੁਚੀਆਂ ਦੇ ਅਧਾਰ 'ਤੇ ਅਜਿਹੇ ਮਦਦਗਾਰ ਸਮੂਹਾਂ ਦੀ ਭਾਲ ਕਰੋ।"

ਉਹ ਸਲਾਹ ਦਿੰਦੇ ਹਨ, "ਸਮਾਜਿਕ ਬਦਨਾਮੀ ਹਕੀਕਤ ਹੈ। ਅਜਿਹੇ ਪੇਸ਼ੇਵਰਾਂ ਤੋਂ ਮਾਰਗਦਰਸ਼ਨ ਲਓ ਜੋ ਸਮਝਦੇ ਹਨ ਕਿ ਪਿਆਰ ਦਾ ਅਨੁਭਵ ਕਰਨ ਦੇ ਜਾਇਜ਼ ਤਰੀਕੇ ਵੀ ਹਨ।"

ਐਲੀਆ ਅੱਗੇ ਦੱਸਦੇ ਹਨ ਕਿ ਟੁੱਟੇ ਹੋਏ ਰਿਸ਼ਤੇ ਨੂੰ ਸੁਧਾਰਨ ਲਈ ਉਸਨੂੰ ਖੋਲ੍ਹਣਾ ਸ਼ਾਇਦ ਹੀ ਕਦੇ ਕਾਰਗਰ ਹੁੰਦਾ ਹੈ।

ਉਹ ਕਹਿੰਦੀ ਹੈ, "ਇਸ ਬਾਰੇ ਭੁੱਲ ਜਾਓ। ਇਹ ਕੋਈ ਥੈਰੇਪੀ ਜਾਂ ਆਖਰੀ ਚਾਰਾ ਨਹੀਂ ਹੈ। ਖੁੱਲ੍ਹਣ ਦਾ ਫੈਸਲਾ ਆਮ ਤੌਰ 'ਤੇ ਉਦੋਂ ਚੇਤੰਨ ਰੂਪ ਵਿੱਚ ਅਤੇ ਕੁਦਰਤੀ ਤੌਰ 'ਤੇ ਲਿਆ ਜਾਂਦਾ ਹੈ ਜਦੋਂ ਰਿਸ਼ਤਾ ਚੰਗਾ ਹੋਵੇ, ਅਤੇ ਦੋਵੇਂ ਮਿਲ ਕੇ ਇਸ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹੋਣ।"

ਨਫ਼ਰਤ ਅਤੇ ਉਮੀਦ

ਜਦੋਂ ਐਲੀਆ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਆਪਣੇ ਵਿਆਹ ਵਿੱਚ ਆਏ ਬਦਲਾਅ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੂੰ ਹਜ਼ਾਰਾਂ ਨਫ਼ਰਤੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ।

ਉਹ ਯਾਦ ਕਰਦੇ ਹਨ, "ਕੁਝ ਟਿੱਪਣੀਆਂ ਬਹੁਤ ਬੇਤੁਕੀਆਂ ਸਨ: 'ਤੁਸੀਂ ਇਹ ਇਸ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਆਪਣੇ ਮਰਦ ਨੂੰ ਗੁਆਉਣਾ ਨਹੀਂ ਚਾਹੁੰਦੇ।"

ਲੇਕਿਨ ਉਨ੍ਹਾਂ ਨੂੰ ਸਾਥ ਵੀ ਮਿਲਿਆ, ਜਿਸ ਵਿੱਚ ਉਨ੍ਹਾਂ ਜੋੜਿਆਂ ਦੇ ਪੱਤਰ ਸ਼ਾਮਲ ਸਨ ਜਿਨ੍ਹਾਂ ਨੇ ਅਜਿਹੀ ਗੱਲਬਾਤ ਕਰਨ ਲਈ ਹਿੰਮਤ ਮਹਿਸੂਸ ਕੀਤੀ।

ਐਲੀਆ ਦਲੀਲ ਦਿੰਦੇ ਅਤੇ ਸਮਝਾਉਂਦੇ ਹਨ, "ਕੋਈ ਵੀ ਜਨਮ ਤੋਂ ਮੋਨੋਗੈਮਸ (ਇੱਕ-ਸਾਥੀ ਵਾਲਾ) ਨਹੀਂ ਹੁੰਦਾ, ਕੋਈ ਨਹੀਂ ਪੁੱਛਦਾ ਕਿ ਤੁਸੀਂ ਅਜਿਹਾ ਬਣਨਾ ਚਾਹੁੰਦੇ ਹੋ ਜਾਂ ਨਹੀਂ। ਕਾਨੂੰਨ, ਵਿਸ਼ਵਾਸ, ਪਰੀ ਕਹਾਣੀਆਂ, ਪਰਿਵਾਰਕ ਉਮੀਦਾਂ - ਸਭ ਕੁਝ ਇਸੇ ਪਾਸੇ ਇਸ਼ਾਰਾ ਕਰਦਾ ਹੈ ਕਿ ਪਿਆਰ ਦੋ ਜਣਿਆਂ ਵਿਚਕਾਰ ਹੀ ਸੀਮਤ ਹੋਣਾ ਚਾਹੀਦਾ ਹੈ। ਇਤਿਹਾਸਕ ਤੌਰ 'ਤੇ, ਮਰਦਾਂ ਨੂੰ ਆਜ਼ਾਦੀ ਸੀ ਜਦੋਂ ਕਿ ਔਰਤਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ।"

ਉਹ ਕਹਿੰਦੀ ਹੈ ਕਿ ਇਹ ਪ੍ਰਣਾਲੀ ਵਿਰਾਸਤ, ਧਰਮ ਅਤੇ ਵੰਸ਼ ਨਾਲ ਜੁੜੀ ਹੋਈ ਹੈ।

"ਲਾਜ਼ਮੀ ਇੱਕ-ਸਾਥੀ ਪ੍ਰਥਾ ਇਹ ਮੰਨ ਕੇ ਚੱਲਦੀ ਹੈ ਕਿ ਇੱਕ-ਸਾਥੀ ਪ੍ਰਥਾ ਹੀ ਚੰਗੀ, ਸਾਫ਼-ਸੁਥਰੀ ਅਤੇ ਨੇਕ ਹੈ, ਅਤੇ ਜੋ ਕੋਈ ਵੀ ਇਸ ਤੋਂ ਵੱਖਰਾ ਹੁੰਦਾ ਹੈ ਉਸਨੂੰ ਬਦਨਾਮ ਕੀਤਾ ਜਾਂਦਾ ਹੈ।"

ਤਸਵੀਰ ਸਰੋਤ, Erik Thor/Personal archive

ਤਸਵੀਰ ਕੈਪਸ਼ਨ, ਐਲੀਆ ਨੂੰ ਆਪਣੇ ਫੈਸਲੇ ਲਈ ਹਜ਼ਾਰਾਂ ਨਫ਼ਰਤੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ।

ਤਾਂ ਕੀ ਐਲੀਆ ਹੁਣ ਜ਼ਿਆਦਾ ਖੁਸ਼ ਹਨ? "ਬੇਸ਼ੱਕ," ਉਹ ਕਹਿੰਦੇ ਹਨ।

"ਪਰ ਇਹ ਇਸ ਬਾਰੇ ਵੀ ਹੈ ਕਿ ਮੈਂ ਅੱਜ ਕੌਣ ਹਾਂ। ਪੰਦਰਾਂ ਸਾਲ ਪਹਿਲਾਂ, ਸਦਮੇ ਅਤੇ ਧੋਖੇ ਤੋਂ ਬਾਅਦ, ਮੈਂ ਕਦੇ ਵੀ ਇਸ ਲਈ ਤਿਆਰ ਨਹੀਂ ਹੋਣੀ ਸੀ। ਕਿਸੇ ਸਮੇਂ ਸੀਮਤ-ਵਫਾਦਾਰੀ ਨੇ ਮੈਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਸੀ। ਸਮੇਂ ਦੇ ਨਾਲ, ਇੱਛਾ ਫਿੱਕੀ ਪੈ ਗਈ। ਇਹ ਆਮ ਗੱਲ ਹੈ, 40% ਲੰਬੇ ਸਮੇਂ ਦੇ ਰਿਸ਼ਤੇ ਸੈਕਸ-ਰਹਿਤ ਵਿਆਹ ਬਣ ਜਾਂਦੇ ਹਨ।"

ਉਨ੍ਹਾਂ ਨੇ ਆਪਣਾ ਰਿਸ਼ਤਾ ਇਮਾਨਦਾਰੀ ਅਤੇ ਆਜ਼ਾਦੀ ਲਈ ਖੋਲ੍ਹਿਆ ਸੀ।

ਉਨ੍ਹਾਂ ਦਾ ਸਵਾਲ ਹੈ,"ਪਿਆਰ ਸਿਰਫ਼ ਇਸ ਲਈ ਕਿਉਂ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਲੋਕ ਸੋਚਦੇ ਹਨ ਕਿ ਪਿਆਰ ਕਰਨ ਦਾ ਸਿਰਫ਼ ਇੱਕ ਹੀ ਤਰੀਕਾ ਹੈ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)