ਮਸ਼ਹੂਰ ਉਦਯੋਗਪਤੀਆਂ ਤੋਂ ਨਹੀਂ, ਸਗੋਂ ਭਾਰਤ ਵਿੱਚ ਹਰ ਸਾਲ ਇੱਥੋਂ ਆਉਂਦਾ ਹੈ ਕਰੋੜਾਂ ਰੁਪਏ ਦਾ ਦਾਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਭਾਰਤ ਦੀ ਪਰਉਪਕਾਰ ਦੀ ਕਹਾਣੀ ਵੱਡੇ ਲੋਕਾਂ ਦੇ ਵੱਡੇ ਦਾਨ ਨਾਲ ਸ਼ੁਰੂ ਹੁੰਦੀ ਹੈ। ਇਸ ਵਿੱਚ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀਐਸਆਰ) ਦੇ ਬਜਟ, ਅਰਬਪਤੀਆਂ ਦੇ ਵਾਅਦੇ ਅਤੇ ਵੱਡੇ-ਵੱਡੇ ਫਾਊਂਡੇਸ਼ਨ ਸ਼ਾਮਲ ਹੁੰਦੇ ਹਨ। ਪਰ ਇੱਕ ਨਵੀਂ ਰਿਪੋਰਟ ਕਹਿੰਦੀ ਹੈ ਕਿ ਭਾਰਤੀ ਉਦਾਰਤਾ ਦਾ ਅਸਲੀ ਇੰਜਣ ਕਿਤੇ ਜ਼ਿਆਦਾ ਸਧਾਰਣ ਹੈ ਅਤੇ ਬਹੁਤ ਵਿਆਪਕ ਵੀ।

ਅਸ਼ੋਕਾ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਸੋਸ਼ਲ ਇੰਪੈਕਟ ਐਂਡ ਫ਼ਿਲਾਂਥ੍ਰੋਫੀ (ਸੀਐਸਆਈਪੀ) ਨੇ 'ਹਾਊ ਇੰਡੀਆ ਗਿਵਜ਼ 2025' ਰਿਪੋਰਟ ਤਿਆਰ ਕੀਤੀ ਹੈ।

ਇਹ ਰਿਪੋਰਟ ਇਸ ਰਿਵਾਇਤੀ ਧਾਰਣਾ ਨੂੰ ਚੁਣੌਤੀ ਦਿੰਦੀ ਹੈ ਕਿ ਸੰਗਠਿਤ ਅਤੇ ਸੰਸਥਾਗਤ ਧਨ ਹੀ ਦੇਸ਼ ਦੀ ਪਰਉਪਕਾਰ ਦੀ ਕਿਸ਼ਤੀ ਨੂੰ ਘੱਲ ਰਿਹਾ ਹੈ। ਇਸ ਦੀ ਬਜਾਇ, ਰਿਪੋਰਟ ਦੱਸਦੀ ਹੈ ਕਿ ਇਸ ਨੂੰ ਚਲਾਉਣ ਵਾਲੀ ਵੱਡੀ ਤਾਕਤ ਹੈ: ਆਮ ਘਰ-ਪਰਿਵਾਰ।

ਰਿਪੋਰਟ ਦੇ ਮੁਤਾਬਕ, ਭਾਰਤ ਵਿੱਚ ਆਮ ਘਰਾਂ ਵੱਲੋਂ ਦਿੱਤਾ ਜਾਣ ਵਾਲਾ ਕੁੱਲ ਦਾਨ ਸਾਲਾਨਾ ਲਗਭਗ 540 ਅਰਬ ਰੁਪਏ (ਕਰੀਬ 6 ਅਰਬ ਡਾਲਰ) ਹੋਣ ਦਾ ਅਨੁਮਾਨ ਹੈ। ਇਸ ਵਿੱਚ ਨਕਦੀ, ਵਸਤੂਆਂ ਦੇ ਰੂਪ ਵਿੱਚ ਯੋਗਦਾਨ ਅਤੇ ਸਵੈਛਿਕ ਸੇਵਾ ਦੇਣਾ ਸ਼ਾਮਲ ਹੈ।

ਲਗਭਗ 68% ਲੋਕ ਕਿਸੇ ਨਾ ਕਿਸੇ ਰੂਪ ਵਿੱਚ ਦਾਨ ਕਰਦੇ ਹਨ। ਇਨ੍ਹਾਂ ਵਿੱਚੋਂ 48% ਵਸਤੂਆਂ ਦੇ ਰੂਪ ਵਿੱਚ - ਜਿਵੇਂ ਭੋਜਨ, ਕੱਪੜੇ ਜਾਂ ਹੋਰ ਘਰੇਲੂ ਸਮਾਨ; 44% ਨਕਦੀ ਦਾਨ ਅਤੇ 30% ਆਪਣੀ ਇੱਛਾ ਨਾਲ ਸੇਵਾ ਦੇ ਰੂਪ ਵਿੱਚ ਕਰਦੇ ਹਨ। ਇਹ ਦਾਨ ਗੈਰ-ਮੁਨਾਫ਼ਾ ਸੰਸਥਾਵਾਂ, ਧਾਰਮਿਕ ਸੰਸਥਾਵਾਂ ਜਾਂ ਭਾਈਚਾਰਕ ਸਮੂਹਾਂ ਨੂੰ ਦਿੱਤੇ ਜਾਂਦੇ ਹਨ।

ਭੋਜਨ ਦਾ ਵੱਡਾ ਹਿੱਸਾ ਸਾਮੂਹਿਕ ਲੰਗਰਾਂ ਜਾਂ ਮੁਫ਼ਤ ਰਸੋਈਆਂ ਵਿੱਚ ਜਾਂਦਾ ਹੈ। ਜਦਕਿ ਆਪਣੀ ਇੱਛਾ ਨਾਲ ਸੇਵਾ ਜ਼ਿਆਦਾਤਰ ਧਾਰਮਿਕ ਸੰਸਥਾਵਾਂ ਵਿੱਚ ਕੀਤੀ ਜਾਂਦੀ ਹੈ - ਜਿਨ੍ਹਾਂ ਵਿੱਚ ਇਨ੍ਹਾਂ ਸੰਸਥਾਵਾਂ ਵੱਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਆਪਦਾ ਰਾਹਤ ਵਰਗੀਆਂ ਗਤੀਵਿਧੀਆਂ ਵੀ ਸ਼ਾਮਲ ਹਨ।

ਅਸ਼ੋਕਾ ਯੂਨੀਵਰਸਿਟੀ ਦੇ ਸੀਐਸਆਈਪੀ ਦੇ ਮੁਖੀ ਜਿਨੀ ਉੱਪਲ ਨੇ ਬੀਬੀਸੀ ਨੂੰ ਕਿਹਾ, "ਭਾਰਤ ਬਹੁਤ ਉਦਾਰ ਦੇਸ਼ ਹੈ। ਸਾਡੇ ਨਤੀਜੇ ਦੱਸਦੇ ਹਨ ਕਿ ਸਧਾਰਣ ਘਰ-ਪਰਿਵਾਰ ਦੀ ਭੂਮਿਕਾ ਉਸ ਤੋਂ ਕਿਤੇ ਵੱਡੀ ਹੈ, ਜਿੰਨੀ ਆਮ ਤੌਰ 'ਤੇ ਮੰਨੀ ਜਾਂਦੀ ਹੈ। ਇੱਥੇ ਵਿਆਪਕ ਉਦਾਰਤਾ ਹੈ ਅਤੇ ਸੰਸਕ੍ਰਿਤੀ ਵਿੱਚ ਰਚੀ-ਬਸੀ ਹੈ।"

ਆਮਦਨ ਦੇ ਹਰ ਪੱਧਰ 'ਤੇ ਕੀਤਾ ਜਾਂਦਾ ਹੈ ਦਾਨ

ਰਿਪੋਰਟ ਦਾ ਮੁੱਖ ਨਤੀਜਾ ਇਹ ਹੈ ਕਿ ਭਾਰਤੀ ਪਰਉਪਕਾਰ ਕੁਲੀਨ ਵਰਗ ਦੀ ਅਗਵਾਈ ਵਾਲਾ ਨਹੀਂ, ਸਗੋਂ ਜਨ-ਚਲਿਤ, ਸਥਾਨਕ ਅਤੇ ਸੰਬੰਧਾਤਮਕ ਹੈ, ਜੋ ਆਸਥਾ, ਆਹਮਣੇ-ਸਾਹਮਣੇ ਦੀ ਅਪੀਲ ਅਤੇ ਰੋਜ਼ਾਨਾ ਜੀਵਨ ਦੀ ਜ਼ਿੰਮੇਦਾਰੀ ਦੇ ਆਧਾਰ 'ਤੇ ਚੱਲਦਾ ਹੈ ਅਤੇ ਇਹ ਆਮਦਨ ਦੇ ਹਰ ਪੱਧਰ 'ਤੇ ਮੌਜੂਦ ਹੈ।

ਇਸ ਸਰਵੇ ਵਿੱਚ 20 ਸੂਬਿਆਂ ਵਿੱਚ ਸ਼ਹਿਰੀ ਅਤੇ ਪਿੰਡੂ ਇਲਾਕਿਆਂ ਦੇ 7,000 ਤੋਂ ਵੱਧ ਇੰਟਰਵਿਊ ਸ਼ਾਮਲ ਕੀਤੇ ਗਏ।

ਵਿਸ਼ਲੇਸ਼ਣ ਨੂੰ ਸਰਕਾਰ ਵੱਲੋਂ ਕੀਤਾ ਜਾਣ ਵਾਲੇ ਵੱਡੇ ਘਰੇਲੂ ਖਰਚੇ ਦੇ ਸਰਵੇ, ਮਤਲਬ ਭਾਰਤ ਦੇ ਨੈਸ਼ਨਲ ਸੈਂਪਲ ਸਰਵੇ (ਐਨਐਸਐਸ) ਦੇ ਖਪਤ ਦੇ ਅੰਕੜਿਆਂ ਨਾਲ ਜੋੜਿਆ ਗਿਆ ਹੈ। ਇਸ ਦੇ ਆਧਾਰ 'ਤੇ ਹੀ ਵੱਖ-ਵੱਖ ਆਮਦਨ ਵਰਗਾਂ ਦੇ ਦਾਨੀਆਂ ਦੀ ਪ੍ਰੋਫ਼ਾਈਲ ਤਿਆਰ ਕੀਤੀ ਗਈ।

ਭਾਗੀਦਾਰਾਂ ਨੇ ਇਹ ਖੁਦ ਦੱਸਿਆ ਕਿ ਉਨ੍ਹਾਂ ਨੇ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਕਿੰਨੀ ਵਾਰ ਅਤੇ ਕਿੰਨਾ ਦਾਨ ਕੀਤਾ। ਇਨ੍ਹਾਂ ਅੰਕੜਿਆਂ ਨੂੰ ਸਾਲਾਨਾ ਅਨੁਮਾਨਾਂ ਵਿੱਚ ਬਦਲਿਆ ਗਿਆ।

ਸਰਵੇ ਵਿੱਚ 'ਰੋਜ਼ਾਨਾ ਜੀਵਨ ਦੇ ਦਾਨ' ਨੂੰ ਦੇਖਿਆ ਗਿਆ ਹੈ, ਜਿਸ ਵਿੱਚ ਸਿੱਧਾ ਦਾਨ ਦੇਣਾ, ਨਿੱਜੀ ਮਦਦ - ਜਿਵੇਂ ਮੰਗਤਿਆਂ, ਪਰਿਵਾਰ ਜਾਂ ਦੋਸਤਾਂ ਨੂੰ ਸਹਾਇਤਾ ਦੇਣਾ - ਜਿਸ ਨੂੰ ਅਕਸਰ ਚੈਰਿਟੀ ਕਿਹਾ ਜਾਂਦਾ ਹੈ ਅਤੇ ਸੰਗਠਿਤ, ਗੈਰ-ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਦਾਨ - ਜਿਸ ਨੂੰ ਆਮ ਤੌਰ 'ਤੇ ਫ਼ਿਲਾਂਥ੍ਰੋਫੀ ਕਿਹਾ ਜਾਂਦਾ ਹੈ - ਦੋਵੇਂ ਸ਼ਾਮਲ ਹਨ।

ਇਸ ਵਿੱਚ 'ਰਿਟੇਲ ਗਿਵਿੰਗ' ਨੂੰ ਵੀ ਪਰਖਿਆ ਗਿਆ ਹੈ, ਭਾਵ ਆਮ ਲੋਕਾਂ ਦੇ (ਅਮੀਰ ਦਾਨੀਆਂ ਦੇ ਨਹੀਂ) ਰਜਿਸਟਰਡ ਗੈਰ-ਮੁਨਾਫ਼ਾ ਸੰਸਥਾਵਾਂ ਨੂੰ ਦਿੱਤੇ ਗਏ ਦਾਨ। ਸਰਵੇ ਨੇ ਇਸ ਨੂੰ ਹੋਰ ਵਿਆਪਕ ਨਜ਼ਰੀਏ ਨਾਲ ਦੇਖਿਆ: ਇਸ ਵਿੱਚ ਗੈਰ-ਰਸਮੀ ਤੌਰ 'ਤੇ, ਸਿੱਧੇ ਤੌਰ 'ਤੇ ਵਿਅਕਤੀਆਂ ਨੂੰ ਦਿੱਤੀ ਗਈ ਮਦਦ ਅਤੇ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਦਾਨ ਵੀ ਸ਼ਾਮਲ ਕੀਤੇ ਗਏ।

ਸਿੱਖਿਆ ਅਤੇ ਉਦਾਰਤਾ ਵਿੱਚ ਹੈ ਸੰਬੰਧ

ਸਰਵੇ ਵਿੱਚ ਪਾਇਆ ਗਿਆ ਕਿ ਦਾਨ 'ਤੇ ਨੇੜਤਾ ਅਤੇ ਆਸਥਾ ਦਾ ਡੂੰਘਾ ਅਸਰ ਹੈ। ਲਗਭਗ 40–45% ਦਾਨ ਧਾਰਮਿਕ ਸੰਸਥਾਵਾਂ ਨੂੰ ਜਾਂਦਾ ਹੈ ਅਤੇ ਲਗਭਗ ਓਨਾ ਹੀ ਹਿੱਸਾ ਮੰਗਤਿਆਂ ਅਤੇ ਬੇਸਹਾਰਾ ਲੋਕਾਂ ਨੂੰ, ਖ਼ਾਸ ਕਰਕੇ ਸ਼ਹਿਰੀ ਇਲਾਕਿਆਂ ਵਿੱਚ। ਪੇਂਡੂ ਭਾਰਤ ਵਿੱਚ ਧਾਰਮਿਕ ਸੰਸਥਾਵਾਂ ਸਭ ਤੋਂ ਅੱਗੇ ਹਨ।

ਸੀਐਸਆਈਪੀ ਦੇ ਖੋਜ ਮੁਖੀ ਕ੍ਰਿਸ਼ਣਨੁ ਚਕਰਵਰਤੀ ਨੇ ਕਿਹਾ, "ਅਸੀਂ ਪਰਉਪਕਾਰ ਕਰਨ ਦੀ ਪ੍ਰੇਰਣਾ ਬਾਰੇ ਵਿਵਹਾਰਕ ਸਵਾਲ ਪੁੱਛੇ। 90% ਤੋਂ ਵੱਧ ਭਾਗੀਦਾਰਾਂ ਲਈ ਅਸਲੀ ਕਾਰਨ ਧਾਰਮਿਕ ਫਰਜ਼ ਹੈ — ਇੱਕ ਨੈਤਿਕ ਜ਼ਿੰਮੇਦਾਰੀ, ਜੋ ਉਨ੍ਹਾਂ ਦੇ ਦਾਨ ਨੂੰ ਆਕਾਰ ਦਿੰਦੀ ਹੈ ਅਤੇ ਕਾਇਮ ਰੱਖਦੀ ਹੈ।"

ਲੋਕਾਂ ਵਿੱਚ ਦਾਨ ਕਰਨ ਦੀ ਭਾਵਨਾ ਸਭ ਤੋਂ ਵੱਧ ਸਿੱਧੀਆਂ ਬੇਨਤੀਆਂ ਜਾਂ ਅਪੀਲਾਂ ਨਾਲ ਜਗਦੀ ਹੈ। ਇਸ ਦਾ ਮਤਲਬ ਹੈ ਕਿ ਘਰਾਂ, ਧਾਰਮਿਕ ਸਥਾਨਾਂ ਜਾਂ ਜਨਤਕ ਥਾਵਾਂ 'ਤੇ ਵਿਅਕਤੀਆਂ ਨੂੰ ਆਹਮੋ-ਸਾਹਮਣੇ ਕੀਤੀ ਗਈ ਬੇਨਤੀ ਜਾਂ ਅਪੀਲ। ਡਿਜੀਟਲ ਮੁਹਿੰਮਾਂ ਜਾਂ ਰਸਮੀ ਤੌਰ 'ਤੇ ਫੰਡ ਇਕੱਠਾ ਕਰਨ ਦੀਆਂ ਮੁਹਿੰਮਾਂ ਮੁਕਾਬਲੇ ਇਹ ਕਾਫ਼ੀ ਜ਼ਿਆਦਾ ਆਮ ਹੈ।

ਸਰਵੇ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸਿੱਖਿਆ ਅਤੇ ਉਦਾਰਤਾ ਵਿੱਚ ਸੰਬੰਧ ਹੈ: ਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ 'ਤੇ ਦਾਨ ਵਿੱਚ ਭਾਗੀਦਾਰੀ ਸਭ ਤੋਂ ਵੱਧ ਹੈ।

ਫਿਰ ਵੀ, ਦਾਨ ਸਿਰਫ਼ ਅਮੀਰਾਂ ਤੱਕ ਸੀਮਿਤ ਨਹੀਂ ਹੈ। ਇੱਥੋਂ ਤੱਕ ਕਿ ਘੱਟ ਖਪਤ ਪੱਧਰ (4,000–5,000 ਰੁਪਏ ਪ੍ਰਤੀ ਮਹੀਨਾ) 'ਤੇ ਵੀ ਲਗਭਗ ਅੱਧੇ ਘਰ ਦਾਨ ਕਰਦੇ ਹਨ। ਜਿਵੇਂ-ਜਿਵੇਂ ਆਮਦਨ ਵਧਦੀ ਹੈ, ਭਾਗੀਦਾਰੀ 70–80% ਤੱਕ ਪਹੁੰਚ ਜਾਂਦੀ ਹੈ।

ਜੈਂਡਰ ਪੈਟਰਨ ਸੂਖਮ ਹਨ ਪਰ ਮਹੱਤਵਪੂਰਣ ਸੰਕੇਤ ਦਿੰਦੇ ਹਨ: ਪੁਰਸ਼-ਪ੍ਰਧਾਨ ਘਰ ਧਾਰਮਿਕ ਦਾਨ ਵੱਲ ਥੋੜ੍ਹਾ ਜ਼ਿਆਦਾ ਝੁਕਦੇ ਹਨ, ਜਦਕਿ ਮਹਿਲਾ-ਪ੍ਰਧਾਨ ਘਰ ਬੇਸਹਾਰਾ ਲੋਕਾਂ ਦੀ ਮਦਦ ਵੱਲ ਥੋੜ੍ਹਾ ਜਿਹਾ ਝੁਕਾਅ ਦਿਖਾਉਂਦੇ ਹਨ।

ਉੱਪਲ ਕਹਿੰਦੇ ਹਨ, "ਸਰਵੇ ਦੀ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਵਿੱਚ ਰੋਜ਼ਾਨਾ ਜੀਵਨ ਦੀ ਉਦਾਰਤਾ ਅਕਸਮਾਤ ਨਹੀਂ ਸਗੋਂ ਵਿਵਸਥਿਤ ਹੈ। ਇਹ ਆਮਦਨ ਵਰਗਾਂ, ਉਮਰ, ਲਿੰਗ ਅਤੇ ਸ਼ਹਿਰੀ/ਪੇਂਡੂ ਖੇਤਰਾਂ ਤੋਂ ਪਰ੍ਹੇ ਹੈ ਅਤੇ ਰੋਜ਼ਾਨਾ ਦੀ ਸਮਾਜਿਕ ਜ਼ਿੰਦਗੀ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ।"

ਘਰੇਲੂ ਖਪਤ ਨਾਲ ਵਧਦਾ ਹੈ ਦਾਨ

ਦੂਜੀ ਮਹੱਤਵਪੂਰਣ ਗੱਲ ਇਹ ਹੈ ਕਿ ਅਨੁਮਾਨ ਦੱਸਦੇ ਹਨ ਕਿ ਭਾਰਤ ਵਿੱਚ ਕੁੱਲ ਦਾਨ ਦਾ ਲਗਭਗ 15% ਹਿੱਸਾ ਰੋਜ਼ਾਨਾ ਜੀਵਨ ਦੇ ਦਾਨ ਤੋਂ ਆਉਂਦਾ ਹੈ, ਪਰ ਸੰਗਠਿਤ ਸਮਾਜਿਕ ਖੇਤਰ ਨੂੰ ਮਿਲਣ ਵਾਲੇ ਨਿੱਜੀ ਦਾਨ ਵਿੱਚ ਇਸ ਦਾ ਯੋਗਦਾਨ ਲਗਭਗ ਇਕ-ਤਿਹਾਈ ਹੈ।

ਉੱਪਲ ਕਹਿੰਦੇ ਹਨ, "ਭਾਵੇਂ ਰੋਜ਼ਾਨਾ ਜੀਵਨ ਦੇ ਦਾਨੀਆਂ ਵੱਲੋਂ ਦਿੱਤੀ ਜਾਣ ਵਾਲੀ ਰਕਮ ਛੋਟੀ ਹੋਵੇ, ਪਰ ਇਹ ਸਮਾਜਿਕ ਪ੍ਰਭਾਵ ਵਿੱਚ ਨਾਗਰਿਕਾਂ ਵੱਲੋਂ ਕੀਤਾ ਗਿਆ ਇੱਕ ਵੱਡਾ ਯੋਗਦਾਨ ਹੈ।"

ਖੋਜਕਰਤਾਵਾਂ ਦੇ ਅਨੁਸਾਰ, ਅੰਤਮ ਨਤੀਜਾ ਜ਼ਿਆਦਾ ਵਿਧੀਗਤ (ਮੈਥਡੋਲੋਜੀਕਲ) ਹੈ।

ਸਰਵੇ ਦੇ ਜਵਾਬਾਂ ਨੂੰ ਖਪਤ ਦੇ ਅੰਕੜਿਆਂ ਨਾਲ ਜੋੜਿਆ ਗਿਆ, ਜਿਸ ਨਾਲ ਖੋਜਕਰਤਾਵਾਂ ਨੂੰ ਇਹ ਦੇਖਣ ਦਾ ਮੌਕਾ ਮਿਲਿਆ ਕਿ ਖਰਚ ਦੇ ਪੈਟਰਨ ਦਾਨ ਨਾਲ ਕਿਵੇਂ ਜੁੜੇ ਹਨ। ਸਰਵੇ ਵਿੱਚ ਪਾਇਆ ਗਿਆ ਕਿ ਜਿਵੇਂ-ਜਿਵੇਂ ਘਰੇਲੂ ਖਪਤ ਵਧਦੀ ਹੈ, ਦਾਨ ਵਿੱਚ ਭਾਗੀਦਾਰੀ ਅਤੇ ਦਾਨ ਦੀ ਰਕਮ ਦੋਵੇਂ ਵਧਦੇ ਹਨ।

ਉੱਪਲ ਕਹਿੰਦੇ ਹਨ, "ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਖਪਤ ਜੀਡੀਪੀ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਸਮੇਂ ਦੇ ਨਾਲ ਜਿਵੇਂ-ਜਿਵੇਂ ਘਰੇਲੂ ਖਪਤ ਵਧੇਗੀ, ਰੋਜ਼ਾਨਾ ਜੀਵਨ ਦਾ ਦਾਨ ਵੀ ਉਸ ਦੇ ਨਾਲ ਵਿਕਸਿਤ ਹੋਵੇਗਾ ਅਤੇ ਸੰਭਵ ਤੌਰ 'ਤੇ ਵੱਡਾ ਹੋਵੇਗਾ।"

ਭਾਗੀਦਾਰੀ ਦੀ ਵਿਆਪਕਤਾ

ਭਾਰਤ ਵਰਗੇ ਦੇਸ਼ਾਂ ਵਿੱਚ ਰੋਜ਼ਾਨਾ ਜੀਵਨ ਵਿੱਚ ਕੀਤੇ ਜਾਣ ਵਾਲੇ ਨਿੱਜੀ ਦਾਨ ਹੀ ਐਨਜੀਓਜ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।

ਸਾਲ 2024 ਵਿੱਚ, ਅਮਰੀਕਾ ਵਿੱਚ ਲੋਕਾਂ ਨੇ ਨਿੱਜੀ ਤੌਰ 'ਤੇ 392 ਅਰਬ ਡਾਲਰ ਦਾਨ ਕੀਤੇ, ਜੋ ਕੁੱਲ ਚੈਰਿਟੀ ਦਾਨ ਦਾ 66% ਸੀ। ਬ੍ਰਿਟੇਨ ਵਿੱਚ ਜਨਤਕ ਦਾਨ 20.7 ਅਰਬ ਡਾਲਰ ਤੱਕ ਪਹੁੰਚ ਗਿਆ, ਜਿਸ ਵਿੱਚ ਵਿਰਾਸਤੀ ਅਤੇ ਨਿੱਜੀ ਦਾਨ ਕੁੱਲ ਚੈਰਿਟੀ ਆਮਦਨ ਦਾ ਲਗਭਗ 30% ਸਨ।

ਮਾਹਿਰਾਂ ਨੂੰ ਇਹ ਅਜੀਬ ਨਹੀਂ ਲੱਗਦਾ। ਗਲੋਬਲ ਸਾਊਥ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਹਮੋ-ਸਾਹਮਣੇ ਕੀਤਾ ਜਾਣ ਵਾਲਾ ਗੈਰ-ਰਸਮੀ ਦਾਨ ਅਕਸਰ ਰਸਮੀ ਦਾਨ ਤੋਂ ਵੱਧ ਹੁੰਦਾ ਹੈ। ਇਸ ਦੇ ਉਲਟ, ਵਿਕਸਿਤ ਅਰਥਵਿਵਸਥਾਵਾਂ ਵਿੱਚ ਦਾਨ ਟੈਕਸ ਪ੍ਰੋਤਸਾਹਨ ਅਤੇ ਪੁਰਾਣੀਆਂ, ਸੰਗਠਿਤ ਚੈਰਿਟੀ ਸੰਰਚਨਾਵਾਂ ਕਰਕੇ ਜ਼ਿਆਦਾਤਰ ਰਜਿਸਟਰਡ ਗੈਰ-ਮੁਨਾਫ਼ਾ ਸੰਸਥਾਵਾਂ ਤੱਕ ਪਹੁੰਚਦਾ ਹੈ।

ਅਮਰੀਕਾ ਦੀ ਜੈਨਰੋਸਿਟੀ ਕਮਿਸ਼ਨ ਦੀ 2024 ਦੀ ਰਿਪੋਰਟ ਨੇ ਰੋਜ਼ਾਨਾ ਜੀਵਨ ਦੇ ਦਾਨ ਵਿੱਚ ਗਿਰਾਵਟ ਦਾ ਸੰਕੇਤ ਦਿੱਤਾ। ਪਰ ਇਹ ਰਿਪੋਰਟ ਸਿਰਫ਼ ਰਜਿਸਟਰਡ ਗੈਰ-ਮੁਨਾਫ਼ਾ ਸੰਸਥਾਵਾਂ ਨੂੰ ਟੈਕਸ ਚੈਨਲਾਂ ਰਾਹੀਂ ਕੀਤੇ ਗਏ ਆਡਿਟਡ ਦਾਨ ਨੂੰ ਹੀ ਟ੍ਰੈਕ ਕਰਦੀ ਹੈ।

ਜਿਵੇਂ-ਜਿਵੇਂ ਦਾਨ ਆਨਲਾਈਨ ਟ੍ਰਾਂਸਫ਼ਰ, ਕ੍ਰਾਊਡਫੰਡਿੰਗ ਅਤੇ ਹੋਰ ਬਿਨਾਂ ਆਡਿਟ ਵਾਲੇ ਪਲੇਟਫ਼ਾਰਮਾਂ ਵਰਗੇ ਗੈਰ-ਰਸਮੀ ਰਸਤੇ ਵੱਲ ਵਧ ਰਿਹਾ ਹੈ, ਇਸ ਦਾ ਵੱਡਾ ਹਿੱਸਾ ਦਰਜ ਹੀ ਨਹੀਂ ਹੋ ਪਾ ਰਿਹਾ ਹੈ। ਮਾਹਿਰ ਮੰਨਦੇ ਹਨ ਕਿ ਅਮਰੀਕਾ ਵਿੱਚ ਵੀ ਲੋਕਾਂ ਦੇ ਦਾਨ ਕਰਨ ਦੇ ਤਰੀਕੇ ਬਦਲ ਰਹੇ ਹਨ।

ਉੱਪਲ ਕਹਿੰਦੇ ਹਨ ਕਿ "ਭਾਰਤ ਵਿੱਚ ਅਸਲੀ ਹੈਡਲਾਈਨ ਪ੍ਰਤੀਸ਼ਤ ਨਹੀਂ, ਸਗੋਂ ਭਾਗੀਦਾਰੀ ਦੀ ਵਿਆਪਕਤਾ ਹੈ।"

ਉਹ ਦੱਸਦੇ ਹਨ ਕਿ ਇਹ ਸਰਵੇ ਮਾਰਚ-ਅਪ੍ਰੈਲ ਵਿੱਚ ਕੀਤਾ ਗਿਆ ਸੀ, ਜਦੋਂ ਧਾਰਮਿਕ ਸਮਾਗਮਾਂ ਜਾਂ ਤਿਉਹਾਰਾਂ ਦੀ ਗਿਣਤੀ ਤੁਲਨਾਤਮਕ ਤੌਰ 'ਤੇ ਘੱਟ ਹੁੰਦੀ ਹੈ।

ਉਹ ਕਹਿੰਦੇ ਹਨ, "ਕਿਉਂਕਿ ਧਾਰਮਿਕ ਸੰਸਥਾਵਾਂ ਨੂੰ ਜਾਂਦੇ ਦਾਨ ਦਾ ਪ੍ਰਤੀਸ਼ਤ ਬਹੁਤ ਉੱਚਾ ਹੈ, ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਹੋਰ ਮਹੀਨਿਆਂ ਵਿੱਚ, ਜਦੋਂ ਧਾਰਮਿਕ ਪ੍ਰੋਗਰਾਮ ਹੁੰਦੇ ਹਨ, ਉਸ ਵੇਲੇ ਅਬਾਦੀ ਦਾ ਹੋਰ ਵੱਡਾ ਹਿੱਸਾ ਦਾਨ ਕਰਦਾ ਹੈ।"

ਦੂਜੇ ਸ਼ਬਦਾਂ ਵਿੱਚ, ਭਾਰਤ ਵਿੱਚ ਉਦਾਰਤਾ ਉੱਪਰੋਂ ਟਪਕਣ ਵਾਲੀਆਂ ਬੂੰਦਾਂ ਨਹੀਂ, ਸਗੋਂ ਹੇਠਾਂ ਤੋਂ ਉੱਠਣ ਵਾਲੀਆਂ ਰੋਜ਼ਾਨਾ ਜੀਵਨ ਦੀਆਂ ਲਹਿਰਾਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)