You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ 'ਤੇ 'ਆਪ' ਦੇ 'ਝੰਡੇ ਵਰਗੇ ਰੰਗ', ਨੀਲੇ-ਪੀਲੇ ਪੇਂਟ ਨੇ ਕੀ ਵਿਵਾਦ ਖੜ੍ਹਾ ਕੀਤਾ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਕਰਵਾਏ ਜਾ ਰਹੇ ਨੀਲੇ ਤੇ ਪੀਲੇ ਰੰਗ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।
ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਝੰਡੇ ਦੇ ਰੰਗ ਵਰਗੇ ਰੰਗਾਂ ਵਿੱਚ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਰੰਗਿਆ ਜਾ ਰਿਹਾ ਹੈ।
ਪਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਸਕੂਲਾਂ ਦੀ ਕਾਇਆਕਲਪ ਕਰ ਰਹੇ ਹਨ ਪਰ ਵਿਰੋਧੀ ਧਿਰਾਂ ਨੂੰ ਰੰਗ ਤੋਂ ਤਕਲੀਫ਼ ਹੈ।
ਦਰਅਸਲ, ਪੰਜਾਬ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ 22 ਦਸੰਬਰ 2025 ਨੂੰ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਲਈ ਸਕੂਲਾਂ ਵਿੱਚ ਵਾਈਟਵਾਸ਼/ਪੇਂਟ/ਰੰਗ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਅਧਿਆਪਕ ਯੂਨੀਅਨ ਦੇ ਆਗੂਆਂ ਮੁਤਾਬਕ ਇਹ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੂੰ ਕੋਈ ਖਾਸ ਰੰਗ ਕਰਵਾਉਣ ਲਈ ਆਦੇਸ਼ ਦਿੱਤੇ ਗਏ ਹੋਣ।
ਡੀਜੀਐੱਸਈ ਦੇ ਆਦੇਸ਼ਾਂ 'ਚ ਕੀ ਕਿਹਾ ਗਿਆ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਵਾਈਟਵਾਸ਼/ਪੇਂਟ/ਰੰਗ ਕਰਵਾਉਣ ਦਾ ਫੈਸਲੇ ਤਹਿਤ ਪਹਿਲੇ ਫੇਜ਼ ਵਿੱਚ 852 ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ।
ਨਿਰਦੇਸ਼ਾਂ ਵਿੱਚ ਲਿਖਿਆ ਗਿਆ, "ਬਰਾਂਮਦਾ/ਵਰਾਂਡਾ/ਕੋਰੀਡੋਰ ਵਿੱਚ ਬਾਰਡਰ ਨੀਲਾ ਅਤੇ ਕੰਧਾਂ ਉੱਤੇ ਗੂੜਾ ਪੀਲਾ ਰੰਗ ਕਰਵਾਇਆ ਜਾਵੇ।"
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 8 ਜਨਵਰੀ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਵਿਦਿਆਰਥੀਆਂ ਲਈ ਸਿੱਖਣ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 852 ਸਰਕਾਰੀ ਸਕੂਲਾਂ ਵਿੱਚ ਨਵੀਨੀਕਰਨ ਕਾਰਜਾਂ ਵਾਸਤੇ 17.44 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਕਦਮ ਦਾ ਉਦੇਸ਼ ਅਕਾਦਮਿਕ ਵਿਕਾਸ ਲਈ ਵਿਦਿਆਰਥੀਆਂ ਨੂੰ ਉਸਾਰੂ ਅਤੇ ਢੁਕਵਾਂ ਮਾਹੌਲ ਉਪਲਬਧ ਕਰਵਾਉਣਾ ਹੈ।
'ਸਕੂਲਾਂ ਨੂੰ ਪਾਰਟੀ ਝੰਡੇ ਦੇ ਰੰਗਾਂ 'ਚ ਰੰਗਣ ਦਾ ਹੁਕਮ'
ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਐਕਸ ਉੱਪਰ ਲਿਖਿਆ ਕਿ, "ਆਰਐੱਸਐੱਸ-ਭਾਜਪਾ ਨੇ ਲੰਬੇ ਸਮੇਂ ਤੋਂ ਨੌਜਵਾਨ ਮਨਾਂ 'ਤੇ ਵਿਚਾਰਧਾਰਾ ਥੋਪਣ ਲਈ ਵਿਦਿਅਕ ਸੰਸਥਾਵਾਂ ਦੇ ਭਗਵੇਂਕਰਨ ਨੂੰ ਅੱਗੇ ਵਧਾਇਆ ਹੈ। ਹੁਣ, ਉਸੇ ਰਾਹ 'ਤੇ ਚੱਲਦੇ ਹੋਏ, ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਪਣੇ ਪਾਰਟੀ ਝੰਡੇ ਦੇ ਰੰਗਾਂ ਵਿੱਚ ਰੰਗਣ ਦਾ ਹੁਕਮ ਦਿੱਤਾ ਹੈ।"
ਪਰਗਟ ਸਿੰਘ ਨੇ ਅੱਗੇ ਲਿਖਿਆ, "ਇਹ ਸਿਰਫ਼ ਘਟੀਆ ਰਾਜਨੀਤੀ ਹੈ। ਕਲਾਸਰੂਮਾਂ, ਅਧਿਆਪਕਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਸੁਧਾਰਨ ਦੀ ਬਜਾਏ ਵਿਦਿਆਰਥੀਆਂ ਉੱਤੇ ਰਾਜਨੀਤਿਕ ਬ੍ਰਾਂਡਿੰਗ ਥੋਪੀ ਜਾ ਰਹੀ ਹੈ। ਸਕੂਲਾਂ ਵਿੱਚ ਪੱਖਪਾਤੀ ਪ੍ਰਚਾਰ ਲਈ ਸਰਕਾਰੀ ਪੈਸਾ ਵਰਤਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਕਸ ਉੱਪਰ ਲਿਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਦੇ ਹੁਕਮ ਜਾਰੀ ਕਰਨਾ ਨਾ ਸਿਰਫ਼ ਬੇਹੱਦ ਸ਼ਰਮਨਾਕ ਹੈ, ਸਗੋਂ ਸਿੱਖਿਆ ਪ੍ਰਣਾਲੀ ਲਈ ਵੀ ਗੰਭੀਰ ਤੌਰ 'ਤੇ ਖ਼ਤਰਨਾਕ ਹੈ।
ਉਹਨਾਂ ਅੱਗੇ ਲਿਖਿਆ, "ਸਕੂਲ ਅਤੇ ਬੱਚੇ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪ੍ਰਚਾਰਕ ਮਸ਼ੀਨ ਨਹੀਂ ਹੁੰਦੇ। ਬੱਚਿਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਰਾਜਨੀਤਿਕ ਪ੍ਰਭਾਵ ਹੇਠ ਲਿਆ ਕੇ ਆਪਣੀ ਪਾਰਟੀ ਦੀ ਛਾਪ ਬਣਾਉਣ ਦੀ ਕੋਸ਼ਿਸ਼ ਨਿੰਦਣਯੋਗ ਹੈ ਅਤੇ ਸਿੱਖਿਆ ਦੇ ਮੂਲ ਸਿਧਾਂਤਾਂ ਨਾਲ ਸਿੱਧੀ ਟੱਕਰ ਹੈ।"
ਉਹਨਾਂ ਕਿਹਾ, "ਅਸੀਂ ਇਸ ਤਰ੍ਹਾਂ ਦੇ ਰਾਜਨੀਤਿਕ ਦਬਾਅ ਹੇਠ ਜਾਰੀ ਕੀਤੇ ਗਏ ਹੁਕਮਾਂ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਨ੍ਹਾਂ ਹੁਕਮਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ।"
'ਪਹਿਲੀ ਵਾਰ ਰੰਗਾਂ ਦੀ ਹਦਾਇਤ ਸਰਕਾਰ ਤੋਂ ਮਿਲੀ ਹੈ'
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਰਾਜੀਵ ਕੁਮਾਰ ਕਹਿੰਦੇ ਹਨ ਕਿ ਉਹਨਾਂ ਦੇ ਜ਼ਿਲ੍ਹੇ ਦੇ 18 ਸੀਨੀਅਰ ਸੈਕੰਡਰੀ ਸਕੂਲਾਂ ਅਤੇ 4 ਹਾਈ ਸਕੂਲਾਂ ਲਈ ਰੰਗ ਕਰਵਾਉਣ ਲਈ ਗ੍ਰਾਂਟ ਆਈ ਹੈ।
ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਨਾਲ ਗੱਲ ਕਦਿਆਂ ਰਾਜੀਵ ਕੁਮਾਰ ਨੇ ਦੱਸਿਆ, "ਇਹ ਪਹਿਲੀ ਵਾਰ ਹੈ ਕਿ ਸਾਨੂੰ ਰੰਗਾਂ ਦੇ ਸੁਮੇਲ ਬਾਰੇ ਸਰਕਾਰ ਵੱਲੋਂ ਹਦਾਇਤਾਂ ਮਿਲੀਆਂ ਹਨ। ਇਸ ਵਿੱਚ ਕਮਰਿਆਂ ਦੇ ਅੰਦਰ ਦੇ ਰੰਗ ਕਾਫ਼ੀ ਡਾਰਕ ਹਨ ਪਰ ਬਾਹਰਲੇ ਪਾਸੇ ਕਰਮਿਆਂ ਦਾ ਰੰਗ ਪੀਲਾ ਤੇ ਨੀਲਾ ਹੈ।"
ਉਹਨਾਂ ਕਿਹਾ, "ਇਹ ਵੀ ਪਹਿਲੀ ਵਾਰ ਹੈ ਕਿ ਸਾਰੇ ਪੰਜਾਬ ਵਿੱਚ ਸਰਕਾਰ ਨੇ ਇੱਕ ਰੰਗ ਕਰਨ ਲਈ ਨਿਰਦੇਸ਼ ਦਿੱਤੇ ਹਨ। ਅਸੀਂ ਜਥੇਬੰਦੀ ਵੱਲੋਂ ਸਮਝਦੇ ਹਾਂ ਕਿ ਇਹ ਇਕ ਪ੍ਰਚਾਰ ਦਾ ਮਾਧਿਆਮ ਹੈ ਕਿਉਂਕਿ ਜੋ ਰੰਗ ਬਾਹਰੀ ਇਮਾਰਤਾਂ ਉਪਰ ਕਰਨ ਲਈ ਕਿਹਾ ਗਿਆ ਹੈ, ਉਹੀ ਰੰਗ ਆਮ ਆਦਮੀ ਪਾਰਟੀ ਦੇ ਝੰਡਿਆਂ ਦਾ ਰੰਗ ਹੈ।"
ਰਾਜੀਵ ਕੁਮਾਰ ਦੱਸਦੇ ਹਨ, "ਇਸ ਤੋਂ ਪਹਿਲਾਂ ਗ੍ਰਾਂਟਾਂ ਆਉਂਦੀਆਂ ਸਨ ਅਤੇ ਸਕੂਲ ਨੇ ਆਪਣੀ ਮਰਜ਼ੀ ਨਾਲ ਰੰਗ ਕਰਵਾਉਣਾ ਹੁੰਦਾ ਸੀ ਕਿਉਂਕਿ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੀ ਆਪਣੀ-ਆਪਣੀ ਦਿੱਖ ਹੈ। ਹਰੇਕ ਜ਼ਿਲ੍ਹੇ ਦੀ ਆਪੋ-ਆਪਣੀ ਵਿਸ਼ੇਸ਼ਤਾ ਹੈ। ਪਰ ਅਸੀਂ ਸਾਰੇ ਪੰਜਾਬ ਦੇ ਸਕੂਲਾਂ ਨੂੰ ਇੱਕੋ ਰੰਗ ਵਿੱਚ ਰੰਗਣ ਨੂੰ ਠੀਕ ਨਹੀਂ ਸਮਝਦੇ ਕਿਉਂਕਿ ਇਹ ਇੱਕ ਪ੍ਰਚਾਰ ਦਾ ਮਾਧਿਅਮ ਬਣ ਰਿਹਾ ਹੈ। ਸਰਕਾਰ ਨੂੰ ਇਸ ਪਾਸੇ ਜਾਣ ਦੀ ਬਜਾਏ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਵੱਲ ਧਿਆਨ ਦੇਣ ਦੀ ਲੋੜ ਹੈ।"
ਸਕੂਲਾਂ ਦਾ ਢਾਂਚਾ ਸ਼ਾਨਦਾਰ ਬਣ ਰਿਹਾ: ਬੈਂਸ
ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਸ ਸਿੰਘ ਬੈਂਸ ਨੇ ਕਿਹਾ ਕਿ ਉਹ ਸਕੂਲਾਂ ਦਾ ਬੁਨਿਆਦੀ ਢਾਂਚਾ ਚੰਗਾ ਬਣਾ ਰਹੇ ਹਨ ਪਰ ਵਿਰੋਧੀ ਰੰਗਾਂ ਨੂੰ ਲੈ ਕੇ ਸਵਾਲ ਕਰ ਰਹੇ ਹਨ।
ਲੁਧਿਆਣਾ ਤੋਂ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੇ ਦੱਸਿਆ ਕਿ ਪੱਤਰਕਾਰਾਂ ਨਾਲ ਗੱਲਬਾਰ ਕਰਦਿਆਂ ਸ਼ਨੀਵਾਰ ਨੂੰ ਸਿੱਖਿਆ ਮੰਤਰੀ ਬੈਂਸ ਨੇ ਕਿਹਾ, "ਇਹ ਤਰਾਸਦੀ ਹੈ ਕਿ ਜਦੋਂ ਚੰਗਾ ਕੰਮ ਹੁੰਦਾ ਹੈ ਤਾਂ ਇਹਨਾਂ ਲੀਡਰਾਂ ਨੇ ਕਿਸੇ ਸਕੂਲ ਵਿੱਚ ਜਾ ਕੇ ਨਹੀਂ ਦੇਖਿਆ। ਇਹਨਾਂ ਦੇ ਆਪਣੇ ਬੱਚੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ। ਤੁਸੀਂ ਦੇਖੋ ਸਕੂਲਾਂ ਦਾ ਬੁਨਿਆਦੀ ਢਾਂਚਾ ਸ਼ਾਨਦਾਰ ਹੋ ਰਿਹਾ ਹੈ।"
ਬੈਂਸ ਨੇ ਅੱਗੇ ਕਿਹਾ, "ਇਹ (ਵਿਰੋਧੀ) ਦੱਸ ਦੇਣ ਕਿ ਸਕੂਲਾਂ ਨੂੰ ਕਿਹੜਾ ਰੰਗ ਕਰਵਾਉਣਗੇ। ਅਸੀਂ ਕਿਸੇ ਸਕੂਲ ਨੂੰ ਪੀਲਾ ਅਤੇ ਕਿਸੇ ਨੂੰ ਹਰਾ ਰੰਗ ਕਰਵਾ ਰਹੇ ਹਾਂ। ਦਰਅਸਲ, ਅਸੀਂ ਸਕੂਲਾਂ ਦਾ ਕਾਇਆਕਲਪ ਕਰ ਰਹੇ ਹਾਂ। ਪਰ ਇਹਨਾਂ ਨੂੰ ਰੰਗ ਨਾਲ ਵੀ ਤਕਲੀਫ਼ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ